ਜਗਮੀਤ ਤੇ ਟਰੂਡੋ ਨੇ ਬਹਿਸ ਦੌਰਾਨ ਧਾਰਮਿਕ ਚਿੰਨ੍ਹਾਂ ’ਤੇ ਪਾਬੰਦੀ ਬਾਰੇ ਕੀ ਕਿਹਾ

ਕੈਨੇਡਾ ਵਿੱਚ ਚੋਣਾਂ ਤੋਂ ਪਹਿਲਾਂ ਪਹਿਲੀ ਵਾਰੀ ਦੇਸ ਦੀਆਂ ਮੁੱਖ ਪਾਰਟੀਆਂ ਦੇ ਆਗੂ ਕਿਸੇ ਟੀਵੀ ਡਿਬੇਟ ਵਿੱਚ ਇਕੱਠੇ ਆਏ।

ਇਸ ਵਿੱਚ ਲਿਬਰਲ ਆਗੂ ਜਸਟਿਨ ਟਰੂਡੋ, ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਰ, ਐਨਡੀਪੀ ਆਗੂ ਜਗਮੀਤ ਸਿੰਘ, ਗ੍ਰੀਨ ਪਾਰਟੀ ਦੀ ਆਗੂ ਐਲੀਜ਼ਾਬੇਥ ਮੇਅ ਅਤੇ ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਆਗੂ ਮੈਗਜ਼ਿਮ ਬਰਨੀਅਰ ਸਨ।

ਇਸ ਦੌਰਾਨ ਕਈ ਮੁੱਦਿਆਂ ’ਤੇ ਗੱਲਬਾਤ ਹੋਈ। ਐਨਡੀਪੀ ਆਗੂ ਨੇ ਵਾਤਾਵਰਣ, ਔਰਤਾਂ, ਐਲਜੀਬੀਟੀਕਿਊ ਲਈ ਬਰਾਬਰੀ ਦੇ ਮੁੱਦੇ ਚੁੱਕੇ।

ਵਾਤਾਵਰਣ ਦਾ ਮੁੱਦਾ

ਐਨਡੀਪੀ ਆਗੂ ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੁੱਛਿਆ, "ਤੁਸੀਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਸਫ਼ੀਨ ਹਾਰਪਰ ਨੂੰ ਵਾਤਾਵਰਣ 'ਤੇ ਸਵਾਲ ਚੁੱਕੇ ਪਰ ਖੁਦ ਵੀ ਕਾਮਯਾਬੀ ਹਾਸਿਲ ਨਹੀਂ ਕੀਤੀ, ਫੰਡਿੰਗ 'ਤੇ ਸਵਾਲ ਚੁੱਕੇ ਪਰ ਖੁਦ ਫੰਡਿੰਗ ਅੱਧੀ ਕਰ ਦਿੱਤੀ, ਤੁਸੀਂ ਇਲਜ਼ਾਮ ਲਾਇਆ ਕਿ ਉਨ੍ਹਾਂ ਨੇ ਕਾਰਪੋਰੇਟਰਜ਼ ਨੂੰ ਕਈ ਬਿਲੀਅਨ ਦਿੱਤੇ ਪਰ ਤੁਸੀਂ ਵੀ 40 ਬਿਲੀਅਨ ਹੋਰ ਦਿੱਤੇ। ਤੁਸੀਂ ਲੋਕਾਂ ਨੂੰ ਧੋਖਾ ਦੇ ਰਹੇ ਹੋ, ਜਿਨਾਂ ਨੇ ਤੁਹਾਨੂੰ ਵੋਟ ਪਾਈ।"

ਇਹ ਵੀ ਪੜ੍ਹੋ:

ਇਸ ਦੇ ਜਵਾਬ ਵਿੱਚ ਜਸਟਿਨ ਟਰੂਡੋ ਨੇ ਕਿਹਾ, "ਅਸੀਂ ਮੱਧ ਵਰਗੀ ਲੋਕਾਂ ਲਈ ਟੈਕਸ ਕਟੌਤੀ ਕੀਤੀ। ਵਾਤਾਵਰਣ ਬਦਲਾਅ ਵਿੱਚ ਸਟੀਫ਼ਨ ਹਾਰਪਰ ਸਰਕਾਰ ਨੇ ਦਸ ਸਾਲਾਂ ਤੱਕ ਕੁਝ ਨਹੀਂ ਕੀਤਾ। ਪਰ ਅਸੀਂ ਸਿਰਫ਼ ਚਾਰ ਸਾਲਾਂ ਵਿੱਚ ਹੀ ਟੀਚੇ ਦਾ ਤਿੰਨ ਕਵਾਰਟਰ ਪੂਰਾ ਕਰ ਲਿਆ ਹੈ।”

“2023 ਤੱਕ ਅਸੀਂ ਟੀਚਾ ਪੂਰਾ ਕਰ ਲਵਾਂਗੇ। ਪਰ ਅਸੀਂ ਇੱਥੇ ਹੀ ਨਹੀਂ ਰੁਕਾਂਗੇ ਕਿਉਂਕਿ ਸਾਨੂੰ ਪਤਾ ਹੈ ਕਿ ਇਸ ਲਈ ਹੋਰ ਕੰਮ ਕਰਨ ਦੀ ਲੋੜ ਹੈ। ਅਸੀਂ 200 ਬਿਲੀਅਨ ਬੂਟੇ ਲਾਵਾਂਗੇ।"

ਜਗਮੀਤ ਸਿੰਘ ਨੇ ਕਿਹਾ ਕਿ ਵਾਤਾਵਰਣ ਬਦਲਾਅ ਲਈ ਵੱਡੇ ਪੱਧਰ ’ਤੇ ਕੋਸ਼ਿਸ਼ਾਂ ਦੀ ਲੋੜ ਹੈ। ਪ੍ਰਦੂਸ਼ਣ ਫੈਲਾਉਣ ਵਾਲੇ ਵੱਡੇ ਲੋਕਾਂ ਨਾਲ ਲੜਨ ਦੀ ਲੋੜ ਹੈ। ਇਸੇ ਕਾਰਨ ਅਸੀਂ ਜੈਵਿਕ ਸੈਕਟਰ ਨੂੰ ਸਬਸਿਡੀ ਦੇਣ ਦੀ ਗੱਲ ਕਰਦੇ ਹਾਂ।

ਜਗਮੀਤ ਸਿੰਘ ਨੇ ਬਾਅਦ ਵਿੱਚ ਵਾਤਾਵਰਣ ਬਦਲਾਅ ਬਾਰੇ ਟਵੀਟ ਵੀ ਕੀਤਾ। ਉਨ੍ਹਾਂ ਲਿਖਿਆ, "ਤੁਹਾਨੂੰ ਮਿਸਟਰ ਡਿਲੇਅ (ਜਸਟਿਨ ਟਰੂਡੋ) ਤੇ ਮਿਸਟਰ ਡਿਨਾਈ (ਐਂਡਰਿਊ ਸ਼ੀਅਰ) ਚੋਂ ਹੀ ਚੁਣਨ ਦੀ ਲੋੜ ਨਹੀਂ ਹੈ। ਹੁਣ ਵਾਤਾਵਰਣ ਚੁਣੌਤੀ ਨਾਲ ਲੜਨ ਦੀ ਲੋੜ ਹੈ। ਅਸੀਂ ਪ੍ਰਦੂਸ਼ਣ ਫੈਲਾਉਣ ਵਾਲੇ ਵੱਡੇ ਲੋਕਾਂ ਤੋਂ ਜਿੱਤਣਾ ਹੈ ਤੇ ਤਿੰਨ ਲੱਖ ਨਵੀਆਂ ਨੌਕਰੀਆਂ ਪੈਦਾ ਕਰਨ ਦੀ ਲੋੜ ਹੈ।"

ਧਾਰਮਿਕ ਚਿੰਨ੍ਹਾਂ ’ਤੇ ਪਾਬੰਦੀ ਦਾ ਮੁੱਦਾ

ਚਰਚਾ ਦੌਰਾਨ ਜਸਟਿਨ ਟਰੂਡੋ ਨੇ ਜਗਮੀਤ ਸਿੰਘ ਨੂੰ ਪੁੱਛਿਆ, "ਤੁਸੀਂ ਭੇਦਭਾਵ ਬਾਰੇ ਖੁੱਲ੍ਹ ਕੇ ਬੋਲੇ ਹੋ ਪਰ ਜੇ ਤੁਹਾਡੀ ਸਰਕਾਰ ਬਣਦੀ ਹੈ ਤਾਂ ਬਿਲ 21 ਵਿੱਚ ਦਖ਼ਲ ਨਹੀਂ ਦੇਵੇਗੀ। ਸਿਰਫ਼ ਮੈਂ ਹੀ ਹਾਂ ਜੋ ਇਸ ਬਾਰੇ ਖੁੱਲ੍ਹ ਕੇ ਬੋਲ ਰਿਹਾ ਹਾਂ ਕਿਉਂਕਿ ਫੈਡਰਲਰ ਸਰਕਾਰ ਨੂੰ ਘੱਟ-ਗਿਣਤੀ, ਭਾਸ਼ਾ, ਔਰਤਾਂ ਦੇ ਹੱਕ ਦੀ ਰੱਖਿਆ ਕਰਨ ਦੀ ਲੋੜ ਹੈ।

ਦਰਅਸਲ ਕਿਉਬੇਕ ਵਿੱਚ ਹਾਲ ਹੀ ਵਿੱਚ ਬਿਲ 21 ਪਾਸ ਕੀਤਾ ਗਿਆ ਹੈ ਜਿਸ ਦੇ ਤਹਿਤ ਕਿਸੇ ਵੀ ਸਿਵਲ ਨਾਗਰਿਕ ਨੂੰ ਕੰਮ ’ਤੇ ਧਾਰਮਿਕ ਚਿੰਨ੍ਹ ਪਾਉਣ ਦੀ ਇਜਾਜ਼ਤ ਨਹੀਂ ਹੈ।

ਬਿੱਲ 21 ਤਹਿਤ ਜੱਜਾਂ, ਪੁਲਿਸ ਅਫਸਰਾਂ, ਅਧਿਆਪਕਾਂ ਅਤੇ ਕੁਝ ਹੋਰ ਅਹੁਦਿਆਂ 'ਤੇ ਕੰਮ ਕਰਦੇ ਸਰਕਾਰੀ ਮੁਲਾਜ਼ਮਾਂ ਨੂੰ ਪੱਗ ਜਾਂ ਹਿਜਾਬ, ਕਿਰਪਾਨ ਵਰਗੇ ਚਿੰਨ੍ਹ ਪਾਉਣ ਦੀ ਇਜਾਜ਼ਤ ਨਹੀਂ ਹੈ।

ਜਗਮੀਤ ਸਿੰਘ ਨੇ ਜਵਾਬ ਦਿੱਤਾ, "ਮੇਰੀ ਜ਼ਿੰਦਗੀ ਰੋਜ਼ਾਨਾ ਬਿਲ 21 ਨਾਲ ਲੜਦੀ ਹੈ। ਮੈਂ ਰੋਜ਼ਾਨਾ ਆਪਣੀ ਦਿਖ ਕਾਰਨ ਚੁਣੌਤੀ ਝੱਲਦਾ ਹਾਂ। ਮੈਂ ਰੋਜ਼ਾਨਾ ਉਨ੍ਹਾਂ ਲੋਕਾਂ ਨੂੰ ਦੇਖਦਾ ਹਾਂ ਜੋ ਕਹਿੰਦੇ ਹਨ ਕਿ ਉਹ ਕੁਝ ਹਾਸਿਲ ਨਹੀਂ ਕਰ ਸਕਦੇ ਕਿਉਂਕਿ ਉਹ ਇਸ ਤਰ੍ਹਾਂ ਦਿਖਦੇ ਹਨ।"

ਇਹ ਵੀ ਪੜ੍ਹੋ:

ਇਸ ਦੌਰਾਨ ਕਈ ਮੁੱਦਿਆਂ ਤੇ ਬਹਿਸ ਗਰਮਾ ਵੀ ਗਈ ਤੇ ਇੱਕ-ਦੂਜੇ ਤੇ ਸ਼ਬਦੀ ਹਮਲੇ ਤਿੱਖੇ ਵੀ ਹੋਏ।

ਐਂਡਰਿਊ ਸ਼ੀਅਰ ਨੇ ਟਰੂਡੋ ਉੱਤੇ ਸਿੱਧਾ ਹਮਲਾ ਕਰਦਿਆਂ ਉਨ੍ਹਾਂ ਨੂੰ "ਝੂਠਾ" ਅਤੇ "ਧੋਖੇਬਾਜ਼" ਕਿਹਾ, ਜੋ ਦੁਬਾਰਾ ਚੁਣੇ ਜਾਣ ਦੇ ਲਾਇਕ ਨਹੀਂ ਹੈ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)