ਸੀਰੀਆ ਦੇ 500 ਲੋਕਾਂ ਵਿੱਚ ਕੈਮੀਕਲ ਹਮਲੇ ਦੇ ਲੱਛਣ ਮਿਲੇ - ਵਿਸ਼ਵ ਸਿਹਤ ਸੰਗਠਨ

ਵਿਸ਼ਵ ਸਿਹਤ ਸੰਗਠਨ ਅਨੁਸਾਰ ਸੀਰੀਆ ਦੇ ਪੂਰਬੀ ਗੂਟਾ 'ਚ ਹੋਏ ਹਮਲੇ ਦੌਰਾਨ ਜ਼ਖ਼ਮੀ ਹੋਏ ਮਰੀਜ਼ਾਂ ਵਿੱਚ ਕੈਮੀਕਲ ਹਮਲੇ ਦੇ ਲੱਛਣ ਮਿਲੇ ਹਨ।

ਸਿਹਤ ਸੰਗਠਨ ਨੇ ਸੀਰੀਆ ਦੇ ਡੂਮਾ ਇਲਾਕੇ ਵਿੱਚ ਬਿਨਾਂ ਕਿਸੇ ਮੁਸ਼ਕਿਲ ਦੇ ਦਾਖਲ ਹੋਣ ਦੀ ਇਜਾਜ਼ਤ ਮੰਗੀ ਹੈ।

ਸੰਗਠਨ ਦੇ ਅਧਿਕਾਰੀ ਇਲਾਕੇ ਵਿੱਚ ਮੌਜੂਦ ਆਪਣੇ ਸਹਿਯੋਗੀਆਂ ਤੋਂ ਮਿਲੀ ਇਸ ਰਿਪੋਰਟ ਦੀ ਪੁਸ਼ਟੀ ਕਰਨਾ ਚਾਹੁੰਦੇ ਹਨ ਜਿਸ ਵਿੱਚ ਕਿਹਾ ਗਿਆ ਹੈ ਕਿ 500 ਤੋਂ ਵੱਧ ਲੋਕਾਂ ਵਿੱਚ ਕੈਮੀਕਲ ਹਮਲੇ ਦੇ ਲੱਛਣ ਮਿਲੇ ਹਨ।

ਸੀਰੀਆਈ ਸਰਕਾਰ ਨੇ ਇਨ੍ਹਾਂ ਹਮਲਿਆਂ ਵਿੱਚ ਆਪਣਾ ਹੱਥ ਹੋਣ ਤੋਂ ਇਨਕਾਰ ਹੀ ਕੀਤਾ ਹੈ। ਅਮਰੀਕਾ ਨੇ ਕੈਮੀਕਲ ਹਮਲਿਆਂ ਦੀਆਂ ਖ਼ਬਰਾਂ ਤੋਂ ਬਾਅਦ ਸੀਰੀਆ 'ਤੇ ਜ਼ੋਰਦਾਰ ਹਮਲਾ ਕਰਨ ਦੀ ਧਮਕੀ ਦਿੱਤੀ ਹੈ।

ਉਧਰ ਰੂਸ ਨੇ ਅਮਰੀਕੀ ਬਿਆਨ ਨੂੰ ਸੀਰੀਆ 'ਤੇ ਹਮਲਾ ਕਰਨ ਦਾ ਬਹਾਨਾ ਦੱਸਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਹਮਲੇ ਵਿੱਚ 70 ਤੋਂ ਵੱਧ ਲੋਕ ਮਾਰੇ ਗਏ ਹਨ।

ਸੰਗਠਨ ਨੇ ਕਿਹਾ ਕਿ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ 500 ਲੋਕਾਂ ਵਿੱਚ ਕੈਮੀਕਲ ਹਮਲੇ ਤੋਂ ਬਾਅਦ ਮਿਲਣ ਵਾਲੇ ਲੱਛਣ ਨਜ਼ਰ ਆਏ ਹਨ।

ਇਨ੍ਹਾਂ ਲੱਛਣਾਂ ਵਿੱਚ ਸਾਹ ਲੈਣ ਵਿੱਚ ਮੁਸ਼ਕਿਲ ਆਉਣੀ, ਅੱਖਾਂ ਵਿੱਚ ਖੁਜਲੀ ਅਤੇ ਨਰਵਸ ਸਿਸਟਮ ਵਿੱਚ ਰੁਕਾਵਟ ਸ਼ਾਮਲ ਹਨ। ਸੰਗਠਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋ ਸਿਹਤ ਕੇਂਦਰਾਂ ਵਿੱਚ ਇਸ ਹਮਲੇ ਦੀ ਲਪੇਟ ਵਿੱਚ ਆਏ ਲੋਕ ਪਹੁੰਚੇ ਹਨ।

'ਜਾਣਬੁੱਝ ਕੇ ਕੀਤਾ ਇਸਤੇਮਾਲ'

ਵਿਸ਼ਵ ਸਿਹਤ ਸੰਗਠਨ ਦੇ ਡਾਕਟਰ ਪੀਟਰ ਸਲਾਮਾ ਨੇ ਕਿਹਾ, "ਸਾਰਿਆਂ ਨੂੰ ਇਨ੍ਹਾਂ ਭਿਆਨਕ ਖ਼ਬਰਾਂ ਤੇ ਤਸਵੀਰਾਂ 'ਤੇ ਗੁੱਸਾ ਆਉਣਾ ਚਾਹੀਦਾ ਹੈ। ਸਾਡੀ ਮੰਗ ਹੈ ਕਿ ਅਸੀਂ ਇਸ ਇਲਾਕੇ ਵਿੱਚ ਬਿਨਾਂ ਕਿਸੇ ਰੋਕ-ਟੋਕ ਜਾ ਸਕੀਏ ਤਾਂ ਜੋ ਅਸੀਂ ਸਹੀ ਤਰੀਕੇ ਨਾਲ ਲੋਕਾਂ ਦੀ ਜਾਂਚ ਕਰ ਸਕੀਏ।''

ਸੀਰੀਆ ਵਿੱਚ ਵਿਰੋਧੀ ਧਿਰ ਦੇ ਕਾਰਕੁਨ, ਰਾਹਤ ਮੁਲਾਜ਼ਮ ਅਤੇ ਸਿਹਤ ਮੁਲਾਜ਼ਮ ਇਲਜ਼ਾਮ ਲਗਾ ਰਹੇ ਹਨ ਕਿ ਸਰਕਾਰੀ ਫੌਜ ਨੇ ਜ਼ਹਿਰੀਲੇ ਕੈਮੀਕਲਾਂ ਨਾਲ ਭਰੇ ਗੋਲੇ ਦਾਗੇ ਸੀ।

ਦੱਸਿਆ ਜਾ ਰਿਹਾ ਹੈ ਕਿ ਉਸ ਸ਼ੱਕੀ ਹਮਲੇ ਵਿੱਚ 60 ਤੋਂ ਵੱਧ ਲੋਕ ਮਾਰੇ ਗਏ ਹਨ ਪਰ ਰਾਹਤ ਕਾਮਿਆਂ ਦਾ ਕਹਿਣਾ ਹੈ ਕਿ ਸੈਕੜੇ ਲੋਕਾਂ ਨੇ ਬੰਬਾਰੀ ਤੋਂ ਬਚਣ ਲਈ ਤਹਿਖਾਨਿਆਂ ਵਿੱਚ ਸ਼ਰਣ ਲਈ ਸੀ।

ਉੱਥੇ ਪਹੁੰਚਣ 'ਤੇ ਕੁਝ ਹੋਰ ਲੋਕਾਂ ਦੇ ਮਰਨ ਦੀ ਖ਼ਬਰ ਆ ਸਕਦੀ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਫਰਾਂਸ ਦੇ ਨੁਮਾਇੰਦੇ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਜ਼ਹਿਰੀਲੀਆਂ ਗੈਸਾਂ ਦਾ ਇਸਤੇਮਾਲ ਇਸ ਲਈ ਕੀਤਾ ਗਿਆ ਕਿਉਂਕਿ ਇਹ ਤਹਿਖਾਨੇ ਤੱਕ ਵੀ ਪਹੁੰਚ ਸਕਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)