ਹਰਿਆਣਾ ਚੋਣਾਂ: ਸਾਰੀਆਂ ਸਿਆਸੀ ਪਾਰਟੀਆਂ 370 ਹਟਾਉਣ ਦੇ ਹੱਕ 'ਚ ਕਿਉਂ?

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਹਰਿਆਣਾ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਮੁੱਦਾ ਬੜੇ ਜੋਰਾਂ-ਸ਼ੋਰਾਂ ਨਾਲ ਚੁੱਕਿਆ ਜਾ ਰਿਹਾ ਹੈ ਜੋ ਸ਼ਾਇਦ ਕਈ ਲੋਕਾਂ ਨੂੰ ਹੈਰਾਨ ਕਰ ਸਕਦਾ ਹੈ, ਉਹ ਹੈ ਭਾਰਤ-ਸ਼ਾਸਿਤ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਵਾਲੀ ਧਾਰਾ 370 ਦਾ ਖ਼ਤਮ ਕੀਤਾ ਜਾਣਾ।

ਹੈਰਾਨੀ ਦੀ ਗੱਲ ਇਹ ਵੀ ਹੈ ਕਿ ਸਾਰੀਆਂ ਮੁੱਖ ਪਾਰਟੀਆਂ ਇਸ ਮੁੱਦੇ 'ਤੇ ਇੱਕ ਆਵਾਜ਼ ਵਿੱਚ ਬੋਲ ਰਹੀਆਂ ਹਨ, ਭਾਵੇਂ ਉਹ ਭਾਰਤੀ ਜਨਤਾ ਪਾਰਟੀ ਹੋਵੇ, ਫਿਰ ਕਾਂਗਰਸ ਜਾਂ ਜੇਜੇਪੀ ਜਾਂ ਫਿਰ ਇਨੈਲੋ।

ਭਾਜਪਾ ਦੀ ਤਾਂ ਸਰਕਾਰ ਨੇ ਇਹ ਫ਼ੈਸਲਾ ਅਮਲ ਵਿਚ ਲਿਆਂਦਾ ਹੈ ਤੇ ਉਨ੍ਹਾਂ ਦੇ ਆਗੂਆਂ ਦਾ ਇਸ ਮੁੱਦੇ ਦੇ ਪੱਖ 'ਚ ਬੋਲਣਾ ਸੁਭਾਵਿਕ ਹੈ, ਪਰ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਦਾ ਇਸ ਮੁੱਦੇ 'ਤੇ ਇਸ ਦੇ ਪੱਖ ਵਿਚ ਬੋਲਣਾ ਕਾਫ਼ੀ ਹੈਰਾਨ ਕਰਦਾ ਹੈ।

ਇਹ ਵੀ ਪੜ੍ਹੋ:

ਮੋਦੀ ਸਰਕਾਰ ਵੱਲੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਹਟਾਉਣ ਬਾਰੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਰਾਹੁਲ ਗਾਂਧੀ ਨੇ ਇਸ ਨੂੰ ਰਾਸ਼ਟਰੀ ਸੁਰੱਖਿਆ 'ਤੇ ਗੰਭੀਰ ਪ੍ਰਭਾਵ ਪਾਉਣ ਵਾਲਾ ਫ਼ੈਸਲਾ ਕਰਾਰ ਦਿੱਤਾ ਸੀ।

ਰਾਹੁਲ ਗਾਂਧੀ ਨੇ ਸਰਕਾਰ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਸੀ ਕਿ ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਅਤੇ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਨੂੰ ਕੈਦ ਕਰਕੇ ਕੌਮੀ ਏਕੀਕਰਨ ਨਹੀਂ ਕੀਤਾ ਜਾ ਸਕਦਾ।

ਕਾਂਗਰਸ ਦੀ ਕੇਂਦਰ ਤੇ ਸੂਬਾਈ ਲੀਡਰਸ਼ਿਪ ਦਾ ਵੱਖਰੇਵਾਂ

ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ’ਚੋਂ ਧਾਰਾ 370 ਨੂੰ ਹਟਾਉਣ ਅਤੇ ਸੂਬੇ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੇ ਫੈਸਲੇ ਦਾ ਵਿਰੋਧ ਕਰਦਿਆਂ ਟਵੀਟ ਕੀਤਾ ਸੀ ਕਿ ਸੰਵਿਧਾਨ ਦੀ ਉਲੰਘਣਾ ਕਰਕੇ ਅਤੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਕੈਦ ਕਰਕੇ ਇਕਪਾਸੜ ਰੂਪ ਨਾਲ ਜੰਮੂ-ਕਸ਼ਮੀਰ ਨੂੰ ਤੋੜ ਕੇ ਰਾਸ਼ਟਰੀ ਏਕੀਕਰਨ ਨਹੀਂ ਕੀਤਾ ਜਾ ਸਕਦਾ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਇਹ ਰਾਸ਼ਟਰ ਜ਼ਮੀਨ ਦਾ ਕੋਈ ਪਲਾਟ ਨਹੀਂ ਹੈ ਬਲਕਿ ਇੱਥੋਂ ਦੇ ਲੋਕਾਂ ਵੱਲੋਂ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਰਜਕਾਰੀ ਸ਼ਕਤੀਆਂ ਦੀ ਦੁਰਵਰਤੋਂ ਦਾ ਸਾਡੀ ਕੌਮੀ ਸੁਰੱਖਿਆ 'ਤੇ ਗੰਭੀਰ ਪ੍ਰਭਾਵ ਪਵੇਗਾ।

ਪਰ ਦੂਜੇ ਪਾਸੇ ਭੁਪਿੰਦਰ ਸਿੰਘ ਹੁੱਡਾ ਨੇ ਦਲੀਲ ਦਿੱਤੀ ਕਿ ਜੰਮੂ-ਕਸ਼ਮੀਰ ਵਿੱਚ ਧਾਰਾ 370 ਦੇ ਪ੍ਰਬੰਧਾਂ ਨੂੰ ਹਟਾਉਣਾ "ਰਾਸ਼ਟਰੀ ਅਖੰਡਤਾ ਦੇ ਹਿੱਤ ਵਿੱਚ ਹੈ"।

ਇੱਕ ਇੰਟਰਵਿਉ ਵਿੱਚ ਉਨ੍ਹਾਂ ਨੇ ਮੰਨਿਆ ਕਿ ਧਾਰਾ 370 ਨੂੰ ਹਟਾਉਣ ਬਾਰੇ ਉਨ੍ਹਾਂ ਦਾ ਰੁਖ ਉਨ੍ਹਾਂ ਦੀ ਪਾਰਟੀ ਦੇ ਉਲਟ ਸੀ।

ਹੁੱਡਾ ਨੇ ਕਿਹਾ ਕਿ ਹਰਿਆਣਾ ਦੇ ਨੌਜਵਾਨ ਇਸ ਕਦਮ ਦੇ ਹੱਕ ਵਿੱਚ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਮੁੱਦੇ ਨੂੰ ਰਾਜ ਸਭਾ ਅਤੇ ਲੋਕ ਸਭਾ ਨੇ ਮਨਜ਼ੂਰੀ ਦਿੱਤੀ ਸੀ ਤੇ ਕੋਈ ਵੀ ਇੱਕ ਕਾਨੂੰਨ ਦਾ ਵਿਰੋਧ ਨਹੀਂ ਕਰਦਾ।

ਉਧਰ ਹਰਿਆਣਾ ਦੇ ਰੋਹਤਕ ਤੋਂ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਦਪਿੰਦਰ ਹੁੱਡਾ ਨੇ ਵੀ ਪਾਰਟੀ ਲਾਈਨ ਤੋਂ ਵੱਖ ਜਾਂਦੇ ਹੋਏ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਉਣ ਦੀ ਪੈਰਵੀ ਕੀਤੀ ਸੀ। ਉਨ੍ਹਾਂ ਇਸ ਨੂੰ ਆਪਣਾ ਨਿੱਜੀ ਵਿਚਾਰ ਦੱਸਿਆ ਤੇ ਕਿਹਾ ਕਿ ਇਹ ਦੇਸ਼ ਹਿੱਤ 'ਚ ਹੈ ਅਤੇ ਇਸ 'ਤੇ ਮੁੜ ਵਿਚਾਰ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਇਸ ਲਈ ਸਾਰੀਆਂ ਪਾਰਟੀਆਂ ਨੂੰ ਇਕ ਮੰਚ 'ਤੇ ਆਉਣਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਇਸ ਮਾਮਲੇ 'ਤੇ ਰਾਜਨੀਤੀ ਕਰਨ ਲਈ ਭਾਜਪਾ ਦੀ ਅਲੋਚਨਾ ਕੀਤੀ।

370 'ਤੇ ਜੇਜੇਪੀ ਦੀਆਂ ਦਲੀਲਾਂ

ਦੂਜੇ ਪਾਸੇ ਜਨਨਾਇਕ ਜਨਤਾ ਪਾਰਟੀ (ਜੇਜੀਪੀ) ਦੇ ਨੇਤਾ ਦੁਸ਼ਿਅੰਤ ਚੌਟਾਲਾ ਸ਼ੁਰੂ ਤੋਂ ਹੀ 370 ਦੇ ਹਟਾਏ ਜਾਣ ਦਾ ਸਮਰਥਨ ਕਰਦੇ ਰਹੇ ਹਨ ਭਾਂਵੇ ਉਹ ਪ੍ਰਧਾਨ ਮੰਤਰੀ ਦੀ ਹੋਰਨਾਂ ਮੁੱਦਿਆਂ ਨੂੰ ਲੈ ਕੇ ਅਲੋਚਨਾ ਕਰਦੇ ਹਨ।

ਪਿਛਲੇ ਦਿਨਾਂ ਦੌਰਾਨ ਇੱਕ ਰੈਲੀ ਵਿੱਚ ਬੋਲਦਿਆਂ ਉਨ੍ਹਾਂ ਨੇ ਕਿਹਾ, "ਅਸੀਂ ਧਾਰਾ 370 ਨੂੰ ਖ਼ਤਮ ਕਰਨ ਦਾ ਸਲਾਮ ਕਰਦੇ ਹਾਂ, ਕਿਉਂਕਿ ਧਾਰਾ 370 ਦੇ ਕਾਰਨ ਹਰਿਆਣਾ ਸਭ ਤੋਂ ਪ੍ਰਭਾਵਿਤ ਰਾਜ ਸੀ। ਸਾਡੇ ਰਾਜ ਦੇ ਹਰੇਕ ਪਿੰਡ ਵਿੱਚ, ਸਾਡੇ ਕੋਲ ਸ਼ਹੀਦਾਂ ਦੀਆਂ ਮੂਰਤੀਆਂ ਹਨ। ਹਰਿਆਣਾ ਦਾ ਕੋਈ ਵੀ ਅਜਿਹਾ ਪਿੰਡ ਨਹੀਂ ਹੈ, ਜਿਸ ਦੇ ਪੁੱਤਰ ਨੇ ਸਰਹੱਦ 'ਤੇ ਆਪਣੀ ਕੁਰਬਾਨੀ ਨਹੀਂ ਦਿੱਤੀ ਹੈ।"

ਆਖਰ ਕੀ ਕਾਰਨ ਹੈ ਕਿ ਹਰਿਆਣਾ ਦੀਆਂ ਵਿਧਾਨ ਚੋਣਾਂ ਵਿੱਚ ਸਾਰੀਆਂ ਪਾਰਟੀਆਂ 370 ਦੇ ਹਟਾਏ ਜਾਣ ਦਾ ਸਮਰਥਨ ਕਰ ਰਹੀਆਂ ਹਨ?

ਇਹ ਵੀ ਪੜ੍ਹੋ:

ਦਰਅਸਲ ਇਸ ਦਾ ਕਾਰਨ ਭਾਲਣਾ ਕੋਈ ਮੁਸ਼ਕਿਲ ਨਹੀਂ ਹੈ ਤੇ ਇਸ ਦਾ ਮੂਲ ਕਾਰਨ ਹਰਿਆਣਾ ਵਿੱਚ ਫੌਜੀਆਂ ਦਾ ਵੱਡੀ ਗਿਣਤੀ ਵਿੱਚ ਹੋਣਾ ਹੈ।

ਮਾਹਿਰਾਂ ਮੁਤਾਬਕ ਕੀ ਹਨ ਕਾਰਨ?

ਸੀਨੀਅਰ ਪੱਤਰਕਾਰ ਬਲਵੰਤ ਤਕਸ਼ਕ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤੀ ਫੌਜ ਦੇ 10 ਜਵਾਨਾਂ ਵਿੱਚੋਂ ਇੱਕ ਫੌਜੀ ਹਰਿਆਣਾ ਦਾ ਹੈ।

"ਕਸ਼ਮੀਰ 'ਚ ਹਿੰਸਾ ਦਾ ਸੂਬੇ ਉੱਤੇ ਵਿਆਪਕ ਅਸਰ ਪੈਂਦਾ ਹੈ। ਜਦੋਂ ਵੀ ਕੋਈ ਫੌਜੀ ਸਰੱਹਦ 'ਤੇ ਸ਼ਹੀਦ ਹੁੰਦਾ ਹੈ ਤਾਂ ਕਾਫ਼ੀ ਸੰਭਾਵਨਾ ਹੁੰਦੀ ਹੈ ਕਿ ਉਹ ਜਵਾਨ ਹਰਿਆਣਾ ਤੋਂ ਹੋਵੇ।”

“ਹਰਿਆਣਾ ਆਪਣੇ ਨੌਜਵਾਨਾਂ ਦੀਆਂ ਲਾਸ਼ਾਂ ਗਿਣਦਾ-ਗਿਣਦਾ ਥੱਕ ਚੁੱਕਿਆ ਹੈ। ਇਸ ਕਰਕੇ ਭਾਵੇਂ ਕਾਂਗਰਸ ਦੀ ਰਾਸ਼ਟਰ ਪੱਧਰ ਉਤੇ ਕੋਈ ਵੀ ਨੀਤੀ ਹੋਵੇ ਪਰ ਅਸੀਂ ਵੇਖਿਆ ਹੈ ਕਿ ਭੁਪਿੰਦਰ ਹੁੱਡਾ ਨੇ 370 ਹਟਾਉਣ ਦਾ ਸਮਰਥਨ ਹੀ ਕੀਤਾ ਹੈ। ਇਸ ਤੋਂ ਸਪਸ਼ਟ ਹੈ ਕਿ ਹਰ ਰਾਜਨੀਤਿਕ ਪਾਰਟੀ ਨੂੰ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਹੀ ਚੱਲਣਾ ਪੈਂਦਾ ਹੈ।"

ਬਲਵੰਤ ਤਕਸ਼ਕ ਅੱਗੇ ਕਹਿੰਦੇ ਹਨ ਕਿ ਇਸ ਪਿੱਛੇ ਪਾਰਟੀਆਂ ਦੀ ਰਾਜਨੀਤੀ ਵੀ ਹੈ। ਇਸ ਦੀ ਪੂਰੀ ਸੰਭਾਵਨਾ ਸੀ ਕਿ ਭਾਜਪਾ 370 ਦੇ ਹਟਾਏ ਜਾਣ ਦਾ ਪੂਰਾ ਸਿਹਰਾ ਲੈਣ ਦੀ ਕੋਸ਼ਿਸ਼ ਕਰਦੀ ਅਤੇ ਇਸ ਦਾ ਉਸ ਨੂੰ ਫਾਇਦਾ ਵੀ ਮਿਲਦਾ, ਪਰ ਜੇ ਸਾਰੇ ਕਿਸੇ ਗੱਲ ਦਾ ਸਮਰਥਨ ਕਰਨ ਤਾਂ ਉਸਦਾ ਫਾਇਦਾ ਕਿਸੇ ਨੂੰ ਖ਼ਾਸ ਨਹੀਂ ਮਿਲਦਾ।

ਇਸੇ ਕਰਕੇ ਕਾਂਗਰਸ ਅਤੇ ਚੌਟਾਲਾ ਧਾਰਾ 370 ਨੂੰ ਹਟਾਏ ਜਾਣ ਦਾ ਵਿਰੋਧ ਕਰਕੇ ਉਸ ਦਾ ਕ੍ਰੈਡਿਟ ਭਾਜਪਾ ਨੂੰ ਨਹੀਂ ਦੇਣਾ ਚਾਹੁੰਦੇ।

ਹਵਾ ਦੇ ਰੁਖ਼ ਨਾਲ ਤੁਰਨਾ

ਕਰਨਾਲ ਦੇ ਦਿਆਲ ਸਿੰਘ ਕਾਲਜ ਦੇ ਪ੍ਰੋਫੈਸਰ ਕੁਸ਼ਲ ਪਾਲ ਨੇ ਕਿਹਾ, ''ਹਰਿਆਣਾ ਦੇ ਲੋਕਾਂ ਦੇ ਮੁੱਖ ਕਿੱਤਿਆਂ ਵਿੱਚ ਸੁਰੱਖਿਆ ਬਲਾਂ ਵਿੱਚ ਨੌਕਰੀ ਹੈ। ਮੋਦੀ ਸਰਕਾਰ ਦੇ ਧਾਰਾ 370 ਹਟਾਉਣ ਨੂੰ ਲੋਕ ਮਜ਼ਬੂਤ ਫੈਸਲੇ ਦੇ ਤੌਰ ਉੱਤੇ ਦੇਖਦੇ ਹਨ।''

''ਸ਼ਾਇਦ ਉਨ੍ਹਾਂ ਨੂੰ ਇਹ ਵੀ ਲੱਗਦਾ ਹੈ ਕਿ ਮੋਦੀ ਸਰਕਾਰ ਕਰਕੇ ਫੌਜ ਤੇ ਸੁਰੱਖਿਆ ਬਲਾਂ ਨੂੰ ਵੱਧ ਮਜ਼ਬੂਤੀ ਮਿਲੀ ਹੈ। ਇਸ ਨਾਲ ਹਰਿਆਣਾ ਦੇ ਨੌਜਵਾਨ ਮਜ਼ਬੂਤੀ ਨਾਲ ਆਪਣੀ ਤੇ ਮੁਲਕ ਦੀ ਰੱਖਿਆ ਕਰ ਸਕਦੇ ਹਨ।''

''ਆਮ ਲੋਕਾਂ ਵਿਚ ਹਵਾ ਦੇ ਰੁਖ਼ ਨੂੰ ਦੇਖਦਿਆਂ ਕੋਈ ਵੀ ਸਿਆਸੀ ਪਾਰਟੀ ਇਸਦੇ ਵਿਰੋਧ ਵਿਚ ਖੜ੍ਹੀ ਹੋਈ ਨਜ਼ਰ ਨਹੀ ਆ ਰਹੀ।''

ਹਰਿਆਣਾ ਦੀ ਸਿਆਸਤ ਨੂੰ ਲੰਮਾ ਸਮਾਂ ਕਵਰ ਕਰਦੇ ਰਹੇ ਪੱਤਰਕਾਰ ਪ੍ਰਦੀਪ ਮਲਿਕ ਦਾ ਕਹਿਣਾ ਹੈ ਕਿ ਇਹਨਾਂ ਸਾਰੀਆਂ ਪਾਰਟੀਆਂ ਦੇ 370 ਹਟਾਉਣ ਦੇ ਫ਼ੈਸਲੇ ਦਾ ਸਮਰਥਨ ਕਰਨ ਦਾ ਇੱਕ ਹੋਰ ਕਾਰਨ ਵੀ ਹੈ।

"ਹਰਿਆਣਾ ਦੇ ਲੋਕ ਪਸੰਦ ਕਰਦੇ ਹਨ ਕਿ ਉਨ੍ਹਾਂ ਦਾ ਨੇਤਾ ਮਜਬੂਤ ਹੋਵੇ। ਇਹ ਫੈਸਲਾ ਉਨ੍ਹਾਂ ਵਾਸਤੇ ਮਜਬੂਤ ਨੇਤਾ ਦੀ ਨਿਸ਼ਾਨੀ ਹੈ ਤੇ ਸੂਬੇ ਦੇ ਬਹੁਤ ਸਾਰੇ ਲੋਕ ਇਸ ਕਰਕੇ ਇਸ ਫੈਸਲੇ ਦਾ ਸਮਰਥਨ ਕਰਦੇ ਹਨ। ਨੇਤਾ ਵੀ ਇਸ ਗੱਲ ਨੂੰ ਜਾਣਦੇ ਹਨ ਕਿ ਇਸ ਫੈਸਲੇ ਦਾ ਵਿਰੋਧ ਕਰਨ ਨਾਲ ਵੋਟਾਂ ਵਿੱਚ ਨੁਕਸਾਨ ਹੋ ਸਕਦਾ ਹੈ।"

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)