You’re viewing a text-only version of this website that uses less data. View the main version of the website including all images and videos.
ਆਰਟੀਕਲ 370: ਕੀ ਕਹਿ ਰਹੇ ਹਨ ਕਸ਼ਮੀਰੀ- ਗ੍ਰਾਊਂਡ ਰਿਪੋਰਟ
- ਲੇਖਕ, ਜ਼ੁਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ, ਸ਼੍ਰੀਨਗਰ ਤੋਂ
ਮੈਂ ਜਿਵੇਂ ਹੀ ਇਹ ਖ਼ਬਰ ਸੁਣੀ, ਮੈਨੂੰ ਦੋ ਵਾਰ ਟਾਇਲਟ ਜਾਣਾ ਪਿਆ- ਇਹ ਪ੍ਰਤੀਕਿਰਿਆ ਸੀ ਕਸ਼ਮੀਰ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਇੱਕ ਮੁਸਲਮਾਨ ਨੇਤਾ ਦੀ। ਉਹ ਆਰਟੀਕਲ 370 'ਤੇ ਭਾਰਤ ਸਰਕਾਰ ਦੇ ਫ਼ੈਸਲੇ ਦੇ ਐਲਾਨ ਤੋਂ ਕੁਝ ਸਮਾਂ ਪਹਿਲਾਂ ਕਾਫ਼ੀ ਨਰਵਸ ਸਨ।
ਬੀਬੀਸੀ ਨੂੰ ਉਨ੍ਹਾਂ ਨੇ ਦੱਸਿਆ, "ਮੈਂ ਸਦਮੇ ਵਿੱਚ ਹਾਂ। ਸਾਰੇ ਕਸ਼ਮੀਰੀ ਐਨੇ ਸਦਮੇ ਵਿੱਚ ਹਨ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਸਭ ਕਿਵੇਂ ਹੋ ਗਿਆ। ਅਜਿਹਾ ਲਗਦਾ ਹੈ ਕਿ ਕੁਝ ਸਮੇਂ ਬਾਅਦ ਲਾਵਾ ਫੱਟਣ ਵਾਲਾ ਹੈ।''
ਸੰਸਦ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਰਟੀਕਲ 370 'ਤੇ ਐਲਾਨ ਤੋਂ ਕੁਝ ਦਿਨ ਪਹਿਲਾਂ ਕਸ਼ਮੀਰ ਵਿੱਚ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ।
ਪਰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੇ ਆਰਟੀਕਲ 370 ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਜਾਵੇਗਾ, ਇਸਦੀ ਉਮੀਦ ਘੱਟ ਹੀ ਲੋਕਾਂ ਨੂੰ ਸੀ।
ਘਾਟੀ ਤੋਂ ਬਾਹਰ ਸ਼ਾਂਤੀ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਿੰਸਾ ਦੀਆਂ ਕੁਝ ਵਾਰਦਾਤਾਂ ਨੂੰ ਛੱਡ ਕੇ ਸਭ ਥਾਂ ਸ਼ਾਂਤੀ ਹੈ।
ਇਹ ਵੀ ਪੜ੍ਹੋ:
ਸੰਵਿਧਾਨ ਦੇ ਇੱਕ ਸੀਨੀਅਰ ਜਾਣਕਾਰ ਜ਼ਫ਼ਰ ਸ਼ਾਹ ਨੇ ਬੀਬੀਸੀ ਨੂੰ ਕਿਹਾ ਕਿ ਭਾਰਤ ਸਰਕਾਰ ਦਾ ਫ਼ੈਸਲਾ ਗ਼ੈਰ-ਸੰਵਿਧਾਨਕ ਹੈ।
ਉਨ੍ਹਾਂ ਨੇ ਕਿਹਾ, "ਮੇਰੇ ਹਿਸਾਬ ਨਾਲ ਇਹ ਫ਼ੈਸਲਾ ਸੰਵਿਧਾਨ ਦੇ ਖ਼ਿਲਾਫ਼ ਹੈ। 35-A ਦਾ ਮਾਮਲਾ ਅਜੇ ਸੁਪਰੀਮ ਕੋਰਟ ਵਿੱਚ ਹੈ। ਅਜਿਹੇ ਵਿੱਚ ਇਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ।''
ਜ਼ਫ਼ਰ ਸ਼ਾਹ ਮੁਤਾਬਕ ਇਹ ਫ਼ੈਸਲਾ ਕਾਫ਼ੀ ਹੈਰਾਨ ਕਰਨ ਵਾਲਾ ਹੈ ਪਰ ਇਸ ਫ਼ੈਸਲੇ ਨੂੰ ਕਸ਼ਮੀਰ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨਹੀਂ ਭੁੱਲਣਗੀਆਂ।
ਪੁਲਿਸ ਅਧਿਕਾਰੀ ਇਹ ਵੀ ਸਵੀਕਾਰ ਕਰਦੇ ਹਨ ਕਿ ਲੋਕਾਂ ਦਾ ਗੁੱਸਾ ਹਿੰਸਾ ਦਾ ਰੂਪ ਲੈ ਸਕਦਾ ਹੈ।
ਰਾਸ਼ਿਦ ਅਲੀ ਦਵਾਈ ਦੀ ਦੁਕਾਨ ਚਲਾਉਂਦੇ ਹਨ। ਉਹ ਕਹਿੰਦੇ ਹਨ, "ਪੂਰੀ ਘਾਟੀ ਨੂੰ ਇੱਕ ਖੁੱਲ੍ਹੀ ਜੇਲ੍ਹ ਬਣਾ ਦਿੱਤਾ ਗਿਆ ਹੈ। ਹਰ ਥਾਂ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਹਰ ਥਾਂ ਕਰਫ਼ਿਊ ਹੈ। ਅਜਿਹੇ ਵਿੱਚ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੈ। ਜਦੋਂ ਇਹ ਸਭ ਹਟੇਗਾ ਤਾਂ ਲੋਕ ਸੜਕਾਂ 'ਤੇ ਉਤਰ ਆਉਣਗੇ।"
ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਦੇ ਫ਼ੈਸਲੇ 'ਤੇ ਘਾਟੀ ਦੇ ਲੋਕਾਂ ਦਾ ਕਹਿਣਾ ਸੀ ਕਿ ਜਿੱਥੇ ਭਾਰਤ ਵਿੱਚ ਤੇਲੰਗਾਨਾ ਵਰਗੇ ਨਵੇਂ ਸੂਬੇ ਬਣਾਏ ਜਾ ਰਹੇ ਹਨ, ਉੱਥੇ ਹੀ ਜੰਮੂ-ਕਸ਼ਮੀਰ ਤੋਂ ਸੂਬੇ ਦਾ ਦਰਜਾ ਵੀ ਖੋਹ ਲਿਆ ਗਿਆ ਹੈ।
ਮੰਗਲਵਾਰ ਨੂੰ ਮੈਂ ਪੂਰਾ ਦਿਨ ਸ਼੍ਰੀਨਗਰ ਦੇ ਕਈ ਮੁਹੱਲਿਆਂ ਦਾ ਦੌਰਾ ਕੀਤਾ। ਚੱਪੇ-ਚੱਪੇ 'ਤੇ ਸੁਰੱਖਿਆ ਕਰਮੀ ਤਾਇਨਾਤ ਹਨ। ਬੈਰੀਕੇਡ ਹਰ ਵੱਡੀ ਸੜਕ ਅਤੇ ਮੁੱਖ ਇਮਾਰਤਾਂ ਦੇ ਬਾਹਰ ਲਗਾਏ ਗਏ ਹਨ।
ਸ਼੍ਰੀਨਗਰ ਕਿਸੇ ਵਾਰ ਜ਼ੋਨ ਤੋਂ ਘੱਟ ਨਹੀਂ ਵਿਖਾਈ ਦੇ ਰਿਹਾ। ਦੁਕਾਨਾਂ ਅਤੇ ਬਾਜ਼ਾਰ ਬੰਦ ਹਨ। ਸਕੂਲ ਅਤੇ ਕਾਲਜ ਵੀ ਬੰਦ ਹਨ।
ਲੋਕਾਂ ਨੇ ਕੁਝ ਦਿਨਾਂ ਲਈ ਆਪਣੇ ਘਰਾਂ ਵਿੱਚ ਰਾਸ਼ਨ ਅਤੇ ਲੋੜ ਦੇ ਸਮਾਨ ਦਾ ਇੰਤਜ਼ਾਮ ਕਰ ਲਿਆ ਹੈ ਪਰ ਜੇਕਰ ਕੁਝ ਦਿਨਾਂ ਤੱਕ ਦੁਕਾਨਾਂ ਹੀ ਨਹੀਂ ਖੁੱਲ੍ਹੀਆਂ, ਤਾਂ ਲੋਕਾਂ ਨੂੰ ਮੁਸ਼ਕਲਾਂ ਝੱਲਣੀਆਂ ਪੈ ਸਕਦੀਆਂ ਹਨ।
ਟੈਲੀਫ਼ੋਨ ਲਾਈਨ, ਮੋਬਾਈਲ ਕਨੈਕਸ਼ਨ ਅਤੇ ਬਰਾਡ ਬੈਂਡ ਸੇਵਾਵਾ ਬੰਦ ਕਰ ਦਿੱਤੀਆਂ ਹਨ। ਸਾਡੇ ਵਰਗੇ ਦਿੱਲੀ ਤੋਂ ਆਏ ਪੱਤਰਕਾਰ ਬੜੀ ਮੁਸ਼ਕਿਲ ਨਾਲ ਇੱਕ ਇਲਾਕੇ ਤੋਂ ਦੂਜੀ ਥਾਂ 'ਤੇ ਜਾ ਰਹੇ ਹਨ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਜੇ ਕੁਝ ਦਿਨਾਂ ਤੱਕ ਨਾ ਤਾਂ ਕਰਫ਼ਿਊ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ ਅਤੇ ਨਾ ਹੀ ਫ਼ੋਨ ਲਾਈਨ ਤੇ ਮੋਬਾਈਲ ਫ਼ੋਨ ਦੀਆਂ ਸਹੂਲਤਾਂ ਬਹਾਲ ਕੀਤੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ:
ਸ਼ਹਿਰ ਦੇ ਬੱਸ ਅੱਡੇ 'ਤੇ ਸੈਂਕੜਿਆਂ ਦੀ ਗਿਣਤੀ ਵਿੱਚ ਉਹ ਲੋਕ ਫਸੇ ਹਨ, ਜਿਹੜੇ ਦੂਜੇ ਸੂਬਿਆਂ ਤੋਂ ਆਏ ਹਨ ਜਾਂ ਫਿਰ ਉਹ ਕਸ਼ਮੀਰੀ ਹਨ, ਜਿਹੜੇ ਘਾਟੀ ਤੋਂ ਬਾਹਰ ਜਾਣਾ ਚਾਹੁੰਦੇ ਹਨ।
ਮੰਗਲਵਾਰ ਦੀ ਸਵੇਰ 6 ਵਜੇ ਤੋਂ ਸੈਂਕੜੇ ਯਾਤਰੀ ਆਪਣਾ ਸਮਾਨ ਲੈ ਕੇ ਬੱਸ ਅੱਡੇ 'ਤੇ ਖੜ੍ਹੇ ਯਾਤਰੀ ਬੱਸਾਂ ਦੀ ਉਡੀਕ ਕਰਦੇ ਨਜ਼ਰ ਆਏ।
ਪੁਲਿਸ ਉਨ੍ਹਾਂ ਨੂੰ ਕੰਟਰੋਲ ਤਾਂ ਕਰ ਰਹੀ ਸੀ ਪਰ ਬੱਸਾਂ ਦੀ ਘਾਟ ਕਾਰਨ ਉਹ ਪ੍ਰੇਸ਼ਾਨ ਸਨ।
ਬਿਹਾਰ ਤੋਂ ਆਏ ਮਜ਼ਦੂਰ ਕਾਫ਼ਿਲੇ ਵਿੱਚ ਬੱਸ ਦੀ ਉਡੀਕ 'ਚ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਦਿਖਾਈ ਦਿੱਤੇ।
ਉਨ੍ਹਾਂ ਨੇ ਦੱਸਿਆ ਕਿ ਉਹ ਦੋ ਦਿਨਾਂ ਤੋਂ ਘਾਟੀ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਅਜੇ ਤੱਕ ਇੱਥੇ ਫਸੇ ਹੋਏ ਹਨ।
ਇੱਕ ਨੇ ਕਿਹਾ, "ਅਸੀਂ ਦੋ ਦਿਨਾਂ ਤੋਂ ਕੁਝ ਨਹੀਂ ਖਾਦਾ ਹੈ, ਘਰ ਫ਼ੋਨ ਨਹੀਂ ਕਰ ਸਕੇ, ਕਿਉਂਕਿ ਮੋਬਾਈਲ ਫ਼ੋਨ ਨਹੀਂ ਚੱਲ ਰਹੇ। ਅਸੀਂ ਪ੍ਰੇਸ਼ਾਨ ਹਾਂ।''
ਸਥਾਨਕ ਲੋਕ ਖੁੱਲ੍ਹ ਕੇ ਬੋਲਣ ਤੋਂ ਡਰ ਰਹੇ ਹਨ। ਪਰ ਜਿਹੜੇ ਲੋਕ ਬੋਲਣ ਦੀ ਹਿੰਮਤ ਜੁਟਾ ਰਹੇ ਹਨ, ਉਹ ਸਰਕਾਰ ਦੇ ਫ਼ੈਸਲੇ ਤੋਂ ਨਾਰਾਜ਼ ਹਨ।
ਏਅਰਪੋਰਟ ਦੇ ਨੇੜੇ ਸੁਰੱਖਿਆ ਕਰਮੀਆਂ ਵਿਚਾਲੇ ਇੱਕ ਕਸ਼ਮੀਰੀ ਨੌਜਵਾਨ ਨੇ ਬਿਨਾਂ ਕਿਸੇ ਡਰ ਦੇ ਕਿਹਾ ਕਿ ਉਹ ਇਸ ਫ਼ੈਸਲੇ ਨੂੰ ਨਹੀਂ ਮੰਨਦੇ।
ਉਸ ਦਾ ਦਾਅਵਾ ਸੀ ਕਿ ਮਿਲੀਟੈਂਸੀ ਨੂੰ ਦੇਖਦੇ ਹੋਏ ਗ਼ੈਰ-ਕਸ਼ਮੀਰੀ ਇੱਥੇ ਆ ਕੇ ਵਸਣ ਜਾਂ ਜਾਇਦਾਦ ਖਰੀਦਣ ਦੀ ਹਿੰਮਤ ਨਹੀਂ ਕਰਨਗੇ।
ਇਹ ਵੀਡੀਓਜ਼ ਵੀ ਵੇਖੋ