'ਆਪ' ਸੰਕਟ : ਭਗਵੰਤ ਮਾਨ ਤੇ ਅਮਨ ਅਰੋੜਾ ਦਾ ਅਸਤੀਫ਼ਾ, ਬੈਂਸ ਭਰਾਵਾਂ ਨੇ ਤੋੜਿਆ ਨਾਤਾ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਪੰਜਾਬ ਵਿੱਚ ਪਾਰਟੀ ਦੀ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਇਹ ਅਸਤੀਫ਼ਾ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਦਿੱਤਾ ਗਿਆ ਹੈ।

ਇਸੇ ਦੌਰਾਨ ਪਾਰਟੀ ਦੇ ਉੱਪ-ਪ੍ਰਧਾਨ ਅਮਨ ਅਰੋੜਾ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਦੇ ਫੈਸਲੇ ਤੋਂ ਮਾਯੂਸ ਹਨ। ਉਨ੍ਹਾਂ ਟਵਿੱਟਰ ਰਾਹੀ ਆਪਣੇ ਅਸਤੀਫ਼ੇ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ ਹੈ।

ਇਸ ਘਟਨਾਕ੍ਰਮ ਬਾਰੇ ਕੰਵਰ ਸਿੱਧੂ ਨੇ ਕਿਹਾ, "ਮੇਰਾ ਤੇ ਮੇਰੇ ਆਮ ਆਦਮੀ ਪਾਰਟੀ ਦੇ ਸਾਥੀਆਂ ਦਾ ਮੰਨਣਾ ਹੈ ਕਿ ਕੇਜਰੀਵਾਲ ਨੂੰ ਬਿਕਰਮਜੀਤ ਮਜੀਠੀਆ ਤੋਂ ਬਿਲਕੁਲ ਮਾਫ਼ੀ ਨਹੀਂ ਮੰਗਣੀ ਚਾਹੀਦੀ ਸੀ।"

ਉਨ੍ਹਾਂ ਅੱਗੇ ਕਿਹਾ, "ਇਸ ਤਰ੍ਹਾਂ ਤਾਂ ਬਿਲਕੁਲ ਵੀ ਨਹੀਂ ਜੇ ਕੋਈ ਮਾਫ਼ੀ ਦੀ ਗੱਲ ਸੀ ਵੀ ਤਾਂ ਇੱਕ ਵਾਰ ਪੰਜਾਬ ਦੀ ਯੂਨਿਟ ਨਾਲ ਗੱਲ ਕਰਨੀ ਚਾਹੀਦੀ ਸੀ। ਜੇ ਉਹ ਸਾਡੇ ਨਾਲ ਗੱਲ ਕਰਦੇ ਤਾਂ ਅਸੀਂ ਉਨ੍ਹਾਂ ਨੂੰ ਮਾਫ਼ੀ ਮੰਗਣ ਤੋਂ ਰੋਕਦੇ ਕਿਉਂਕਿ ਮਜੀਠੀਏ ਖਿਲਾਫ਼ ਬਹੁਤ ਸਾਰੇ ਸਬੂਤ ਹਨ।"

ਉੱਧਰ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਆਮ ਆਦਮੀ ਪਾਰਟੀ ਨਾਲੋਂ ਸਿਆਸੀ ਗਠਜੋੜ ਤੋੜਨ ਦਾ ਐਲਾਨ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਨਾਲ ਗੱਦਾਰੀ ਕੀਤੀ ਹੈ। ਸਿਮਰਜੀਤ ਸਿੰਘ ਬੈਂਸ ਨੇ ਸਾਫ਼ ਕੀਤਾ ਕਿ ਜਿਹੜੇ ਆਪ ਵਿਧਾਇਕ ਪੰਜਾਬ ਦੇ ਹੱਕ ਵਿੱਚ ਸਟੈਂਡ ਲੈਣਗੇ ਲੋਕ ਇਨਸਾਫ਼ ਪਾਰਟੀ ਉਨ੍ਹਾਂ ਦਾ ਸਮਰਥਨ ਕਰੇਗੀ।

'ਮੇਰੀ ਲੜਾਈ ਕਿਸੇ ਪ੍ਰਧਾਨਗੀ ਦੀ ਮੁਥਾਜ ਨਹੀਂ'

ਭਗਵੰਤ ਮਾਨ ਨੇ ਬੀਬੀਸੀ ਪੱਤਰਕਾਰ ਖੁਸ਼ਹਾਲ ਲਾਲੀ ਨਾਲ ਗੱਲਬਾਤ ਵਿੱਚ ਕਿਹਾ, "ਮੇਰੀ ਲੜਾਈ ਕਿਸੇ ਪ੍ਰਧਾਨਗੀ ਦੀ ਮੁਥਾਜ ਨਹੀਂ ਹੈ। ਮੇਰੀ ਲੜਾਈ ਜਾਰੀ ਰਹੇਗੀ। ਮੈਂ ਅਜਿਹਾ ਕੋਈ ਕਦਮ ਨਹੀਂ ਚੁੱਕਾਂਗਾ ਜਿਸ ਨਾਲ ਪੰਜਾਬ ਦਾ ਨੁਕਸਾਨ ਹੋਵੇ।''

ਭਗਵੰਤ ਮਾਨ ਨੇ ਕਿਹਾ ਕਿ ਉਹ ਆਪਣੀ ਅਗਲੀ ਰਣਨੀਤੀ ਆਪਣੇ ਸਾਥੀਆਂ ਨਾਲ ਗੱਲਬਾਤ ਤੋਂ ਬਾਅਦ ਤੈਅ ਕਰਨਗੇ।

ਡਰੱਗ ਸਮਗਲਰਾਂ ਨਾਲ ਸੰਬੰਧਾਂ ਦਾ ਇਲਜ਼ਾਮ ਕੇਜਰੀਵਾਲ ਵੱਲੋਂ ਮਜੀਠੀਆ 'ਤੇ ਲਾਇਆ ਗਿਆ ਸੀ। ਇਸ ਖ਼ਿਲਾਫ ਮਜੀਠੀਆ ਨੇ ਅੰਮ੍ਰਿਤਸਰ ਕੋਰਟ ਵਿੱਚ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ।

ਕੀ ਕਿਹਾ ਸੁਖਪਾਲ ਖਹਿਰਾ ਨੇ?

ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਵਿੱਚ ਨੇਤਾ ਸੁਖਪਾਲ ਖਹਿਰਾ ਨੇ ਭਗਵੰਤ ਮਾਨ ਦੇ ਅਸਤੀਫੇ ਤੇ ਕੇਜਰੀਵਾਲ ਦੀ ਮੁਆਫ਼ੀ ਦੇ ਬੋਲਦਿਆਂ ਕਿਹਾ, "ਇੱਕ ਪਾਸੇ ਤਾਂ ਅਰਵਿੰਦ ਕੇਜਰੀਵਾਲ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਦੇ ਹਨ ਤਾਂ ਦੂਜੇ ਪਾਸੇ ਐਸਟੀਐੱਫ ਨੇ ਨਸ਼ੇ ਦੇ ਮਾਮਲੇ ਵਿੱਚ ਬਿਕਰਮ ਮਜੀਠੀਆ ਨੂੰ ਕਲੀਨ ਚਿੱਟ ਨਹੀਂ ਦਿੱਤੀ ਹੈ।''

''ਐਸਟੀਐਫ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਬਿਕਰਮ ਮਜੀਠੀਆ ਖਿਲਾਫ ਪੁਖਤਾ ਸਬੂਤ ਹਨ।''

'ਕੇਜਰੀਵਾਲ ਨੇ AAP ਦਾ ਸਿਆਸੀ ਕਤਲ ਕੀਤਾ'

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ, "ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਸਿਆਸੀ ਕਤਲ ਕਰ ਦਿੱਤਾ ਹੈ। ਕੇਜਰੀਵਾਲ ਦੀ ਇਹ ਮੁਆਫੀ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹੋਂਦ ਨੂੰ ਖਤਮ ਕਰ ਦਿੱਤਾ ਹੈ।''

ਉਨ੍ਹਾਂ ਕਿਹਾ, "ਹੁਣ ਆਮ ਆਦਮੀ ਪਾਰਟੀ ਦੇ ਆਗੂ ਕਿਸ ਮੂੰਹ ਨਾਲ ਨਸ਼ੇ ਦੇ ਖਿਲਾਫ ਗੱਲ ਕਹਿਣਗੇ ਜਦੋਂ ਉਨ੍ਹਾਂ ਦਾ ਨੇਤਾ ਹੀ ਗੋਡੇ ਟੇਕ ਚੁੱਕਾ ਹੈ।''

'ਪੰਜਾਬ ਤੋਂ ਮੁਆਫੀ ਮੰਗਣ ਕੇਜਰੀਵਾਲ'

ਪੰਜਾਬੀ ਟ੍ਰਿਬਿਊਨ ਦੀ ਇੱਕ ਖ਼ਬਰ ਮੁਤਾਬਕ ਆਮ ਆਦਮੀ ਪਾਰਟੀ ('ਆਪ') ਪੰਜਾਬ ਦੇ ਸਾਬਕਾ ਕਨਵੀਨਰ ਅਤੇ ਫ਼ਿਲਮੀ ਹਸਤੀ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਕੇਜਰੀਵਾਲ ਨੂੰ ਸਮੁੱਚੇ ਪੰਜਾਬੀਆਂ ਕੋਲੋਂ ਮੁਆਫ਼ੀ ਮੰਗ ਕੇ ਸਿਆਸਤ ਤੋਂ ਸੰਨਿਆਸ ਲੈ ਲੈਣਾ ਚਾਹੀਦਾ ਹੈ।

ਉਨ੍ਹਾਂ ਕਿਹਾ, "ਅਰਵਿੰਦ ਕੇਜਰੀਵਾਲ ਵੱਲੋਂ ਡਰੱਗਜ਼ ਮਾਮਲੇ ਵਿੱਚ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਕੋਲੋਂ ਮੁਆਫ਼ੀ ਮੰਗਣ ਤੋਂ ਸਾਫ਼ ਹੋ ਗਿਆ ਹੈ ਕਿ ਉਨ੍ਹਾਂ ਨੇ ਵੋਟ ਦੀ ਰਾਜਨੀਤੀ ਲਈ ਸਾਰੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)