ਮਜੀਠੀਆ ਦਾ ਪਲਟਵਾਰ: ਸਿੱਧੂ ਵਲੋਂ ਪੇਸ਼ ਕੀਤੀ ਰਿਪੋਰਟ STF ਦੀ ਨਹੀਂ , ਜਾਅਲੀ ਦਸਤਾਵੇਜ਼

ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਤੇ ਉਨ੍ਹਾਂ ਦੀ ਪਤਨੀ ਉੱਤੇ ਅਦਾਲਤ ਦੀ ਬੇਅਦਬੀ ਕਰਨ ਦਾ ਦੋਸ਼ ਲਾਇਆ ਹੈ।

ਚੰਡੀਗੜ੍ਹ ਵਿੱਚ ਸਿੱਧੂ ਫੈਮਿਲੀ ਦੀ ਪ੍ਰੈਸ ਕਾਨਫਰੰਸ ਵਿੱਚ ਲਾਏ ਗਏ ਦੋਸ਼ਾਂ ਨੂੰ ਮਜੀਠੀਆ ਨੇ ਰੱਦ ਕੀਤਾ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਅਤੇ ਉਸ ਦੀ ਪਤਨੀ ਨੇ ਰਿਪੋਰਟ ਦੀ ਸੀਲ ਤੋੜ ਕੇ ਅਦਾਲਤ ਦੀ ਘੋਰ ਤੌਹੀਨ ਕੀਤੀ ਹੈ, ਜਿਹੜੀ ਕਿ ਹਾਈਕੋਰਟ ਦੁਆਰਾ ਸੀਲ ਕੀਤੀ ਗਈ ਸੀ।

ਰਿਪੋਰਟ ਜਾਅਲੀ ਦਸਤਾਵੇਜ਼

ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਜਾਰੀ ਕੀਤੀ ਗਈ ਕਥਿਤ ਰਿਪੋਰਟ, ਇੱਕ ਜਾਅਲੀ ਤਿਆਰ ਕੀਤਾ ਗਿਆ ਦਸਤਾਵੇਜ਼ ਸੀ, ਜਿਹੜਾ ਕਿ ਨਵਜੋਤ ਸਿੱਧੂ ਅਤੇ ਉਸਦੇ ਪੁੱਤਰ ਦੀ ਕੰਪਨੀ ਨੇ ਆਪਣੇ ਸਹਾਇਕ ਅਤੇ ਮਜੀਠੀਆ ਦੇ ਨਾਰਾਜ਼ ਰਿਸ਼ਤੇਦਾਰ ਭਰਾ ਐੱਸ.ਟੀ.ਐਫ. ਮੁਖੀ ਹਰਪ੍ਰੀਤ ਸਿੱਧੂ ਨਾਲ ਮਿਲ ਕੇ ਤਿਆਰ ਕੀਤਾ ਹੈ।

ਮਜੀਠੀਆ ਨੇ ਅੱਗੇ ਕਿਹਾ ਕਿ ਇਹ ਸਭ ਕੁਝ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੰਗੀ ਗਈ ਲਿਖਤੀ ਮਾਫ਼ੀ ਦੇ ਅਸਲ ਅਸਰ ਨੂੰ ਖ਼ਤਮ ਕਰਨ ਦੇ ਇਰਾਦੇ ਵਜੋਂ ਕੀਤਾ ਗਿਆ ਸੀ।

ਮਜੀਠੀਆ ਨੇ ਅੱਗੇ ਕਿਹਾ ਕਿ ਐੱਸ.ਟੀ.ਐਫ ਰਿਪੋਰਟ ਦੀ ਸੱਚਾਈ ਸਿੱਧੂ ਜੋੜੇ ਨੇ ਖ਼ੁਦ ਹੀ ਬਿਆਨ ਕਰ ਦਿੱਤੀ ਹੈ - ਕਿ ਇਹ ਇੱਕ ਜਾਅਲੀ ਰਿਪੋਰਟ ਸੀ, ਜਿਹੜੀ ਕਿ ਸਿੱਧੂ ਦੀ ਟੀਮ ਦੁਆਰਾ ਤਿਆਰ ਕੀਤੀ ਗਈ ਸੀ ਨਾ ਕਿ ਐੱਸਟੀਐੱਫ. ਵੱਲੋਂ।

ਕੀ ਸਨ ਸਿੱਧੂ ਵਲੋਂ ਲਾਏ ਦੋਸ਼

ਇਸ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਵੱਲੋਂ ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਮਾਨਹਾਨੀ ਮਾਮਲੇ ਵਿੱਚ ਮੁਆਫੀ ਮੰਗਣ ਤੋਂ ਬਾਅਦ ਨਵਜੋਤ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਮਜੀਠੀਆ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ ।

ਕੇਜਰੀਵਾਲ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਨਸ਼ਾ ਤਸਕਰਾਂ ਦਾ ਸਰਗਨਾਂ ਕਹਿ ਕੇ ਸੰਬੋਧਨ ਕੀਤਾ ਸੀ।

ਜਿਸ ਕਾਰਨ ਉਨ੍ਹਾਂ ਕੇਰਜੀਵਾਲ ਖ਼ਿਲਾਫ਼ ਅੰਮ੍ਰਿਤਸਰ ਦੀ ਅਦਾਲਤ ਵਿੱਚ ਮਾਨਹਾਨੀ ਦਾ ਕੇਸ ਕੀਤਾ ਹੋਇਆ ਸੀ।

ਦੋਵਾਂ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕਰ ਕੇ ਕੈਪਟਨ ਸਰਕਾਰ ਵੱਲੋਂ ਨਸ਼ਾ ਤਸਕਰੀ ਦੀ ਜਾਂਚ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਦੇ ਹਵਾਲੇ ਨਾਲ ਮਜੀਠੀਆ ਨੂੰ ਡਰੱਗ ਤਸਕਰਾਂ ਦਾ ਸਹਿਯੋਗੀ ਦੱਸਿਆ ਸੀ।

ਐਸਟੀਐਫ ਵੱਲੋਂ ਇਹ ਰਿਪੋਰਟ ਹਾਈਕੋਰਟ ਵਿੱਚ ਦਾਖਲ ਕੀਤੀ ਗਈ ਹੈ। ਸਿੱਧੂ ਫੈਮਿਲੀ ਮੁਤਾਬਕ 34 ਪੇਜ ਦੀ ਇਸ ਰਿਪੋਰਟ ਵਿੱਚ ਸਾਫ਼ ਤੌਰ 'ਤੇ ਕਿਹਾ ਗਿਆ ਹੈ ਕਿ ਮਜੀਠੀਆ ਅਤੇ ਡਰੱਗ ਤਸਕਰਾਂ ਦੇ ਸੰਬੰਧਾ ਬਾਰੇ ਮੁੱਢਲੇ ਸਬੂਤ ਮੌਜੂਦ ਹਨ।

ਉਨ੍ਹਾਂ ਕਿਹਾ ਕਿ ਇਸ ਲਈ ਹੁਣ ਇਸ ਮਾਮਲੇ ਦੀ ਜਾਂਚ ਅੱਗੇ ਵਧਣੀ ਚਾਹੀਦੀ ਹੈ। ਉਨ੍ਹਾਂ ਨੇ ਮਜੀਠੀਆ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਰੱਖੀ।

ਬਿਕਰਮ ਮਜੀਠੀਆ ਦਾ ਟਿੱਪਣੀ ਤੋਂ ਇਨਕਾਰ

ਵੀਰਵਾਰ ਨੂੰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਵਿੱਚ ਅਰਵਿੰਦ ਕੇਜਰੀਵਾਲ ਦੀ ਮੁਆਫੀ ਬਾਰੇ ਦੱਸਿਆ ਸੀ।

ਉਨ੍ਹਾਂ ਕਿਹਾ ਸੀ ਕਿ ਜਦੋਂ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ 'ਤੇ ਨਸ਼ਾ ਤਸਕਰੀ ਦੇ ਲਾਏ ਸਾਰੇ ਇਲਜ਼ਾਮ ਵਾਪਸ ਲੈ ਲਏ ਹਨ ਤਾਂ ਉਨ੍ਹਾਂ ਨੇ ਵੀ ਕੇਜਰੀਵਾਲ ਨੂੰ ਮੁਆਫ਼ ਕਰ ਦਿੱਤਾ ਹੈ।

ਬਿਕਰਮ ਸਿੰਘ ਮਜੀਠੀਆ ਨੇ ਅਦਾਲਤ ਵਿੱਚ ਉਨ੍ਹਾਂ ਦੇ ਖਿਲਾਫ਼ ਚੱਲਦੇ ਨਸ਼ਾ ਤਸਕਰੀ ਦੇ ਕੇਸ ਬਾਰੇ ਬੋਲਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਾਮਲਾ ਅਦਾਲਤ ਵਿੱਚ ਸੁਣਵਾਈ ਅਧੀਨ ਹੈ ਇਸ ਲਈ ਉਹ ਕੁਝ ਨਹੀਂ ਬੋਲਣਾ ਚਾਹੁੰਦੇ ਹਨ।

ਮਜੀਠੀਆ ਦੀ ਗ੍ਰਿਫ਼ਤਾਰੀ ਦੀ ਮੰਗ

ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਜਿਸ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ ਉਸ ਦੀ ਰਿਪੋਰਟ ਵਿੱਚ ਦਿੱਤੇ ਗਏ ਤੱਥ ਹੁਣ ਬਿਕਰਮ ਮਜੀਠੀਆ ਖਿਲਾਫ ਠੋਸ ਸਬੂਤ ਬਣਦੇ ਹਨ।

ਪਹਿਲਾਂ ਸਰਕਾਰ ਕੋਲ ਅਜਿਹੇ ਸਬੂਤ ਮੌਜੂਦ ਨਹੀਂ ਸਨ ਇਸ ਲਈ ਹੁਣ ਮਜੀਠੀਆ ਦੀ ਤੁਰੰਤ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ।

ਨਵਜੋਤ ਕੌਰ ਸਿੱਧੂ ਨੇ ਈਡੀ ਅਤੇ ਐਸਟੀਐਫ ਦੀ ਰਿਪੋਰਟ ਦੇ ਹਵਾਲੇ ਨਾਲ ਮੀਡੀਆ ਨੂੰ ਦੱਸਿਆ ਕਿ ਪਿੰਡੀ ਅਤੇ ਅਮਰਿੰਦਰ ਸਿੰਘ ਲਾਡੀ ਕੈਨੇਡਾ ਰਹਿੰਦੇ ਹਨ ਅਤੇ ਨਸ਼ੇ ਦੇ ਵੱਡੇ ਤਸਕਰ ਹਨ। ਇਨ੍ਹਾਂ ਦੀ ਮਜੀਠੀਆ ਨੇ ਜਗਜੀਤ ਚਾਹਲ ਤੇ ਬਿੱਟੂ ਔਲਖ ਨਾਲ ਮੁਲਾਕਾਤ ਕਰਵਾਈ ਸੀ।

ਉਨ੍ਹਾਂ ਕਿਹਾ, "ਬਿੱਟੂ ਔਲਖ ਅਤੇ ਜਗਜੀਤ ਚਾਹਲ ਨੇ ਈਡੀ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਪਿੰਡੀ ਅਤੇ ਸੱਤੇ ਨੂੰ ਸੂਡੋਫੈਡਰੀਨ ਮਜੀਠੀਆ ਦੇ ਕਹਿਣ 'ਤੇ ਦਿੱਤੀ ਸੀ।''

ਨਵਜੋਤ ਕੌਰ ਸਿੱਧੂ ਮੁਤਾਬਕ ਜਗਜੀਤ ਸਿੰਘ ਚਾਹਲ ਨੇ ਮਜੀਠੀਆ ਦੇ ਅੰਮ੍ਰਿਤਸਰ ਵਿੱਚ ਗ੍ਰੀਨ ਐਵਨਿਊ ਦੇ 43 ਨੰਬਰ ਮਕਾਲ ਵਿੱਚ ਉਸ ਨੂੰ 35 ਲੱਖ ਰੁਪਇਆ 7-8 ਕਿਸ਼ਤਾਂ ਵਿੱਚ ਦੇਣ ਦਾ ਵੀ ਖੁਲਾਸਾ ਕੀਤਾ ਸੀ।

'ਹੁਣ ਮਜੀਠੀਆ ਖਿਲਾਫ਼ ਠੋਸ ਸਬੂਤ'

ਸਿੱਧੂ ਮੁਤਾਬਕ ਬਿੱਟੂ ਔਲਖ ਤੇ ਜਗਜੀਤ ਚਾਹਲ ਦਵਾਈਆਂ ਬਣਾਉਣ ਦੇ ਕਾਰੋਬਾਰੀ ਸਨ। ਉਹ ਮਜੀਠੀਆ ਦੇ ਕਹਿਣ 'ਤੇ ਹੀ ਪਿੰਡੀ ਅਤੇ ਸੱਤੇ ਨੂੰ ਸੂਡੋਫੈਡਰੀਨ ਮੁਹੱਈਆ ਕਰਵਾਉਣ ਲਈ ਤਿਆਰ ਹੋਏ ਸਨ।

ਜਦੋਂ ਜਾਂਚ ਹੋਈ ਤਾਂ ਬਿੱਟੂ ਅਤੇ ਚਾਹਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਉਨ੍ਹਾਂ ਦੇ ਸਰਗਨਾ ਮਜੀਠੀਆ ਨੂੰ ਹੱਥ ਨਹੀਂ ਪਾਇਆ ਗਿਆ।

ਸਿੱਧੂ ਪਰਿਵਾਰ ਨੇ ਦਾਅਵਾ ਕੀਤਾ ਕਿ ਮਜੀਠੀਆ ਖਿਲਾਫ਼ ਪੁਖਤਾ ਸਬੂਤ ਹਨ ਜੋ ਐਸਟੀਐਫ ਦੀ ਰਿਪੋਰਟ ਰਾਹੀਂ ਸਾਹਮਣੇ ਆਏ ਹਨ। ਹੁਣ ਮਜੀਠੀਆ ਦੀ ਤੁਰੰਤ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ ਅਤੇ ਜਾਂਚ ਦਾ ਘੇਰਾ ਕੈਨੇਡਾ ਵੱਸਦੇ ਤਸਕਰਾਂ ਤੱਕ ਵੀ ਪਹੁੰਚਣਾ ਚਾਹੀਦਾ ਹੈ।

ਕੇਜਰੀਵਾਲ ਬਾਰੇ ਕੀ ਕਿਹਾ?

ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹਮਲਾ ਬੋਲਦਿਆਂ ਕਿਹਾ, "ਕੇਜਰੀਵਾਲ ਨੇ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਸਿਆਸੀ ਕਤਲ ਕਰ ਦਿੱਤਾ ਹੈ।''

ਨਵਜੋਤ ਸਿੰਘ ਸਿੱਧੂ ਨੇ ਕਿਹਾ, "ਅਰਵਿੰਦ ਕੇਜਰੀਵਾਲ ਦੀ ਮੁਆਫ਼ੀ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹੋਂਦ ਨੂੰ ਹੀ ਖ਼ਤਮ ਕਰ ਦਿੱਤਾ ਹੈ।''

ਹਮਲਾਵਰ ਰੁਖ ਵਿੱਚ ਨਵਜੋਤ ਸਿੱਧੂ ਨੇ ਕਿਹਾ, "ਅਰਵਿੰਦ ਕੇਜਰੀਵਾਲ ਨੇ ਜੋ ਬੁਜ਼ਦਿਲੀ ਦਿਖਾਈ ਹੈ ਉਸ ਨਾਲ ਪੰਜਾਬੀ ਖੁਸ਼ ਨਹੀਂ ਹਨ। ਇਸ ਮੁਆਫ਼ੀ ਨੇ ਪੰਜਾਬੀ ਲੋਕਾਂ ਦੀ ਭਰੋਸੇ ਨੂੰ ਢਾਹ ਲਾਈ ਹੈ। ਪੰਜਾਬ ਦੇ ਲੋਕ ਇਨ੍ਹਾਂ ਨੂੰ ਚੰਗਾ ਬਦਲ ਮੰਨਦੇ ਸੀ।''

ਭਗਵੰਤ ਮਾਨ ਦੇ ਅਸਤੀਫੇ 'ਤੇ ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਸ਼ੱਕ ਹੈ ਕਿ ਆਖ਼ਿਰ ਕੇਜਰੀਵਾਲ ਨੂੰ ਉਨ੍ਹਾਂ ਦੀ ਪਾਰਟੀ ਦੇ ਲੋਕ ਹੁਣ ਨੇਤਾ ਮੰਨਦੇ ਵੀ ਹਨ ਜਾਂ ਨਹੀਂ।

ਉਨ੍ਹਾਂ ਕਿਹਾ, "ਮੈਨੂੰ ਲਗਦਾ ਹੈ ਕਿ ਆਮ ਆਦਮੀ ਪਾਰਟੀ ਦੋ ਫਾੜ ਹੋ ਗਈ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)