ਨੀਰਵ ਮੋਦੀ ਲੰਡਨ ਵਿੱਚ, ਮੁੰਬਈ 'ਚ ਢਾਹਿਆ ਬੰਗਲਾ- 5 ਅਹਿਮ ਖ਼ਬਰਾਂ

ਨੀਰਵ ਮੋਦੀ ਦਾ ਬੰਗਲਾ ਪ੍ਰਸ਼ਾਸ਼ਨ ਨੇ ਬਾਰੂਦ ਨਾਲ ਉਡਾਇਆ

ਪੰਜਾਬ ਨੈਸ਼ਨਲ ਬੈਂਕ ਨਾਲ ਧੋਖਾਧੜੀ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹੀਰਾ ਵਾਪਾਰੀ ਨੀਰਵ ਮੋਦੀ ਦਾ ਮਹਾਰਾਸ਼ਟਰ ਵਿੱਚ ਸਮੁੰਦਰ ਕੰਢੇ ਬਣਿਆ ਘਰ ਢਾਹ ਦਿੱਤਾ ਗਿਆ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਰਾਇਗੜ੍ਹ ਜਿਲ੍ਹਾ ਪ੍ਰਸ਼ਾਸ਼ਨ ਨੇ ਇਸ ਨੂੰ ਬਾਰੂਦ ਦੀ ਵਰਤੋਂ ਕਰਕੇ ਢਾਹ ਦਿੱਤਾ। ਇਸ ਬੰਗਲੇ ਦੀ ਗੈਰ-ਕਾਨੂੰਨੀ ਉਸਾਰੀ ਸਮੁੰਦਰ ਦੀ ਦੇਖ-ਰੇਖ ਲਈ ਬਣੇ ਨੇਮਾਂ ਦੀ ਉਲੰਘਣਾ ਕਰਕੇ ਕੀਤੀ ਗਈ ਸੀ।

ਅਲੀਬਾਗ ਵਿੱਚ ਬਣੇ ਇਸ ਆਲੀਸ਼ਾਨ ਬੰਗਲੇ ਦੀ ਅੰਦਾਜ਼ਨ ਕੀਮਤ 100 ਕਰੋੜ ਰੁਪਏ ਸੀ। ਪਹਿਲਾਂ ਇਸ ਨੂੰ ਬੁਲਡੋਜ਼ਰਾਂ ਨਾਲ ਤੋੜਿਆ ਜਾਣਾ ਸੀ ਪਰ ਸਮਾਂ ਜ਼ਿਆਦਾ ਲਗਦਾ ਦੇਖ ਕੇ ਬਾਰੂਦ ਦੀਆਂ ਛੜਾਂ ਦੀ ਵਰਤੋਂ ਦਾ ਫੈਸਲਾ ਲਿਆ ਗਿਆ।

ਨੀਰਵ ਮੋਦੀ ਖਿਲਾਫ਼ ਪੰਜਾਬ ਨੈਸ਼ਨਲ ਬੈਂਕ ਨਾਲ ਅੰਡਰਟੇਕਿੰਗ ਦੇ ਜਾਅਲੀ ਪੱਤਰਾਂ ਰਾਹੀਂ 15,600 ਕਰੋੜ ਦੀ ਧੋਖਾਧੜੀ ਕਰਨ ਦੇ ਇਲਜ਼ਾਮ ਹਨ।

ਇਸੇ ਵਿਚਾਲੇ 'ਦਿ ਟੈਲੀਗਰਾਫ਼' ਅਖ਼ਬਾਰ ਨੇ ਬਰਤਾਨੀਆ ਵਿੱਚ ਰਹਿ ਰਹੇ ਨੀਰਵ ਮੋਦੀ ਦੀ ਇੱਕ ਵੀਡੀਓ ਟਵਿੱਟਰ ਤੇ ਅਪਲੋਡ ਕੀਤੀ ਹੈ, ਜਿਸ ਵਿੱਚ ਉਸ ਉੱਤੇ ਲੱਗੇ ਧੋਖਾਧੜੀ ਦੇ ਇਲਜ਼ਾਮਾਂ ਅਤੇ ਇੰਗਲੈਂਡ ਵਿੱਚ ਸ਼ਰਨ ਲਏ ਜਾਣ ਬਾਰੇ ਸਵਾਲ ਪੁੱਛੇ ਜਾ ਰਹੇ ਹਨ। ਨੀਰਵ ਮੋਦੀ ਸਾਰੇ ਸਵਾਲਾਂ ਦਾ ਜਵਾਬ ਨੋ ਕੁਮੈਂਟ ਵਿੱਚ ਦੇ ਰਿਹਾ ਹੈ।

ਰਫ਼ਾਲ ਫਾਈਲਾਂ ਚੋਰੀ ਨਹੀਂ ਹੋਈਆਂ- ਰੱਖਿਆ ਮੰਤਰੀ

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਰਫ਼ਾਲ ਸੌਦੇ ਨਾਲ ਜੁੜੀਆਂ ਫਾਈਲਾਂ ਉਨ੍ਹਾਂ ਦੇ ਮੰਤਰਾਲੇ ਵਿੱਚੋਂ ਚੋਰੀ ਨਹੀਂ ਹੋਈਆਂ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਇਸ ਬਾਰੇ ਦੋ ਟਵੀਟ ਕੀਤੇ।

ਉਨ੍ਹਾਂ ਲਿਖਿਆ, "ਅਟਾਰਨੀ ਜਰਨਲ ਕੇਕੇ ਵੇਣੂਗੋਪਾਲ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਹੈ ਕਿ ਰਫ਼ਾਲ ਸੌਦੇ ਨਾਲ ਜੁੜੇ ਦਸਤਾਵੇਜ਼ ਚੋਰੀ ਨਹੀਂ ਹੋਏ ਹਨ। ਅਦਾਲਤ ਵਿੱਚ ਦਿੱਤੇ ਉਨ੍ਹਾਂ ਦੇ ਬਿਆਨ ਦਾ ਮਤਲਬ ਸੀ ਕਿ ਪਟੀਸ਼ਨਰ ਨੇ ਆਪਣੀ ਅਰਜੀ ਵਿੱਚ ਅਸਲ ਕਾਗਜ਼ਾਂ ਦੀ ਫੋਟੋਕਾਪੀ ਵਰਤੀ ਸੀ ਜਿਨ੍ਹਾਂ ਨੂੰ ਸਰਕਾਰ ਗੁਪਤ ਦਸਤਾਵੇਜ਼ ਮੰਨਦੀ ਹੈ।”

ਬੀਬੀਸੀ ਦੀ ਵੈੱਬਸਾਈਟ 'ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ

ਕੌਮਾਂਤਰੀ ਮਹਿਲਾ ਦਿਵਸ: ਪਾਕ ਦੀ ਹਿੰਦੂ ਦਲਿਤ ਸੈਨੇਟਰ ਵੱਲੋਂ ਸਦਨ ਦੀ ਪ੍ਰਧਾਨਗੀ

ਕੌਮਾਂਤਰੀ ਮਹਿਲਾ ਦਿਵਸ ਮੌਕੇ ਪਾਕਿਸਤਾਨ ਦੀ ਪਹਿਲੀ ਹਿੰਦੂ ਦਲਿਤ ਸੈਨੇਟਰ ਕ੍ਰਿਸ਼ਨਾ ਕੁਮਾਰੀ ਕੋਹਲੀ ਨੇ ਪਾਕਿਸਤਾਨੀ ਸੰਸਦ ਦੀ ਉੱਪਰਲੇ ਸਦਨ ਦੀ ਪ੍ਰਧਾਨਗੀ ਕੀਤੀ।

ਸੈਨੇਟ ਦੇ ਚੇਅਰਮੈਨ ਨੇ 40 ਸਾਲਾ ਕ੍ਰਿਸ਼ਨਾ ਕੁਮਾਰੀ ਨੂੰ ਇਸ ਲਈ ਚੁਣਿਆ। ਇਸ ਖ਼ਬਰ ਦੀ ਜਾਣਕਾਰੀ ਸੈਨੇਟ ਮੈਂਬਰ ਫੈਜ਼ਲ ਜਾਵੇਦ ਨੇ ਟਵੀਟ ਕਰਕੇ ਦਿੱਤੀ।

ਕੁਮਾਰੀ ਦਾ ਸੰਬੰਧ ਪਾਕਿਸਤਾਨ ਦੇ ਸਿੰਧ ਸੂਬੇ ਦੇ ਨਾਗਰਪਾਰਕਰ ਇਲਾਕੇ ਦੇ ਦੂਰ-ਦੁਰਾਡੇ ਪਿੰਡ ਧਾਨਾ ਗਾਮ ਨਾਲੇ ਹੈ ਜਿੱਥੇ ਚੋਖੀ ਗਿਣਤੀ ਵਿੱਚ ਹਿੰਦੂ ਵਸੋਂ ਹੈ।

ਮੇਹੁਲ ਨੇ ਜਾਅਲੀ ਹੀਰੇ ਵੇਚੇ

ਅਮਰੀਕਾ ਦੀ ਬੈਂਕਰਪਸੀ ਕੋਰਟ ਵੱਲੋਂ ਮੇਹੁਲ ਚੌਕਸੀ ਦੀ ਅਮਰੀਕਾ ਵਿੱਚ ਹੀਰਿਆਂ ਦਾ ਕਾਰੋਬਾਰ ਕਰਨ ਵਾਲੀ ਫਰਮ ਦੀ ਜਾਂਚ ਲਈ ਲਾਏ ਗਏ ਜਾਂਚ ਅਧਿਕਾਰੀ ਅਤੇ ਫੌਰੈਂਸਿਕ ਮਾਹਰ ਜੇ. ਕਾਰਨੀ ਨੇ ਆਪਣੀ ਪੜਤਾਲੀਆ ਰਿਪੋਰਟ ਪੇਸ਼ ਕਰ ਦਿੱਤੀ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਰ ਰਿਪੋਰਟਸ ਵਿੱਚ ਕਿਹਾ ਗਿਆ ਹੈ ਕਿ ਮੇਹੁਲ ਦੀ ਗੀਤਾਂਜਲੀ ਜੈਮਸ (ਲਿਮਟਿਡ) ਦੀ ਮਾਲਕੀ ਵਾਲੀ ਫਰਮ ਸਮੂਏਲ ਜੈਮਸ ਨੇ ਆਪਣੇ ਗਾਹਕਾਂ ਨੂੰ ਪ੍ਰਯੋਗਸ਼ਾਲਾ ਵਿੱਚ ਤਿਆਰ ਅਸਲੀ ਨਗਾਂ ਦਾ ਸਰਟੀਫਿਕੇਟ ਦੇ ਕੇ ਵੇਚੇ ਹੋ ਸਕਦੇ ਹਨ। ਇਹ ਪ੍ਰਯੋਗਸ਼ਾਲਾ ਮੇਹੁਲ ਵੱਲੋਂ ਗੁਪਤ ਰੂਪ ਵਿੱਚ, ਬ੍ਰਿਟਿਸ਼ ਵਰਜਿਨ ਇਜ਼ਲੈਂਡਸ ਫਰਮ ਰਾਹੀਂ ਚਲਾਈ ਜਾ ਰਹੀ ਸੀ।

ਰਿਪੋਰਟਸ ਵਿੱਚ ਕਿਹਾ ਗਿਆ ਹੈ ਕਿ ਸਮੂਏਲ ਜਵੈਲਰਸ ਨੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਗੀਤਾਂਜਲੀ ਜਵੈਲਰਸ ਨੂੰ ਜਾਰੀ ਅੰਡਰਟੇਕਿੰਗ ਦੇ ਜਾਅਲੀ ਪੱਤਰਾਂ ਤੋਂ ਲਗਪਗ 139 ਕਰੋੜ ਰੁਪਏ ਹਾਸਲ ਕੀਤੇ।

ਮੇਹੁਲ ਚੌਕਸੀ ਖਿਲਾਫ਼ ਪੰਜਾਬ ਨੈਸ਼ਨਲ ਬੈਂਕ ਨਾਲ ਅੰਡਰਟੇਕਿੰਗ ਦੇ ਜਾਅਲੀ ਪੱਤਰਾਂ ਰਾਹੀਂ 15,600 ਕਰੋੜ ਦੀ ਧੋਖਾਧੜੀ ਕਰਨ ਦੇ ਇਲਜ਼ਾਮ ਹਨ।

ਇਹ ਵੀ ਪੜ੍ਹੋ

ਵੈਨੇਜ਼ੁਏਲਾ ਦਾ ਸਭ ਤੋਂ ਲੰਬਾ ਬਲੈਕਆਊਟ

ਵੈਨੇਜ਼ੁਏਲਾ ਦੇ ਇਤਿਹਾਸ ਦਾ ਸਭ ਤੋਂ ਲੰਬਾ ਬਲੈਕਆਊਟ ਹੋਇਆ ਹੈ। ਮੁਲਕ ਵਿੱਚ ਪੂਰੇ 24 ਘੰਟੇ ਬਿਜਲੀ ਚਲੀ ਗਈ ਸੀ। ਜਿਸ ਵਜ੍ਹਾ ਨਾਲ ਪੂਰੇ ਦੇਸ਼ ਦੇ ਸਰਕਾਰੀ ਦਫ਼ਤਰ, ਦੁਕਾਨਾਂ ਅਤੇ ਵਪਾਰਕ ਯੂਨਿਟਾਂ ਠੱਪ ਹੋ ਗਈਆਂ।

ਵਿਰੋਧੀ ਧਿਰ ਦੇ ਨੇਤਾ ਖੁਆਨ ਗੁਆਇਦੋ ਨੇ ਇਸ ਪਿੱਛੇ ਮੌਜੂਦਾ ਸਰਕਾਰ ਵਿੱਚ ਭ੍ਰਿਸ਼ਟਾਚਾਰ ਨੂੰ ਵਜ੍ਹਾ ਦੱਸਿਆ ਹੈ ਜਦਕਿ ਰਾਸ਼ਟਰਪਤੀ ਨਿਕੋਲਸ ਮਦੂਰੋ ਨੇ ਅਮਰੀਕੀ ਹਿਮਾਇਤ ਵਾਲੀਆਂ ਵਿਰੋਧੀ ਪਾਰਟੀਆਂ ਨੂੰ ਕਾਰਨ ਦੱਸਿਆ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)