ਈਰਾਨ ਦੇ ਇਨਕਲਾਬ ਮਗਰੋਂ ਮੁਲਕ 'ਚ ਇੰਝ ਬਦਲੀ ਔਰਤਾਂ ਦੀ ਜ਼ਿੰਦਗੀ

ਸਾਲ 1979 ਦੀ ਇਸਲਾਮਿਕ ਕ੍ਰਾਂਤੀ ਈਰਾਨੀ ਸਮਾਜ ਵਿੱਚ ਬਹੁਤ ਜ਼ਿਆਦਾ ਤਬਦੀਲੀ ਲੈ ਕੇ ਆਈ। ਸਭ ਤੋਂ ਵੱਡੀ ਤਬਦੀਲੀ ਔਰਤਾਂ ਦੇ ਪਹਿਰਾਵੇ ਅਤੇ ਉਨ੍ਹਾਂ ਦੇ ਵਾਲ ਬਣਾਉਣ ਦੇ ਤਰੀਕਿਆਂ ਵਿੱਚ ਆਈ। 1930 ਵਿੱਚ ਈਰਾਨ ਦੇ ਸ਼ਾਹ ਨੇ ਹਿਜਾਬ 'ਤੇ ਪਾਬੰਦੀ ਲਾ ਦਿੱਤੀ ਅਤੇ ਸੁਰਖਿਆ ਕਰਮੀਆਂ ਨੂੰ ਔਰਤਾਂ ਦੇ ਹਿਜਾਬ ਜਬਰਨ ਲਾਹੁਣ ਦੇ ਹੁਕਮ ਦਿੱਤੇ।

ਇਸ ਮਗਰੋਂ 1980 ਵਿੱਚ ਇਸਲਾਮਿਕ ਕਾਨੂੰਨ ਮੁਤਾਬਕ ਔਰਤਾਂ ਦੇ ਪਹਿਰਾਵੇ ਦੇ ਨਿਯਮ ਬਣਾਏ ਗਏ ਤੇ ਉਨ੍ਹਾਂ ਲਈ ਹਿਜਾਬ ਪਾਉਣਾ ਇੱਕ ਵਾਰ ਫੇਰ ਲਾਜ਼ਮੀ ਬਣਾ ਦਿੱਤਾ ਗਿਆ।

ਤਸਵੀਰਾਂ ਉਸ ਤਬਦੀਲੀ ਨੂੰ ਬਿਆਨ ਕਰਦੀਆਂ ਹਨ ਜੋ ਈਰਾਨ ਵਿੱਚ ਇਸਲਾਮਿਕ ਸਰਕਾਰ ਬਣਨ ਤੋਂ ਬਾਅਦ ਔਰਤਾਂ ਦੀ ਜ਼ਿੰਦਗੀ ਵਿੱਚ ਆਈ।

ਇਹ ਵੀ ਪੜ੍ਹੋ:

ਕ੍ਰਾਂਤੀ ਤੋਂ ਪਹਿਲਾਂ

ਤਹਿਰਾਨ ਯੂਨੀਵਰਸਿਟੀ ਵਿੱਚ ਪੜ੍ਹਾਈ-1977: ਕ੍ਰਾਂਤੀ ਦੇ ਸਮੇਂ ਬਹੁਤ ਸਾਰੀਆਂ ਔਰਤਾਂ ਉਚੇਰੀ ਸਿੱਖਿਆ ਹਾਸਲ ਕਰ ਰਹੀਆਂ ਸਨ। ਕ੍ਰਾਂਤੀ ਤੋਂ ਬਾਅਦ ਯੂਨੀਵਰਸਿਟੀਆਂ ਵਿੱਚ ਔਰਤਾਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ।

ਇਸ ਦਾ ਇੱਕ ਕਾਰਨ ਇਹ ਸੀ ਕਿ ਸਰਕਾਰ ਨੇ ਪਿੰਡਾਂ ਵਿੱਚ ਰਹਿਣ ਵਾਲੇ ਰੂੜੀਵਾਦੀ ਮਾਪਿਆਂ ਨੂੰ ਆਪਣੀਆਂ ਧੀਆਂ ਨੂੰ ਸਿੱਖਿਆ ਹਾਸਲ ਕਰਨ ਲਈ ਭੇਜਣ ਲਈ ਸਮਝਾਇਆ।

ਬਾਰਨੋਏਸ ਹਲੇਹ ਅਸ਼ਰਫ ਇਸ ਸਮੇਂ ਨਿਊ ਯਾਰਕ ਯੂਨੀਵਰਸਿਟੀ ਵਿੱਚ ਵਿਮਿਨਜ਼ ਸਟੱਡੀਜ਼ ਦੇ ਪ੍ਰੋਫ਼ੈਸਰ ਹਨ। ਸਾਲ 1960 ਦੌਰਾਨ ਉਨ੍ਹਾਂ ਦਾ ਪਾਲਣ-ਪੋਸ਼ਣ ਈਰਾਨ ਵਿੱਚ ਹੀ ਹੋਇਆ ਸੀ।

ਉਨ੍ਹਾਂ ਦੱਸਿਆ, "ਉਨ੍ਹਾਂ ਨੇ ਔਰਤਾਂ ਨੂੰ ਯੂਨੀਵਰਸਿਟੀਆਂ ਵਿੱਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਇੰਨਾ ਵਿਰੋਧ ਹੋਇਆ ਕਿ ਉਨ੍ਹਾਂ ਨੂੰ ਇਜਾਜ਼ਤ ਦੇਣੀ ਪਈ।"

"ਕੁਝ ਪੜ੍ਹੇ ਲਿਖੇ ਲੋਕ ਦੇਸ ਛੱਡ ਕੇ ਬਾਹਰ ਚਲੇ ਗਏ ਤਾਂ ਸਰਕਾਰ ਨੂੰ ਸਮਝ ਆਇਆ ਕਿ ਦੇਸ ਚਲਾਉਣ ਲਈ ਉਨ੍ਹਾਂ ਨੂੰ ਔਰਤਾਂ ਤੇ ਮਰਦਾਂ ਦੋਹਾਂ ਨੂੰ ਸਿੱਖਿਅਤ ਕਰਨਾ ਪਵੇਗਾ।"

ਤਹਿਰਾਨ ਵਿੱਚ ਵਿੰਡੋ ਸ਼ੌਪਿੰਗ-1976: ਕ੍ਰਾਂਤੀ ਤੋਂ ਪਹਿਲਾਂ ਬਹੁਤ ਸਾਰੀਆਂ ਔਰਤਾਂ ਪੱਛਮੀਂ ਕੱਪੜੇ ਪਾਉਂਦੀਆਂ ਸਨ। ਜਿਨ੍ਹਾਂ ਵਿੱਚ ਤੰਗ ਜੀਨਾਂ, ਮਿੰਨੀ-ਸਕਰਟਾਂ, ਅਤੇ ਅੱਧੀਆਂ ਬਾਹਾਂ ਦੇ ਕੱਪੜੇ ਵੀ ਹੁੰਦੇ ਸਨ।

ਪ੍ਰੋਫ਼ੈਸਰ ਅਸ਼ਰਫ ਮੁਤਾਬਕ, "(ਕ੍ਰਾਂਤੀ ਨਾਲ) ਜੁੱਤੇ ਨਹੀਂ ਸਨ ਬਦਲੇ— ਅਤੇ ਜੁੱਤੇ ਤਾਂ ਸਾਨੂੰ ਸਾਰੀਆਂ ਨੂੰ ਹੀ ਪਸੰਦ ਹਨ! ਈਰਾਨੀ ਔਰਤਾਂ ਦੁਨੀਆਂ ਦੀਆਂ ਹੋਰ ਔਰਤਾਂ ਨਾਲੋਂ ਵੱਖਰੀਆਂ ਨਹੀਂ ਸਨ। ਖ਼ਰੀਦਦਾਰੀ ਔਰਤਾਂ ਨੂੰ ਰੋਜ਼ਾਨਾ ਦੇ ਤਣਾਅ ਤੋਂ ਮੁਕਤ ਕਰਦੀ ਹੈ।"

ਤਹਿਰਾਨ ਵਿੱਚ ਸ਼ੁੱਕਰਵਾਰ ਦੀ ਪਿਕਨਿਕ-1976: ਈਰਾਨ ਵਿੱਚ ਸ਼ੁੱਕਰਵਾਰ ਦੀ ਛੁੱਟੀ ਹੁੰਦੀ ਹੈ ਤੇ ਇਸ ਦਿਨ ਪਰਿਵਾਰ ਤੇ ਦੋਸਤ ਇਕੱਠੇ ਹੋ ਕੇ ਘੁੰਮਣ ਜਾਂਦੇ ਸਨ।

ਪ੍ਰੋਫ਼ੈਸਰ ਅਸ਼ਰਫ ਮੁਤਾਬਕ, "ਪਿਕਨਿਕ ਈਰਾਨੀ ਸੱਭਿਆਚਾਰ ਦਾ ਅਨਿੱਖੜ ਅੰਗ ਹੈ, ਜੋ ਮੱਧ ਵਰਗ ਵਿੱਚ ਬਹੁਤ ਪਸੰਦ ਕੀਤਾ ਜਾਂਦੀ ਸੀ। ਇਹ ਗੱਲ ਕ੍ਰਾਂਤੀ ਤੋਂ ਬਾਅਦ ਵੀ ਨਹੀਂ ਬਦਲੀ। ਉਸ ਸਮੇਂ ਤੇ ਹੁਣ ਵਿੱਚ ਫਰਕ ਇਹ ਆਇਆ ਹੈ ਕਿ ਇਕੱਠੇ ਬੈਠਣ ਵਾਲੇ ਇਸਤਰੀ-ਪੁਰਸ਼ ਬਹੁਤ ਜ਼ਿਆਦਾ ਸੁਚੇਤ ਹੋ ਕੇ ਬੈਠਦੇ ਹਨ।"

ਤਹਿਰਾਨ ਵਿੱਚ ਹੇਅਰ ਸਲੂਨ-1977: ਪ੍ਰੋਫ਼ੈਸਰ ਅਸ਼ਰਫ ਮੁਤਾਬਕ, "ਈਰਾਨ ਵਿੱਚ ਇਸ ਦ੍ਰਿਸ਼ ਦੀ ਤੁਸੀਂ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਉਮੀਦ ਨਹੀਂ ਰੱਖ ਸਕਦੇ, ਪਰ ਸਲੂਨ ਹਾਲੇ ਵੀ ਕਾਇਮ ਹਨ।"

"ਅੱਜ ਕੱਲ੍ਹ ਤੁਸੀਂ ਪਾਰਲਰ ਅੰਦਰ ਇੱਕ ਪੁਰਸ਼ ਨੂੰ ਇਸ ਤਰ੍ਹਾਂ ਨਹੀਂ ਦੇਖ ਸਕਦੇ— ਔਰਤਾਂ ਨੂੰ ਪਤਾ ਹੈ ਕਿ ਬਾਹਰ ਨਿਕਲਦਿਆਂ ਹੀ ਉਨ੍ਹਾਂ ਨੇ ਆਪਣਾ ਚਿਹਰਾ ਢਕਣਾ ਹੈ। ਕੁਝ ਲੋਕ ਲੁਕ-ਛਿਪ ਕੇ ਅਜਿਹੇ ਸਲੂਨ ਚਲਾਉਂਦੇ ਹਨ ਜਿੱਥੇ ਔਰਤਾਂ ਤੇ ਮਰਦ ਇਕੱਠੇ ਹੋ ਸਕਦੇ ਹਨ।"

ਸ਼ਾਹ ਦੇ ਅੰਗ ਰੱਖਿਅਕ-1971: ਇੱਕ ਸਮਾਗਮ ਦੌਰਾਨ ਇੱਕ ਔਰਤ ਈਰਾਨ ਦੇ ਸ਼ਾਹ ਮੁਹੰਮਦ ਰਿਜ਼ਾ ਪਹਿਲਵੀ (ਧੁਰ ਸੱਜੇ) ਕੋਲ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਸੀ।

ਇਹ ਸਮਾਗਮ ਫਾਰਸੀ ਰਾਜਤੰਤਰ ਦੀ 2500ਵੀਂ ਵਰ੍ਹਗੰਢ ਮੌਕੇ ਹੋ ਰਿਹਾ ਸੀ। ਇਨ੍ਹਾਂ ਸਮਾਗਮਾਂ ਤੇ ਕੀਤੇ ਗਏ ਖਰਚੇ ਕਾਰਨ ਸਰਕਾਰ ਦੀ ਖੱਬੇ ਪੱਖੀ ਵਿਰੋਧੀਆਂ ਤੇ ਧਾਰਮਿਕ ਵਿਰੋਧੀਆਂ ਨੇ ਸਖ਼ਤ ਆਲੋਚਨਾ ਕੀਤੀ।

ਪ੍ਰੋਫ਼ੈਸਰ ਅਸ਼ਰਫ ਮੁਤਾਬਕ, "ਇਸ ਸਮੇਂ ਤੱਕ, ਸ਼ਾਹ ਦੀ ਲੋਕਾਂ ਵਿੱਚ ਮਕਬੂਲੀਅਤ ਘਟ ਗਈ ਸੀ। ਕੁਝ ਦਾ ਮੰਨਣਾ ਹੈ ਕਿ ਸ਼ਾਹ ਦੇ ਅੱਤ ਨੇ ਹੀ ਅੱਠਾਂ ਸਾਲਾਂ ਬਾਅਦ ਹੋਣ ਵਾਲੀ ਕ੍ਰਾਂਤੀ ਲਈ ਜ਼ਮੀਨ ਤਿਆਰ ਕੀਤੀ।"

ਤਹਿਰਾਨ ਦੀਆਂ ਬਰਫ਼ ਨਾਲ ਭਰੀਆਂ ਸੜਕਾਂ 'ਤੇ ਨਿਕਲਣਾ-1976: ਪ੍ਰੋਫ਼ੈਸਰ ਅਸ਼ਰਫ ਮੁਤਾਬਕ, "ਤੁਸੀਂ ਔਰਤਾਂ ਨੂੰ ਸੜਕਾਂ 'ਤੇ ਘੁੰਮਣ ਤੋਂ ਨਹੀਂ ਰੋਕ ਸਕਦੇ ਪਰ, ਇਹ ਤੁਹਾਨੂੰ ਅੱਜ ਦੇਖਣ ਨੂੰ ਨਹੀਂ ਮਿਲੇਗਾ। ਉਸ ਦੇ ਟੌਪਸ ਅਤੇ ਮੇਕਅੱਪ ਸਾਫ ਦੇਖੇ ਜਾ ਸਕਦੇ ਹਨ।"

"ਈਰਾਨ ਵਿੱਚ ਸਾਦਗੀ ਦਾ ਸੰਕਲਪ ਹੈ ਜਿਸ ਕਾਰਨ ਹੁਣ ਸੜਕਾਂ ਤੇ ਤੁਰਨ ਵਾਲੀਆਂ ਔਰਤਾਂ ਗੋਡਿਆਂ ਤੱਕ ਲੰਮਾ ਕੋਟ ਤੇ ਸਕਾਰਫ਼ ਪਾਉਂਦੀਆਂ ਹਨ।"

ਕ੍ਰਾਂਤੀ ਤੋਂ ਬਾਅਦ

ਔਰਤਾਂ ਦਾ ਹਿਜਾਬ ਖਿਲਾਫ਼ ਪ੍ਰਦਰਸ਼ਨ-1979: ਸੱਤਾ ਵਿੱਚ ਆਉਂਦਿਆਂ ਹੀ ਈਰਾਨ ਦੇ ਨਵੇਂ ਹੁਕਮਰਾਨ- ਅਯਾਤੁੱਲਾਹ ਰੁਹੋਲ੍ਹਾ ਖ਼ੋਮੀਨੀ ਨੇ ਹੁਕਮ ਦੁਆਰਾ ਈਰਾਨ ਵਿੱਚ ਰਹਿੰਦੀਆਂ ਸਾਰੀਆਂ ਔਰਤਾਂ (ਭਾਵੇਂ ਇਹ ਕਿਸੇ ਵੀ ਦੇਸ ਕੌਮ ਦੀਆਂ ਹੋਣ) ਲਈ ਹਿਜਾਬ ਲਾਜ਼ਮੀ ਕਰ ਦਿੱਤਾ।

8 ਮਾਰਚ, 1979 ਨੂੰ ਨਾਰੀ ਦਿਵਸ ਮੌਕੇ- ਹਰ ਵਰਗ ਦੀਆਂ ਔਰਤਾਂ ਨੇ ਇਸ ਖਿਲਾਫ਼ ਇੱਕ ਰੈਲੀ ਕੀਤੀ।

ਤਹਿਰਾਨ ਵਿੱਚ ਅਮਰੀਕੀ ਸਫ਼ਾਰਤਖ਼ਾਨੇ ਦੇ ਬਾਹਰ ਪ੍ਰਦਰਸ਼ਨ-1979: ਦਰਜਣਾਂ ਕ੍ਰਾਂਤੀਕਾਰੀ ਵਿਦਿਆਰਥੀਆਂ ਨੇ ਅਮਰੀਕੀ ਸਫ਼ਾਰਤਖ਼ਾਨੇ ਦੇ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ, ਜਦਕਿ ਹਜ਼ਾਰਾਂ ਅਮਰੀਕਾ ਵਿਰੋਧੀਆਂ ਨੇ ਸਫ਼ਾਰਤਖ਼ਾਨੇ ਨੂੰ ਘੇਰਾ ਪਾ ਲਿਆ।

ਪ੍ਰੋਫ਼ੈਸਰ ਅਸ਼ਰਫ ਮੁਤਾਬਕ, "ਉਸ ਸਮੇਂ ਅਮਰੀਕਾ ਦੇ ਅਜਿਹੇ ਵਿਰੋਧੀਆਂ ਦਾ ਦੇਖਿਆ ਜਾਣਾ ਆਮ ਗੱਲ ਸੀ। ਅਮਰੀਕਾ ਤੇ ਬਰਤਾਨੀਆ ਵੱਲੋਂ ਈਰਾਨ ਦੇ ਤੇਲ ਭੰਡਾਰਾਂ ਤੇ ਆਪਣੀ ਅਜਾਰੇਦਾਰੀ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਦਾ ਇਤਿਹਾਸ ਪੁਰਾਣਾ ਹੈ। ਇਸ ਕਾਰਨ ਅਮਰੀਕਾ ਤੇ ਬਰਤਾਨੀਆ ਖਿਲਾਫ਼ ਬੇਭਰੋਸਗੀ ਦੀਆਂ ਜੜ੍ਹਾਂ ਡੂੰਘੀਆਂ ਹਨ।"

ਜੁੰਮੇ ਦੀ ਨਮਾਜ਼ ਅਦਾ ਕਰਨ ਜਾਂਦਾ ਪਰਿਵਾਰ-1980: ਪ੍ਰੋਫ਼ੈਸਰ ਅਸ਼ਰਫ ਮੁਤਾਬਕ, "ਜੁੰਮੇ ਦੀ ਨਮਾਜ਼ ਇਸਲਾਮਿਕ ਸਰਕਾਰ ਦੇ ਹਮਾਇਤੀਆਂ ਲਈ ਸਰਕਾਰ ਪ੍ਰਤੀ ਆਪਣੀ ਵਫ਼ਾਦਾਰੀ ਦਿਖਾਉਣ ਦਾ ਮੌਕਾ ਹੈ। ਫਿਰ ਵੀ ਇਹ ਕਾਫ਼ੀ ਹੱਦ ਤੱਕ ਪੁਰਸ਼ਾਂ ਦੇ ਦਬਦਬੇ ਵਾਲਾ ਹੈ। ਔਰਤਾਂ ਮਰਦਾਂ ਵਾਲੇ ਪਾਸੇ ਦਾਖ਼ਲ ਨਹੀਂ ਹੋ ਸਕਦੀਆਂ, ਨਮਾਜ਼ ਪੜ੍ਹਨ ਲਈ ਉਹ ਪੁਰਸ਼ਾਂ ਤੋਂ ਵੱਖਰੇ ਖੇਤਰ ਵਿੱਚ ਬੈਠਦੀਆਂ ਹਨ।"

ਤਹਿਰਾਨ ਵਿੱਚ ਵਿਆਹ ਦੇ ਪਹਿਰਾਵੇ ਦੀ ਖ਼ਰੀਦਦਾਰੀ-1986: ਪ੍ਰੋਫ਼ੈਸਰ ਅਸ਼ਰਫ ਮੁਤਾਬਕ, "ਵਿਕ ਰਹੀ ਪੌਸ਼ਾਕ ਪੱਛਮੀ ਹੈ ਤੇ ਈਰਾਨੀ ਔਰਤਾਂ ਜੋ ਜੀਅ ਚਾਹੇ ਪਹਿਨ ਸਕਦੀਆਂ ਹਨ ਜਦ ਤੱਕ ਕਿ ਇਹ ਬੰਦ ਦਰਵਾਜ਼ੇ ਦੇ ਅੰਦਰ ਰਹੇ। ਵਿਆਹਾਂ ਤੇ ਪਾਰਟੀਆਂ ਵਿੱਚ ਔਰਤਾਂ ਮਰਦ ਵੱਖੋ-ਵੱਖਰੇ ਰਹਿੰਦੇ ਹਨ।”

“ਇਸ ਲਈ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕੀ ਪਾਇਆ ਹੋਇਆ ਹੈ। ਹਾਂ, ਸਾਂਝੀਆਂ ਪਾਰਟੀਆਂ ਵੀ ਹੁੰਦੀਆਂ ਹਨ। ਕੁਝ ਲੋਕ ਦਰਵਾਜ਼ੇ ਦੀ ਨਿਗਰਾਨੀ ਕਰਨ ਲਈ ਕਿਰਾਏ 'ਤੇ ਬਾਊਂਸਰ ਵੀ ਬੁਲਾ ਲੈਂਦੇ ਹਨ। ਜਦਕਿ ਦੂਸਰੇ ਲੋਕ ਪੁਲਿਸ ਨੂੰ ਰਿਸ਼ਵਤ ਦੇ ਦਿੰਦੇ ਹਨ।"

ਤਹਿਰਾਨ ਵਿੱਚ ਤੁਰਨਾ-2005: ਪ੍ਰੋਫ਼ੈਸਰ ਅਸ਼ਰਫ ਮੁਤਾਬਕ, "ਸਾਰੀਆਂ ਈਰਾਨੀ ਹਿਜਾਬ ਨਹੀਂ ਪਹਿਨਦੀਆਂ। ਉਹ ਆਪਣੇ ਚਿਹਰੇ ਤੇ ਸਿਰ ਨੰਗੇ ਰੱਖਦੀਆਂ ਹਨ। ਕੁਝ ਢਿੱਲੇ ਕੱਪੜੇ ਪਹਿਨਦੀਆਂ ਹਨ।"

ਕੈਸਪੀਅਨ ਸਾਗਰ ਦਾ ਕਿਨਾਰਾ-2005: ਈਰਾਨੀ ਔਰਤਾਂ 'ਤੇ ਤੈਰਾਕੀ ਵਾਲੇ ਕੱਪੜੇ ਪਾਕੇ ਤੈਰਨ 'ਤੇ ਪਾਬੰਦੀ ਹੈ।

ਪ੍ਰੋਫ਼ੈਸਰ ਅਸ਼ਰਫ ਮੁਤਾਬਕ, "ਔਰਤਾਂ ਤੇ ਮਰਦ ਇਕੱਠੇ ਨਹੀਂ ਨਹਾ ਸਕਦੇ। ਇਸ ਲਈ ਉਹ ਕਿਸ਼ਤੀਆਂ ਕਿਰਾਏ 'ਤੇ ਲੈ ਕੇ ਦੂਰ ਚਲੇ ਜਾਂਦੇ ਹਨ ਜਿੱਥੇ ਉਹ ਇਕੱਠੇ ਤੈਰ ਸਕਣ।"

ਤਹਿਰਾਨ ਵਿੱਚ ਹਿਜਾਬ ਪੱਖੀ ਰੈਲੀ-2006: ਕ੍ਰਾਂਤੀ ਦੇ 25 ਸਾਲਾਂ ਬਾਅਦ ਇਸਲਾਮਿਕ ਸਰਕਾਰ ਦੇ ਬਣਾਏ ਨਿਯਮਾਂ ਦੀ ਪਾਲਣਾ ਨਾ ਹੁੰਦੀ ਦੇਖ ਅਤੇ ਸਰਕਾਰ ਦੀ ਇਸ ਵਿੱਚ ਅਸਫ਼ਲਤਾ ਦੇਖਦੇ ਹੋਏ ਹਿਜਾਬ ਪ੍ਰੱਖੀ ਰੈਲੀ ਕੀਤੀ। ਤਸਵੀਰ ਵਿੱਚ ਇੱਕ ਛੋਟੀ ਬੱਚੀ ਨੂੰ ਛੱਡ ਕੇ ਬਾਕੀ ਸਾਰੀਆਂ ਨੇ ਕਾਲੇ ਬੁਰਕੇ ਹਨ।

ਇੱਕ ਸ਼ੌਪਿੰਗ ਸੈਂਟਰ ਤੋਂ ਫੁੱਟਬਾਲ ਮੈੱਚ ਦੇਖਣਾ-2008: ਹਾਲਾਂਕਿ ਈਰਾਨ ਵਿੱਚ ਕਦੇ ਵੀ ਔਰਤਾਂ ਦੇ ਮਰਦਾਂ ਦੇ ਫੁੱਟਬਾਲ ਮੈੱਚ ਦੇਖਣ ਤੇ ਪਾਬੰਦੀ ਨਹੀਂ ਰਹੀ ਪਰ ਉਨ੍ਹਾਂ ਨੂੰ ਅਕਸਰ ਦਾਖ਼ਲ ਨਹੀਂ ਹੋਣ ਦਿੱਤਾ ਜਾਂਦਾ। ਜਿਨ੍ਹਾਂ ਨੇ ਅਜਿਹੀ ਕੋਸ਼ਿਸ਼ ਕੀਤੀ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ। ਕ੍ਰਾਂਤੀ ਤੋਂ ਪਹਿਲਾਂ ਔਰਤਾਂ ਖੇਡ ਮੇਲਿਆਂ ਵਿੱਚ ਜਾ ਸਕਦੀਆਂ ਸਨ।

ਸਾਰੀਆਂ ਤਸਵੀਰਾਂ ਕਾਪੀ ਰਾਈਟ ਅਧੀਨ ਹਨ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)