You’re viewing a text-only version of this website that uses less data. View the main version of the website including all images and videos.
ਕਾਂਸ਼ੀ ਰਾਮ ਜਿਨ੍ਹਾਂ ਨੇ ਦਲਿਤਾਂ ਵਿੱਚ ਸਵੈ-ਮਾਣ ਦੀ ਅਲਖ਼ ਜਗਾਈ: ਨਜ਼ਰੀਆ
- ਲੇਖਕ, ਦੇਸ ਰਾਜ ਕਾਲੀ
- ਰੋਲ, ਕਹਾਣੀਕਾਰ ਤੇ ਸੁਤੰਤਰ ਪੱਤਰਕਾਰ
ਕਾਂਸ਼ੀ ਰਾਮ ਇੱਕ ਵਰਤਾਰਾ ਸੀ, ਭਾਰਤ ਦੀ ਰਾਜਨੀਤੀ 'ਚ ਵੱਢ ਮਾਰਨ ਵਾਲਾ। ਇਸ ਨੂੰ ਜਾਨਣਾ ਹੈ ਤਾਂ ਭਾਰਤੀ ਸਮਾਜ ਦੀ ਉਣਤਰ-ਬਣਤਰ ਨੂੰ ਧਿਆਨ 'ਚ ਰੱਖਣਾ ਬਹੁਤ ਜ਼ਰੂਰੀ ਹੈ।
ਇਸ ਦੀ ਸਮਝ ਰੱਖਣਾ ਜ਼ਰੂਰੀ ਹੈ। ਇਸ ਸਮਾਜ ਦੇ ਜੋ ਹਾਲਾਤ ਨੇ, ਉਸ ਵਿੱਚ ਪਹਿਲਾਂ ਸਮਾਜਿਕ ਨਿਆਂ ਹੈ, ਫਿਰ ਕਿਸੇ ਕ੍ਰਾਂਤੀ ਦੀ ਉਮੀਦ ਕੀਤੀ ਜਾ ਸਕਦੀ ਹੈ।
ਸਮਾਜਿਕ ਨਿਆਂ ਇਸ ਲਈ ਕਿਉਂਕਿ ਇਹ ਜਾਤ/ਧਰਮ-ਆਧਾਰਤ ਅਜਿਹੇ ਵਿਕਰਿਤ ਮਾਨਸਿਕਤਾ ਵਾਲੇ ਸਮਾਜਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਹਜ਼ਾਰਾਂ ਸਾਲਾਂ ਤੋਂ ਜਾਤ ਦੇ ਵਿਤਕਰੇ ਰਾਹੀਂ ਹੀ 80 ਫੀਸਦ ਨੂੰ ਚੌਥੇ ਪੌਡੇ ਉੱਤੇ ਰੱਖੀ ਰੱਖਿਆ ਹੈ।
ਅੱਜ ਵੀ ਜੇਕਰ ਕੁੱਝ ਸੰਸਥਾਵਾਂ ਜਾਂ ਪਾਰਟੀਆਂ ਜਾਤੀ ਅਧਾਰਤ ਕਿਸੇ ਵੀ ਤਰ੍ਹਾਂ ਦਾ ਐਕਸਪੈਰੀਮੈਂਟ ਕਰਦੀਆਂ ਨੇ ਤਾਂ ਪੂਰੀ ਤਰ੍ਹਾਂ ਕਾਮਯਾਬ ਰਹਿੰਦੀਆਂ ਨੇ।
ਕਾਂਸ਼ੀ ਰਾਮ ਨੇ ਇਸ ਸਮਾਜਿਕ ਬਣਤਰ ਨੂੰ ਸਮਝਿਆ ਤੇ ਇਸ ਦੇ ਹੱਲ ਲਈ ਇੱਕ ਨਵੀਂ ਰਾਜਨੀਤੀ ਦੀ ਸ਼ੁਰੂਆਤ ਕੀਤੀ।
ਉਹਨਾਂ ਦੀ ਇਸ ਰਾਜਨੀਤੀ ਨੂੰ 'ਜਾਤ ਦੀ ਰਾਜਨੀਤੀ' ਕਹਿ ਕੇ ਨਿੰਦਿਆ ਗਿਆ।
ਪਰ ਜੇ ਅਸੀਂ ਕਾਂਸ਼ੀ ਰਾਮ ਹੁਰਾਂ ਦੇ ਵਿਜ਼ਨ ਤੋਂ ਦੇਖਦੇ ਹਾਂ, ਤਾਂ ਇਸ ਸਮਾਜ ਵਿੱਚ ਇਹੀ ਰਾਜਨੀਤੀ ਉਹਨਾਂ ਨੂੰ ਸਮਾਜਿਕ ਨਿਆਂ ਵਾਲੇ ਪਾਸੇ ਲਿਆ ਸਕਦੀ ਸੀ।
ਉਹਨਾਂ ਨੇ ਦੇਖਿਆ ਕਿ ਸਮਾਜਿਕ ਸੁਧਾਰ ਦੇ ਨਾਮ ਉੱਤੇ ਸਾਡੇ ਕੋਲ ਅਨੇਕ ਵੱਡੇ ਲੋਕ ਕਾਰਜ ਕਰਦੇ ਰਹੇ ਨੇ, ਪਰ ਲੋਕਾਂ ਵਿੱਚ ਉਹ ਇੱਕ ਸਮਾਜ ਵਾਲਾ ਸੁਪਨਾ ਬੀਜ ਹੀ ਨਹੀਂ ਸਕੇ।
ਇਸ ਕਰਕੇ ਜਦ ਤੱਕ ਦਲਿਤ ਤੇ ਦੱਬਿਆ ਵਰਗ ਰਾਜਨੀਤਕ ਹਲਕਿਆਂ ਵਿੱਚ, ਸੱਤਾ ਉੱਤੇ ਕਾਬਜ਼ ਨਹੀਂ ਹੋ ਜਾਂਦਾ, ਉਦੋਂ ਤੱਕ ਸਮਾਜਿਕ ਨਿਆਂ ਨਹੀਂ ਮਿਲ ਸਕਦਾ।
ਸਾਨੂੰ ਨਿਆਂ ਖੁਦ ਦੇ ਹੱਥਾਂ 'ਚ ਲੈਣਾ ਪਵੇਗਾ। ਸੋ ਉਨ੍ਹਾਂ ਨੇ ਜਾਤ ਨੂੰ ਅੱਗੇ ਕਰਕੇ ਰਾਜਨੀਤੀ ਨੂੰ ਨਿਖਾਰਿਆ।
ਜਾਤ ਨੂੰ ਅੱਗੇ ਰੱਖ ਕੇ ਸਿਆਸਤ ਨੂੰ ਨਖਾਰਿਆ
ਇਹ ਵੀ ਸੀ ਕਿ ਉਹਨਾਂ ਨੂੰ ਆਰ ਪੀ ਆਈ ਦੇ ਮਗਰੋਂ ਆਈ ਖੜੋਤ ਵਿੱਚ ਕੰਕਰ ਮਾਰਨ ਦਾ ਵੀ ਲਾਹਾ ਮਿਲਿਆ ਤੇ ਉਸ ਦੇ ਕਾਡਰ ਨੇ ਇੱਕਦਮ ਉਹਨਾਂ ਦਾ ਸਹਿਯੋਗ ਵੀ ਦਿੱਤਾ।
ਜਦੋਂ ਅਸੀਂ ਇਸ ਨੁਕਤੇ ਉੱਤੇ ਕੇਂਦਰਿਤ ਹੋ ਜਾਂਦੇ ਹਾਂ ਤੇ ਉਹਨਾਂ ਦਾ ਨਿੰਦਿਆ ਮਤਾ 'ਜਾਤ ਦੀ ਰਾਜਨੀਤੀ' ਕਹਿਕੇ ਕਰਦੇ ਹਾਂ, ਤਾਂ ਅਸੀਂ ਉਹਨਾਂ ਦੇ ਕਈ ਉਹ ਪੱਖ ਅਣਦੇਖੇ ਛੱਡ ਜਾਂਦੇ ਹਾਂ, ਜਿਨ੍ਹਾਂ ਨੂੰ ਘੋਖਣਾ ਬੜਾ ਲਾਜ਼ਮੀ ਹੈ।
ਇਹਨਾਂ ਪੱਖਾਂ ਦੀ ਤਹਿ ਤੱਕ ਜਾਏ ਬਗੈਰ ਤੁਸੀਂ ਕਾਂਸ਼ੀ ਰਾਮ ਦੀ ਸ਼ਖਸੀਅਤ ਨਾਲ ਨਿਆਂ ਨਹੀਂ ਕਰ ਰਹੇ ਹੋਵੋਗੇ।
ਸੰਘਰਸ਼ ਦਾ ਵੱਡਾ ਗੜ੍ਹ ਰਿਹਾ ਮਾਨਸਾ
ਉਹਨਾਂ ਦੀ ਇੱਕ ਸਪੀਚ ਸੋਸ਼ਲ ਮੀਡੀਆ ਰਾਹੀਂ ਏਧਰ-ਓਧਰ ਸੁਣਾਈ ਦਿੰਦੀ ਰਹਿੰਦੀ ਹੈ। ਇਹ ਸਪੀਚ ਉਹ ਮਾਨਸਾ 'ਚ ਦੇ ਰਹੇ ਸੀ।
ਮਾਨਸਾ ਇਸ ਲਈ ਵੀ ਮਹੱਤਵਪੂਰਨ ਹੈ ਕਿ ਅੱਜ ਜਿਵੇਂ ਦਲਿਤ ਪੰਚਾਇਤੀ ਵਾਹੀਯੋਗ ਜ਼ਮੀਨਾਂ ਵਿੱਚੋਂ ਆਪਣਾ ਬਣਦਾ ਹਿੱਸਾ ਮੰਗ ਰਹੇ ਨੇ, ਉਸ ਸੰਘਰਸ਼ ਦਾ ਇੱਕ ਵੱਡਾ ਗੜ੍ਹ ਮਾਨਸਾ ਹੀ ਹੈ।
ਕਾਂਸ਼ੀ ਰਾਮ ਮਾਨਸਾ ਵਾਲਿਆਂ ਨੂੰ ਸੰਬੋਧਨ ਕਰ ਰਹੇ ਹਨ। ਉਹ ਕਹਿ ਰਹੇ ਨੇ ਕਿ ਤੁਹਾਡੀ ਗੁਲਾਮੀ ਦਾ ਕਾਰਨ ਤੁਹਾਡਾ ਜੱਟਾਂ ਦੇ ਸੀਰੀ ਰਲੇ ਹੋਣਾ ਹੈ।
ਤੁਸੀਂ ਸੀਰੀ ਹੋ, ਇਸ ਲਈ ਪੀੜ੍ਹੀ ਦਰ ਪੀੜ੍ਹੀ ਤੁਹਾਨੂੰ ਗੁਲਾਮੀ ਚਿੰਬੜੀ ਹੋਈ ਹੈ। ਤੁਸੀਂ ਪੂੰਜੀਵਾਦ ਦੇ ਪਾਸਾਰ ਨਾਲ ਜਿਹੜਾ ਉਜਰਤੀ ਕਾਮਾ ਬਨਣਾ ਸੀ, ਉਸਤੋਂ ਖੁੰਝ ਗਏ।
ਕਿਆ ਕਮਾਲ ਦੀ ਸਮਝ ਉਹ ਪੇਸ਼ ਕਰ ਰਹੇ ਸਨ। ਉਹਨਾਂ ਦੀ ਇਹ ਸਮਝ ਕਦੇ ਵੀ ਖੱਬੇਪੱਖੀਆਂ ਤੇ ਸੱਜੇ ਪੱਖੀਆਂ ਨੂੰ ਪਈ ਹੀ ਨਹੀਂ।
ਹੈਰਾਨੀ ਹੁੰਦੀ ਹੈ ਜਦੋਂ ਪੂੰਜੀ ਦੇ ਪਾਸਾਰ ਨਾਲ ਸੀਰੀ ਟੁੱਟ ਕੇ ਉਜਰਤੀ ਕਾਮਾ ਬਣ ਰਿਹਾ ਸੀ, ਤਾਂ ਕਈ ਪ੍ਰਗਤੀਸ਼ੀਲ ਲੇਖਕਾਂ ਦੀਆਂ ਕਿਰਤਾਂ ਦੱਸਦੀਆਂ ਨੇ ਪੰਜਾਬੀ ਦੀਆਂ ਕਿ ਉਹਨਾਂ ਦੇ ਦਿਮਾਗਾਂ 'ਚ ਤਰਾਟਾਂ ਪੈ ਰਹੀਆਂ ਸਨ ਅਤੇ ਉਹ ਇਸਨੂੰ ਸੱਭਿਆਚਾਰਕ ਗਿਰਾਵਟ ਦਾ ਨਾਮ ਦੇ ਰਹੇ ਸਨ।
ਸਮਾਜ ਵਿੱਚ ਪਰਵਾਨਤਾ ਲਈ ਚੁੱਕੀ ਆਵਾਜ਼
ਮੁੱਕ ਰਹੇ, ਸੁੱਕ ਰਹੇ, ਮਾਨਵੀ ਮੁੱਲਾਂ ਨਾਲ ਜੋੜ ਰਹੇ ਸਨ। ਪਰ ਕਾਂਸ਼ੀ ਰਾਮ ਇਸ ਸਾਰੇ ਵਰਤਾਰੇ ਨੂੰ ਵਿਗਿਆਨਕ ਨਜ਼ਰ ਨਾਲ ਦੇਖ ਰਿਹਾ ਸੀ ਅਤੇ ਸੀਰੀਆਂ ਦੀ ਗੁਲਾਮੀ ਦੀਆਂ ਕੜੀਆਂ ਨੂੰ ਟੁੱਟਦੇ ਦੇਖਣਾ ਚਾਹੁੰਦਾ ਸੀ।
ਜੇਕਰ ਭਾਰਤ ਭਰ ਦਾ ਦਾਅਵਾ ਅਸੀਂ ਨਾ ਵੀ ਕਰੀਏ, ਤਾਂ ਵੀ ਜੇਕਰ ਪੰਜਾਬ ਵਿੱਚ ਅੱਜ ਕਿਤੇ ਅੰਬੇਡਕਰੀ ਵਿਚਾਰਾਂ ਦੀ ਧਾਰਾ ਹੈ, ਸਮਾਜ ਵਿੱਚ ਪਰਵਾਨਤਾ ਹੈ, ਇਸਦਾ ਸਿਹਰਾ ਵੀ ਕਾਂਸ਼ੀ ਰਾਮ ਦੇ ਸਿਰ ਹੀ ਬੱਝਦਾ ਹੈ।
ਉਹ ਰਾਜਨੀਤੀ ਵਿੱਚ ਅੰਬੇਡਕਰੀ ਪ੍ਰਭਾਵ ਸਦਕਾ ਆਏ। ਉਹਨਾਂ ਸਦਕਾ ਅੰਬੇਡਕਰੀ ਪ੍ਰਭਾਵ ਨੇ ਭਾਰਤ ਵਿੱਚ ਟਰੈਵਲ ਕੀਤਾ।
ਇਹ ਵੀ ਪੜ੍ਹੋ-
ਅਸੀਂ ਜੇਕਰ ਪੰਜਾਬੀ ਦਲਿਤ ਸਾਹਿਤ ਦੀ ਹੀ ਗੱਲ ਕਰ ਲਈਏ ਤਾਂ ਉਹਨਾਂ ਦੇ ਫਿਨਾਮਨੇ ਤੋਂ ਪਹਿਲਾਂ ਦਾ ਜੋ ਦਲਿਤ ਸਾਹਿਤ ਹੈ, ਉਹ ਸਾਰੇ ਦਾ ਸਾਰਾ ਜਾਂ ਸੂਫੀਆਂ ਦੇ ਪ੍ਰਭਾਵ ਹੇਠ ਹੈ ਜਾਂ ਫਿਰ ਪ੍ਰਗਤੀਸ਼ੀਲ ਵਿਚਾਰਧਾਰਾ ਦੇ।
ਇਸੇ ਕਰਕੇ ਤੁਹਾਨੂੰ ਜਾਤ ਨਾਲ ਜੁੜੇ ਖਾਮ-ਖਿਆਲ ਤਾਂ ਮਿਲ ਜਾਣਗੇ, ਪਰੰਤੂ ਇਸ ਪ੍ਰਤੀ ਵਿਗਿਆਨਕ ਪਹੁੰਚ ਨਾਲ ਵਿਸ਼ਲੇਸ਼ਣ ਨਹੀਂ ਮਿਲੇਗਾ।
ਪਰ ਕਾਂਸ਼ੀ ਰਾਮ ਦੀ ਸਿਆਸਤ ਤੇ ਸਮਾਜਿਕ ਬਦਲਾਅ ਦੀ ਲਹਿਰ ਦੇ ਫੈਲਾਅ ਦੇ ਨਾਲ ਹੀ ਤੁਹਾਨੂੰ ਪੰਜਾਬੀ ਵਿੱਚ ਉਹ ਦਲਿਤ ਚਿੰਤਨ ਦਿਖਾਈ ਦੇਣ ਲੱਗੇਗਾ, ਜਿਹੜਾ ਸਿੱਧਾ ਅੰਬੇਡਕਰ ਤੋਂ ਪ੍ਰਭਾਵ ਕਬੂਲ ਕਰ ਰਿਹਾ ਹੈ।
ਇਹ ਇਸ ਕਰਕੇ ਮਹੱਤਵਪੂਰਨ ਹੈ, ਕਿਉਂਕਿ ਅੰਬੇਡਕਰੀ ਦਰਸ਼ਨ ਜੋ ਹੈ, ਉਹ ਭਾਰਤ ਨੂੰ ਸਮਾਜ ਵਿਗਿਆਨੀ ਨਜ਼ਰੀਏ ਤੋਂ ਪਹਿਲਾਂ ਸਮਝਦਾ ਹੈ, ਫਿਰ ਉਸ ਉੱਤੇ ਮਿੱਥ ਦੇ ਪ੍ਰਭਾਵ ਨੂੰ ਸਮਝਦਾ ਹੈ ਤੇ ਫੇਰ ਉਸਦਾ ਕ੍ਰਿਟੀਕ ਪੇਸ਼ ਕਰਦਾ ਹੈ।
ਫੇਰ ਤਾਂ ਇੱਥੋਂ ਤੱਕ ਕਿ ਉਹ ਕਵਿਤਾਵਾਂ ਸਾਹਮਣੇ ਆਉਂਦੀਆਂ ਨੇ, ਜਿਹਨਾਂ ਵਿੱਚ ਅੰਬੇਡਕਰ ਐਜ਼ ਕਰੈਕਟਰ ਪਰਵੇਸ਼ ਕਰ ਜਾਂਦੇ ਨੇ।
ਪੰਜਾਬੀ ਲੇਖਕ ਦਲਿਤ ਸਮਾਜ ਪ੍ਰਤੀ ਆਪਣਾ ਨਜ਼ਰੀਆ ਬਦਲਦਾ ਹੈ ਤਾਂ ਪੰਜਾਬੀ ਸਾਹਿਤ ਦੀ ਮੁਹਾਣ ਬਦਲ ਜਾਂਦੀ ਹੈ।
ਇਹਨਾਂ ਵਰ੍ਹਿਆਂ 'ਚ ਪੰਜਾਬੀ ਸਾਹਿਤ ਆਪਣਾ ਆਸਣ ਬਦਲਦਾ ਨਜ਼ਰ ਆਉਂਦਾ ਹੈ। ਅੱਜ ਇਹ ਸਾਹਿਤ ਭਾਰੂ ਹੈ।
ਕਾਂਸ਼ੀ ਰਾਮ ਪੰਜਾਬ ਵਿੱਚ ਜੱਟ ਦੇ ਸਮਾਜਿਕ ਦਾਬੇ ਨੂੰ ਤਾਂ ਸਮਝਦਾ ਹੈ, ਪਰੰਤੂ ਕਿਉਂਕਿ ਉਹ ਧਰਮ ਨੂੰ ਅੰਬੇਡਕਰ ਵਾਂਗ ਹੀ ਇੱਕ ਛਤਰੀ ਸਮਝਦਿਆਂ, ਜਿਸਦੀ ਓਟ ਦਲਿਤ ਲਈ ਆਸਰਾ ਹੈ, ਸਿੱਖ ਧਰਮ ਵਿੱਚ ਵੱਡੀ ਆਸਥਾ ਦਾ ਪ੍ਰਗਟਾਵਾ ਕਰਦਾ ਹੈ।
ਬੀਬੀਸੀ ਪੰਜਾਬੀ ਤੱਕ ਪਹੁੰਚਣ ਦਾ ਸੌਖਾ ਤਰੀਕਾ - ਦੇਖੋ ਵੀਡੀਓ
ਕਾਸ਼ੀ ਰਾਮ ਦੇ ਤੱਥ
ਇਹ ਵੀ ਉਸਦੀ ਸਮਾਜਿਕ ਸਮਝ ਵਿੱਚੋਂ ਹੀ ਪੈਦਾ ਹੋਇਆ ਵਿਚਾਰ ਹੈ। ਉਹਨਾਂ ਕਿਹਾ ਸੀ ਕਿ ਮੇਰੀ ਪਾਰਟੀ ਦਾ ਮੈਨੀਫੈਸਟੋ ਉਹ ਹੈ, ਜੋ ਗੁਰੂ ਗ੍ਰੰਥ ਸਾਹਿਬ ਦਾ ਹੈ।
ਕਿਤੇ ਨਾ ਕਿਤੇ ਜਾਤ-ਰਹਿਤ ਸਮਾਜ ਦੀ ਪਰਿਕਲਪਨਾ ਜੋ ਗੁਰਬਾਣੀ 'ਚੋਂ ਧਵਨਿਤ ਹੁੰਦੀ ਸੁਣਦੀ ਹੈ, ਇਹ ਉਸ ਪ੍ਰਤੀ ਅਕੀਦਤ ਹੀ ਨਹੀਂ ਕਹੀ ਜਾ ਸਕਦੀ, ਉਹਦਾ ਇੱਕ ਠੋਸ ਵਿਚਾਰ ਹੈ।
ਪਰੰਤੂ ਕਿਉਂਕਿ ਕਿਤੇ ਨਾ ਕਿਤੇ ਪੰਜਾਬ ਵਿੱਚ ਦਲਿਤ ਦੀ ਐਕਸੈਪਟੈਂਸ ਸਿੱਖ ਸਮਾਜ ਵਿੱਚ ਉਸ ਕਦਰ ਨਹੀਂ ਹੈ, ਜਿਸ ਕਦਰ ਸਿੱਖੀ ਦੀ ਸੋਚ ਹੈ, ਤਾਂ ਕਾਂਸ਼ੀ ਰਾਮ ਦਾ ਝੁਕਾਅ ਬੁੱਧ ਧਰਮ ਵੱਲ ਅਹੁਲਦਾ ਹੈ।
ਕਾਂਸ਼ੀ ਰਾਮ ਕੋਲ ਤੱਥ ਸਨ, ਔਥੈਂਟਿਕ। ਉਹਨੂੰ ਭਾਰਤ ਦੀ ਸਿਆਸੀ, ਸਮਾਜਿਕ ਤੇ ਆਰਥਿਕ ਸਮਝ ਸੀ।
ਉਹਨੂੰ ਇਹ ਵੀ ਪਤਾ ਸੀ ਕਿ ਕਿਹਨਾਂ ਲੋਕਾਂ ਨੇ ਰਿਜ਼ਰਵੇਸ਼ਨ ਦਾ ਫਾਇਦਾ ਲਿਆ ਹੈ, ਇਸੇ ਕਰਕੇ ਉਹਨੇ ਉਹਨਾਂ ਨੂੰ ਅੱਗੇ ਕੀਤਾ ਪਾਰਟੀ ਦੀ ਮਾਲੀ ਮਦਦ ਵਾਸਤੇ।
ਇਸਦੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਕਾਂਸ਼ੀ ਰਾਮ ਦੇ ਵੇਲੇ ਜਾਂ ਉਹਨਾਂ ਤੋਂ ਪਹਿਲਾਂ ਜਿੰਨੇ ਵੀ ਦਲਿਤ ਆਗੂ ਹੋਏ ਨੇ, ਉਹਨਾਂ ਦੀ ਕੁਮਿਟਮੈਂਟ ਸਮਾਜ ਨਾਲ ਨਹੀਂ, ਉਹ ਆਪਣੀਆਂ ਪਾਰਟੀਆਂ ਦੇ ਵਫਾਦਾਰ ਹਨ।
ਕਾਂਸ਼ੀ ਰਾਮ ਦਲਿਤ ਸਮਾਜ ਨੂੰ ਸਮਰਪਿਤ ਸਨ। ਉਹਨਾਂ ਦੀ ਪ੍ਰਤੀਬੱਧਤਾ ਜੋ ਸੀ, ਉਹਨਾਂ ਨੇ ਜੋ ਧਾਰਨਾਵਾਂ ਲੈ ਕੇ ਰਾਜਨੀਤੀ ਸ਼ੁਰੂ ਕੀਤੀ ਸੀ, ਅਣਥੱਕ ਯੋਧੇ ਵਾਂਗ ਨਿਭਾਈ। ਨਮਨ!
(ਦੇਸ ਰਾਜ ਕਾਲੀ ਪੰਜਾਬੀ ਦੇ ਕਹਾਣੀਕਾਰ ਤੇ ਸੁਤੰਤਰ ਪੱਤਰਕਾਰ ਹਨ, ਦਲਿਤ ਮੁੱਦਿਆਂ ਉੱਤੇ ਆਧਾਰਿਤ ਸਾਹਿਤ ਉਨ੍ਹਾਂ ਦਾ ਪਸੰਦੀਦਾ ਵਿਸ਼ਾ ਹੈ ਇਹ ਲੇਖ ਪਹਿਲੀ ਵਾਰ 15 ਮਾਰਚ 2021 ਨੂੰ ਪ੍ਰਕਾਸ਼ਿਤ ਹੋਇਆ ਸੀ )
ਇਹ ਵੀ ਪੜ੍ਹੋ: