You’re viewing a text-only version of this website that uses less data. View the main version of the website including all images and videos.
ਸੀਰੀਆ ਸੰਕਟ: ਅਮਰੀਕਾ ਨੇ ਕਿਉਂ ਕੀਤਾ ਹਮਲਾ?
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੇਸ ਨੂੰ ਸੰਬੋਧਨ ਵਿੱਚ ਕਿਹਾ ਕਿ ਫਰਾਂਸ ਅਤੇ ਬਰਤਾਨੀਆ ਦੀਆਂ ਫੌਜਾਂ ਨਾਲ ਮਿਲ ਕੇ ਸੀਰੀਆ ਵਿੱਚ ਸਾਂਝਾ ਅਪ੍ਰੇਸ਼ਨ ਚੱਲ ਰਿਹਾ ਹੈ।
ਸੀਰੀਆ ਦੀ ਰਾਜਧਾਨੀ ਦਮਿਸ਼ਕ ਕੋਲ ਧਮਾਕਿਆਂ ਦੀਆਂ ਖ਼ਬਰਾਂ ਹਨ।
ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਇਸ ਹਮਲੇ ਵਿੱਚ ਉਨ੍ਹਾਂ ਦੇ ਦੇਸ ਦੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, "ਤਾਕਤ ਦੀ ਵਰਤੋਂ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ।"
ਉਨ੍ਹਾਂ ਇਹ ਵੀ ਕਿਹਾ ਕਿ ਹਮਲਿਆਂ ਦਾ ਮੰਤਵ "ਰਾਜ ਪਲਟਾ" ਨਹੀਂ ਹੈ।
ਟਰੰਪ ਨੇ ਕਿਹਾ ਕਿ ਹਮਲਿਆਂ ਦਾ "ਨਿਸ਼ਾਨਾ ਸੀਰੀਆ ਸਰਕਾਰ ਦੇ ਰਸਾਇਣਿਕ ਹਥਿਆਰਾਂ ਦੀ ਸਮਰੱਥਾ ਵਾਲੇ ਅੱਡੇ ਹਨ।"
ਸੀਰੀਆ ਨੇ ਡੂਮਾ 'ਤੇ ਹਮਲਾ ਕਿਉਂ ਕੀਤਾ ਸੀ?
ਫਰਵਰੀ ਵਿੱਚ ਰਾਸ਼ਟਰਪਤੀ ਬਸ਼ਰ ਅਲ ਅਸਦ ਦੀਆਂ ਫੌਜਾਂ ਨੇ ਪੂਰਬੀ ਘੂਟਾ 'ਤੇ ਹਮਲਾ ਕੀਤਾ ਜਿਸ ਵਿੱਚ 1700 ਨਾਗਰਿਕਾਂ ਮਾਰੇ ਗਏ।
ਮਾਰਚ ਵਿੱਚ ਹਾਰ ਮਿਲਣ ਤੋਂ ਬਾਅਦ ਬਾਗੀਆਂ ਨੇ ਉੱਤਰੀ ਸੀਰੀਆ ਤੋਂ ਜਾਣਾ ਸ਼ੁਰੂ ਕਰ ਦਿੱਤਾ ਪਰ ਡੂਮਾ 'ਤੇ ਕਾਬਜ ਬਾਗੀ ਆਪਣੀ ਥਾਂ ਛੱਡ ਕੇ ਨਹੀਂ ਗਏ। ਜਿਸ 'ਤੇ ਸਰਕਾਰ ਨੇ 6 ਅਪ੍ਰੈਲ ਨੂੰ ਹਵਾਈ ਹਮਲੇ ਮੁੜ ਸ਼ੁਰੂ ਕਰ ਦਿੱਤੇ।
7 ਅਪ੍ਰੈਲ ਨੂੰ ਕੀ ਹੋਇਆ?
ਬੰਬਾਰੀ ਅਗਲੇ ਦਿਨ ਵੀ ਜਾਰੀ ਰਹੀ ਅਤੇ ਵੋਇਲੇਸ਼ਨ ਡਾਕੁਮੈਂਟੇਸ਼ਨ ਸੈਂਟਰ ਦੇ ਕਾਰਕੁਨਾਂ ਨੇ ਕਿਹਾ ਕਿ ਹਮਲਿਆਂ ਵਿੱਚ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਕੇ ਕਲੋਰੀਨ ਦੀ ਮੁਸ਼ਕ ਵਾਲੇ ਬੰਬ ਸਿੱਟੇ ਗਏ।
ਸੈਂਟਰ ਮੁਤਾਬਕ ਪਹਿਲਾ ਬੰਬ ਸਥਾਨਕ ਸਮੇਂ ਮੁਤਾਬਕ ਸ਼ਾਮ ਚਾਰ ਵਜੇ (ਵਿਸ਼ਵੀ ਔਸਤ ਸਮਾਂ꞉ 13꞉00 ਵਜੇ) ਉਮਰ ਇਬਨ ਅਲ-ਖਤਾਬ ਵਿੱਚ ਅਤੇ ਦੂਜਾ ਮਾਰਟਾਇਰਜ਼ ਸੁਕਾਇਡ ਵਿੱਚ ਸ਼ਾਮੀਂ ਲਗਪਗ 19꞉30 ਵਜੇ ਸਿੱਟਿਆ ਗਿਆ।
ਕਿੰਨੀਆਂ ਮੌਤਾਂ?
ਵਿਸ਼ਵ ਸਿਹਤ ਸੰਗਠਨ ਮੁਤਾਬਕ ਉੱਥੇ ਕਿਸੇ ਰਸਾਇਣ ਦੇ ਸੰਪਰਕ ਵਿੱਚ ਆਉਣ ਕਰਕੇ 48 ਮੌਤਾਂ ਹੋਈਆਂ। ਹਾਲਾਂਕਿ ਮੌਤਾਂ ਦੇ ਵੇਰਵੇ ਵੱਖੋ-ਵੱਖ ਹਨ।
ਸੀਰੀਆ ਸਰਕਾਰ ਦਾ ਪੱਖ
- ਸੀਰੀਆ ਸਰਕਾਰ ਨੇ ਹਮੇਸ਼ਾ ਕਿਸੇ ਵੀ ਰਸਾਇਣਿਕ ਹਮਲੇ ਦੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ ਤੇ ਕਿਹਾ ਹੈ ਕਿ ਬਾਗ਼ੀ ਇਹ ਅਫ਼ਵਾਹ ਫੈਲਾ ਰਹੇ ਹਨ।
- ਸਾਰੀਆ ਦੇ ਸੰਯੁਕਤ ਰਾਸ਼ਟਰ ਵਿੱਚ ਸਥਾਈ ਨੁਮਾਂਇੰਦੇ ਬਸ਼ਰ ਅਲ ਜਾਫ਼ਰੀ ਨੇ ਕਿਹਾ ਕਿ ਪੱਛਮੀ ਤਾਕਤਾਂ ਭੂਮਿਕਾ ਬੰਨ੍ਹ ਕੇ ਉਹੀ ਕੁਝ ਕਰਨਾ ਚਾਹੁੰਦੀਆਂ ਹਨ ਜੋ ਉਨ੍ਹਾਂ ਨੇ 2003 ਵਿੱਚ ਇਰਾਕ ਵਿੱਚ ਕੀਤਾ ਸੀ।
- ਰੂਸੀ ਵਿਦੇਸ਼ ਮੰਤਰੀ ਸਰਗੀ ਲਾਰਵੋ ਨੇ 13 ਅਪ੍ਰੈਲ ਨੂੰ ਕਿਹਾ ਕਿ ਸੀਰੀਆ 'ਤੇ ਇਹ ਹਮਲੇ ਰੂਸ ਤੋਂ ਡਰਨ ਵਾਲੀਆਂ ਤਾਕਤਾਂ ਵਿੱਚੋਂ ਮੋਹਰੀ ਸਰਕਾਰ ਦਾ ਕੰਮ ਹੈ।
- ਰੂਸ ਦੇ ਸੰਯੁਕਤ ਰਾਸ਼ਟਰ ਵਿੱਚ ਸਥਾਈ ਨੁਮਾਇੰਦੇ ਵਸੀਲੀ ਨਬੈਨਜ਼ੀਆ ਨੇ ਕਿਹਾ ਸੀ ਕਿ ਸਾਨੂੰ ਉੱਥੇ ਕਲੋਰੀਨ ਦੇ ਕੋਈ ਨਮੂਨੇ ਨਹੀਂ ਮਿਲੇ।
ਕੌਮਾਂਤਰੀ ਭਾਈਚਾਰੇ ਦੀ ਪ੍ਰਤੀਕਿਰਿਆ
ਸੰਯੁਕਤ ਰਾਸ਼ਟਰ ਦੇ ਜਰਨਲ ਸੱਕਤਰ ਅਨਟੋਨੀਓ ਗਟਰਸ ਦਾ ਕਹਿਣਾ ਸੀ ਕਿ ਉਹ ਡੂਮਾ ਤੋਂ ਮਿਲਣ ਵਾਲੀਆਂ ਰਿਪੋਰਟਾਂ ਤੋਂ ਖਫਾ ਹਨ। ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਧਿਰ ਵੱਲੋਂ ਰਸਾਇਣਿਕ ਹੱਥਿਆਰਾਂ ਦੀ ਵਰਤੋਂ ਦੀ ਪੁਸ਼ਟੀ ਕੌਮਾਂਤਰੀ ਕਾਨੂੰਨਾਂ ਦੀ ਸਿੱਧੀ ਉਲੰਘਣਾ ਹੈ।
ਟਰੰਪ ਨੇ 9 ਅਪ੍ਰੈਲ ਨੂੰ ਕਿਹਾ ਸੀ ਕਿ ਸੀਰੀਆ ਦੇ ਮਾਸੂਮ ਨਾਗਰਿਕਾਂ ਉੱਪਰ ਪਾਬੰਦੀਸ਼ੁਦਾ ਰਸਾਇਣਿਕ ਹੱਥਿਆਰਾਂ ਨਾਲ ਕੀਤਾ ਗਿਆ ਸੀ।
ਰੂਸ ਨੇ ਯੂਐੱਨ ਸੁਰੱਖਿਆ ਕੌਂਸਲ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਫੌਜੀ ਕਾਰਵਾਈ ਕਰਦਾ ਹੈ ਤਾਂ ਇਸ ਦੇ 'ਗੰਭੀਰ ਨਤੀਜੇ' ਨਿਕਲਣਗੇ।
ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਸੀਰੀਆ ਸਰਕਾਰ ਦੀ ਰਸਾਇਣਿਕ ਹਥਿਆਰਾਂ ਦੀ ਸਮਰੱਥਾ ਖ਼ਤਮ ਕਰ ਦੇਣਗੇ। 12 ਅਪ੍ਰੈਲ ਨੂੰ ਬਰਤਾਨਵੀ ਪ੍ਰਧਾਨ ਮੰਤਰੀ ਟੈਰੀਜ਼ ਮੇਅ ਨੇ ਡੂਮਾ ਵਿੱਚ ਹੋਇਆ ਹਮਲਾ ਕਰੂਰਤਾ ਵਾਲਾ ਸੀ ਅਤੇ ਇਸ ਵਿੱਚ ਸੀਰੀਆ ਸਰਕਾਰ ਦਾ ਹੱਥ ਹੋ ਸਕਦਾ ਹੈ।