ਜੰਮੂ 'ਚ ਪੰਜਾਬ ਰੋਡਵੇਜ਼ ਦੀ ਬੱਸ 'ਤੇ ਸੁੱਟਿਆ ਗ੍ਰਨੇਡ, ਹਿਜ਼ਬੁਲ-ਮੁਜ਼ਾਹਦੀਨ ਨੇ ਕਰਵਾਇਆ ਧਮਾਕਾ - ਪੁਲਿਸ

ਜੰਮੂ ਦੇ ਬਸ ਸਟੈਂਡ ਉੱਤੇ ਹੋਏ ਗ੍ਰਨੇਡ ਹਮਲੇ ਵਿਚ ਜ਼ਖ਼ਮੀ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਇਸ ਧਮਾਕੇ ਵਿਚ 29 ਵਿਅਕਤੀ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿਚੋਂ ਚਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਜੰਮੂ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਨਗਰੋਟਾ ਟੋਲ ਪਲਾਜ਼ਾ ਤੋਂ ਜਾਸਿਰ ਜਾਵੇਦ ਅਹਿਮਦ ਭੱਟ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦੇ ਦਾਅਵੇ ਮੁਤਾਬਕ ਇਹ ਵਿਅਕਤੀ ਹਿਜ਼ਬੁਲ ਮੁਜਾਹਦੀਨ ਦਾ ਕਾਰਕੁਨ ਹੈ।

ਪੁੱਛਗਿੱਛ ਦੌਰਾਨ ਇਸ ਵਿਅਕਤੀ ਨੇ ਦੱਸਿਆ ਕਿ ਇਸ ਨੂੰ ਗ੍ਰਨੇਡ ਫਾਰੁਕ ਅਹਿਮਦ ਭੱਟ , ਜੋ ਹਿਜ਼ਬੁਲ ਦਾ ਕਮਾਂਡਰ ਹੈ , ਨੇ ਦਿੱਤਾ ਸੀ।

ਜੰਮੂ ਪੁਲਿਸ ਨੇ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਬੰਬ ਧਮਾਕੇ ਤੋਂ ਬਾਅਦ ਪੁਲਿਸ ਨੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੇਖੀ ਤਾਂ ਉਸ ਵਿਚ ਦਿਖਾਈ ਦਿੱਤਾ ਕਿ ਇੱਕ ਨੀਲੀ ਸ਼ਰਟ -ਜੀਨ ਤੇ ਪਿੱਛੇ ਲਾਲ ਬੈਗ ਪਾਈ ਮੁੰਡਾ ਬੰਬ ਸੁੱਟ ਕੇ ਭੱਜ ਰਿਹਾ ਹੈ।

ਪੁਲਿਸ ਮੁਤਾਬਕ ਇਸ ਦਾ ਸਕਰੀਨ ਗਰੈਬ ਤੁਰੰਤ ਸਾਰੇ ਸੂਬੇ ਵਿਚਲੇ ਨਾਕਿਆਂ ਨੂੰ ਭੇਜਿਆ ਗਿਆ ਅਤੇ ਨਗਰੋਟਾ ਟੋਲ ਨਾਕੇ ਉੱਤੇ ਪੁਲਿਸ ਨੇ ਇਸ ਸ਼ੱਕੀ ਮੁੰਡੇ ਨੂੰ ਕਾਬੂ ਕੀਤਾ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਜੰਮੂ ਬੱਸ ਸਟੈਂਡ ਉੱਤੇ ਪੰਜਾਬ ਰੋਡਵੇਜ਼ ਦੀ ਬੱਸ ਉੱਤੇ ਗ੍ਰਨੇਡ ਸੁੱਟੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਘਟਨਾਵਾਂ ਜੰਮੂ-ਕਸ਼ਮੀਰ ਦਾ ਅਮਨ ਭੰਗ ਕਰਨ ਲਈ ਅੱਤਵਾਦੀ ਸੰਗਠਨਾਂ ਦਾ ਕਾਰਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਜੰਮੂ ਕਸ਼ਮੀਰ ਦੇ ਨਾਲ ਹੈ।

ਇਸ ਤੋਂ ਪਹਿਲਾਂ ਬੀਬੀਸੀ ਹਿੰਦੀ ਦੇ ਸਹਿਯੋਗੀ ਪੱਤਰਕਾਰ ਮੋਹਿਤ ਕੰਧਾਰੀ ਨੇ ਦੱਸਿਆ ਕਿ ਧਮਾਕੇ ਵਿਚ ਜ਼ਖ਼ਮੀ ਹੋਏ ਇੱਕ 17 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਜੰਮੂ ਡਵੀਜਨ ਦੇ ਆਈਜੀ ਏਕੇ ਸਿਨਹਾ ਨੇ ਦੱਸਿਆ ਕਿ ਮਰਨ ਵਾਲਾ ਨੌਜਵਾਨ ਉਤਰਾਖੰਡ ਦੇ ਹਰਿਦੁਆਰ ਦਾ ਰਹਿਣ ਵਾਲਾ ਸੀ ਜਿਸ ਦੀ ਪਛਾਣ ਮੁਹੰਮਦ ਸ਼ਾਰਿਕ ਵਜੋਂ ਹੋਈ ਹੈ।

ਇਹ ਵੀ ਪੜ੍ਹੋ-

ਆਈਜੀ ਏਕੇ ਸਿਨਹਾ ਨੇ ਦੱਸਿਆ ਕਿ ਜ਼ਖ਼ਮੀ 31 ਵਿਅਕਤੀਆਂ ਨੂੰ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ 4 ਜ਼ਖ਼ਮੀਆਂ ਦੀ ਹਾਲਤ ਕਾਫ਼ੀ ਨਾਜ਼ੁਕ ਹੈ।

ਇਸ ਤੋਂ ਪਹਿਲਾਂ ਆਈਜੀ ਸਿਨਹਾ ਨੇ ਦੱਸਿਆ ਸੀ ਕਿ ਕੁਝ ਸ਼ੱਕੀ ਵਿਅਕਤੀਆਂ ਨੇ ਬੱਸ ਸਟੈਂਡ ਉੱਤੇ ਗ੍ਰਨੇਡ ਸੁੱਟਿਆ ਹੈ।

ਜੰਮੂ ਦੇ ਐਸਐਸਪੀ ਤਜਿੰਦਰ ਸਿੰਘ ਨੇ ਦੱਸਿਆ ਹੈ ਕਿ ਧਮਾਕਾ 11 ਵਜ ਕੇ 45 ਮਿੰਟ 'ਤੇ ਹੋਇਆ।

ਉਨ੍ਹਾਂ ਨੇ ਦੱਸਿਆ ਕਿ ਜਖ਼ਮੀਆਂ ਨੂੰ ਨਜ਼ਦੀਕੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ ਪਰ ਫਿਲਹਾਲ ਖ਼ਤਰੇ ਤੋਂ ਬਾਹਰ ਹਨ।

ਇੱਕ ਚਸ਼ਮਦੀਦ ਸ਼ਸ਼ੀ ਕੁਮਾਰ ਨੇ ਮੋਹਿਤ ਕੰਧਾਰੀ ਨੂੰ ਦੱਸਿਆ, "ਸਾਡੀ ਇੱਥੇ ਫਲਾਂ ਦੀ ਰੇੜੀ ਹੈ। ਧਮਾਕਾ ਬਹੁਤ ਜ਼ੋਰ ਨਾਲ ਸੁਣਾਈ ਦਿੱਤਾ। ਕਿਸੇ ਨੇ ਕਿਹਾ ਟਾਇਰ ਫਟਿਆ ਹੈ ਤਾਂ ਕਿਸੇ ਨੇ ਕਿਹਾ, ਬੰਬ ਧਮਾਕਾ ਹੈ। ਅੱਗੇ ਵਧ ਕੇ ਦੇਖਿਆ ਤਾਂ ਕਈ ਲੋਕ ਜਖ਼ਮੀ ਪਏ ਸਨ।"

"ਅਸੀਂ ਉਨ੍ਹਾਂ ਨੂੰ ਚੁੱਕ ਕੇ ਗੱਡੀਆਂ ਵਿੱਚ ਭਰਿਆ ਅਤੇ ਹਸਪਤਾਲ ਲੈ ਕੇ ਗਏ। ਉਦੋਂ ਤੱਕ ਪੁਲਿਸ ਵੀ ਆ ਗਈ ਸੀ।"

ਜੰਮੂ ਡਿਵੀਜ਼ਨ ਦੇ ਆਈਜੀ ਐਮ ਕੇ ਸਿਨਹਾ ਨੇ ਕਿਹਾ ਹੈ ਕਿ ਕੁਝ ਸ਼ੱਕੀ ਲੋਕਾਂ ਨੇ ਬਸ ਸਟੈਂਡ ਵਿੱਚ ਖੜ੍ਹੀ ਇੱਕ ਬਸ ਦੇ ਬਾਹਰ ਗ੍ਰੈਨੇਡ ਸੁੱਟਿਆ ਸੀ। ਬਸ ਦੇ ਬਾਹਰ ਖੜ੍ਹੇ ਲੋਕ ਇਸ ਹਮਲੇ ਵਿੱਚ ਜ਼ਖਮੀ ਹੋਏ ਹਨ।

ਸ਼ੁਰੂਆਤੀ ਜਾਂਚ ਮੁਤਾਬਕ ਗ੍ਰੈਨੇਡ ਦਾ ਸਭ ਤੋਂ ਵੱਧ ਅਸਰ ਪੰਜਾਬ ਰੋਡਵੇਜ਼ ਦੀ ਬਸ 'ਤੇ ਹੋਇਆ। ਬਸ ਵਿੱਚ ਬੈਠੇ ਕੁਝ ਮੁਸਾਫ਼ਿਰ ਜ਼ਖਮੀ ਹੋ ਗਏ। ਨਾਲ ਹੀ ਨੇੜੇ ਦੇ ਕੁਝ ਲੋਕਾਂ ਨੂੰ ਵੀ ਸੱਟਾਂ ਲੱਗੀਆਂ ਹਨ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)