ਪਰਵੇਜ਼ ਮੁਸ਼ੱਰਫ਼: ਲਸ਼ਕਰ ਕਸ਼ਮੀਰ ਕੇਂਦਰਿਤ ਹੈ, ਇਸ ਲਈ ਮੁਜਾਹਦੀਨ ਹੈ, ਅੱਤਵਾਦੀ ਸੰਗਠਨ ਨਹੀਂ

    • ਲੇਖਕ, ਭੂਮਿਕਾ ਰਾਏ
    • ਰੋਲ, ਬੀਬੀਸੀ ਪੱਤਰਕਾਰ

ਪੁਲਵਾਮਾ ਹਮਲੇ ਤੋਂ ਬਾਅਦ ਵਧਿਆ ਭਾਰਤ-ਪਾਕਿਸਤਾਨ ਤਣਾਅ, ਹਾਲੇ ਬਰਕਰਾਰ ਹੈ।

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਦਾਅਵਾ ਕੀਤਾ ਕਿ ਉਸ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਅੱਤਵਾਦੀ ਸਿਖਲਾਈ ਕੈਂਪਾਂ 'ਤੇ ਹਮਲਾ ਕੀਤਾ ਹੈ।

ਇਸ ਮਗਰੋਂ ਪਾਕਿਸਤਾਨ ਨੇ ਮੋੜਵੀਂ ਕਾਰਵਾਈ ਕੀਤੀ। ਇਸ ਦੌਰਾਨ ਫੜੇ ਗਏ ਭਾਰਤੀ ਵਿੰਗ ਕਮਾਂਡਰ ਅਭਿੰਨਦਨ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਵਾਪਸ ਮੋੜ ਦਿੱਤਾ ਪਰ ਤਣਾਅ ਘੱਟ ਨਹੀਂ ਰਿਹਾ।

ਸਵਾਲ ਇਹ ਹੈ ਕਿ ਇਸ ਦਾ ਜ਼ਿੰਮੇਵਾਰ ਕੌਣ ਹੈ?

ਇਸ ਸਵਾਲ ਦੇ ਇੱਕ ਤੋਂ ਵਧੇਰੇ ਜਵਾਬ ਹੋ ਸਕਦੇ ਹਨ ਪਰ ਪਾਕਿਸਾਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਮੰਨਣਾ ਹੈ ਕਿ ਮੌਜੂਦਾ ਤਣਾਅ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਫੌਜ ਦੇ ਮੁਖੀ ਜ਼ਿੰਮੇਵਾਰ ਹਨ।

ਹਾਲਾਂਕਿ ਇਹ ਜੈਸ਼-ਏ-ਮੁਹੰਮਦ ਨੂੰ ਅੱਤਵਾਦੀ ਸੰਗਠਨ ਮੰਨਦੇ ਹਨ ਅਤੇ ਇਹ ਵੀ ਮੰਨਦੇ ਹਨ ਕਿ ਜੈਸ਼ 'ਤੇ ਕੀਤੀ ਗਈ ਕਾਰਵਾਈ ਕਾਬਲੇ ਤਾਰੀਫ਼ ਹੈ ਪਰ ਉਹ ਲਸ਼ਕਰ-ਏ-ਤਇਬਾ ਨੂੰ ਕਸ਼ਮੀਰੀਆਂ ਦੇ ਹੱਕ ਵਿੱਚ ਕੰਮ ਕਰਨ ਵਾਲਾ ਸੰਗਠਨ ਮੰਨਦੇ ਹਨ।

ਇਹ ਵੀ ਪੜ੍ਹੋ:

ਬੀਬੀਸੀ ਨੇ ਪਰਵੇਜ਼ ਮੁਸ਼ੱਰਫ਼ ਨਾਲ ਟੈਲੀਫੋਨ 'ਤੇ ਲੰਬੀ ਗੱਲਬਾਤ ਕੀਤੀ।

ਤੁਹਾਡੇ ਹਵਾਲੇ ਨਾਲ ਮੀਡੀਆ ਵਿੱਚ ਖ਼ਬਰ ਚੱਲ ਰਹੀ ਹੈ ਕਿ ਪਾਕਿਸਤਾਨੀ ਖ਼ੂਫੀਆ ਵਿਭਾਗ, ਜੈਸ਼-ਏ-ਮੁਹੰਮਦ ਦੀ ਵਰਤੋਂ ਕਰਦਾ ਹੈ। ਇਸ ਗੱਲ ਵਿੱਚ ਕਿੰਨੀ ਕੁ ਸਚਾਈ ਹੈ?

ਮੈਂ ਇਹ ਕਦੇ ਨਹੀਂ ਕਿਹਾ ਕਿ ਸਾਡਾ ਖ਼ੂਫੀਆ ਵਿਭਾਗ ਜੈਸ਼ ਦੀ ਹਮਾਇਤ ਕਰਦਾ ਹੈ।

ਇਹ ਜ਼ਰੂਰ ਹੈ ਕਿ ਜਿਵੇਂ ਰਾਅ ਸਾਡੇ ਦੇਸ ਵਿੱਚ ਬਲੂਚਿਸਤਾਨ ਵਿੱਚ ਅੱਤਵਾਦੀਆਂ ਨੂੰ ਹਮਾਇਤ ਕਰਦਾ ਹੈ, ਉਸੇ ਤਰ੍ਹਾਂ ਅਸੀਂ ਤੁਹਾਡੇ ਮੁਲਕ ਵਿੱਚ ਕਰਦੇ ਹਾਂ।

ਹਾਂ, ਪਰ ਦੋਹਾਂ ਨੂੰ ਰੁਕ ਜਾਣਾ ਚਾਹੀਦਾ ਹੈ। ਇਹ ਮੈਂ ਹਮੇਸ਼ਾ ਕਹਿੰਦਾ ਰਹਿੰਦਾ ਹਾਂ। ਇਹ ਦੋਵਾਂ ਪਾਸਿਆਂ ਤੋਂ ਹੈ।

ਮੈਂ ਇਹ ਗੱਲ ਕਦੇ ਵੀ ਸਿਰਫ਼ ਪਾਕਿਸਤਾਨ ਲਈ ਨਹੀਂ ਕਹੀ ਕਿ ਸਾਡਾ ਖ਼ੂਫੀਆ ਵਿਭਾਗ ਅਜਿਹਾ ਕਰ ਰਿਹਾ ਹੈ ਅਤੇ ਉਹ ਅਜਿਹਾ ਕਰਕੇ ਕੋਈ ਚੰਗਾ ਕੰਮ ਕਰ ਰਿਹਾ ਹੈ।

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਏਅਰ ਸਟਰਾਈਕ ਕੀਤਾ। ਇਸ ਬਾਰੇ ਕੀ ਸੋਚਦੇ ਹੋ?

ਭਾਰਤ ਨੇ ਬਿਲਕੁਲ ਗਲਤ ਕੀਤਾ। ਮੈਂ ਇਸ ਨੂੰ ਕਦੇ ਸਹੀ ਨਹੀਂ ਕਹਾਂਗਾ। ਇਹ ਬਹੁਤ ਗਲਤ ਸੀ। ਤੁਸੀਂ ਸਾਡੇ ਦੇਸ 'ਤੇ ਹਮਲਾ ਕਰ ਸਕਦੇ ਹੋ...ਅਸੀਂ ਕਰਨ ਨਹੀਂ ਦੇਵਾਂਗੇ।

ਅਸੀਂ ਜਵਾਬੀ ਹਮਲਾ ਕਰਾਂਗੇ ਅਤੇ ਦੇਖੋ ਉਹੀ ਹੋਇਆ। ਗੱਲ ਵਧ ਗਈ। ਫਿਰ ਜੰਗ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ।

ਕੰਟਰੋਲ ਰੇਖਾ ਦੇ ਪਾਰ ਲੰਘਣਾ ਜਾਂ ਕੌਮਾਂਤਰੀ ਸਰੱਹਦ ਤੋਂ ਪਾਰ ਲੰਘ ਜਾਣਾ, ਪਾਕਿਸਤਾਨ ਇਸ ਦੀ ਇਜਾਜ਼ਤ ਹਰਗਿਜ਼ ਕਦੇ ਕਿਸੇ ਨੂੰ ਨਹੀਂ ਦੇਵੇਗਾ।

ਤੁਸੀਂ ਜੈਸ਼ ਨੂੰ ਤਾਂ ਅੱਤਵਾਦੀ ਸੰਗਠਨ ਮੰਨਦੇ ਹੋ ਲਸ਼ਕਰ ਨੂੰ ਨਹੀਂ, ਅਜਿਹਾ ਕਿਉਂ?

ਸਹੀ ਗੱਲ ਹੈ ਕਿਉਂਕਿ ਉਨ੍ਹਾਂ ਨੇ (ਜੈਸ਼-ਏ-ਮੁਹੰਮਦ) ਪਾਕਿਸਤਾਨ ਵਿੱਚ ਮੇਰੇ ਉੱਪਰ ਵੀ ਹਮਲਾ ਕੀਤਾ ਹੈ।

ਉਹ ਅੱਤਵਾਦੀ ਹਨ ਅਤੇ ਆਮ ਨਾਗਰਿਕਾਂ 'ਤੇ ਹਮਲਾ ਕਰਨਾ, ਆਪਣੇ ਹੀ ਦੇਸ ਵਿੱਚ ਹਮਲੇ ਕਰਨਾ ਇਹ ਆਤੰਕ ਹੈ।

ਰਹੀ ਗੱਲ ਲਸ਼ਕਰ ਦੀ ਉਹ ਤਾਂ ਸਿਰਫ਼ ਕਸ਼ਮੀਰ ਕੇਂਦਰਿਤ ਹੈ ਇਸ ਲਈ ਮੈਂ ਨਹੀਂ ਸਮਝਦਾ ਕਿ ਉਹ ਅੱਤਵਾਦੀ ਸੰਗਠਨ ਹੈ।

ਉਹ ਮੁਜਾਹਦੀਨ ਕਾਰਵਾਈ ਹੈ ਅਤੇ ਉਸ ਨੂੰ ਸ਼ੁਰੂ ਹੋਈ ਨੂੰ ਲਗਭਗ 20 ਸਾਲ ਹੋ ਚੁੱਕੇ ਹਨ। ਉਹ ਇੱਕ ਵੱਖਰੀ ਚੀਜ਼ ਹੈ ਅਤੇ ਇਹ ਵੱਖਰੀ ਚੀਜ਼ ਹੈ, ਦੋਹਾਂ ਨੂੰ ਮਿਲਾਉਣਾ ਨਹੀਂ ਚਾਹੀਦਾ।

ਖੂਨ-ਖ਼ਰਾਬਾ ਤਾਂ ਲਸ਼ਕਰ ਵੀ ਕਰਦਾ ਹੈ ਅਤੇ ਇਸ ਦੇ ਬਾਵਜੂਦ ਤੁਸੀਂ ਆਪਣੇ-ਆਪ ਨੂੰ ਲਸ਼ਕਰ ਮੁਖੀ ਹਾਫ਼ਿਜ਼ ਸਈਦ ਦਾ ਪ੍ਰਸ਼ੰਸਕ ਦੱਸਿਆ ਸੀ। ਹਾਫ਼ਿਜ ਸਈਦ ਦਾ ਨਾਮ ਮੁੰਬਈ ਵਿੱਚ ਹੋਏ 26/11 ਹਮਲੇ ਵਿੱਚ ਵੀ ਸ਼ਾਮਲ ਹੈ।

ਪਹਿਲੀ ਗੱਲ ਤਾਂ ਇਹ ਕਿ ਭਾਰਤ ਵਿੱਚ ਹੋਏ ਹਮਲੇ ਵਿੱਚ ਹਾਫ਼ਿਜ਼ ਦਾ ਨਾਂ ਜੋੜਨਾ ਗਲਤ ਹੈ।

ਇਹ ਕਹਿਣਾ ਕਿ ਮੁੰਬਈ ਹਮਲੇ ਵਿੱਚ ਲਸ਼ਕਰ ਸ਼ਾਮਲ ਸੀ ਅਤੇ ਹਾਫ਼ਿਜ਼ ਸਈਦ ਸ਼ਾਮਲ ਸੀ, ਸਹੀ ਨਹੀਂ ਹੈ।

ਇਹ ਵੀ ਪੜ੍ਹੋ:

ਸੰਯੁਕਤ ਰਾਸ਼ਟਰ ਨੇ ਵੀ ਤਾਂ ਲਸ਼ਕਰ ਨੂੰ ਅੱਤਵਾਦੀ ਸੰਗਠਨ ਐਲਾਨ ਰੱਖਿਆ ਹੈ। ਤੁਸੀਂ ਲਸ਼ਕਰ ਦਾ ਬਚਾਅ ਕਿਵੇਂ ਕਰ ਸਕਦੇ ਹੋ?

ਪਲੀਜ਼...ਮੈਨੂੰ ਯੂਐੱਨ ਦੇ ਬਾਰੇ ਨਾ ਸਿਖਾਓ। ਮੈਨੂੰ ਪਤਾ ਹੈ ਕਿ ਉੱਥੇ ਜਿਹੜੇ ਮਤੇ ਪਾਸੇ ਹੁੰਦੇ ਹਨ ਉਹ ਕਿਸ ਤਰੀਕੇ ਨਾਲ ਪਾਸ ਹੁੰਦੇ ਹਨ।

ਉਹ ਨਿਆਂ ਸੰਗਤ ਨਹੀਂ ਹੁੰਦੇ ਹਨ। ਉਹ ਪ੍ਰਭਾਵ ਤੋਂ ਪ੍ਰੇਰਿਤ ਹੁੰਦੇ ਹਨ।

ਅਸੀਂ ਸਮਝਦੇ ਹਾਂ ਕਿ ਕਸ਼ਮੀਰ ਸਮੱਸਿਆ ਨੂੰ ਨਿਪਟਾਣਾ ਚਾਹੀਦਾ ਹੈ ਤਾਂ ਕਿ ਇਹ ਜੋ ਸਿਲਸਿਲਾ ਚੱਲ ਰਿਹਾ ਹੈ ਖ਼ਤਮ ਹੋਵੇ।

ਜੇਕਰ ਅਸੀਂ ਇਹ ਖ਼ਤਮ ਨਹੀਂ ਕਰਾਂਗੇ ਤਾਂ ਇਹ ਸਿਲਸਿਲਾ ਚਲਦਾ ਰਹੇਗਾ।

ਅਜਿਹਾ ਨਹੀਂ ਹੈ ਕਿ ਇਹ ਜਿਹੜੇ ਅੱਤਵਾਦੀ ਹਮਲੇ ਹੋ ਰਹੇ ਹਨ ਇਹ ਬੰਦ ਹੋ ਜਾਣਗੇ। ਜਦੋਂ ਤੱਕ ਕਸ਼ਮੀਰ ਮਸਲਾ ਸੁਲਝਦਾ ਨਹੀਂ ਹੈ ਇਸ ਤਰ੍ਹਾਂ ਦੇ ਹਮਲੇ ਹੁੰਦੇ ਰਹਿਣਗੇ।

ਅੱਜ ਤੁਸੀਂ ਲਸ਼ਕਰ ਨੂੰ ਅੱਤਵਾਦੀ ਸੰਗਠਨ ਨਹੀਂ ਮੰਨਦੇ ਪਰ ਬਤੌਰ ਰਾਸ਼ਟਰਪਤੀ ਤੁਸੀਂ ਉਨ੍ਹਾਂ 'ਤੇ ਪਾਬੰਦੀਆਂ ਕਿਉਂ ਲਗਾਈਆਂ ਸਨ?

ਜੀ ਹਾਂ, ਮੈਂ ਕੀਤਾ ਸੀ ਪਰ ਉਸ ਸਮੇਂ ਮੈਨੂੰ ਲਸ਼ਕਰ ਦੇ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਇਸ ਲਈ ਅਜਿਹਾ ਫ਼ੈਸਲਾ ਕੀਤਾ ਸੀ।

ਉਨ੍ਹਾਂ ਦੀ ਜੋ ਮੁੱਖ ਕੈਡਰ ਹੈ ਉਹ ਧਾਰਮਿਕ ਨੌਜਵਾਨ ਹੈ ਅਤੇ ਲਸ਼ਕਰ ਨੇ ਉਨ੍ਹਾਂ ਨੂੰ ਲੋਕਾਂ ਦੀ ਭਲਾਈ ਵਿੱਚ ਲਾਇਆ ਹੋਇਆ ਹੈ।

ਜੇਕਰ ਇਨ੍ਹਾਂ ਬੱਚਿਆਂ ਨੂੰ ਇਨ੍ਹਾਂ ਕੰਮਾਂ ਵਿੱਚ ਨਾ ਲਾਈਏ ਅਤੇ ਕੰਧ ਵਾਲੇ ਪਾਸੇ ਕਰਕੇ ਇਨ੍ਹਾਂ ਨੂੰ ਖੜ੍ਹਾ ਕਰ ਦਈਏ ਅਤੇ ਸਜ਼ਾ ਦਈਏ ਤਾਂ ਇਹੀ ਬੱਚੇ ਅੱਗੇ ਜਾ ਕੇ ਤਾਲਿਬਾਨ ਲੜਾਕੇ ਬਣ ਜਾਣਗੇ।

ਇਹ ਹਥਿਆਰ ਚੁੱਕ ਲੈਣਗੇ ਇਸ ਲਈ ਮੈਂ ਕਹਾਂਗਾ ਕਿ ਸਾਨੂੰ ਲਸ਼ਕਰ ਦਾ ਸਕਾਰਾਤਮਕ ਪਹਿਲੂ ਵੀ ਦੇਖਣਾ ਚਾਹੀਦਾ ਹੈ ਕਿ ਉਹ ਹੈ ਕੀ।

ਪਰ ਧਰਮ ਦੇ ਨਾ 'ਤੇ ਇਨ੍ਹਾਂ ਬੱਚਿਆਂ ਦੇ ਹੱਥ ਵਿੱਚ ਹਥਿਆਰ ਦੇਣਾ ਤੁਸੀਂ ਜਾਇਜ਼ ਕਿਵੇਂ ਸਮਝਦੇ ਹੋ?

ਇਨ੍ਹਾਂ ਦਾ ਕਿਸੇ ਨੇ ਬ੍ਰੇਨਵਾਸ਼ ਨਹੀਂ ਕੀਤਾ ਹੈ। ਇਹ ਲੋਕ ਆਪਣੀ ਮਰਜ਼ੀ ਨਾਲ ਇੱਥੇ ਹਨ।

ਆਪਣੀ ਜਾਨ ਤਲੀ 'ਤੇ ਧਰ ਕੇ ਕਸ਼ਮੀਰ ਵਿੱਚ ਆਪਣੇ ਭਰਾਵਾਂ ਅਤੇ ਭੈਣਾਂ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਪਹੁੰਚ ਜਾਂਦੇ ਹਨ।

ਉਹ ਤਾਂ ਆਪਣੇ ਵੱਲੋਂ ਕਸ਼ਮੀਰੀਆਂ ਦੀ ਮਦਦ ਕਰ ਰਹੇ ਹਨ। ਪਾਕਿਸਤਾਨ ਹਕੂਮਤ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨਹੀਂ ਉਕਸਾ ਰਹੀ।

ਇਨ੍ਹਾਂ ਲੋਕਾਂ ਦੀ ਭਰਤੀ ਦੀ ਆਪਣੀ ਪ੍ਰਕਿਰਿਆ ਹੈ। ਹਜ਼ਾਰਾਂ ਲੋਕ ਵੇਟਿੰਗ ਲਿਸਟ ਵਿੱਚ ਹਨ ਕਿ ਉਹ ਲਸ਼ਕਰ ਵਿੱਚ ਕਦੋਂ ਸ਼ਾਮਲ ਹੋਣਗੇ।

ਇਸ ਨੂੰ ਪਾਕਿਸਤਾਨ ਦੀ ਹਕੂਮਤ ਕਿਵੇਂ ਰੋਕ ਅਤੇ ਉਹ ਰੋਕ ਵੀ ਨਹੀਂ ਸਕਦੇ ਕਿਉਂਕਿ ਜਨਤਾ ਉਨ੍ਹਾਂ ਦੇ ਨਾਲ ਹੈ।

ਤੁਹਾਡਾ ਮੰਨਣਾ ਹੈ ਕਿ ਪਾਕਿਸਤਾਨ ਨੇ ਡਿਕਟੇਟਰਸ਼ਿਪ ਵਿੱਚ ਹਮੇਸ਼ਾ ਚੰਗਾ ਪ੍ਰਦਰਸ਼ਨ ਕੀਤਾ ਹੈ,ਅਜਿਹੇ ਵਿੱਚ ਇਮਰਾਨ ਖ਼ਾਨ ਦੇ ਕਾਰਜਕਾਲ ਨੂੰ ਤੁਸੀਂ ਕਿਵੇਂ ਦੇਖਦੇ ਹੋ?

ਮੈਂ ਸਮਝਦਾ ਹਾਂ ਕਿ ਕੋਈ ਵੀ ਸਿਸਟਮ ਹੋਵੇ ਉਸਦਾ ਮਕਸਦ ਜਨਤਾ ਦੀ ਖੁਸ਼ਹਾਲੀ ਹੋਣਾ ਚਾਹੀਦਾ ਹੈ ਅਤੇ ਮੁਲਕ ਦੀ ਤਰੱਕੀ ਹੋਣੀ ਚਾਹੀਦੀ ਹੈ।

ਮੈਂ ਹਮੇਸ਼ਾ ਇਹ ਕਿਹਾ ਹੈ ਕਿ ਪਾਕਿਸਤਾਨ ਵਿੱਚ ਜਦੋਂ ਵੀ ਕੋਈ ਮਿਲਟਰੀ ਮੈਨ ਆਇਆ ਹੈ ਤਾਂ ਉਸ ਨੇ ਪਾਕਿਸਤਾਨ ਨੂੰ ਤਰੱਕੀ ਦਿੱਤੀ ਹੈ ਅਤੇ ਇਹ ਕੋਈ ਲੁਕੀ-ਲੁਕਾਈ ਗੱਲ ਨਹੀਂ ਹੈ।

ਉਹ ਭਾਵੇਂ ਅਯੂਬ ਖ਼ਾਨ ਦਾ ਜ਼ਮਾਨਾ ਰਿਹਾ ਹੋਵੇ ਜਾਂ ਮੇਰਾ ਵਕਤ ਪਾਕਿਸਤਾਨ ਨੇ ਇਨਫਰਾਸਟਰਕਚਰ, ਸਿਹਤ ਅਤੇ ਸਿੱਖਿਆ ਸਾਰਿਆਂ ਵਿੱਚ ਭਰਪੂਰ ਤਰੱਕੀ ਕੀਤੀ।

ਹੁਣ ਜਦੋਂ ਕੋਈ ਸੁਣਨ ਨੂੰ ਤਿਆਰ ਨਹੀਂ ਤਾਂ ਕੀ ਕਰੀਏ... ਡੈਮੋਕ੍ਰੇਸੀ-ਡੈਮੋਕ੍ਰੇਸੀ। ਡੈਮੋਕ੍ਰੇਸੀ ਨੂੰ ਕੀ ਅਸੀਂ ਚੱਟਣਾ ਹੈ?

ਜਿਹੜੀ ਡੈਮੋਕ੍ਰੇਸੀ ਲੋਕਾਂ ਲਈ ਕੰਮ ਨਾ ਕਰ ਸਕੇ, ਉਸਦਾ ਫਾਇਦਾ ਕੀ ਹੈ?

ਮੌਜੂਦਾ ਪਾਕਿਸਤਾਨ ਨੂੰ ਕੀ ਤੁਸੀਂ ਬਦਲੇ ਹੋਏ ਪਾਕਿਸਤਾਨ ਦੇ ਤੌਰ 'ਤੇ ਦੇਖਦੇ ਹੋ ?

ਬਿਲਕੁਲ, ਪਾਕਿਸਤਾਨ ਦੇ ਬੀਤੇ ਦਸ ਸਾਲਾਂ ਨੂੰ ਮੈਂ ਬਰਬਾਦੀ ਦਾ ਦਹਾਕਾ ਦੇਖਦਾ ਹਾਂ। ਇਸ ਦੌਰਾਨ ਸਭ ਡੈਮੋਕ੍ਰੇਸੀ ਚਲਾ ਰਹੇ ਸਨ ਪਰ ਨੁਕਸਾਨ ਜਨਤਾ ਦਾ ਹੋਇਆ।

ਪੀਣ ਨੂੰ ਪਾਣੀ ਨਹੀਂ, ਖਾਣ ਨੂੰ ਰੋਟੀ ਨਹੀਂ। ਅਜਿਹੇ ਵਿੱਚ ਡੈਮੋਕ੍ਰੇਸੀ ਦਾ ਕਰਨਾ ਕੀ ਹੈ। ਹੁਣ ਇਹ ਜਿਹੜਾ ਇਮਰਾਨ ਖ਼ਾਨ ਆਇਆ ਹੈ ਇਹ ਤਬਦੀਲੀ ਲਿਆਉਣ ਦੇ ਹੱਕ ਵਿੱਚ ਹੈ।

ਇਸਦੀ ਨੀਅਤ ਚੰਗੀ ਹੈ, ਇਹ ਬਹੁਤੇ ਚੰਗੇ ਤਰੀਕੇ ਨਾਲ ਚੱਲ ਰਿਹਾ ਹੈ।

ਇਹ ਵੀ ਪੜ੍ਹੋ:

ਇਹ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਕੋਈ ਵੀ ਹੋਵੇ, ਸੱਤਾ ਵਿੱਚ ਫੌਜ ਹੀ ਰਹਿੰਦੀ ਹੈ। ਇਸ ਬਾਰੇ ਕੀ ਕਹੋਗੇ?

ਇਹ ਸਾਰਾ ਪ੍ਰਾਪੇਗੰਡਾ ਫੈਲਾਇਆ ਹੋਇਆ ਹੈ। ਫੌਜ ਕੁਝ ਨਹੀਂ ਕਰ ਰਹੀ। ਇਹ ਸਭ ਗੱਲਾਂ ਹਨ। ਤੁਸੀਂ ਸਿਰਫ ਪਾਕਿਸਤਾਨ ਦੀ ਬੁਰਾਈ ਕਰਨੀ ਹੈ।

ਇੱਥੇ ਇਹ ਇਮਰਾਨ ਖ਼ਾਨ ਵਧੀਆ ਕਰ ਰਿਹਾ ਹੈ ਪਰ ਤੁਸੀਂ ਸਿਰਫ਼ ਉਨ੍ਹਾਂ ਦੀ ਬੁਰਾਈ ਕਰਨੀ ਹੈ।

ਤੁਸੀਂ ਉਸਦੀ ਬੁਰਾਈ ਤਾ ਕਰੋਂਗੇ ਕਿਉਂਕਿ ਉਹ ਪਾਕਿਸਤਾਨ ਲਈ ਚੰਗਾ ਹੈ। ਸਾਨੂੰ ਭਾਰਤ ਲਈ ਨਹੀਂ ਪਾਕਿਸਤਾਨ ਲਈ ਵਧੀਆ ਆਗੂ ਚਾਹੀਦਾ ਹੈ।

ਤਾਂ ਕੀ ਤੁਹਾਨੂੰ ਲਗਦਾ ਹੈ ਕਿ ਇਮਰਾਨ ਖ਼ਾਨ ਜਿਹੋ-ਜਿਹੀ ਸੋਚ ਰੱਖਦੇ ਹਨ, ਉਸ ਨਾਲ ਭਾਰਤ-ਪਾਕਿਸਤਾਨ ਦੇ ਮਸਲੇ ਸੁਲਝ ਜਾਣਗੇ?

ਤੁਸੀਂ ਇਮਰਾਨ ਦੀ ਗੱਲ ਕਿਉਂ ਕਰ ਰਹੇ ਹੋ, ਮੋਦੀ ਜੀ ਵੱਲੋਂ ਇਹ ਮਸਲੇ ਨਹੀਂ ਸੁਲਝਣਗੇ।

ਇਮਰਾਨ ਖ਼ਾਨ ਤਾਂ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪਰ ਤੁਹਾਡੇ ਪ੍ਰਧਾਨ ਮੰਤਰੀ ਅਤੇ ਬਾਕੀ ਸਿਆਸਤਦਾਨ ਅਤੇ ਟੀਵੀ ਚੈਨਲ ਜਿਸ ਤਰ੍ਹਾਂ ਦੀ ਗੱਲ ਕਰ ਰਹੇ ਹਨ, ਤੁਹਾਨੂੰ ਲਗਦਾ ਹੈ ਕਿ ਉਸ ਨਾਲ ਇਹ ਸਭ ਸੁਲਝੇਗਾ?

ਇਹ ਜਿਹੜੇ ਟੀਵੀ ਚੈਨਲ ਹਨ ਉਨ੍ਹਾਂ ਕਾਰਨ ਲੋਕਾਂ ਵਿੱਚ ਨਫ਼ਰਤ ਵਧ ਰਹੀ ਹੈ। ਅਸੀਂ ਸਰਜੀਕਲ ਸਟਰਾਈਕ ਕਰ ਦੇਵਾਂਗੇ, ਇਹ ਕਰ ਦੇਵਾਂਗੇ... ਅਰੇ, ਕਿਵੇਂ ਕਰ ਦਿਓਗੇ?

ਭਾਰਤ ਨੂੰ ਸਮਝਣਾ ਪਵੇਗਾ ਕਿ ਪਾਕਿਸਤਾਨ ਇੱਕ ਮਜ਼ਬੂਤ ਦੇਸ ਹੈ, ਉਸ ਨੂੰ ਹਲਕੇ ਵਿੱਚ ਨਾ ਲਓ। ਹਰ ਦੇਸ ਦੀ ਆਪਣੀ ਪ੍ਰਭੂਸੱਤਾ ਹੈ ਅਤੇ ਉਸਦੀ ਇੱਜ਼ਤ ਕੀਤੀ ਜਾਣੀ ਚਾਹੀਦੀ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)