ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ, ਯੂਰਪੀ ਦੇਸ ਆਪਣੇ IS ਦੇ ਲੜਾਕੇ ਵਾਪਸ ਲੈਣ, ਨਹੀਂ ਤਾਂ ਅਸੀਂ ਛੱਡ ਦੇਣੇ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਬਰਤਾਨੀਆ ਅਤੇ ਹੋਰ ਯੂਰਪੀ ਸਹਿਯੋਗੀਆਂ ਨੂੰ ਕਿਹਾ ਹੈ ਕਿ ਇਸਲਾਮਿਕ ਸਟੇਟ ਦੇ ਖ਼ਿਲਾਫ਼ ਆਖ਼ਰੀ ਪੜਾਅ ਦੀ ਲੜਾਈ ਦੌਰਾਨ ਫੜੇ ਗਏ 800 ਤੋਂ ਵੱਧ ਲੜਾਕਿਆਂ ਨੂੰ ਆਪਣੇ-ਆਪਣੇ ਦੇਸਾਂ ਵਿੱਚ ਲੈ ਜਾਣ ਅਤੇ ਉਨ੍ਹਾਂ 'ਤੇ ਮੁਕੱਦਮੇ ਚਲਾਏ ਜਾਣ।

ਰਾਸ਼ਟਰਪਤੀ ਟਰੰਪ ਦਾ ਇਹ ਟਵੀਟ ਅਮਰੀਕਾ ਦੀ ਹਮਾਇਤ ਹਾਸਿਲ ਕੁਰਦਿਸ਼ ਫੌਜ ਵੱਲੋਂ ਇਰਾਕ ਸਰਹੱਦ 'ਤੇ ਸੀਰੀਆਈ ਖੇਤਰ ਵਾਲੇ ਪਾਸੇ ਆਈਐੱਸ ਦੇ ਆਖ਼ਰੀ ਅੱਡੇ 'ਤੇ ਜਾਰੀ ਹਮਲਿਆਂ ਦੌਰਾਨ ਆਇਆ ਹੈ।

ਇਹ ਆਈਐੱਸ ਲੜਾਕੇ ਕੁਰਦਿਸ਼ ਲੜਾਕਿਆਂ ਦੀ ਹਿਰਾਸਤ ਵਿੱਚ ਹਨ।

ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਆਈਐੱਸ ਦਾ ਆਖ਼ਰੀ ਅਧਿਕਾਰ ਖੇਤਰ ਵੀ "ਢਹਿ-ਢੇਰੀ ਹੋਣ" ਦੀ ਕਗ਼ਾਰ ’ਤੇ ਹੈ।

ਇਹ ਵੀ ਪੜ੍ਹੋ-

ਟਰੰਪ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ, "ਅਮਰੀਕਾ ਆਈਐੱਸ ਦੇ ਇਨ੍ਹਾਂ ਲੜਾਕਿਆਂ ਨੂੰ ਯੂਰਪ ਵਿੱਚ ਨਹੀਂ ਦੇਖਣਾ ਚਾਹੁੰਦਾ, ਜਿੱਥੇ ਇਨ੍ਹਾਂ ਦੇ ਜਾਣ ਦੀ ਆਸ ਹੈ। ਅਸੀਂ ਬਹੁਤ ਕੁਝ ਕਰਦੇ ਹਾਂ ਅਤੇ ਕਾਫੀ ਲਾਗਤ ਲਗਾਉਂਦੇ ਹਾਂ, ਹੁਣ ਦੂਜਿਆਂ ਦੇ ਅੱਗੇ ਆਉਣ ਦਾ ਅਤੇ ਆਪਣੀ ਸਮਰਥਾ ਨਾਲ ਕੰਮ ਕਰਨ ਦਾ ਸਮਾਂ ਹੈ।"

ਇਹ ਵੀ ਪੜ੍ਹੋ-

ਸ਼ਮੀਮਾ ਬੇਗ਼ਮ ਦਾ ਕਹਿਣਾ ਹੈ ਉਹ ਵਾਪਸ ਬਰਤਾਨੀਆਂ ਆਉਣਾ ਚਾਹੁੰਦੀ ਹੈ ਪਰ ਸਰਕਾਰ ਉਸ ਨੂੰ ਵਾਪਸ ਲੈ ਕੇ ਆਉਣ ਲਈ ਕੋਈ ਕੋਸ਼ਿਸ਼ ਨਹੀਂ ਕਰ ਰਹੀ।

ਆਖ਼ਰੀ ਪੜਾਅ ਦੀ ਜੰਗ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਆਈਐੱਸ ਦੇ ਖ਼ਾਤਮੇ ਦਾ ਐਲਾਨ "ਅਗਲੇ 24 ਘੰਟਿਆਂ ਵਿੱਚ" ਕੀਤਾ ਜਾ ਸਕਦਾ ਹੈ।

ਪਰ ਇਹ 24 ਘੰਟੇ ਸ਼ਨਿੱਚਰਵਾਰ ਨੂੰ ਖ਼ਤਮ ਹੋ ਗਏ ਹਨ ਪਰ ਵ੍ਹਾਈਟ ਹਾਊਸ ਤੋਂ ਇਸ ਮੁੱਦੇ ਬਾਰੇ ਕੋਈ ਐਲਾਨ ਨਹੀਂ ਹੋਇਆ।

ਇਸ ਦੀ ਬਜਾਇ ਕੁਰਦਿਸ਼ ਲੜਾਕਿਆਂ ਦਾ ਕਹਿਣਾ ਹੈ ਕਿ "ਆਉਣ ਵਾਲੇ ਕੁਝ ਦਿਨਾਂ ਵਿੱਚ" ਅਜਿਹੀ ਖ਼ਬਰ ਆਉਣ ਦੀ ਸੰਭਾਵਨਾ ਹੈ ਕਿਉਂਕਿ ਸਥਾਨਕ ਨਾਗਰਿਕ ਲਗਾਤਾਰ ਭੱਜ ਰਹੇ ਹਨ।

ਬੁੱਘਜ ਵਿੱਚ ਸੀਰੀਅਨ ਡੈਮੋਕਰੇਟਸ ਫੋਰਸ ਦੇ ਲੀਡਰ ਜੀਆ ਫੁਰਾਤ ਨੇ ਕਿਹਾ ਹੈ ਕਿ ਆਈਐੱਸ ਦੇ ਲੜਾਕੇ ਸ਼ਹਿਰ ਦੇ 700 ਸੁਕੇਅਰ ਮੀਟਰ ਦੇ ਦਾਇਰੇ ਵਿੱਚ ਸਿਮਟ ਗਏ ਹਨ।

ਉਨ੍ਹਾਂ ਨੇ ਸ਼ਨਿੱਚਰਵਾਰ ਨੂੰ ਕਿਹਾ, "ਹਜ਼ਾਰਾਂ ਨਾਗਰਿਕ ਅਜੇ ਵੀ ਉੱਥੇ ਮਨੁੱਖੀ ਢਾਲ ਵਜੋਂ ਫਸੇ ਹੋਏ ਹਨ।"

"ਆਉਣ ਵਾਲੇ ਕੁਝ ਦਿਨਾਂ ਵਿੱਚ ਅਸੀਂ ਆਈਐੱਸ ਦੇ ਅੰਤ ਬਾਰੇ ਦੁਨੀਆਂ ਨੂੰ ਚੰਗੀ ਖ਼ਬਰ ਦਿਆਂਗੇ।"

ਆਈਐੱਸ ਨੂੰ ਕਾਫੀ ਨੁਕਸਾਨ ਹੋਇਆ ਹੈ ਪਰ ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇਰਾਕ ਅਤੇ ਸੀਰੀਆ ਵਿੱਚ 14 ਹਜ਼ਾਰ ਤੋਂ 18 ਹਜ਼ਾਰ ਵਿਚਾਲੇ ਅਜੇ ਵੀ ਆਈਐਸ ਅੱਤਵਾਦੀ ਮੌਜੂਦ ਹਨ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)