ਫੌਜੀਆਂ ਦੇ ਪਰਿਵਾਰਾਂ ਨੂੰ ਕਰੋੜਾਂ ਰੁਪਏ ਦੇਣ ਦੇ ਮੁਰਤਜ਼ਾ ਅਲੀ ਦੇ ਦਾਅਵੇ ਦਾ ਸੱਚ

    • ਲੇਖਕ, ਪ੍ਰਸ਼ਾਂਤ ਚਾਹਲ
    • ਰੋਲ, ਫੈਕਟ ਚੈੱਕ ਟੀਮ

ਮੁੰਬਈ ਵਿੱਚ ਰਹਿਣ ਵਾਲੇ ਮੁਰਤਜ਼ਾ ਅਲੀ ਆਪਣੇ ਇੱਕ ਵੱਡੇ ਦਾਅਵੇ ਕਾਰਨ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਚਰਚਾ ਵਿੱਚ ਹਨ।

ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਹ ਆਪਣੀ ਕਮਾਈ ਦੇ 110 ਕਰੋੜ ਰੁਪਏ ਪ੍ਰਧਾਨ ਮੰਤਰੀ ਰਾਹਤ ਕੋਸ਼ ਵਿੱਚ ਦੇਣ ਵਾਲੇ ਹਨ। ਜੋਤਹੀਣ ਮੁਰਤਜ਼ਾ ਅਲੀ ਚਾਹੁੰਦੇ ਹਨ ਕਿ ਇਸ ਪੈਸੇ ਦੀ ਵਰਤੋਂ ਉਨ੍ਹਾਂ ਭਾਰਤੀ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਲਈ ਕੀਤੀ ਜਾਵੇ, ਜਿਨ੍ਹਾਂ ਨੇ ਦੇਸ ਲਈ ਆਪਣੀ ਜਾਨ ਦਿੱਤੀ ਹੈ।

ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਇਸ ਦਾਅਵੇ 'ਤੇ ਆਧਾਰਿਤ ਬਹੁਤ ਸਾਰੀਆਂ ਖ਼ਬਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਕਈ ਵੱਡੇ ਮੀਡੀਆ ਅਦਾਰਿਆਂ ਨੇ ਉਨ੍ਹਾਂ ਦੇ ਇਸ ਦਾਅਵੇ ਨੂੰ ਖ਼ਬਰ ਬਣਾਇਆ ਹੈ। ਲੋਕ ਉਨ੍ਹਾਂ ਦੇ ਇਸ ਫ਼ੈਸਲੇ ਦੀ ਖੁੱਲ੍ਹੇ ਦਿਲ ਨਾਲ ਤਾਰੀਫ਼ ਕਰ ਰਹੇ ਹਨ।

ਇਸ ਤੋਂ ਇਲਾਵਾ ਭਾਰਤ ਦੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੇ ਨਾਲ ਮੁਰਤਜਾ ਅਲੀ ਖ਼ਾਨ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਥਾਂ-ਥਾਂ ਸ਼ੇਅਰ ਕੀਤੀ ਗਈ ਹੈ।

ਪਰ ਲੋਕਾਂ ਵਿੱਚ ਇਹ ਉਤਸੁਕਤਾ ਹੈ ਕਿ ਖ਼ੁਦ ਨੂੰ ਇੱਕ ਆਮ ਵਿਅਕਤੀ ਦੱਸਣ ਵਾਲੇ ਮੁਰਤਜ਼ਾ ਅਲੀ ਇੰਨੀ ਵੱਡੀ ਰਕਮ ਦਾਨ ਕਿਵੇਂ ਕਰ ਰਹੇ ਹਨ?

ਇਹ ਵੀ ਪੜ੍ਹੋ:

ਇਸ ਦੇ ਜਵਾਬ ਵਿੱਚ ਮੁਰਤਜ਼ਾ ਅਲੀ ਨੇ ਬੀਬੀਸੀ ਨੂੰ ਕਿਹਾ, "ਇਸ ਪੈਸੇ ਦਾ ਸਰੋਤ ਮੈਨੂੰ ਲੋਕਾਂ ਨੂੰ ਦੱਸਣ ਦੀ ਕੀ ਲੋੜ ਹੈ। ਮੈਂ ਆਪਣੀ ਇੱਛਾ ਨਾਲ ਆਪਣੇ ਪੈਨ ਕਾਰਡ ਅਤੇ ਹੋਰਨਾਂ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਇਹ ਪੈਸਾ ਪੀਐਮ ਨੂੰ ਦੇਣ ਵਾਲਾ ਹਾਂ।"

ਮੁਰਤਜ਼ਾ ਅਲੀ ਬਾਰੇ ਛਪੀਆਂ ਖ਼ਬਰਾਂ 'ਤੇ ਜੇ ਗੌਰ ਕੀਤਾ ਜਾਵੇ ਤਾਂ ਉਨ੍ਹਾਂ ਵਿੱਚ ਤਕਰੀਬਨ ਇੱਕੋ ਜਿਹੀ ਹੀ ਜਾਣਕਾਰੀ ਮਿਲਦੀ ਹੈ ਕਿ ਉਹ ਮੂਲ ਤੌਰ 'ਤੇ ਕੋਟਾ ਦੇ ਰਹਿਣ ਵਾਲੇ ਹਨ। ਸਾਲ 2015 ਵਿੱਚ ਉਹ ਮੁੰਬਈ ਪਹੁੰਚੇ, ਬਚਪਨ ਤੋਂ ਨੇਤਰਹੀਨ ਹਨ।

ਪਹਿਲਾਂ ਉਨ੍ਹਾਂ ਦਾ ਆਟੋਮੋਬਾਈਲ ਦਾ ਵਪਾਰ ਸੀ। ਬਾਅਦ ਵਿੱਚ ਉਹ ਵਿਗਿਆਨੀ ਬਣ ਗਏ। ਫਿਲਹਾਲ ਉਹ 'ਫਿਊਲ ਬਰਨ ਟੈਕਨੋਲੌਜੀ' ਨਾਮ ਦੀ ਤਕਨੀਕ ਉੱਤੇ ਕੰਮ ਕਰ ਰਹੇ ਹਨ ਅਤੇ ਉਹ 110 ਕਰੋੜ ਰੁਪਏ ਦਾਨ ਕਰਨ ਦੀ ਪੇਸ਼ਕਸ਼ ਕਰ ਚੁੱਕੇ ਹਨ।

ਮੁਰਤਜ਼ਾ ਅਲੀ ਮੁਤਾਬਕ ਪੁਲਵਾਮਾ ਹਮਲੇ ਤੋਂ ਬਾਅਦ 25 ਫਰਵਰੀ ਨੂੰ ਉਨ੍ਹਾਂ ਨੇ ਹੀ ਡੋਨੇਸ਼ਨ ਦੀ ਪੇਸ਼ਕਸ਼ ਕਰਦੇ ਹੋਏ ਇਹ ਸੂਚਨਾ ਪ੍ਰੈਸ ਨੂੰ ਦਿੱਤੀ ਸੀ।

ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਰਕਾਰ ਨੇ ਉਨ੍ਹਾਂ ਦੀ ਤਕਨੀਕ ਦੀ ਵਰਤੋਂ ਕੀਤੀ ਹੁੰਦੀ ਤਾਂ ਪੁਲਵਾਮਾ ਵਿੱਚ ਮਾਰੇ ਗਏ 40 ਤੋਂ ਵੱਧ ਜਵਾਨਾਂ ਦੀ ਜਾਨ ਬਚ ਗਈ ਹੁੰਦੀ।

ਬੀਬੀਸੀ ਨਾਲ ਹੋਈ ਗੱਲਬਾਤ ਵਿੱਚ ਉਨ੍ਹਾਂ ਦਾ ਇਹ ਦੂਜਾ ਵੱਡਾ ਦਾਅਵਾ ਸੀ ਪਰ ਇਨ੍ਹਾਂ ਦਾਅਵਿਆਂ ਨਾਲ ਜੁੜੇ ਸਾਡੇ ਕਈ ਸਵਾਲ ਸਨ ਜਿਨ੍ਹਾਂ ਦੇ ਜਵਾਬ ਮੁਰਤਜ਼ਾ ਅਲੀ ਨਹੀਂ ਦੇ ਸਕੇ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਉਨ੍ਹਾਂ ਦੇ ਦਾਅਵਿਆਂ 'ਤੇ ਕਈ ਸਵਾਲ ਚੁੱਕੇ ਹਨ।

ਕਈ ਸਵਾਲ ਪਰ ਜਵਾਬ ਕੋਈ ਨਹੀਂ

ਉਹ ਦੱਸਦੇ ਹਨ ਕਿ ਇੱਕ ਵੱਡੀ ਕੰਪਨੀ ਨਾਲ ਮਿਲ ਕੇ ਉਨ੍ਹਾਂ ਨੇ 'ਫਿਊਲ ਬਰਨ ਟੈਕਨੋਲੌਜੀ' ਤਿਆਰ ਕੀਤੀ ਹੈ ਪਰ ਇਹ ਕੰਪਨੀ ਭਾਰਤੀ ਹੈ ਜਾਂ ਵਿਦੇਸ਼ੀ? ਇਸ ਦਾ ਨਾਂ ਕੀ ਹੈ? ਕਿਸ ਪੱਧਰ ਦੀ ਹੈ? ਉਹ ਕੁਝ ਵੀ ਨਹੀਂ ਦੱਸਦੇ।

ਉਨ੍ਹਾਂ ਦੀ ਲੈਬੋਰੇਟਰੀ ਕਿੱਥੇ ਹੈ ਜਿਸ ਵਿੱਚ ਉਨ੍ਹਾਂ ਨੇ ਇਸ ਤਕਨੀਕ 'ਤੇ ਕੰਮ ਕੀਤਾ? ਉਹ ਕਹਿੰਦੇ ਹਨ, "ਤਕਨੋਲੌਜੀ ਨਾਲ ਜੁੜੇ ਸਾਰੇ ਕੰਮ ਪੂਰੇ ਹੋ ਚੁੱਕੇ ਹਨ। ਤਿੰਨ ਸਾਲਾਂ ਤੋਂ ਅਸੀਂ ਸਰਕਾਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।"

ਪਰ ਉਹ ਨੂੰ ਲੈਬ ਦੀ ਜਾਣਕਾਰੀ ਨਹੀਂ ਦਿੰਦੇ।

ਇਹ ਵੀ ਪੜ੍ਹੋ:

ਮੁਰਤਜ਼ਾ ਦਾਅਵਾ ਕਰਦੇ ਹਨ ਆਪਣੀ ਤਕਨੀਕ ਨਾਲ ਉਹ ਦੂਰ ਤੋਂ ਹੀ ਪਤਾ ਲਾ ਸਕਦੇ ਹਨ ਕਿ ਕਿਸ ਕਾਰ ਵਿੱਚ ਕਿੰਨਾ ਸਮਾਨ ਹੈ ਅਤੇ ਕਿਹੜਾ ਸਮਾਨ ਹੈ।

ਉਹ ਦਾਅਵਾ ਕਰਦੇ ਹਨ ਕਿ ਇੱਕ ਸਾਲ ਪਹਿਲਾਂ ਖਾੜੀ ਦੇਸ਼ਾਂ ਵਿੱਚੋਂ ਇੱਕ ਦੇਸ ਦੇ ਕੁਝ ਲੋਕ ਉਨ੍ਹਾਂ ਕੋਲ ਇਸ ਤਕਨੀਕ ਦੀ ਮੰਗ ਲਈ ਆ ਚੁੱਕੇ ਹਨ ਅਤੇ ਉਨ੍ਹਾਂ ਨੂੰ ਇਸ ਤਕਨੀਕ ਲਈ ਇੱਕ ਲੱਖ 20 ਹਜ਼ਾਰ ਕਰੋੜ ਰੁਪਏ ਦੀ ਪੇਸ਼ਕਸ਼ ਕਰ ਚੁੱਕੇ ਹਨ।

ਪਰ ਕੀ ਕੈਮਰੇ ਦੇ ਅੱਗੇ ਉਹ ਆਪਣੀ ਇਸ ਕਥਿਤ ਤਕਨੀਕ ਦਾ ਪ੍ਰਦਰਸ਼ਨ ਕਰ ਸਕਦੇ ਹਨ? ਅਜਿਹਾ ਨਾ ਕਰਨ ਦੇ ਉਹਨਾਂ ਨੇ ਕਈ ਤਕਨੀਕੀ ਕਾਰਨ ਦੱਸੇ ਅਤੇ ਬਾਅਦ ਵਿੱਚ ਉਨ੍ਹਾਂ ਨੇ ਇਨਕਾਰ ਕਰ ਦਿੱਤਾ।

ਉਨ੍ਹਾਂ ਨੇ ਕਿਹਾ, "25 ਅਕਤੂਬਰ 2018 ਨੂੰ ਮੈਂ ਸਟੈਂਪ ਪੇਪਰ ਉੱਤੇ ਇਸ ਤਕਨੀਕ ਨੂੰ ਪ੍ਰਧਾਨ ਮੰਤਰੀ ਦੇ ਨਾਂ ਟਰਾਂਸਫਰ ਕਰ ਚੁੱਕਾ ਹਾਂ। ਇਸ ਲਈ ਗੁਪਤਤਾ ਦੇ ਕਾਰਨ ਉਹ ਪਹਿਲਾਂ ਇਸ ਤਕਨੀਕ ਨੂੰ ਭਾਰਤ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਹਨ।"

ਕੀ ਉਹ ਤਕਨੀਕ ਟਰਾਂਸਫ਼ਰ ਕਰਨ ਦੇ ਦਸਤਾਵੇਜ਼ ਦਿਖਾ ਸਕਦੇ ਹਨ? ਉਨ੍ਹਾਂ ਨੇ ਇਸ ਤੋਂ ਵੀ ਇਨਕਾਰ ਕਰ ਦਿੱਤਾ।

'ਨਾ ਕਾਗਜ਼ ਨਾ ਪੈਸਾ'

ਗੱਲਬਾਤ ਦੇ ਅਖੀਰ ਵਿੱਚ ਮੁਰਤਜ਼ਾ ਅਲੀ ਕਹਿੰਦੇ ਹਨ ਕਿ ਇਹ ਸਭ ਸਰਕਾਰ ਉੱਤੇ ਹੈ ਕਿ ਉਹ ਉਨ੍ਹਾਂ ਨੂੰ ਮਿਲਣ ਲਈ ਕਦੋਂ ਬੁਲਾਏ, ਉਹ ਪੈਸੇ ਪੀਐਮ ਨੂੰ ਦੇਣ ਅਤੇ ਡੋਨੇਸ਼ਨ ਦਾ ਪੈਸੇ ਫੌਜੀਆਂ ਦੇ ਪਰਿਵਾਰਾਂ ਤੱਕ ਪਹੁੰਚੇ।

ਪ੍ਰਧਾਨ ਮੰਤਰੀ ਦੇ ਦਫ਼ਤਰ ਨਾਲ ਜੁੜੇ ਉਨ੍ਹਾਂ ਦੇ ਦਾਅਵੇ ਦੀ ਪੜਤਾਲ ਕਰਨ ਲਈ ਅਸੀਂ ਪੀਐਮਓ ਵਿੱਚ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, "ਮੁਰਤਜ਼ਾ ਅਲੀ ਨੇ ਡੋਨੇਸ਼ਨ ਦੀ ਪੇਸ਼ਕਸ਼ ਦੀ ਮੇਲ ਪੀਐੱਮਓ ਨੂੰ ਭੇਜਿਆ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਸਮਾਂ ਮੰਗਿਆ ਸੀ ਅਤੇ ਉਹ ਚਾਹੁੰਦੇ ਸਨ ਕਿ ਡੋਨੇਸ਼ਨ ਦੇ ਚੈੱਕ ਨੂੰ ਉਹ ਖੁਦ ਪੀਐਮ ਨੂੰ ਦੇਣ।"

ਇਹ ਵੀ ਪੜ੍ਹੋ:

ਉਨ੍ਹਾਂ ਨੇ ਦੱਸਿਆ, "ਦ਼ਫਤਰ ਦੇ ਪ੍ਰੋਟੋਕੋਲ ਦਾ ਖਿਆਲ ਰੱਖਦੇ ਹੋਏ ਪੀਐਮ ਦੇ ਅਪਾਇੰਟਮੈਂਟ ਸੈਕਸ਼ਨ ਨੇ ਉਨ੍ਹਾਂ ਨੂੰ ਫੰਡ ਸੈਕਸ਼ਨ ਨਾਲ ਗੱਲ ਕਰਨ ਲਈ ਕਿਹਾ ਸੀ ਜਿੱਥੇ ਉਹ ਬਿਨਾਂ ਸ਼ਰਤ ਡੋਨੇਸ਼ਨ ਦੇ ਸਕਦੇ ਹਨ।"

ਫੰਡ ਡਿਪਾਰਟਮੈਂਟ (ਪੀਐਮਓ) ਦੇ ਉਪ-ਸਕੱਤਰ ਅਗਨੀ ਕੁਮਾਰ ਦਾਸ ਨੇ ਬੀਬੀਸੀ ਨੂੰ ਦੱਸਿਆ "ਫੋਨ ਉੱਤੇ ਮੁਰਤਜ਼ਾ ਨੇ 110 ਕਰੋੜ ਰੁਪਏ ਦਾਨ ਕਰਨ ਦੀ ਗੱਲ ਕੀਤੀ ਸੀ। ਉਹ ਆਪਣੀ ਕਿਸੇ ਰਿਸਰਚ ਦੇ ਕਾਗਜ਼ ਵੀ ਸਾਨੂੰ ਦੇਣਾ ਚਾਹੁੰਦੇ ਸਨ। ਅਸੀਂ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਪੀਐਮਓ ਵਿੱਚ ਆ ਕੇ ਆਪਣੇ ਕਾਗਜ਼ ਜਮ੍ਹਾਂ ਕਰਾ ਦੇਣ ਪਰ ਨਾ ਕਾਗਜ਼ ਆਏ, ਨਾ ਹੀ ਕੋਈ ਪੈਸਾ।"

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)