ਰਫਾਲ ਮਾਮਲੇ 'ਚ ਮੋਦੀ ਸਰਕਾਰ ਦਾ ਭਾਂਡਾ ਭੰਨਣ ਵਾਲੇ ਅਖ਼ਬਾਰ 'ਦਿ ਹਿੰਦੂ' ਦੇ ਸੰਪਾਦਕ ਨੇ ਫਾਈਲਾਂ ਚੋਰੀ ਬਾਰੇ ਕੀ ਕਿਹਾ?

ਦਿ ਹਿੰਦੂ ਅਖਬਾਰ ਦੇ ਚੇਅਰਮੈਨ ਅਤੇ ਸੀਨੀਅਰ ਪੱਤਰਕਾਰ ਐਨ. ਰਾਮ ਨੇ ਕਿਹਾ ਹੈ ਕਿ ਰਫਾਲ ਬਾਰੇ ਛਾਪੀਆਂ ਉਨ੍ਹਾਂ ਦੀਆਂ ਰਿਪੋਰਟਾਂ ਦੇ ਸਰੋਤਾਂ ਬਾਰੇ ਖੁਲਾਸਾ ਕਰਨ ਲਈ ਦੁਨੀਆਂ ਦੀ ਕੋਈ ਵੀ ਤਾਕਤ ਉਨ੍ਹਾਂ ਨੂੰ ਨਹੀਂ ਮਜਬੂਰ ਕਰ ਸਕਦੀ ਹੈ।

ਐਨ ਰਾਮ ਨੇ ਇਹ ਗੱਲ ਇੰਡੀਆ ਟੂਡੇ ਦੇ ਪੱਤਰਕਾਰ ਰਾਜਦੀਪ ਸਰਦੇਸਾਈ ਨਾਲ ਗੱਲਬਾਤ ਵਿੱਚ ਕੀਤੀ ਹੈ।

ਸੁਪਰੀਮ ਕੋਰਟ ਵਿੱਚ ਇਸ ਵੇਲੇ ਰਫਾਲ ਮਾਮਲੇ ਨੂੰ ਲੈ ਕੇ ਸੁਣਵਾਈ ਚੱਲ ਰਹੀ ਹੈ।

ਪੀਟੀਆਈ ਮੁਤਾਬਕ ਬੁੱਧਵਾਰ ਨੂੰ ਉਸੇ ਸੁਣਵਾਈ ਦੌਰਾਨ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਰਫਾਲ ਡੀਲ ਨਾਲ ਜੁੜੇ ਦਸਤਾਵੇਜ਼ ਚੋਰੀ ਹੋ ਗਏ ਹਨ।

ਇਹ ਵੀ ਪੜ੍ਹੋ:

ਇਸ ਦੇ ਨਾਲ ਹੀ ਸਰਕਾਰ ਨੇ ਇਲਜ਼ਾਮ ਲਾਇਆ ਕਿ ਹਿੰਦੂ ਅਖ਼ਬਾਰ ਵਿੱਚ ਰਫਾਲ ਨਾਲ ਜੁੜੀਆਂ ਰਿਪੋਰਟਾਂ ਉਨ੍ਹਾਂ ਚੋਰੀ ਹੋਏ ਦਸਤਾਵੇਜ਼ਾਂ ’ਤੇ ਆਧਾਰਿਤ ਹਨ। ਸਰਕਾਰ ਵੱਲੋਂ ਕਿਹਾ ਗਿਆ ਗਿਆ ਕਿ ਹਿੰਦੂ ਖਿਲਾਫ਼ ਆਫੀਸ਼ੀਅਲ ਸੀਕ੍ਰੇਟ ਐਕਟ ਤਹਿਤ ਮਾਮਲਾ ਬਣਦਾ ਹੈ।

ਸੀਕ੍ਰੇਟ ਆਫੀਸ਼ੀਅਲ ਐਕਟ ਤਹਿਤ ਗੁਪਤ ਦਸਤਾਵੇਜ਼ਾਂ ਨੂੰ ਜਨਤਕ ਕਰਨ 'ਤੇ 14 ਸਾਲ ਤੱਕ ਦੀ ਸਜ਼ਾ ਦੀ ਤਜਵੀਜ਼ ਹੈ।

ਕੀ ਸੀ ‘ਦਿ ਹਿੰਦੂ’ ਦੀਆਂ ਰਿਪੋਰਟਾਂ ਵਿੱਚ?

ਹਿੰਦੂ ਅਖ਼ਬਾਰ ਵਿੱਚ ਛਪੀ ਰਿਪੋਰਟ ਮੁਤਾਬਕ ਫਰਾਂਸ ਸਰਕਾਰ ਨੇ ਬੈਂਕ ਗਰੰਟੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਸੇ ਕਾਰਨ 36 ਰਫਾਲ ਹਵਾਈ ਜਹਾਜ਼ਾਂ ਦੀ ਕੀਮਤ ਕਰੀਬ 246.11 ਮਿਲੀਅਨ ਯੂਰੋ ( ਪਿਛਲੀ ਯੂਪੀਏ ਸਰਕਾਰ ਨਾਲ ਹੋਏ ਕਰਾਰ ਵਿੱਚ ਤੈਅ ਹੋਈ ਕੀਮਤ ਦੇ ਮੁਕਾਬਲੇ ) ਵਧ ਗਈ।

ਰਫਾਲ ਮਾਮਲੇ ਨਾਲ ਜੁੜੀ ਹੋਰ ਰਿਪੋਰਟ ਵੀ ਦਿ ਹਿੰਦੂ ਵੱਲੋਂ ਛਾਪੀ ਗਈ ਸੀ।

ਅਸੀਂ ਕਾਨੂੰਨ ਦੀ ਪਾਲਣਾ ਕੀਤੀ ਹੈ - ਐੱਨ.ਰਾਮ

ਐੱਨ ਰਾਮ ਨੇ ਇੱਕ ਟਵੀਟ ਰਾਹੀਂ ਵੀ ਆਪਣੇ ਸਰੋਤਾਂ ਨੂੰ ਬਚਾਉਣ ਬਾਰੇ ਦ੍ਰਿੜਤਾ ਦਰਸਾਈ:

ਇੰਡੀਆ ਟੂਡੇ ਨਾਲ ਗੱਲਬਾਤ ਵਿੱਚ ਐਨ ਰਾਮ ਨੇ ਕਿਹਾ, "ਅਸੀਂ ਕੋਈ ਵੀ ਦਸਤਾਵੇਜ਼ ਚੋਰੀ ਨਹੀਂ ਕੀਤਾ ਹੈ। ਅਸੀਂ ਇਸ ਬਾਰੇ ਪਹਿਲਾਂ ਵੀ ਨਿਊ ਯਾਰਕ ਟਾਈਮਜ਼ ਅਤੇ ਵਾਸ਼ਿੰਗਟਨ ਪੋਸਟ ਸਣੇ ਕਈ ਅਖਬਾਰਾਂ ਵਿੱਚ ਸੁਣ ਚੁੱਕੇ ਹਾਂ। ਇਹ ਹਰ ਸਰਕਾਰ ਦਾ ਇੱਕ ਸਟੈਂਡਰਡ ਬਚਾਅ ਕਰਨ ਦਾ ਤਰੀਕਾ ਹੈ।"

"ਅਸੀਂ ਉਨ੍ਹਾਂ ਦਸਤਾਵੇਜ਼ਾਂ ਨੂੰ ਚੋਰੀ ਨਹੀਂ ਕੀਤਾ ਅਤੇ ਨਾ ਹੀ ਅਸੀਂ ਉਨ੍ਹਾਂ ਲਈ ਪੈਸੇ ਦਿੱਤੇ ਹਨ। ਅਸੀਂ ਇਹ ਜਾਣਕਾਰੀ ਜਨਹਿਤ ਵਿੱਚ ਛਾਪੀ ਹੈ। ਸਾਨੂੰ ਲਗਦਾ ਹੈ ਕਿ ਇਸ ਜਾਣਕਾਰੀ ਨੂੰ ਸਰਕਾਰ ਵੱਲੋਂ ਲੋਕਾਂ ਨੂੰ, ਪਾਰਲੀਮੈਂਟ ਨੂੰ ਅਤੇ ਸੁਪਰੀਮ ਕੋਰਟ ਨੂੰ ਸਾਂਝਾ ਕਰਨਾ ਚਾਹੀਦਾ ਸੀ। ਜੋ ਅਜੇ ਤੱਕ ਨਹੀਂ ਹੋਇਆ ਹੈ।"

ਰਫ਼ਾਲ ਬਾਰੇ ਹੋਰ ਖ਼ਬਰਾਂ:

"ਅਸੀਂ ਇਹ ਜਾਣਕਾਰੀ ਪੂਰੇ ਤਰੀਕੇ ਨਾਲ ਪ੍ਰਗਟਾਵੇ ਦੀ ਆਜ਼ਾਦੀ ਅਤੇ ਸੂਚਨਾ ਦੇ ਅਧਿਕਾਰ ਦੇ ਕਾਨੂੰਨ ਤਹਿਤ ਛਾਪੀ ਹੈ।

ਮੂਲ ਮੰਤਰ ਚੌਕੀਦਾਰ ਨੂੰ ਬਚਾਉਣਾ ਹੈ - ਰਾਹੁਲ

ਵੀਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਰਾਫੇਲ ਮਾਮਲੇ ਵਿੱਚ ਭ੍ਰਿਸ਼ਟਾਚਾਰ ਹੋਇਆ ਹੈ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਪ੍ਰਧਾਨ ਮੰਤਰੀ ਨੇ ਅਨਿਲ ਅੰਬਾਨੀ ਨੂੰ ਫਾਇਦਾ ਪਹੁੰਚਾਇਆ ਹੈ।

ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਰਾਹੁਲ ਗਾਂਧੀ ਦੀ ਪ੍ਰੈਸ ਕਾਨਫਰੰਸ ਦੇ ਇੱਕ ਮਿੰਟ ਤੱਕ ਚੱਲਣ ਨੂੰ ਲੈ ਕੇ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਸਭ ਤੋਂ ਛੋਟੀ ਪ੍ਰੈਸ ਕਾਨਫਰੰਸ ਦਾ ਰਿਕਾਰਡ ਬਣਾਉਣ ਵਾਸਤੇ ਆਏ ਸਨ।

ਰਾਹੁਲ ਗਾਂਧੀ ਨੇ ਕਿਹਾ ਕਿ ਰਫਾਲ ਡੀਲ ਨਾਲ ਜੁੜੇ ਕਾਗਜ਼ਾਂ ਦਾ ਗਾਇਬ ਹੋ ਜਾਣਾ ਕੋਈ ਆਮ ਗੱਲ ਨਹੀਂ ਹੈ।

ਉਨ੍ਹਾਂ ਕਿਹਾ, "ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਤੇ ਕਿਸਾਨਾਂ ਨੂੰ ਸਹੀ ਕੀਮਤ ਮਿਲਣਾ ਵੀ ਗਾਇਬ ਹੋ ਗਿਆ ਹੈ, 15 ਲੱਖ ਰੁਪਏ ਦਾ ਵਾਅਦਾ, ਕਿਸਾਨਾਂ ਦੇ ਬੀਮਾ ਦਾ ਪੈਸਾ, ਡੋਕਲਾਮ ਦਾ ਮੁੱਦਾ ਅਤੇ ਹੁਣ ਰਫਾਲ ਦੀਆਂ ਫਾਈਲਾਂ ਗਾਇਬ ਹੋ ਗਈਆਂ।"

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)