ਕੀ ਕਦੇ ਸੀਰੀਆ ਵਿੱਚ ਲੜਾਈ ਰੁਕੇਗੀ?

ਪਿਛਲੇ ਦਿਨਾਂ ਦੌਰਾਨ ਉੱਤਰੀ ਤੇ ਦੱਖਣੀ ਸੀਰੀਆ ਵਿੱਚ ਬਾਗੀਆਂ ਖਿਲਾਫ਼ ਹੋਏ ਹਮਲਿਆਂ ਕਰਕੇ 50,000 ਲੋਕ ਕੂਚ ਲਈ ਮਜ਼ਬੂਰ ਹੋਏ ਹਨ।

ਸ਼ੁੱਕਰਵਾਰ ਨੂੰ ਦਮਿਸ਼ਕ ਦੇ ਬਾਹਰਵਾਰ ਪੂਰਬੀ ਘੂਟਾ 'ਤੇ ਰੂਸੀ ਹਵਾਈ ਹਮਲੇ ਮਗਰੋਂ 20, 000 ਲੋਕਾਂ ਨੇ ਖਿੱਤਾ ਤਿਆਗ ਦਿੱਤਾ ਹੈ ਤੇ 31 ਲੋਕਾਂ ਦੀ ਮੌਤ ਹੋਈ ਹੈ।

ਉੱਤਰੀ ਸ਼ਹਿਰ ਆਫ਼ਰੀਨ ਤੁਰਕੀ ਦੀ ਗੋਲੀਬਾਰੀ ਵਿੱਚ ਘੱਟੋ-ਘੱਟ 18 ਵਿਅਕਤੀਆਂ ਦੀ ਮੌਤ ਹੋਈ ਹੈ ਤੇ 30,00 ਉੱਥੋਂ ਹਿਜਰਤ ਲਈ ਮਜਬੂਰ ਹੋਏ ਹਨ।

ਸੀਰੀਆ ਵਿੱਚ ਸੱਤ ਸਾਲਾਂ ਤੋਂ ਚੱਲ ਰਹੀ ਜੰਗ ਵਿੱਚ 1 ਕਰੋੜ 20 ਲੱਖ ਬੰਦੇ ਬੇਘਰ ਹੋਏ ਹਨ।

61 ਲੱਖ ਲੋਕ ਦੇਸ ਦੇ ਅੰਦਰ ਹੀ ਦੂਜੀਆਂ ਥਾਵਾਂ 'ਤੇ ਚਲੇ ਗਏ ਹਨ ਜਦ ਕਿ 56 ਲੱਖ ਵਿਦੇਸ਼ਾਂ ਵਿੱਚ ਹਿਜਰਤ ਕਰ ਗਏ ਹਨ।

ਮਾਰਚ 2011 ਵਿੱਚ ਰਾਸ਼ਟਰਪਤੀ ਬਸ਼ਰ ਅਲ-ਅੱਸਦ ਖਿਲਾਫ਼ ਸ਼ੁਰੂ ਹੋਈ ਬਗਾਵਤ ਵਿੱਚ, ਮੰਨਿਆਂ ਜਾ ਰਿਹਾ ਹੈ ਕਿ 400,000 ਲੋਕ ਮਾਰੇ ਗਏ ਹਨ ਜਾਂ ਲਾਪਤਾ ਹਨ ਜਿਨ੍ਹਾਂ ਨੂੰ ਮਰੇ ਮੰਨ ਲਿਆ ਗਿਆ ਹੈ।

ਇਸ ਤਣਾਅ ਵਿੱਚ ਸ਼ਾਮਲ ਤੁਰਕੀ, ਰੂਸ ਤੇ ਇਰਾਨ ਦੇ ਵਿਦੇਸ਼ ਮੰਤਰੀਆਂ ਨੇ ਸੀਰੀਆ ਦੇ ਮਾਮਲੇ ਨੂੰ ਲੈ ਕੇ ਅਗਲੇ ਮਹੀਨੇ ਇਸਤੰਬੁਲ ਵਿੱਚ ਸਮਿਟ ਦੀ ਤਿਆਰੀ ਕਰਨ ਲਈ ਇੱਕ ਕਜ਼ਾਕਿਸਤਾਨ ਦੀ ਰਾਜਧਾਨੀ ਅਸਟਾਨਾ ਵਿੱਚ ਬੈਠਕ ਕੀਤੀ ਹੈ।

ਦਮਿਸ਼ਕ ਵਿੱਚ ਹਾਲਤ ਕਿੰਨੇ ਗੰਭੀਰ ਹਨ?

ਪੂਰਬੀ ਘੂਟਾ ਦੇ ਕਸਬੇ ਕਫਰਾ ਬਾਟਨੇ ਵਿੱਚ ਸ਼ੁੱਕਰਵਾਰ ਨੂੰ ਹੋਈਆਂ ਮੌਤਾਂ ਬਾਰੇ ਇੱਕ ਬਰਤਾਨੀਆ ਆਧਾਰਿਤ ਸੀਰੀਆਈ ਸੰਗਠਨ ਓਬਜ਼ਰੇਟਰੀ ਫਾਰ ਹਿਊਮਨ ਰਾਈਟਸ ਨੇ ਜਾਣਕਾਰੀ ਦਿੱਤੀ ਹੈ।

ਜੰਗ ਬੰਦੀ ਦੇ ਕੌਮਾਂਤਰੀ ਸੱਦਿਆਂ ਦੇ ਬਾਵਜੂਦ ਹਿੰਸਾ ਵਿੱਚ ਕਮੀ ਨਹੀਂ ਹੋ ਰਹੀ ਤੇ ਹੁਣ ਸੀਰੀਆ ਦੀ ਫੌਜ ਸੰਘਣੀ ਵਸੋਂ ਵਾਲੇ ਇਲਾਕਿਆਂ ਵਿੱਚ ਦਾਖਲ਼ ਹੁੰਦੀ ਜਾ ਰਹੀ ਹੈ। ਜਿੱਥੇ ਸੜਕਾਂ 'ਤੇ ਬਾਗੀਆਂ ਤੇ ਫੌਜ ਦਰਮਿਆਨ ਗਹਿਗੱਚ ਲੜਾਈ ਲੜੀ ਜਾ ਰਹੀ ਹੈ।

ਕਿਹਾ ਜਾ ਰਿਹਾ ਹੈ ਕਿ ਸੀਰੀਆਈ ਸਰਕਾਰ ਦੀ ਨਿਗਰਾਨੀ ਹੇਠਲੇ ਮਨੁੱਖੀ ਲਾਂਘਿਆਂ ਵਿੱਚੋਂ 4000 ਤੋਂ ਵੱਧ ਲੋਕ ਲੰਘੇ ਹਨ।

ਰੂਸ ਦੇ ਰੱਖਿਆ ਮੰਤਰਾਲੇ ਨੇ ਇੱਕ ਵੀਡੀਓ ਪ੍ਰਸਾਰਿਤ ਕੀਤੀ ਹੈ ਤੇ ਕਿਹਾ ਹੈ ਕਿ ਇਹ ਸੀਰੀਆ ਦੇ ਨਾਕਿਆਂ ਦੀ ਲਾਈਵ ਵੀਡੀਓ ਹੈ।

ਓਬਜ਼ਰੇਟਰੀ ਮੁਤਾਬਕ ਖਿੱਤੇ ਵਿੱਚ ਵੀਰਵਾਰ ਨੂੰ ਬਾਗੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚੋਂ 20,000 ਨਾਗਰਿਕ ਆਪਣੇ ਘਰ ਛੱਡ ਗਏ ਹਨ।

ਯੂਨੀਸੈਫ ਹਿਜਰਤੀਆਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਆਪਣੇ ਨੁਮਾਇੰਦੇ ਦਮਿਸ਼ਕ ਭੇਜ ਰਿਹਾ ਹੈ।

ਯੂਨੀਸੈਫ ਦੇ ਬੁਲਾਰੇ ਨੇ ਦੱਸਿਆ ਕਿ 50,000 ਲੋਕਾਂ ਦੇ ਰਹਿਣ ਦਾ ਪ੍ਰਬੰਧ ਆਰਜੀ ਕੈਂਪਾ ਵਿੱਚ ਕੀਤਾ ਗਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਸਰਕਾਰ ਪੱਖੀ ਤਾਕਤਾਂ ਨੇ ਬਾਗੀਆਂ ਖਿਲਾਫ਼ ਗਹਿਗੱਚ ਲੜਾਈ ਮਗਰੋਂ ਲਗਪਗ 70 ਫੀਸਦੀ ਇਲਾਕੇ ਨੂੰ ਮੁੜ ਆਪਣੇ ਅਧਿਕਾਰ ਹੇਠ ਕਰ ਲਿਆ ਹੈ।

ਇਹ ਰਾਸ਼ਟਰਪਤੀ ਅੱਸਦ ਲਈ ਇੱਕ ਵੱਡੀ ਜਿੱਤ ਹੋਵੇਗੀ।

ਤੁਰਕੀ ਦੀ ਸਰਹੱਦ 'ਤੇ ਕੀ ਹੋ ਰਿਹਾ ਹੈ?

ਕੁਰਦ ਬਹੁਗਿਣਤੀ ਵਾਲੇ ਆਫ਼ਰੀਨ ਕਸਬੇ ਵਿੱਚ ਤੁਰਕੀ ਦੀਆਂ ਫੌਜਾਂ ਤੇ ਉਨ੍ਹਾਂ ਦੇ ਸਥਾਨਕ ਸੀਰੀਆਈ ਸਹਿਯੋਗੀਆਂ ਵੱਲੋਂ ਹਵਾਈ ਤੇ ਆਸਮਾਨੀ ਹਮਲੇ ਲਗਾਤਾਰ ਹੋ ਰਹੇ ਹਨ।

ਓਬਜ਼ਰੇਟਰੀ ਮੁਤਾਬਕ 30,000 ਲੋਕ ਸ਼ਹਿਰ ਤੇ ਆਸਪਾਸ ਦੇ ਪਿੰਡ ਛੱਡ ਕੇ ਸੀਰੀਆ ਦੇ ਕਬਜ਼ੇ ਵਾਲੇ ਇਲਾਕੇ ਵੱਲ ਚਲੇ ਗਏ ਹਨ।

ਗੋਲੀਬਾਰੀ ਦੇ ਚਲਦਿਆਂ ਹਜ਼ਾਰਾਂ ਪਰਿਵਾਰ ਰਾਤੋ-ਰਾਤ ਇਸ ਥਾਂ ਤੋਂ ਚਲੇ ਗਏ ਹਨ। ਓਬਜ਼ਰੇਟਰੀ ਮੁਤਾਬਕ ਸ਼ੁਕਰਵਾਰ ਨੂੰ ਮਰਨ ਵਾਲਿਆਂ ਵਿੱਚ 5 ਬੱਚੇ ਵੀ ਸ਼ਾਮਲ ਸਨ।

ਤੁਰਕੀ ਦੇ ਰਾਸ਼ਟਰਪਤੀ ਰਿਸੈਪ ਤੇਈਅਪ ਇਰੋਡਨ ਨੇ ਅੰਕਾਰਾ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਦੇਸ ਆਫ਼ਰੀਨ 'ਤੇ ਕਬਜ਼ਾ ਕਰੇ ਬਿਨਾਂ ਨਹੀਂ ਰੁਕੇਗਾ।

ਕੀ ਕੂਟਨਿਤਿਕ ਕੋਸ਼ਿਸ਼ਾਂ ਹੋ ਰਹੀਆਂ ਹਨ?

ਹਾਲਾਂਕਿ ਤੁਰਕੀ, ਰਾਸ਼ਟਰਪਤੀ ਅੱਸਦ ਦੇ ਵਿਰੋਧ ਵਿੱਚ ਹੈ ਤਾਂ ਰੂਸ ਤੇ ਇਰਾਨ ਉਨ੍ਹਾਂ ਦੇ ਨਾਲ ਖੜ੍ਹੇ ਹਨ।

ਰੂਸੀ ਰੱਖਿਆ ਮੰਤਰੀ ਸੇਰਗੀ ਲਾਵਰੋਵ ਨੇ ਕਜ਼ਾਕਿਸਤਾਨ ਦੀ ਬੈਠਕ ਨੂੰ ਸੀਰੀਆ ਵਿੱਚ ਸਥਾਈ ਸ਼ਾਂਤੀ ਦਾ ਮੌਕਾ ਦੱਸਿਆ। ਉਨ੍ਹਾਂ ਕਿਹਾ, ਸੀਰੀਆ ਦੇ ਲੱਖਾਂ ਲੋਕ ਅਸਟਾਨਾ ਵੱਲ ਦੇਖ ਰਹੇ ਹਨ।

ਪੂਰਬੀ ਘੂਟਾ ਵਿੱਚ ਨਾਗਰਿਕਾਂ 'ਤੇ ਹੋਈ ਬੰਬਾਰੀ ਨੂੰ ਤੁਰਕੀ ਦੇ ਵਿਦੇਸ਼ ਮੰਤਰੀ ਮੈਵਲੂਟ ਕੋਸਗਲੂ ਨੇ ਨਾ ਸਵੀਕਾਰਨਯੋਗ ਦੱਸਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)