ਸੁਸ਼ਮਾ ਸਵਰਾਜ ਦਾ ਦੇਹਾਂਤ, ਅਡਵਾਨੀ ਨੇ ਯਾਦ ਕਰਦਿਆਂ ਕਿਹਾ, 'ਮੇਰੇ ਜਨਮ ਦਿਨ 'ਤੇ ਉਹ ਮੇਰਾ ਮਨਪਸੰਦ ਚਾਕਲੇਟ ਕੇਕ ਲਿਆਉਂਦੀ ਸੀ'

ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਮੰਗਲਵਾਰ 6 ਅਗਸਤ ਨੂੰ ਦੇਰ ਸ਼ਾਮ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਈਂਸਜ਼ (AIIMS) ਵਿੱਚ ਦਾਖਲ ਕਰਵਾਇਆ ਗਿਆ ਸੀ।

ਉਨ੍ਹਾਂ ਦੀ ਮੌਤ ਕਾਰਡੀਐਕ ਅਰੈਸਟ (ਦਿਲ ਦਾ ਦੌਰਾ) ਕਾਰਨ ਹੋਈ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਸ਼ਮਾ ਸਵਰਾਜ ਦੇ ਦੇਹਾਂਤ 'ਤੇ ਦੁੱਖ ਜ਼ਾਹਿਰ ਕੀਤਾ ਹੈ।

ਉਨ੍ਹਾਂ ਟਵੀਟ ਕਰਕੇ ਲਿਖਿਆ, ''ਭਾਰਤ ਦੀ ਰਾਜਨੀਤੀ ਵਿੱਚ ਇੱਕ ਸੁਨਹਿਰਾ ਅਧਿਆਇ ਖ਼ਤਮ ਹੋ ਗਿਆ। ਸੁਸ਼ਮਾ ਸਵਰਾਜ ਨੇ ਆਪਣੀ ਪੂਰੀ ਜ਼ਿੰਦਗੀ ਗਰੀਬਾਂ ਦੀ ਭਲਾਈ ਲਈ ਲਗਾ ਦਿੱਤੀ। ਉਹ ਕਰੋੜਾਂ ਲੋਕਾਂ ਲਈ ਪ੍ਰੇਰਨਾਸਰੋਤ ਸਨ।''

ਇਹ ਵੀ ਪੜ੍ਹੋ-

ਸਿਆਸਤਦਾਨਾਂ ਨੇ ਜਤਾਇਆ ਦੁੱਖ

ਸੁਸ਼ਮਾ ਸਵਰਾਜ ਦੇ ਦੇਹਾਂਤ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।

ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, "ਸੁਸ਼ਮਾ ਸਵਰਾਜ ਦੀ ਅਚਾਨਕ ਮੌਤ ਤੋਂ ਹੈਰਾਨ ਹਾਂ। ਉਹ ਬੜੀ ਹੀ ਭਾਵਨਾਤਮਕ ਆਗੂ ਸੀ ਜੋ ਕਿ ਆਮ ਲੋਕਾਂ ਦਾ ਦਰਦ ਸਮਝਦੀ ਸੀ।"

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕੇ ਦੁੱਖ ਜ਼ਾਹਿਰ ਕੀਤਾ।

ਉਨ੍ਹਾਂ ਲਿਖਿਆ, "ਅੱਜ ਦੇਸ ਨੇ ਇੱਕ ਮਹਾਨ ਆਗੂ ਗਵਾ ਦਿੱਤਾ ਹੈ। ਦੁਨੀਆਂ ਨੇ ਇੱਕ ਚੰਗੀ ਇਨਸਾਨ ਤੇ ਮੈਂ ਇੱਕ ਵੱਡੀ ਭੈਣ ਗਵਾ ਦਿੱਤੀ ਹੈ। ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਜਾਣ ਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।"

ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਣ ਅਡਵਾਨੀ ਨੇ ਕਿਹਾ ਹੈ, "ਸੁਸ਼ਮਾ ਜੀ ਇੱਕ ਸ਼ਾਨਦਾਰ ਇਨਸਾਨ ਵੀ ਸੀ। ਆਪਣੇ ਰਵੱਈਏ ਅਤੇ ਗਰਮਜੋਸ਼ੀ ਨਾਲ ਉਹ ਸਭ ਦਾ ਦਿਲ ਜਿੱਤ ਲੈਂਦੇ ਸੀ। ਮੈਨੂੰ ਇੱਕ ਵੀ ਅਜਿਹਾ ਸਾਲ ਯਾਦ ਨਹੀਂ ਜਦੋਂ ਮੇਰੇ ਜਨਮ ਦਿਨ 'ਤੇ ਉਹ ਮੇਰਾ ਮਨਪਸੰਦ ਚਾਕਲੇਟ ਕੇਕ ਲੈ ਕੇ ਨਾ ਆਈ ਹੋਵੇ।"

"ਦੇਸ ਨੇ ਇੱਕ ਅਹਿਮ ਆਗੂ ਗਵਾ ਦਿੱਤਾ ਹੈ। ਮੇਰੇ ਲਈ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਤੇ ਉਨ੍ਹਾਂ ਦੀ ਕਮੀ ਮੈਨੂੰ ਬਹੁਤ ਮਹਿਸੂਸ ਹੋਵੇਗੀ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।"

ਉੱਥੇ ਹੀ ਬੀਐਸਪੀ ਆਗੂ ਮਾਇਆਵਤੀ ਨੇ ਟਵੀਟ ਕਰਕੇ ਦੁਖ ਜਤਾਇਆ।

ਉਨ੍ਹਾਂ ਨੇ ਕਿਹਾ, "ਭਾਜਪਾ ਦੀ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਰਹੀ ਸ਼੍ਰੀਮਤੀ ਸੁਸ਼ਮਾ ਸਵਰਾਜ ਦੇ ਦਹਾਂਤ ਦੀ ਅਚਾਨਕ ਖ਼ਬਰ ਕਾਫ਼ੀ ਦੁਖੀ ਕਰਨ ਵਾਲੀ ਹੈ। ਉਹ ਕਾਫ਼ੀ ਕੁਸ਼ਲ ਸਿਆਸਤਦਾਨ ਅਤੇ ਪ੍ਰਸ਼ਾਸਕ ਹੀ ਨਹੀਂ ਸਗੋਂ ਇੱਕ ਬੇਹੱਦ ਮਿਲਣਸਾਰ ਔਰਤ ਸੀ।"

ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰਕੇ ਦੁੱਖ ਜਤਾਇਆ ਅਤੇ ਨਾਲ ਹੀ ਦੋ ਦਿਨਾਂ ਦੇ ਸੋਗ ਦਾ ਐਲਾਨ ਕੀਤਾ।

ਸੁਸ਼ਮਾ ਸਵਰਾਜ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਖ਼ਬਰ ਜਿਵੇਂ ਹੀ ਮਿਲੀ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਏਮਸ ਪਹੁੰਚ ਗਏ ਸਨ।

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸੁਸ਼ਮਾ ਸਵਰਾਜ ਦੇ ਦੇਹਾਂਤ 'ਤੇ ਦੁੱਖ ਜਤਾਇਆ ਹੈ।

ਇਸ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਦੇ ਹੋਰ ਸੀਨੀਅਰ ਨੇਤਾ ਹਸਪਤਾਲ ਪਹੁੰਚਣਾ ਸ਼ੁਰੂ ਹੋ ਗਏ ਸਨ।

ਭਾਜਪਾ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਨੇ ਸੁਸ਼ਮਾ ਸਵਰਾਜ ਨੂੰ ਸ਼ਰਧਾਂਜਲੀ ਦਿੱਤੀ ਹੈ।

ਕਾਂਗਰਸ ਪਾਰਟੀ ਵੱਲੋਂ ਵੀ ਟਵੀਟ ਕਰਕੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਜਾਹਿਰ ਕੀਤਾ ਗਿਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਟਵਿੱਟਰ 'ਤੇ ਲਿਖਿਆ ਕਿ ਮੈਂ ਇਹ ਖਬਰ ਸੁਣ ਕੇ ਹੈਰਾਨ ਹਾਂ, ਉਹ ਇੱਕ ਕਮਾਲ ਦੇ ਸਿਆਸਤਦਾਨ ਸਨ।

7 ਗੱਲਾਂ ਸੁਸ਼ਮਾ ਸਵਰਾਜ ਬਾਰੇ

  • ਸੁਸ਼ਮਾ ਸਵਰਾਜ ਦਾ ਜਨਮ 14 ਫਰਵਰੀ 1952 ਨੂੰ ਹਰਿਆਣਾ ਦੇ ਅੰਬਾਲਾ ਕੈਂਟ ਵਿੱਚ ਹੋਇਆ।
  • ਉਨ੍ਹਾਂ ਦਾ ਵਿਆਹ 13 ਜੁਲਾਈ 1975 ਨੂੰ ਸਵਰਾਜ ਕੌਸ਼ਲ ਨਾਲ ਹੋਇਆ। ਉਨ੍ਹਾਂ ਦੀ ਇੱਕ ਧੀ ਹੈ ਬਾਂਸੁਰੀ ਸਵਰਾਜ।
  • ਸੁਸ਼ਮਾ ਸਵਰਾਜ ਬੀਏ, ਐਲਐਲਬੀ ਅੰਬਾਲਾ ਦੇ ਐਸਡੀ ਕਾਲਜ ਤੋਂ ਕੀਤੀ ਅਤੇ ਕਾਨੂੰਨ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ।
  • 1977-82 ਅਤੇ 1987-90 ਦੌਰਾਨ ਸੁਸ਼ਮਾ ਸਵਰਾਜ ਦੋ ਹਰਿਆਣਾ ਅਸੈਂਬਲੀ ਲਈ ਚੁਣੇ ਗਏ।
  • ਇਸ ਦੌਰਾਨ ਉਹ ਹਰਿਆਣਾ ਵਿੱਚ ਲੇਬਰ ਅਤੇ ਰੁਜ਼ਗਾਰ (1977-79), ਸਿੱਖਿਆ ਮੰਤਰੀ ਫੂਡ ਤੇ ਸਿਵਲ ਸਪਲਾਈ ਮੰਤਰੀ (1987-90) ਰਹੇ।
  • ਸਾਲ 1990 ਵਿੱਚ ਸੁਸ਼ਮਾ ਸਵਰਾਜ ਨੂੰ ਸੰਸਦ ਜਾਣ ਦਾ ਮੌਕਾ ਮਿਲਿਆ। ਉਨ੍ਹਾਂ ਨੂੰ ਰਾਜ ਸਭਾ ਭੇਜਿਆ ਗਿਆ।
  • ਇਸਤੋਂ ਬਾਅਦ ਭਾਰਤ ਦੀ ਸਿਆਸਤ ਵਿੱਚ ਉਨ੍ਹਾਂ ਇੱਕ ਤੋਂ ਬਾਅਦ ਇੱਕ ਕਈ ਪੌੜੀਆਂ ਚੜ੍ਹੀਆਂ। ਉਹ ਸੂਚਨਾ ਅਤੇ ਸੰਚਾਰ ਮੰਤਰੀ ਰਹੇ, ਦਿੱਲੀ ਦੀ ਥੋੜ੍ਹੇ ਸਮੇ ਲਈ ਮੁੱਖ ਮੰਤਰੀ ਵੀ ਰਹੇ ਅਤੇ ਆਖਰੀ ਅਹੁਦਾ ਉਨ੍ਹਾਂ ਵਿਦੇਸ਼ ਮੰਤਰੀ ਵਜੋਂ ਸੰਭਾਲਿਆ ਸੀ। ਇੰਦਰਾ ਗਾਂਧੀ ਤੋਂ ਬਾਅਦ ਉਹ ਦੂਜੀ ਮਹਿਲਾ ਵਜੋਂ ਭਾਰਤ ਦੀ ਵਿਦੇਸ਼ ਮੰਤਰੀ ਬਣੇ ਸਨ।

ਇਹ ਵੀ ਪੜ੍ਹੋ

ਸੁਸ਼ਮਾ ਸਵਰਾਜ ਦਾ ਉਹ ਆਖਰੀ ਟਵੀਟ

ਹਸਪਤਾਲ ਦਾਖਲ ਹੋਣ ਤੋਂ ਪਹਿਲਾਂ ਸੁਸ਼ਮਾ ਸਵਰਾਜ ਨੇ 6 ਅਗਸਤ ਦੀ ਰਾਤ 7.23 ਵਜੇ ਆਖਰੀ ਟਵੀਟ ਕੀਤਾ ਸੀ।

ਉਨ੍ਹਾਂ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਉਣ ਦੇ ਸਬੰਧ ਵਿੱਚ ਟਵੀਟ ਕੀਤਾ ਸੀ। ਰਾਜ ਸਭਾ ਤੋਂ ਬਾਅਦ ਲੋਕ ਸਭਾ ਵਿੱਚ ਵੀ ਜੰਮੂ-ਕਸ਼ਮੀਰ ਪੁਨਰਗਠਨ ਬਿੱਲ ਪਾਸ ਹੋ ਗਿਆ ਸੀ।

ਉਨ੍ਹਾਂ ਲਿਖਿਆ ਸੀ, ''ਪ੍ਰਧਾਨ ਮੰਤਰੀ ਜੀ, ਮੈਂ ਇਸ ਜ਼ਿੰਦਗੀ ਵਿੱਚ ਇਸੇ ਦਿਨ ਨੂੰ ਦੇਖਣ ਦੀ ਉਡੀਕ ਕਰ ਰਹੀ ਸੀ।''

ਬੁੱਧਵਾਰ ਨੂੰ ਅੰਤਿਮ ਸਸਕਾਰ

ਭਾਜਪਾ ਦੇ ਸੀਨੀਅਰ ਲੀਡਰ ਜੇਪੀ ਨੱਡਾ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਦੇਹ ਨੂੰ ਆਖਰੀ ਦਰਸ਼ਨਾਂ ਲਈ ਬੁੱਧਵਾਰ 12 ਵਜੇ ਤੋਂ ਤਿੰਨ ਵਜੇ ਤੱਕ ਪਾਰਟੀ ਹੈੱਡਕੁਆਟਰ ਵਿੱਚ ਰੱਖਿਆ ਜਾਵੇਗਾ।

ਇਸਤੋਂ ਬਾਅਦ ਲੋਧੀ ਰੋਡ ਸ਼ਮਸ਼ਾਨ ਘਾਟ ਵਿੱਚ ਕੌਮੀ ਸਨਮਾਨ ਦੇ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਕਹਾਣੀ ਸੁਸ਼ਮਾ ਸਵਰਾਜ ਦੀ

ਨਵੰਬਰ 2018 ਵਿੱਚ ਸੁਸ਼ਮਾ ਸਵਰਾਜ ਨੇ ਐਲਾਨ ਕੀਤਾ ਸੀ ਕਿ ਉਹ 2019 ਦੀ ਲੋਕ ਸਭਾ ਚੋਣ ਨਹੀਂ ਲੜਨਗੇ।

ਇਸ ਐਲਾਨ ਤੋਂ ਬਾਅਦ ਉਨ੍ਹਾਂ ਦੇ ਪਤੀ ਅਤੇ ਸਾਬਕਾ ਰਾਜਪਾਲ ਸਵਰਾਜ ਕੌਸ਼ਲ ਨੇ ਕਿਹਾ ਸੀ, ''ਇੱਕ ਸਮੇਂ ਤੋਂ ਬਾਅਦ ਤਾਂ ਮਿਲਖਾਂ ਸਿੰਘ ਨੇ ਵੀ ਭੱਜਣਾ ਬੰਦ ਕਰ ਦਿੱਤਾ ਸੀ। ਤੁਸੀਂ ਤਾਂ 41 ਸਾਲਾਂ ਤੋਂ ਚੋਣਾਂ ਲੜ ਰਹੇ ਹੋ।''

ਸੁਸ਼ਮਾ ਸਵਰਾਜ ਨੇ 25 ਸਾਲ ਦੀ ਉਮਰ ਵਿੱਚ ਸਿਆਸਤ ਵਿੱਚ ਕਦਮ ਧਰਿਆ ਸੀ। ਸੁਸ਼ਮਾ ਦੇ ਸਿਆਸੀ ਗੁਰੂ ਲਾਲ ਕ੍ਰਿਸ਼ਨ ਅਡਵਾਣੀ ਸਨ।

ਸੁਸ਼ਮਾ ਸਵਰਾਜ ਨੂੰ ਇੱਕ ਤੇਜ ਅਤੇ ਅਸਰਦਾਰ ਪ੍ਰਸ਼ਾਸਕ ਦੇ ਤੌਰ 'ਤੇ ਜਾਣਿਆ ਜਾਂਦਾ ਸੀ।

ਇੱਕ ਸਮਾਂ ਸੀ ਜਦੋਂ ਭਾਜਪਾ ਵਿੱਚ ਅਟਲ ਬਿਹਾਰੀ ਵਾਜਪਾਈ ਤੋਂ ਬਾਅਦ ਸੁਸ਼ਮਾ ਸਵਰਾਜ ਅਤੇ ਪ੍ਰਮੋਦ ਮਹਾਜਨ ਜਾਣੇ-ਪਛਾਣੇ ਸਪੋਕਸਪਰਸਨ ਸਨ।

ਬੀਤੇ ਚਾਰ ਦਹਾਕਿਆਂ ਵਿੱਚ ਸੁਸ਼ਮਾ ਨੇ 11 ਚੋਣਾਂ ਲੜੀਆਂ। ਜਿਸ ਵਿੱਚ ਤਿੰਨ ਵਾਰ ਵਿਧਾਨ ਸਭਾ ਚੋਣਾਂ ਲੜੀਆਂ ਅਤੇ ਜਿੱਤੀਆਂ। ਸੁਸ਼ਮਾ ਸੱਤ ਵਾਰ ਸਾਂਸਦ ਰਹਿ ਚੁੱਕੇ ਸਨ।

ਐਮਰਜੈਂਸੀ ਦੇ ਦਿਨਾਂ ਵਿੱਚ ਬੜੌਦਾ ਡਾਇਨਾਮਾਈਟ ਕੇਸ ਵਿੱਚ ਫੇਸ ਜੌਰਜ ਫਰਨਾਂਡਿਸ ਨੇ ਜੇਲ੍ਹ ਅੰਦਰ ਰਹਿ ਕੇ ਮੁਜ਼ੱਫਰਪੁਰ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਸੀ।

ਉਸ ਵੇਲੇ ਸੁਸ਼ਮਾ ਸਵਰਾਜ ਨੇ ਹੱਥਕੜੀਆਂ ਵਿੱਚ ਜਕੜੀ ਉਨ੍ਹਾਂ ਦੀ ਤਸਵੀਰ ਦਿਖਾ ਕੇ ਪੂਰੇ ਇਲਾਕੇ ਵਿੱਚ ਪ੍ਰਚਾਰ ਕੀਤਾ ਸੀ। ਜਦੋਂ ਚੋਣ ਨਤੀਜੇ ਆਏ ਤਾਂ ਜੌਰਜ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸਨ।

ਸਿਆਸੀ ਵਿਸ਼ਲੇਸ਼ਕ ਮੰਨਦੇ ਹਨ ਕਿ ਸਾਲ 2013 ਵਿੱਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ਤੋਂ ਰੋਕਣ ਦੀ ਲਾਲ ਕ੍ਰਿਸ਼ਨ ਅਡਵਾਣੀ ਦੀ ਮੁਹਿੰਮ ਵਿੱਚ ਉਹ ਉਨ੍ਹਾਂ ਦੇ ਨਾਲ ਸਨ।

ਬਤੌਰ ਵਿਦੇਸ਼ ਮੰਤਰੀ ਉਹ ਟਵਿੱਟਰ ਤੇ ਕਾਫੀ ਸਰਗਰਮ ਰਹਿੰਦੇ ਸਨ। ਵਿਦੇਸ਼ਾਂ ਵਿੱਚ ਫਸੇ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਸਨ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)