ਪੰਜਾਬ ਦੇ ਕਾਂਸ਼ੀ ਰਾਮ ਦੀ ਸਿਆਸੀ ਨੀਤੀ: ‘ਅੰਬੇਡਕਰ ਕਿਤਾਬਾਂ ਨੂੰ ਤੇ ਮੈਂ ਲੋਕਾਂ ਨੂੰ ਇਕੱਠਾ ਕਰਦਾ ਹਾਂ’

    • ਲੇਖਕ, ਸਬਾ ਨਕਵੀ
    • ਰੋਲ, ਸੀਨੀਅਰ ਪੱਤਰਕਾਰ

ਅਸੀਂ ਅਕਸਰ ਉੱਤਰ ਭਾਰਤ 'ਚ ਹੋਈ ਸਿਆਸੀ ਮਾਹੌਲ ਲਈ ਮੰਡਲ ਯੁੱਗ ਦੀ ਗੱਲ ਕਰਦੇ ਹਾਂ ਜਿਸ ਦੇ ਤਹਿਤ ਪੱਛੜਿਆ ਹੋਇਆ ਵਰਗ ਆਪਣੇ ਅਧਿਕਾਰਾਂ ਨੂੰ ਲੈ ਕੇ ਪਹਿਲੀ ਵਾਰ ਸੁਚੇਤ ਹੋਇਆ ਸੀ।

ਇਹੀ ਵੇਲਾ ਦਲਿਤਾਂ ਦੇ ਵੀ ਸਿਆਸੀ ਤੌਰ 'ਤੇ ਚੇਤਨਸ਼ੀਲ ਹੋਣ ਦਾ ਸੀ ਹਾਲਾਂਕਿ ਉਨ੍ਹਾਂ ਨੂੰ ਹਮੇਸ਼ਾ ਤੋਂ ਭਾਰਤ ਵਿੱਚ ਰਾਖਵਾਂਕਰਨ ਮਿਲਿਆ ਹੋਇਆ ਸੀ।

ਦਲਿਤਾਂ ਦੇ ਸਿਆਸਤ 'ਚ ਸਰਗਰਮ ਹੋਣ ਦਾ ਸਿਹਰਾ ਬਿਨਾਂ ਕਿਸੇ ਸ਼ੱਕ ਕਾਂਸ਼ੀਰਾਮ ਦੇ ਸਿਰ ਬਝਦਾ ਹੈ।

ਬਹੁਜਨ ਸਮਾਜ ਪਾਰਟੀ (ਬੀਐੱਸਪੀ) ਦੇ ਸੰਸਥਾਪਕ ਕਾਂਸ਼ੀਰਾਮ ਬੇਸ਼ੱਕ ਹੀ ਡਾਕਟਰ ਭੀਮਰਾਓ ਅੰਬੇਡਕਰ ਵਾਂਗ ਚਿੰਤਕ ਅਤੇ ਬੁੱਧੀਜੀਵੀ ਨਹੀਂ ਸਨ ਪਰ ਇਸ ਬਾਰੇ ਕਈ ਤਰਕ ਦਿੱਤੇ ਜਾ ਸਕਦੇ ਹਨ ਕਿ ਕਿਵੇਂ ਅੰਬੇਡਕਰ ਤੋਂ ਬਾਅਦ ਕਾਂਸ਼ੀ ਰਾਮ ਹੀ ਸਨ ਜਿਨ੍ਹਾਂ ਨੇ ਭਾਰਤੀ ਸਿਆਸਤ ਅਤੇ ਸਮਾਜ 'ਚ ਇੱਕ ਬਦਲਾਅ ਲੈ ਕੇ ਆਉਣ ਵਾਲੀ ਭੂਮਿਕਾ ਨਿਭਾਈ ਹੈ।

ਬੇਸ਼ੱਕ ਅੰਬੇਡਕਰ ਨੇ ਇੱਕ ਸ਼ਾਨਦਾਰ ਸੰਵਿਧਾਨ ਰਾਹੀਂ ਇਸ ਬਦਲਾਅ ਦਾ ਬਲੂਪ੍ਰਿੰਟ ਪੇਸ਼ ਕੀਤਾ ਪਰ ਇਹ ਕਾਂਸ਼ੀਰਾਮ ਹੀ ਸਨ ਜਿਨ੍ਹਾਂ ਨੇ ਇਸ ਨੂੰ ਸਿਆਸਤ ਦੇ ਧਰਾਤਲ 'ਤੇ ਉਤਾਰਿਆ ਸੀ।

ਇਹ ਵੀ ਪੜ੍ਹੋ-

ਪੰਜਾਬ ਵਿੱਚ ਜਨਮ

ਕਾਂਸ਼ੀਰਾਮ ਦਾ ਜਨਮ ਪੰਜਾਬ ਦੇ ਇੱਕ ਦਲਿਤ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਨੇ ਬੀਐੱਸਸੀ ਦੀ ਪੜ੍ਹਾਈ ਕਰਨ ਤੋਂ ਬਾਅਦ ਕਲਾਸ ਵੰਨ ਅਧਿਕਾਰੀ ਦੀ ਸਰਕਾਰੀ ਨੌਕਰੀ ਕੀਤੀ।

ਅਜ਼ਾਦੀ ਤੋਂ ਬਾਅਦ ਤੋਂ ਹੀ ਰਾਖਵਾਂਕਰਨ ਹੋਣ ਕਰਕੇ ਸਰਕਾਰੀ ਸੇਵਾ 'ਚ ਦਲਿਤ ਕਰਮਚਾਰੀਆਂ ਦੀ ਸੰਸਥਾ ਹੁੰਦੀ ਸੀ।

ਕਾਂਸ਼ਰਾਮ ਨੇ ਦਲਿਤਾਂ ਨਾਲ ਜੁੜੇ ਸਵਾਲ ਅਤੇ ਅੰਬੇਡਕਰ ਜਯੰਤੀ ਵਾਲੇ ਦਿਨ ਛੁੱਟੀ ਐਲਾਨਣ ਦੀ ਮੰਗ ਚੁੱਕੀ।

1981 ਵਿੱਚ ਉਨ੍ਹਾਂ ਨੇ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਕਮੇਟੀ ਜਾਂ ਡੀਐਸ-4 ਦੀ ਸਥਾਪਨਾ ਕੀਤੀ। 1982 ਵਿੱਚ ਉਨ੍ਹਾਂ ਨੇ 'ਦਿ ਚਮਚਾ ਐਜ' ਲਿਖਿਆ, ਜਿਸ ਵਿੱਚ ਉਨ੍ਹਾਂ ਨੇ ਉਨ੍ਹਾਂ ਦਲਿਤ ਨੇਤਾਵਾਂ ਦੀ ਆਲੋਚਨਾ ਕੀਤੀ ਜੋ ਕਾਂਗਰਸ ਵਰਗੀ ਰਵਾਇਤੀ ਮੁੱਖ ਧਾਰਾ ਦੀ ਪਾਰਟੀ ਲਈ ਕੰਮ ਕਰਦੇ ਸਨ।

1933 ਵਿੱਚ ਡੀਐੱਸ-4 ਨੇ ਇੱਕ ਸਾਈਕਲ ਰੈਲੀ ਦਾ ਪ੍ਰਬੰਧ ਕਰਕੇ ਆਪਣੀ ਤਾਕਤ ਦਿਖਾਈ। ਇਸ ਰੈਲੀ ਵਿੱਚ ਤਿੰਨ ਲੱਖ ਲੋਕਾਂ ਨੇ ਹਿੱਸਾ ਲਿਆ ਸੀ।

‘ਮੈਂ ਲੋਕਾਂ ਨੂੰ ਇਕੱਠਾ ਕਰਦਾ ਹਾਂ’

1984 ਵਿੱਚ ਉਨ੍ਹਾਂ ਨੇ ਬੀਐੱਸਪੀ ਦੀ ਸਥਾਪਨਾ ਕੀਤੀ। ਉਦੋਂ ਤੱਕ ਕਾਂਸ਼ੀਰਾਮ ਮੁਕੰਮਲ ਤੌਰ 'ਤੇ ਇੱਕ ਫੁੱਲ ਟਾਈਮ ਸਿਆਸੀ ਸਮਾਜਿਕ ਕਾਰਕੁਨ ਬਣ ਗਏ ਸਨ।

ਉਨ੍ਹਾਂ ਨੇ ਉਦੋਂ ਕਿਹਾ ਸੀ ਕਿ ਅੰਬੇਡਕਰ ਕਿਤਾਬਾਂ ਇਕੱਠਾ ਕਰਦੇ ਸਨ ਪਰ ਮੈਂ ਲੋਕਾਂ ਨੂੰ ਇਕੱਠਾ ਕਰਦਾ ਹਾਂ। ਉਨ੍ਹਾਂ ਨੇ ਉਦੋਂ ਪਾਰਟੀਆਂ ਵਿੱਚ ਦਲਿਤਾਂ ਦੀ ਥਾਂ ਦੀ ਪੜਤਾਲ ਕੀਤੀ ਅਤੇ ਬਾਅਦ ਵਿੱਚ ਆਪਣੀ ਵੱਖਰੀ ਪਾਰਟੀ ਖੜੀ ਕਰਨ ਦੀ ਲੋੜ ਮਹਿਸੂਸ ਕੀਤੀ। ਉਹ ਇੱਕ ਚਿੰਤਕ ਵੀ ਸਨ ਅਤੇ ਜ਼ਮੀਨੀ ਕਾਰਕੁਨ ਵੀ।

ਬਹੁਤ ਘੱਟ ਸਮੇਂ ਵਿੱਚ ਬੀਐੱਸਪੀ ਨੇ ਉੱਤਰ ਪ੍ਰਦੇਸ਼ ਦੀ ਸਿਆਸਤ ਵਿੱਚ ਆਪਣੀ ਇੱਕ ਵੱਖਰੀ ਛਾਪ ਛੱਡੀ। ਉੱਤਰ ਭਾਰਤ ਦੀ ਸਿਆਸਤ ਵਿੱਚ ਗ਼ੈਰ-ਬ੍ਰਾਹਮਣਵਾਦ ਦੀ ਸ਼ਬਦਾਵਲੀ ਬੀਐੱਸਪੀ ਹੀ ਰੁਝਾਨ ਵਿੱਚ ਲੈ ਕੇ ਆਈ। ਹਾਲਾਂਕਿ ਮੰਡਲ ਦੌਰ ਦੀਆਂ ਪਾਰਟੀਆਂ ਸਵਰਨ ਜਾਤੀਆਂ ਦੇ ਦਬਦਬੇ ਦੇ ਖ਼ਿਲਾਫ਼ ਸੀ।

ਦੱਖਣੀ ਭਾਰਤ ਵਿੱਚ ਇਹ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ। ਕਾਂਸ਼ੀਰਾਮ ਦਾ ਮੰਨਣਾ ਸੀ ਕਿ ਆਪਣੇ ਹੱਕ ਲਈ ਲੜਨਾ ਪਵੇਗੀ, ਉਸ ਲਈ ਗਿੜਗਿੜਾਉਣ ਨਾਲ ਗੱਲ ਨਹੀਂ ਬਣੇਗੀ।

ਕਾਂਸ਼ੀਰਾਮ ਮਾਇਆਵਤੀ ਦੇ ਮਾਰਗਦਰਸ਼ਕ ਸਨ। ਮਾਇਆਵਤੀ ਨੇ ਕਾਂਸ਼ੀਰਾਮ ਦੀ ਸਿਆਸਤ ਨੂੰ ਅੱਗੇ ਵਧਾਇਆ ਅਤੇ ਬਸਪਾ ਨੂੰ ਸਿਆਸਤ ਵਿੱਚ ਇੱਕ ਤਾਕਤ ਵਜੋਂ ਖੜ੍ਹਾ ਕੀਤਾ।

ਪਰ ਮਾਇਆਵਤੀ ਕਾਂਸ਼ੀਰਾਮ ਵਾਂਗ ਕਦੇ ਵੀ ਇੱਕ ਸਿਆਸੀ ਚਿੰਤਕ ਨਹੀਂ ਰਹੀ। ਕਾਂਸ਼ੀਰਾਮ ਦੀ 2006 ਵਿੱਚ ਮੌਤ ਤੋਂ ਤਿੰਨ ਸਾਲ ਪਹਿਲਾਂ ਹੀ 'ਐਕਟਿਵ' ਨਹੀਂ ਸਨ।

ਕਾਂਸ਼ੀਰਾਮ ਦੀ ਮੌਤ ਤੋਂ ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ ਇੱਕ ਵਾਰ ਫਿਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਾਇਆਵਤੀ ਸੱਤਾ ਹਾਸਿਲ ਕਰਨ ਦੀ ਮੁੱਖ ਦਾਅਵੇਦਾਰ ਹੈ।

ਕਈ ਜਾਣਕਾਰ ਮੰਨਦੇ ਹਨ ਕਿ ਬਸਪਾ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਲਈ ਕਿਉਂਕਿ ਕਾਂਸ਼ੀਰਾਮ ਦੀ ਵਿਰਾਸਤ ਅੱਜ ਵੀ ਜ਼ਿੰਦਾ ਹੈ ਅਤੇ ਬਿਹਤਰ ਕਰ ਰਹੀ ਹੈ।

ਫਿਰ ਵੀ ਇਸ ਗੱਲ ਨੂੰ ਲੈ ਕੇ ਸਵਾਲ ਚੁੱਕਦੇ ਹਨ ਕਿ ਮਾਇਆਵਤੀ ਜਿਸ ਤਰ੍ਹਾਂ ਠਾਠ ਵਿੱਚ ਰਹਿੰਦੀ ਹੈ ਉਸ ਨੂੰ ਦੇਖ ਕੇ ਕਾਂਸ਼ੀਰਾਮ ਕਿੰਨਾ ਖੁਸ਼ ਹੁੰਦੇ?

ਜਿਸ ਦੌਰ 'ਚ ਕਾਂਸ਼ੀਰਾਮ ਦੀ ਵਿਰਾਸਤ ਮਾਇਆਵਤੀ ਦੇ ਹੱਥਾਂ ਵਿੱਚ ਆ ਰਹੀ ਸੀ ਇਸ ਦੌਰ ਵਿੱਚ ਮਾਇਆਵਤੀ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵੀ ਲੱਗੇ ਸਨ। ਹਾਲਾਂਕਿ ਬਸਪਾ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਾ ਹੈ।

ਇਸ ਗੱਲ ਦਾ ਜਵਾਬ ਸਾਨੂੰ ਕਦੇ ਨਹੀਂ ਮਿਲ ਸਕੇਗਾ ਕਿ ਆਪਣੀ ਬਿਮਾਰੀ ਅਤੇ ਮੌਤ ਤੋਂ ਕਈ ਸਾਲ ਪਹਿਲਾਂ ਹੀ ਕਾਂਸ਼ੀਰਾਮ ਨੇ ਮਾਇਆਵਤੀ ਨੂੰ ਹੀ ਆਪਣੀ ਸਿਆਸਤ ਦਾ ਆਗੂ ਕਿਉਂ ਚੁਣ ਲਿਆ ਸੀ। ਖ਼ੈਰ ਇਸ ਨਾਲ ਉੱਤਰ ਪ੍ਰਦੇਸ਼ ਵਿੱਚ ਦਲਿਤਾਂ ਨੂੰ ਤਾਂ ਮਜ਼ਬੂਤ ਬਣਾਇਆ ਹੀ, ਇਸ ਦੇ ਨਾਲ ਹੀ ਦੂਜੇ ਸੂਬਿਆਂ ਵਿੱਚ ਵੀ ਵੋਟ ਸ਼ੇਅਰ 'ਚ ਇਜ਼ਾਫ਼ਾ ਕੀਤਾ।

ਵਿਅਕਤੀਗਤ ਤੌਰ 'ਤੇ ਕਾਂਸ਼ੀਰਾਮ ਇੱਕ ਸਾਦਾ ਜੀਵਨ ਜਿਉਂਦੇ ਸਨ। ਪਰ ਇਸ ਗੱਲ ਨੂੰ ਲੈ ਕੇ ਹਮੇਸ਼ਾ ਬਹਿਸ ਰਹੀ ਹੈ ਕਿ ਅਮੀਰੀ ਦਾ ਵਿਖਾਵਾ ਵੀ ਦਲਿਤਾਂ ਦੇ ਸਸ਼ਕਤੀਕਰਨ ਦਾ ਪ੍ਰਤੀਕ ਹੈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)