IS ਲੜਾਕਾ ਆਪਣੀ ਪਤਨੀ ਸ਼ਮੀਮਾ ਬੇਗ਼ਮ ਨਾਲ ਆਪਣੇ ਮੁਲਕ ਨੀਦਰਲੈਂਡ ਜਾਣਾ ਚਾਹੁੰਦਾ ਹੈ, ਦੋਵਾਂ ਦੇ ਮਿਲਣ ਤੇ ਵਿਛੜਨ ਦੀ ਕਹਾਣੀ

2015 ਵਿੱਚ ਬ੍ਰਿਟੇਨ ਤੋਂ ਭੱਜ ਕੇ ਇਸਲਾਮਿਕ ਸਟੇਟ ਵਿੱਚ ਸ਼ਾਮਿਲ ਹੋਣ ਵਾਲੀ ਸ਼ਮੀਮਾ ਬੇਗ਼ਮ ਦੇ ਪਤੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸ਼ਮੀਮਾ ਬੇਗ਼ਮ ਉਨ੍ਹਾਂ ਨਾਲ ਨੀਦਰਲੈਂਡ ਆ ਜਾਣ।

27 ਸਾਲਾ ਯਾਗੋ ਰਿਡੀਜਕ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਬੂਲਿਆ ਕਿ ਉਨ੍ਹਾਂ ਨੇ ਇਸਲਾਮਿਕ ਸਟੇਟ ਗਰੁੱਪ ਲਈ ਲੜਾਈ ਲੜੀ ਹੈ ਪਰ ਹੁਣ ਉਹ ਆਪਣੀ ਪਤਨੀ ਅਤੇ ਨਵਜੰਮੇ ਬੱਚੇ ਨਾਲ ਘਰ ਪਰਤਣਾ ਚਾਹੁੰਦੇ ਹਨ।

ਸ਼ਮੀਮਾ ਬੇਗ਼ਮ ਸਾਲ 2015 ਵਿੱਚ ਬ੍ਰਿਟੇਨ ਤੋਂ ਭੱਜ ਕੇ ਇਸਲਾਮਿਕ ਸਟੇਟ ਵਿੱਚ ਸ਼ਾਮਿਲ ਹੋਣ ਵਾਲੀਆਂ 3 ਸਕੂਲੀ ਵਿਦਿਆਰਥਣਾਂ 'ਚੋਂ ਇੱਕ ਸੀ, ਜੋ 15 ਸਾਲ ਦੀ ਉਮਰ 'ਚ ਆਈਐਸਆਈ 'ਚ ਸ਼ਾਮਿਲ ਹੋਈ ਸੀ।

ਇਸ ਦੌਰਾਨ ਉਨ੍ਹਾਂ ਨੇ ਸੀਰੀਆ ਪਹੁੰਚਣ ਦੇ ਕੁਝ ਦਿਨਾਂ ਬਾਅਦ ਯਾਗੋ ਰਿਡੀਜਕ ਨਾਲ ਵਿਆਹ ਕਰਵਾ ਲਿਆ ਸੀ।

ਯਾਗੋ ਉੱਤਰੀ-ਪੂਰਬੀ ਸੀਰੀਆ 'ਚ ਕੁਰਦ ਡਿਟੈਂਸ਼ਨ ਸੈਂਟਰ ਵਿੱਚ ਹਨ।

'ਆਈਐਸਆਈ ਨੂੰ ਛੱਡਣ ਦੀ ਕੋਸ਼ਿਸ਼ ਕੀਤੀ'

ਜੇਕਰ ਯਾਗੋ ਨੀਦਰਲੈਂਡ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਨੂੰ ਆਈਐਸਆਈ 'ਚ ਸ਼ਾਮਿਲ ਹੋਣ ਕਾਰਨ 6 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

ਬੀਬੀਸੀ ਦੇ ਮੱਧ ਪੂਰਬ ਦੇ ਪੱਤਰਕਾਰ ਕੁਐਂਟਿਨ ਸੋਮਰਵਿਲੇ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਯਾਗੋ ਨੇ ਕਿਹਾ ਕਿ ਮੈਂ ਆਈਐਸਆਈਐਸ ਨੂੰ ਛੱਡਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ-

ਉਨ੍ਹਾਂ ਨੇ ਦੱਸਿਆ, "ਉਨ੍ਹਾਂ 'ਤੇ ਆਈਐੱਸ ਵਾਲਿਆਂ ਨੇ ਡਚ ਜਾਸੂਸ ਹੋਣ ਦਾ ਇਲਜ਼ਾਮ ਲਗਾ ਕੇ ਰੱਕਾ ਦੀ ਜੇਲ੍ਹ ਵਿੱਚ ਕੈਦ ਕਰਕੇ ਤਸੀਹੇ ਦਿੱਤੇ ਸਨ।"

ਆਈਐਸਆਈਐਸ ਦੇ ਕਬਜ਼ੇ 'ਚ ਜ਼ਿੰਦਗੀ ਬਾਰੇ ਉਨ੍ਹਾਂ ਨੇ ਕਿਹਾ ਕਿ ਉਹਾਂ ਨੇ ਬਗੈਰ ਵਿਆਹ ਤੋਂ ਜਿਣਸੀ ਰਿਸ਼ਤੇ ਬਣਾਉਣ ਵਾਲੀ ਇੱਕ ਔਰਤ 'ਤੇ ਪੱਥਰਬਾਜੀ ਕੀਤੀ, ਸ਼ਹਿਰ ਵਿੱਚ ਲਾਸ਼ਾਂ ਦੇ ਢੇਰ ਦੇਖੇ ਅਤੇ ਨਵਜੰਮੀ ਬੱਚੀ ਨੂੰ ਕੁਪੋਸ਼ਣ ਨਾਲ ਮਰਦੇ ਵੀ ਦੇਖਿਆ।

19 ਸਾਲਾਂ ਦੀ ਸ਼ਮੀਮਾ ਆਪਣੇ ਪਤੀ ਨਾਲ ਆਈਐਸ ਗਰੁੱਪ ਦੇ ਆਖ਼ਰੀ ਅੱਡੇ ਬਾਘੁਜ਼ ਤੋਂ ਭੱਜ ਗਈ ਸੀ।

ਇਸ ਦੌਰਾਨ ਯਾਗੋ ਨੇ ਸੀਰੀਆ ਲੜਾਕਿਆਂ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਅਤੇ ਸ਼ਮੀਮਾ ਆਪਣੇ ਨਵਜੰਮੇ ਬੇਟੇ ਜਾਰਾਹ ਨਾਲ ਉੱਤਰੀ ਸੀਰੀਆ 'ਚ ਅਲ-ਹਵਲ ਸ਼ਰਨਾਰਥੀ ਕੈਂਪ 'ਚ 39 ਹਜ਼ਾਰ ਲੋਕਾਂ ਨਾਲ ਰਹਿਣ ਲੱਗੀ।

ਹੁਣ ਮੰਨਿਆ ਜਾ ਰਿਹਾ ਹੈ ਕਿ ਉਹ ਕਥਿਤ ਤੌਰ 'ਤੇ ਕਿਤੇ ਹੋਰ ਚਲੀ ਗਈ ਹੈ।

'ਪਹਿਲਾਂ ਕੀਤਾ ਵਿਆਹ ਲਈ ਮਨ੍ਹਾਂ'

ਯਾਗੋ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੂੰ ਸ਼ਮੀਮਾ ਬੇਗ਼ਮ ਨਾਲ ਵਿਆਹ ਨਾਲ ਕੋਈ ਇਤਰਾਜ਼ ਨਹੀਂ ਸੀ, ਉਹ 15 ਸਾਲ ਦੀ ਸੀ ਅਤੇ ਉਹ 23 ਸਾਲ ਦੇ ਸਨ ਅਤੇ ਇਹ "ਉਸ ਦੀ ਮਰਜ਼ੀ" ਨਾਲ ਹੋਇਆ ਸੀ।

ਉਨ੍ਹਾਂ ਨੇ ਦੱਸਿਆ ਕਿ ਉਹ ਕਿਵੇਂ ਲੰਡਨ ਤੋਂ ਭੱਜੀ ਸਕੂਲੀ ਵਿਦਿਆਰਥਣ ਨੂੰ ਰੱਕਾ ਦੇ ਵੂਮੈਨ ਸੈਂਟਰ 'ਚ ਮਿਲੇ ਸਨ। ਪਹਿਲਾਂ ਉਹ ਵਿਆਹ ਲਈ ਤਿਆਰ ਨਹੀਂ ਸਨ ਕਿਉਂਕਿ ਉਹ ਉਮਰ ਵਿੱਚ ਬਹੁਤ ਛੋਟੀ ਸੀ।

ਇਹ ਵੀ ਪੜ੍ਹੋ-

ਉਨ੍ਹਾਂ ਨੇ ਕਿਹਾ, "ਜਦੋਂ ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਇੱਕ ਕੁੜੀ ਤੇਰੇ ਨਾਲ ਵਿਆਹ ਲਈ ਤਿਆਰ ਹੈ, ਮੈਨੂੰ ਪਹਿਲਾਂ ਤਾਂ ਇਤਰਾਜ਼ ਸੀ ਕਿ ਉਸ ਦੀ ਉਮਰ ਛੋਟੀ ਹੈ ਪਰ ਫਿਰ ਮੈਂ ਤਿਆਰ ਹੋ ਗਿਆ।"

ਯਾਗੋ ਨੇ ਜ਼ੋਰ ਦੇ ਕੇ ਕਿਹਾ, "ਇਹ ਉਸ ਦੀ ਮਰਜ਼ੀ ਸੀ। ਉਹ ਆਪਣੇ ਲਈ ਪਤੀ ਲੱਭ ਰਹੀ ਸੀ।"

ਉਨ੍ਹਾਂ ਨੇ ਮੰਨਿਆ, "ਉਸਦੀ ਉਮਰ ਛੋਟੀ ਸੀ, ਸ਼ਾਇਦ ਉਸ ਲਈ ਇਹ ਚੰਗਾ ਹੁੰਦਾ ਕਿ ਜੇਕਰ ਉਹ ਥੋੜ੍ਹਾ ਇੰਤਜ਼ਾਰ ਕਰ ਲੈਂਦੀ, ਪਰ ਉਸ ਨੇ ਅਜਿਹਾ ਨਹੀਂ ਕੀਤਾ, ਉਸ ਨੇ ਵਿਆਹ ਕਰਵਾਉਣਾ ਚਾਹਿਆ ਅਤੇ ਮੈਂ ਉਸ ਨੂੰ ਵਿਆਹ ਲਈ ਚੁਣਿਆ।"

ਬਰਤਾਨੀਆਂ ਨੇ ਰੱਦ ਕੀਤੀ ਸ਼ਮੀਮਾ ਦੀ ਨਾਗਰਿਕਤਾ

ਫਰਵਰੀ 2015 ਵਿੱਚ ਬੈਥਾਨਲ ਗਰੀਨ ਅਕਾਦਮੀ ਤੋਂ ਭੱਜੀਆਂ ਬੇਗ਼ਮ ਅਤੇ ਆਮੀਰਾ ਆਬੇਜ਼ ਦੀ ਉਮਰ 15 ਸਾਲ ਦੀ ਜਦ ਕਿ ਕਾਦੀਜ਼ਾ ਸੁਲਤਾਨਾ ਦੀ ਉਮਰ ਉਸ ਵੇਲੇ 16 ਸਾਲ ਦੀ ਸੀ।

ਮੰਨਿਆ ਜਾਂਦਾ ਹੈ ਕਿ ਕਦੀਜਾ ਸੁਲਤਾਨਾ ਸਾਲ 2016 ਵਿੱਚ ਹਵਾਈ ਹਮਲੇ ਵਿੱਚ ਮਾਰੀ ਗਈ ਹੈ।

ਬਰਤਾਨੀਆਂ ਨੇ ਇਹ ਕਹਿ ਕੇ ਸ਼ਮੀਮਾ ਦੀ ਨਾਗਰਿਕਤਾ ਰੱਦ ਕਰ ਦਿੱਤੀ ਹੈ ਕਿ ਉਹ ਬੰਗਲਾਦੇਸ਼ੀ ਨਾਗਿਰਕ ਹੈ ਕਿਉਂਕਿ ਉਸ ਦੀ ਮਾਂ ਬੰਗਲਾਦੇਸ਼ੀ ਨਾਗਰਿਕ ਹੈ।

ਪਰ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਇਸ 'ਤੇ ਵਿਵਾਦ ਖੜ੍ਹਾ ਕਰਦਿਆਂ ਕਿਹਾ ਕਿ ਸ਼ਮੀਮਾ ਬੰਗਲਾਦੇਸ਼ੀ ਨਾਗਰਿਕ ਨਹੀਂ ਹੈ ਅਤੇ ਉਨ੍ਹਾਂ ਨੂੰ ਦੇਸ 'ਚ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਪਿਛਲੇ ਮਹੀਨੇ ਸ਼ਮੀਮਾ ਦੇ ਪਰਿਵਾਰ ਵਾਲਿਆਂ ਨੇ ਬਰਤਾਨੀਆਂ ਦੇ ਗ੍ਰਹਿ ਮੰਤਰੀ ਨੂੰ ਕਿਹਾ ਹੈ ਕਿ ਸ਼ਮੀਮਾ ਦੀ ਬਰਤਾਨੀਆ ਨਾਗਰਿਕਤਾ ਰੱਦ ਕੀਤੇ ਜਾਣ ਵਾਲੇ ਫ਼ੈਸਲੇ ਨੂੰ ਚੁਣੌਤੀ ਦੇ ਰਹੇ ਹਾਂ।

ਹਾਲਾਂਕਿ ਯਾਗੋ ਵੀ ਅੱਤਵਾਦੀਆਂ ਦੀ ਸੂਚੀ 'ਚ ਹਨ ਪਰ ਉਨ੍ਹਾਂ ਦੀ ਡਚ ਨਾਗਰਿਕਤਾ ਅਜੇ ਤੱਕ ਰੱਦ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)