You’re viewing a text-only version of this website that uses less data. View the main version of the website including all images and videos.
ਇਸ ਸ਼ਹਿਰ ਵਿੱਚ ਲੋਕ ਅੰਡਰਗ੍ਰਾਊਂਡ ਕਿਉਂ ਰਹਿੰਦੇ ਹਨ
- ਲੇਖਕ, ਕੇਰਾਨ ਨੈਸ਼
- ਰੋਲ, ਬੀਬੀਸੀ ਫਿਊਚਰ
ਬੇਰਨਾਡੇਟ ਰੌਬਟਸ ਦਾ ਤਿੰਨ ਕਮਰਿਆਂ ਵਾਲਾ ਘਰ ਦੂਜੇ ਘਰਾਂ ਦੇ ਵਾਂਗ ਹੀ ਹੈ-ਬਗੀਚਾ, ਡਾਈਨਿੰਗ ਰੂਮ ਅਤੇ ਰਸੋਈ। ਪਰ ਇਹ ਇੱਕ ਆਮ ਘਰ ਨਹੀਂ ਕਿਉਂਕਿ ਰੌਬਟਸ ਦਾ ਇਹ ਘਰ ਜ਼ਮੀਨ ਹੇਠਾਂ ਬਣਿਆ ਹੋਇਆ ਹੈ।
ਉਹ ਇਕੱਲੀ ਨਹੀਂ ਸਗੋਂ ਉਨ੍ਹਾਂ ਦੇ ਸ਼ਹਿਰ ਕੋਬਰ ਪੇਡੀ ਦੀ 80 ਫੀਸਦ ਆਬਾਦੀ ਜ਼ਮੀਨ ਹੇਠਾਂ ਪੱਥਰਾਂ ਨੂੰ ਕੱਟ ਕੇ ਬਣਾਏ ਗਏ ਘਰਾਂ ਵਿੱਚ ਰਹਿੰਦੀ ਹੈ।
ਕੋਬਰ ਪੇਡੀ ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਤੋਂ 846 ਕਿਲੋਮੀਟਰ ਦੂਰ ਵਸਿਆ ਹੋਇਆ ਹੈ। ਇਹ ਥਾਂ ਦੁੱਧ ਰੰਗੇ ਪੱਥਰ ਦੀਆਂ ਖਾਣਾਂ ਅਤੇ ਉੱਥੇ ਬਣੀ ਅੰਡਰਗਰਾਊਂਡ ਬਸਤੀ ਲਈ ਮਸ਼ਹੂਰ ਹੈ।
ਜਦੋਂ ਸ਼ਹਿਰ 'ਤੇ ਜ਼ਮੀਨ ਦਾ ਔਸਤ ਤਾਪਮਾਨ 50 ਡਿਗਰੀ ਸੈਲਸੀਅਸ ਹੁੰਦਾ ਹੈ ਤਾਂ ਇਨ੍ਹਾਂ ਘਰਾਂ ਦੇ ਅੰਦਰ ਦਾ ਤਾਪਮਾਨ 23 ਤੋਂ 25 ਡਿਗਰੀ ਸੈਲਸੀਅਸ ਹੁੰਦਾ ਹੈ।
ਇੱਕ ਸਦੀ ਪਹਿਲਾਂ, ਖਾਣਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਪਤਾ ਲੱਗਿਆ ਕਿ ਜ਼ਮੀਨ ਦੇ ਹੇਠਾਂ ਦਾ ਤਾਪਮਾਨ ਰਹਿਣ ਯੋਗ ਹੈ ਅਤੇ ਲੋਕ ਧਰਤੀ ਦੇ ਹੇਠਾਂ ਹੀ ਰਹਿਣ ਲੱਗ ਪਏ।
ਰੌਬਟਸ ਮੁਤਾਬਕ, ''ਇਹ ਇੱਕ ਤਰ੍ਹਾਂ ਨਾਲ ਏਅਰ ਕੰਡੀਸ਼ਨਡ ਮਕਾਨ ਵਿੱਚ ਆਉਣ ਵਰਗਾ ਹੁੰਦਾ ਹੈ।''
ਅੰਡਰਗਰਾਊਂਡ ਸ਼ਹਿਰ ਦੀ ਗੱਲ ਕਿਉਂ ?
ਦੁਨੀਆਂ ਦੇ ਕਈ ਹਿੱਸਿਆਂ ਵਿੱਚ ਵੱਖ ਵੱਖ ਕਾਰਨਾਂ ਕਰਕੇ ਅੰਡਰਗਰਾਊਂਡ ਰਹਿਣ ਦਾ ਰੁਝਾਨ ਵੱਧ ਰਿਹਾ ਹੈ।
2050 ਤਕ ਦੁਨੀਆਂ ਦੀ ਦੋ ਤਿਹਾਈ ਆਬਾਦੀ ਸ਼ਹਿਰਾਂ ਵਿੱਚ ਰਹਿਣ ਲੱਗੇਗੀ।
ਵਧੇਰੇ ਸ਼ਹਿਰਾਂ ਵਿੱਚ ਥਾਂ ਦੀ ਕਮੀ, ਵਿਰਾਸਤੀ ਖੇਤਰਾਂ ਅਤੇ ਹੋਰ ਕਾਰਨਾਂ ਕਰਕੇ ਇੱਕ ਪੱਧਰ ਤੋਂ ਵੱਧ ਨਿਰਮਾਣ ਨਹੀਂ ਹੋ ਸਕੇਗਾ। ਅਜਿਹੀ ਸਥਿਤੀ ਵਿੱਚ ਜ਼ਮੀਨਦੋਜ ਰਹਿਣ ਦਾ ਬਦਲ ਮੌਜੂਦ ਹੋਵੇਗਾ।
ਸਿੰਗਾਪੁਰ, ਬੀਜਿੰਗ, ਮੈਕਸੀਕੋ ਸਿਟੀ, ਹੇਲਸਿੰਕੀ...ਕਈ ਥਾਵਾਂ ਉੱਤੇ ਜਾਂ ਤਾਂ ਲੋਕ ਪਹਿਲਾਂ ਹੀ ਅੰਡਰਗਰਾਊਂਡ ਰਹਿ ਰਹੇ ਹਨ ਜਾਂ ਫਿਰ ਅਜਿਹੀ ਸੁਵਿਧਾ ਦੀ ਯੋਜਨਾ ਬਣਾ ਰਹੇ ਹਨ।
ਸਭ ਤੋਂ ਵੱਧ ਸੰਘਣੀ ਆਬਾਦੀ ਵਾਲੇ ਸਿੰਗਾਪੁਰ ਵਿੱਚ ਸਿਰਫ਼ 710 ਵਰਗ ਕਿਲੋਮੀਟਰ ਵਿੱਚ 55 ਲੱਖ ਲੋਕ ਰਹਿੰਦੇ ਹਨ।
ਸਿੰਗਾਪੁਰ ਦੇ ਸੈਂਟਰ ਫਾਰ ਅਰਬਨ ਅੰਡਰਗਰਾਊਂਡ ਸਪੇਸ ਦੇ ਜੋਹੂ ਇੰਗਜਿਨ ਕਹਿੰਦੇ ਹਨ, ''ਸਿੰਗਾਪੁਰ ਵਿੱਚ ਜ਼ਮੀਨ ਦੀ ਘਾਟ ਦੀ ਸਮੱਸਿਆ ਅੰਡਰਗਰਾਊਂਡ ਨਿਰਮਾਣ ਨਾਲ ਖਤਮ ਹੋ ਸਕਦੀ ਹੈ।''
ਸਿੰਗਾਪੁਰ ਵਿੱਚ ਇਨ੍ਹੀਂ ਦਿਨੀਂ ਅੰਡਰਗਰਾਊਂਡ ਸਾਇੰਸ ਸਿਟੀ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਇਸ ਦੇ ਤਹਿਤ ਜ਼ਮੀਨ ਤੋਂ 30 ਤੋਂ 80 ਮੀਟਰ ਹੇਠਾਂ ਕਰੀਬ ਤਿੰਨ ਲੱਖ ਵਰਗ ਮੀਟਰ ਦੇ ਘੇਰੇ ਵਿੱਚ ਸ਼ਹਿਰ ਵਸਾਉਣ ਦੀ ਯੋਜਨਾ ਹੈ।
ਮੰਨਿਆ ਜਾ ਰਿਹਾ ਹੈ ਕਿ ਇਸ ਯੋਜਨਾ ਵਿੱਚ ਕਰੀਬ 4200 ਕੰਮਕਾਜੀ ਲੋਕਾਂ ਨੂੰ ਘਰ ਮੁਹੱਈਆ ਕਰਵਾਇਆ ਜਾਵੇਗਾ।
ਮੈਕਸਿਟ ਸਿਟੀ-ਪੁਰਾਤੱਤਵ ਵਿਰਾਸਤ ਕਾਰਨ
ਮੈਕਸੀਕੋ ਸਿਟੀ ਦੀ ਸਮੱਸਿਆ ਦੂਜੀ ਹੈ। ਉੱਥੇ ਪੁਰਾਤੱਤਵ ਸੁਰੱਖਿਆ ਕਾਰਨ ਜ਼ਿਆਦਾ ਭਵਨ ਨਹੀਂ ਬਣਾਏ ਜਾ ਸਕਦੇ।
ਇਹੀ ਕਾਰਨ ਹੈ ਕਿ ਆਰਕੀਟੈਕਟ ਫ਼ਰਮ ਬੀਐਨਕੇਆਰ ਆਰਕੀਟੈਕਚਰਾਂ ਨੇ ਜ਼ਮੀਨ ਦੀ 300 ਮੀਟਰ ਦੀ ਡੂੰਘਾਈ ਵਿੱਚ ਪਿਰਾਮਿਡ ਵਰਗੀ ਇਮਾਰਤ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ।
ਇਸ ਪ੍ਰਸਤਾਵਿਤ ਇਮਾਰਤ ਵਿੱਚ ਕਰੀਬ 5000 ਲੋਕ ਰਹਿ ਸਕਦੇ ਹਨ। ਇਨ੍ਹਾਂ ਘਰਾਂ ਦੀਆਂ ਛੱਤਾਂ ਅਤੇ ਟੈਰੇਸ 'ਤੇ ਕੁਦਰਤੀ ਰੋਸ਼ਨੀ ਵੀ ਮਿਲੇਗੀ ਕਿਉਂਕਿ ਉੱਤੇ ਵਿਸ਼ਾਲ ਗਲਾਸ ਦੀ ਛੱਤ ਲਗਾਈ ਜਾਵੇਗੀ।
ਹੇਠਲੀਆਂ ਮੰਜ਼ਿਲਾਂ ਨੂੰ ਫਾਈਬਰ ਆਪਟਿਕਸ ਦੇ ਜ਼ਰੀਏ ਰੋਸ਼ਨੀ ਦਿੱਤੀ ਜਾਵੇਗੀ।
ਬੀਜਿੰਗ-ਲੱਖਾਂ ਜ਼ਮੀਨ-ਦੋਜ ਘਰਾਂ ਵਿੱਚ
ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਮਕਾਨ ਦੇ ਗਹਿਰਾਉਂਦੇ ਸੰਕਟ ਨੂੰ ਦੇਖਦੇ ਹੋਏ ਲੋਕ ਜ਼ਮੀਨਦੋਜ਼ ਨਿਰਮਾਣ ਕਾਰਜ ਸ਼ੁਰੂ ਕਰ ਚੁੱਕੇ ਹਨ।
ਯੂਨੀਵਰਸਟੀ ਆਫ਼ ਸਦਰਨ ਕੈਲੀਫੋਰਨੀਆ ਦੇ ਸਪਾਸ਼ੀਅਲ ਐਨਾਲਿਸਸ ਲੈਬ ਦੀ ਡਾਇਰੈਕਟਰ ਐਨੇਟੇ ਕਿਮ ਨੇ ਚੀਨ ਦੇ ਅੰਦਰ ਭੂਮੀਗਤ ਨਿਰਮਾਣ ਨੂੰ ਜਾਨਣ ਲਈ ਬੀਜਿੰਗ ਵਿੱਚ ਪੂਰਾ ਇੱਕ ਸਾਲ ਗੁਜ਼ਾਰਿਆ ਹੈ।
ਉਨ੍ਹਾਂ ਮੁਤਾਬਿਕ ਬੀਜਿੰਗ ਵਿੱਚ 15 ਤੋਂ 20 ਲੱਖ ਲੋਕ ਅੰਡਰਗਰਾਊਂਡ ਰਹਿੰਦੇ ਹਨ। ਹਾਲਾਂਕਿ ਉਹ ਕਹਿੰਦੀ ਹੈ ਘੱਟ ਤੋਂ ਘੱਟ ਵੀ ਕਰ ਦਿਓ ਤਾਂ 10 ਲੱਖ ਲੋਕ ਜ਼ਮੀਨਦੋਜ਼ ਘਰਾਂ ਵਿੱਚ ਰਹਿੰਦੇ ਹਨ।
ਬੀਜਿੰਗ ਤੋਂ ਹਜ਼ਾਰ ਕਿੱਲੋਮੀਟਰ ਦੱਖਣ ਵਿੱਚ ਡਿਵੈਲਪਰਾਂ ਨੇ ਸ਼ਿਮਾਓ ਵੰਡਰਲੈਂਡ ਇੰਟਰਕਾਂਟੀਨੈਂਟਲ ਨਾਮ ਨਾਲ ਅੰਡਰਗਰਾਊਂਡ ਹੋਟਲ ਤਿਆਰ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ।
ਸ਼ਿੰਘਾਈ ਤੋਂ 35 ਕਿੱਲੋਮੀਟਰ ਦੱਖਣੀ ਪੱਛਮ ਸਥਿਤ ਇਹ ਹੋਟਲ 90 ਮੀਟਰ ਡੂੰਘਾਈ ਵਿੱਚ ਹੋਵੇਗਾ।
ਇਸਦੇ ਡਿਜ਼ਾਈਨ ਨਿਦੇਸ਼ਕ ਮਾਰਕੀਟ ਜੋਕਮੈਨ ਮੁਤਾਬਿਕ ਇਹ ਮੁਸ਼ਕਿਲ ਯੋਜਨਾ ਹੈ। ਉਹ ਕਹਿੰਦੇ ਹਨ,''ਉੱਪਰ ਤੋਂ ਥੱਲੇ ਦਾ ਨਿਰਮਾਣ ਕੰਮ ਹੈ। ਪਾਣੀ ਅਤੇ ਸੀਵੇਜ ਨੂੰ ਉੱਪਰ ਖਿੱਚਣਾ ਹੋਵੇਗਾ।''
ਹਾਲਾਂਕਿ ਅਜਿਹੇ ਨਿਰਮਾਣ ਦੇ ਫਾਇਦੇ ਵੀ ਹਨ। ਖਾਣ ਦੀ ਖੁਦਾਈ ਵਾਲੇ ਹਿੱਸੇ ਦੇ ਕਾਰਨ ਇੱਥੋਂ ਦੇ ਪੱਥਰ ਗਰਮੀਆਂ ਵਿੱਚ ਗਰਮੀ ਨੂੰ ਸੋਖ ਲੈਣਗੇ ਅਤੇ ਸਰਦੀਆਂ ਵਿੱਚ ਗਰਮਾਹਟ ਰਿਲੀਜ਼ ਹੋਵੇਗੀ।
ਹੇਲਸਿੰਕੀ-ਦੁਕਾਨਾਂ, ਟ੍ਰੈਕ, ਸਕੇਟਿੰਗ ਰਿੰਕ...
ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿੱਚ ਵੀ ਤਾਪਮਾਨ ਦੇ ਵਿਚਾਲੇ ਭੂਮੀਗਤ ਨਿਰਮਾਣ ਹੋ ਰਹੇ ਹਨ।
ਅਧਿਕਾਰੀਆਂ ਨੇ 90 ਲੱਖ ਕਿਊਬਿਕ ਮੀਟਰ ਦੇ ਖੇਤਰ ਵਿੱਚ ਸੁਵਿਧਾਵਾਂ ਦਾ ਢਾਂਚਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਵਿੱਚ ਦੁਕਾਨਾਂ, ਰਨਿੰਗ ਟ੍ਰੈਕ, ਆਈਸ ਹਾਕੀ ਸਕੇਟ ਰਿੰਕ ਅਤੇ ਸਵਿਮਿੰਗ ਪੂਲ ਸ਼ਾਮਲ ਹਨ।
ਸ਼ਹਿਰ ਦੇ ਅੰਡਰਗਰਾਊਂਡ ਮਾਸਟਰ ਪਲਾਨ ਦੀ ਲੀਡ ਡਿਜ਼ਾਇਨਰ ਇਜ਼ਾ ਕਿਵੀਲਾਸਕੋ ਕਹਿੰਦੀ ਹੈ ਕਿ ਸਰਦੀਆਂ ਦੇ ਦਿਨਾਂ ਵਿੱਚ ਜ਼ਮੀਨ-ਦੋਜ ਘਰ ਵੱਧ ਆਰਾਮਦਾਇਕ ਹੁੰਦੇ ਹਨ।
ਉਨ੍ਹਾਂ ਨੇ ਕਿਹਾ,''ਹੇਲਸਿੰਕੀ ਦੇ ਮੌਸਮ ਨੂੰ ਦੇਖਦੇ ਹੋਏ ਕੰਮ ਕਰਨਾ ਜਾਂ ਫਿਰ ਕੌਫੀ ਪੀਣਾ ਅੰਡਗਗਰਾਊਂਡ ਹੀ ਚੰਗੀ ਹੁੰਦੀ ਹੈ, ਬਰਸਾਤ ਅਤੇ ਸਰਦੀਆਂ ਵਿੱਚ ਬਾਹਰ ਵੀ ਨਿਕਲਣਾ ਨਹੀਂ ਪੈਂਦਾ।''
ਤਕਨੀਕੀ ਤੌਰ 'ਤੇ ਜ਼ਮੀਨ ਦੋਜ ਰਹਿਣਾ ਤਾਂ ਸੰਭਵ ਹੈ, ਪਰ ਕੀ ਲੰਬੇ ਸਮੇਂ ਤੱਕ ਰਹਿਣਾ ਸੰਭਵ ਹੋਵੇਗਾ?
ਅੰਡਰਗਰਾਊਂਡ ਰਹਿਣਾ ਸੰਭਵ?
ਮੈਕਸੀਕੋ ਦੀ ਅਰਥ ਸਕਰੈਪਰ ਬਿਲਡਿੰਗ ਦੀ ਇਮਾਰਤ ਦੀ ਕਾਮਯਾਬੀ 'ਤੇ ਕਾਫ਼ੀ ਕੁਝ ਨਿਰਭਰ ਹੋਵੇਗਾ।
ਆਮ ਲੋਕਾਂ ਨੂੰ ਜ਼ਮੀਨ ਦੇ ਅੰਦਰ ਦੇ ਹਨੇਰੇ ਅਤੇ ਛੋਟੀਆਂ ਗੁਫਾਵਾਂ ਵਾਲੇ ਘਰ ਤੋਂ ਡਰ ਲਗਦਾ ਹੈ, ਉਨ੍ਹਾਂ ਨੂੰ ਜ਼ਿੰਦਾ ਦਫ਼ਨ ਹੋਣ ਦਾ ਡਰ ਵੀ ਸਤਾਉਂਦਾ ਹੈ।
ਪਰ ਮੈਕਸੀਕੋ ਦੀ ਇਮਾਰਤ ਵਿੱਚ ਸੂਰਜ ਦੀ ਰੋਸ਼ਨੀ ਦੇ ਆਉਣ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਇਸ ਨਾਲ ਲੋਕਾਂ ਦੀ ਧਾਰਨਾ ਬਦਲਣ ਵਿੱਚ ਮਦਦ ਮਿਲੇਗੀ।
ਸਕੈਂਡੇਵਿਅਨ ਦੀ ਖੋਜ ਸੰਸਥਾ ਦੇ ਗੁਨਾਰ ਡੀ ਜੇਨਸਨ ਮੁਤਾਬਕ 3 ਫ਼ੀਸਦ ਲੋਕ ਜ਼ਮੀਨ ਹੇਠਾਂ ਰਹਿਣ ਤੋਂ ਡਰਦੇ ਹਨ।
ਜੇਨਸਨ ਦੁਨੀਆਂ ਦੀਆਂ 4 ਸਭ ਤੋਂ ਲੰਬੀਆਂ ਸੁਰੰਗਾਂ ਵਿੱਚ ਕੰਮ ਕਰ ਚੁੱਕੇ ਹਨ। ਉਹ ਦੱਸਦੇ ਹਨ ਕਿ ਸੁਰੰਗ ਦੇ ਅੰਦਰ ਪਾਲਮ ਦੇ ਦਰਖ਼ਤ ਅਤੇ ਰਸਤੇ ਵਿੱਚ ਆਕਾਸ਼ ਵਰਗਾ ਭੁਲੇਖਾ ਬਣਾਇਆ ਜਾ ਸਕਦਾ ਹੈ।
ਉਹ ਕਹਿੰਦੇ ਹਨ,''ਤੁਸੀਂ ਹਨੇਰੀ ਸੁਰੰਗ ਚੋਂ ਲੰਘਦੇ ਹੋ ਫਿਰ ਅਚਾਨਕ ਰੋਸ਼ਨੀ ਆ ਜਾਂਦੀ ਹੈ, ਜਿੱਥੇ ਰੁੱਖ ਅਤੇ ਪੌਦੇ ਵੀ ਹਨ। ਤੁਹਾਨੂੰ ਬ੍ਰੀਦਿੰਗ ਸਪੇਸ ਦਾ ਅਹਿਸਾਸ ਹੁੰਦਾ ਹੈ ਹਲਾਂਕਿ ਉਦੋਂ ਵੀ ਹਜ਼ਾਰ ਮੀਟਰ ਡੂੰਘੀ ਸੁਰੰਗ ਵਿੱਚ ਹੀ ਹੁੰਦੇ ਹਨ ਜਿਹੜੀ ਪਰਬਤਾਂ ਤੋਂ ਲੰਘ ਰਹੀ ਹੈ।''
ਸਿਹਤ 'ਤੇ ਅਸਰ
ਕੀ ਇਸਦਾ ਸਾਡੀ ਸਿਹਤ 'ਤੇ ਕੋਈ ਅਸਰ ਨਹੀਂ ਪਵੇਗਾ? ਸੂਰਜ ਦੀ ਰੋਸ਼ਨੀ ਦੀ ਕਮੀ ਦਾ ਅਸਰ ਨਹੀਂ ਹੋਵੇਗਾ?
ਯੂਨੀਵਰਸਟੀ ਆਫ਼ ਸਰਦਨ ਕੈਲੀਫੋਰਨੀਆ ਦੇ ਲੌਰੇਂਸ ਪੌਲਿਨਕਸ ਦੱਸਦੇ ਹਨ ਕਿ ਸੂਰਜ ਦੀ ਰੋਸ਼ਨੀ ਦੀ ਘਾਟ ਨਾਲ ਨੀਂਦ, ਮੂਡ ਅਤੇ ਹਾਰਮੋਨ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਲਗ ਸਕਦੀਆਂ ਹਨ।
ਪਰ ਉਹ ਇਹ ਵੀ ਕਹਿੰਦੀ ਹੈ ਕਿ ਜੇਕਰ ਸੂਰਜ ਦੀ ਰੋਸ਼ਨੀ ਕੁਝ ਸਮੇਂ ਲਈ ਅਤੇ ਰੂਟੀਨ ਵਿੱਚ ਮਿਲ ਜਾਵੇ ਤਾਂ ਅੰਡਰਗਰਾਊਂਡ ਲੰਬੇ ਸਮੇਂ ਤੱਕ ਰਿਹਾ ਜਾ ਸਕਦਾ ਹੈ।
ਐਨੇਟੇ ਕਿਮ ਨੇ ਬੀਜਿੰਗ ਵਿੱਚ ਇਸੇ ਤਰ੍ਹਾਂ ਲੋਕਾਂ ਨੂੰ ਰਹਿੰਦੇ ਹੋਏ ਦੇਖਿਆ ਹੈ। ਉਹ ਕਹਿੰਦੀ ਹੈ,'' ਜ਼ਮੀਨ ਦੋਜ ਘਰਾਂ ਵਿੱਚ ਰਹਿਣ ਵਾਲੇ ਬਹੁਤੇ ਲੋਕ ਉੱਥੇ ਰਾਤ ਨੂੰ ਸੌਣ ਲਈ ਜਾਂਦੇ ਹਨ। ਇਹ ਉਨ੍ਹਾਂ ਦਾ ਸਵੀਟ ਹੋਮ ਵਰਗਾ ਨਹੀਂ ਹੁੰਦਾ।''
ਉੱਥੇ ਹੀ ਸਿੰਗਾਪੁਰ ਦੇ ਆਰਕੇਟੈਕਟ ਜੋਹੂ ਕਿੰਗ ਕਹਿੰਦੇ ਹਨ,''ਲੋਕ ਅੰਡਰਗਰਾਊਂਡ ਨਹੀਂ ਰਹਿ ਸਕੇ ਇਸਦਾ ਕੋਈ ਕਾਰਨ ਨਹੀਂ ਹੈ। ਇਹ ਜ਼ਰੂਰ ਹੈ ਕਿ ਲੋਕਾਂ ਨੂੰ ਅੰਡਰਗਰਾਊਂਡ ਰਹਿਣ ਤੋਂ ਪਹਿਲਾਂ ਕਈ ਸਹੂਲਤਾਂ ਮੁਹੱਈਆ ਕਰਵਾਉਣੀਆ ਹੋਣਗੀਆਂ।''