You’re viewing a text-only version of this website that uses less data. View the main version of the website including all images and videos.
ਧਾਰਾ 370 'ਤੇ ਬੋਲੇ ਇਮਰਾਨ ਖ਼ਾਨ, 'ਇਹ ਗੱਲ ਇੰਨੀ ਅੱਗੇ ਜਾਵੇਗੀ ਕਿ ਸਾਰਿਆਂ ਨੂੰ ਨੁਕਸਾਨ ਹੋਵੇਗਾ'
ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਭਾਰਤ ਸਰਕਾਰ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤਿੱਖੀ ਆਲੋਚਨਾ ਕੀਤੀ ਹੈ। ਪਾਕਿਸਤਾਨ ਦੀ ਸੰਸਦ ਵਿੱਚ ਆਪਣੇ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਨੇ ਕੌਮਾਂਤੀਰ ਕਾਨੂੰਨਾਂ ਦੀਆਂ ਧੱਜੀਆਂ ਉਡਾਆਈਆਂ ਹਨ।
ਇਮਰਾਨ ਖ਼ਾਨ ਨੇ ਕਿਹਾ, ''ਭਾਰਤ ਦੇ ਇਸ ਕਦਮ ਨੂੰ ਅਸੀਂ ਦੁਨੀਆਂ ਦੇ ਹਰ ਮੰਚ ਜਿਵੇਂ ਕਿ ਸੰਯੁਕਤ ਰਾਸ਼ਟਰ ਸਕਿਊਰਿਟੀ ਕਾਊਂਸਿਲ ਵਿੱਚ ਗੱਲ ਚੁੱਕਾਂਗੇ। ਕਸ਼ਮੀਰੀਆਂ ਦੇ ਨਾਲ ਪਾਕਿਸਤਾਨ ਹੀ ਨਹੀਂ ਸਗੋਂ ਸਾਰੀ ਦੁਨੀਆਂ ਦੇ ਮੁਸਲਮਾਨਾਂ ਦੀ ਆਵਾਜ਼ ਹੈ।''
ਇਮਰਾਨ ਖ਼ਾਨ ਨੇ ਭਾਰਤ ਦੀ ਭਾਜਪਾ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਗੱਲ ਇੰਨੀ ਅੱਗੇ ਚਲੀ ਜਾਵੇਗੀ ਕਿ ਸਾਰਿਆਂ ਨੂੰ ਨੁਕਸਾਨ ਹੋਵੇਗਾ ਅਤੇ ਨਤੀਜੇ ਗੰਭੀਰ ਹੋਣਗੇ।
ਇਮਰਾਨ ਖ਼ਾਨ ਨੇ ਆਪਣੇ ਭਾਸ਼ਣ ਵਿੱਚ ਕਿਹਾ ਹੈ ਕਿ ਭਾਰਤ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨਸਲਵਾਦੀ ਵਿਚਾਰਧਾਰਾ ਨੂੰ ਲੈ ਕੇ ਅੱਗੇ ਵਧ ਰਹੀ ਹੈ ਅਤੇ ਉਹੀ ਕਰ ਰਹੀ ਹੈ ਜੋ ਜਰਮਨੀ ਵਿੱਚ ਨਾਜ਼ੀ ਪਾਰਟੀ ਨੇ ਕੀਤਾ ਸੀ।
ਇਹ ਵੀ ਪੜ੍ਹੋ-
ਉਨ੍ਹਾਂ ਨੇ ਕਿਹਾ ਹੈ ਕਿ ਸੱਤਾਧਾਰੀ ਭਾਜਪਾ ਅਤੇ ਆਰਐਸਐਸ ਭਾਰਤ ਦੇ ਹਿੰਦੂਆਂ ਨੂੰ ਮੁਸਲਮਾਨਾਂ ਤੋਂ ਬਿਹਤਰ ਸਮਝਦੇ ਹਨ ਅਤੇ ਉਨ੍ਹਾਂ 'ਤੇ ਕਾਬਿਜ਼ ਹੋਣਾ ਚਾਹੁੰਦੇ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਕਸ਼ਮੀਰ ਵਿੱਚ ਨਸਲੀ ਸਫਾਇਆ ਕਰਨ ਅਤੇ ਉੱਥੋਂ ਦੀ ਆਬਾਦੀ ਦਾ ਚਰਿੱਤਰ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਪੜ੍ਹੋ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿਸਤਾਨੀ ਸੰਸਦ ਵਿੱਚ ਕੀ ਕਿਹਾ-
ਇਹ ਜੋ ਸੰਯੁਕਤ ਸੈਸ਼ਨ ਹੈ ਇਸ ਦੀ ਅਹਿਮੀਅਤ ਸਿਰਫ਼ ਕਸ਼ਮੀਰੀਆਂ ਲਈ ਹੀ ਨਹੀਂ ਹੈ ਬਲਕਿ ਇਹ ਪੂਰੀ ਦੁਨੀਆਂ ਲਈ ਸੰਦੇਸ਼ ਹੈ।
ਜਦੋਂ ਸਾਡੀ ਸਰਕਾਰ ਆਈ ਤਾਂ ਮੇਰੀ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ ਸੀ ਕਿ ਪਾਕਿਸਤਾਨ ਵਿਚੋਂ ਗਰੀਬੀ ਖ਼ਤਮ ਕੀਤੀ ਜਾਵੇ। ਅਸੀਂ ਫ਼ੈਸਲਾ ਕੀਤਾ ਕਿ ਸਾਰੇ ਗੁਆਂਢੀਆਂ ਨਾਲ ਰਿਸ਼ਤੇ ਠੀਕ ਕੀਤੇ ਜਾਣ।
ਜਦੋਂ ਤੱਕ ਤਣਾਅ ਰਹਿੰਦਾ ਹੈ, ਅਸਥਿਰਤਾ ਰਹਿੰਦੀ ਹੈ, ਉਸ ਦਾ ਸਭ ਤੋਂ ਵੱਧ ਅਸਰ ਅਰਥਚਾਰੇ ਅਤੇ ਵਿਕਾਸ 'ਤੇ ਪੈਂਦਾ ਹੈ ਅਤੇ ਤੁਸੀਂ ਲੋਕਾਂ ਨੂੰ ਗਰੀਬੀ 'ਚੋਂ ਕੱਢ ਨਹੀਂ ਸਕਦੇ।
ਮੈਂ ਸੱਤਾ ਸੰਭਾਲਦਿਆਂ ਹੀ ਭਾਰਤ ਨੂੰ ਕਿਹਾ ਕਿ ਜੇਕਰ ਤੁਸੀਂ ਇੱਕ ਕਦਮ ਸਾਡੇ ਵੱਲ ਵਧਾਉਂਗੇ ਤਾਂ ਅਸੀਂ ਦੋ ਕਦਮ ਤੁਹਾਡੇ ਵੱਲ ਵਧਾਵਾਂਗੇ।
ਇਹ ਵੀ ਪੜ੍ਹੋ-
ਅਮਰੀਕੀ ਦੌਰੇ ਦੌਰਾਨ ਵੀ ਮੈਂ ਇਹੀ ਕੋਸ਼ਿਸ਼ ਕੀਤੀ ਕਿ ਪਹਿਲਾਂ ਤੋਂ ਤੁਰੇ ਆ ਰਹੇ ਮੁੱਦਿਆਂ ਨੂੰ ਸੁਲਝਾਇਆ ਜਾ ਸਕੇ ਤਾਂ ਜੋ ਪਾਕਿਸਤਾਨ ਵਿੱਚ ਨਿਵੇਸ਼ ਆਏ ਅਤੇ ਅਸੀਂ ਲੋਕਾਂ ਨੂੰ ਗਰੀਬੀ 'ਚੋਂ ਕੱਢ ਸਕੀਏ।
ਮੈਂ ਜਦੋਂ ਪਹਿਲੀ ਵਾਰ ਨਰਿੰਦਰ ਮੋਦੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਈ ਸ਼ੰਕੇ ਜ਼ਾਹਿਰ ਕੀਤੇ, ਕਿਹਾ ਕਿ ਤੁਹਾਡੇ ਦੇਸ 'ਚ ਟਰੇਨਿੰਗ ਕੈਂਪ ਚੱਲਦੇ ਹਨ।
ਉਦੋਂ ਮੈਂ ਉਨ੍ਹਾਂ ਨੂੰ ਸਮਝਾਇਆ ਕਿ ਪੇਸ਼ਾਵਰ ਵਿੱਚ ਸਕੂਲ 'ਤੇ ਹੋਏ ਹਮਲੇ ਤੋਂ ਬਾਅਦ ਅਸੀਂ ਇੱਕ ਨੈਸ਼ਨਲ ਐਕਸ਼ਨ ਪਲਾਨ ਬਣਾਇਆ ਹੈ, ਜਿਸ ਦੇ ਤਹਿਤ ਅਸੀਂ ਤੈਅ ਕੀਤਾ ਹੈ ਕਿ ਅਸੀਂ ਦੇਸ ਵਿੱਚ ਕਿਸੇ ਟਰੇਨਿੰਗ ਕੈਂਪ ਨੂੰ ਚੱਲਣ ਦਿਆਂਗੇ।
ਇਹ ਵੀ ਪੜ੍ਹੋ-
ਅਸੀਂ ਉਨ੍ਹਾਂ ਨਾਲ ਗੱਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਸਾਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਗੱਲਬਾਤ 'ਚ ਕੋਈ ਦਿਲਚਸਪੀ ਨਹੀਂ ਹੈ।
ਫਿਰ ਪੁਲਵਾਮਾ ਵਿੱਚ ਹਮਲਾ ਹੋ ਗਿਆ। ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਸਮਝਾਉਣ ਦੀ ਕਿ ਇਸ ਵਿੱਚ ਪਾਕਿਸਤਾਨ ਦਾ ਕੋਈ ਹੱਥ ਨਹੀਂ ਹੈ।
ਪਰ ਸਾਨੂੰ ਅਹਿਸਾਸ ਹੋ ਗਿਆ ਸੀ ਕਿ ਉੱਥੇ ਚੋਣਾਂ ਹਨ ਅਤੇ ਉਨ੍ਹਾਂ ਨੇ ਪਾਕਿਸਤਾਨ ਨੂੰ ਬਲੀ ਦਾ ਬਕਰਾ ਬਣਾਉਣਾ ਹੈ।
ਉਨ੍ਹਾਂ ਨੇ ਆਪਣੇ ਦੇਸ ਵਿੱਚ ਜੰਗ ਮਾਹੌਲ ਬਣਾਇਆ ਤਾਂ ਜੋ ਉਹ ਪਾਕਿਸਤਾਨ ਵਿਰੋਧੀ ਭਾਵਨਾ ਪੈਦਾ ਕਰਕੇ ਆਪਣੇ ਦੇਸ ਵਿੱਚ ਚੋਣਾਂ ਜਿੱਤ ਲੈਣ।
ਉਨ੍ਹਾਂ ਨੇ ਡੋਜ਼ੀਅਰ ਬਾਅਦ ਵਿੱਚ ਭੇਜਿਆ ਪਹਿਲਾ ਆਪਣੇ ਜਹਾਜ਼ ਪਾਕਿਸਤਾਨ ਭੇਜ ਦਿੱਤੇ। ਅਸੀਂ ਉਨ੍ਹਾਂ ਦਾ ਪਾਇਲਟ ਫੜਿਆ ਅਤੇ ਤੁਰੰਤ ਛੱਡ ਦਿੱਤਾ ਇਹ ਜ਼ਾਹਿਰ ਕਰਨ ਲਈ ਕਿ ਪਾਕਿਸਤਾਨ ਦਾ ਤਣਾਅ ਵਧਾਉਣ ਦਾ ਕੋਈ ਇਰਾਦਾ ਨਹੀਂ ਸੀ।
ਅਸੀਂ ਚੁੱਪ ਬੈਠ ਗਏ ਅਤੇ ਭਾਰਤ ਵਿੱਚ ਚੋਣਾਂ ਖ਼ਤਮ ਹੋਣ ਦਾ ਇੰਤਜ਼ਾਪ ਕਰਨ ਲੱਗੇ। ਪਰ ਬਾਅਦ ਵਿੱਚਜਦੋਂ ਅਸੀਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਰਵੱਈਏ ਨੂੰ ਦੇਖ ਕੇ ਸਾਨੂੰ ਇਹ ਅਹਿਸਾਸ ਹੋ ਗਿਆ ਕਿ ਉਹ ਅਮਨ ਦੀਆਂ ਸਾਡੀਆਂ ਕੋਸ਼ਿਸ਼ਾਂ ਨੂੰ ਸਾਡੀ ਕਮਜ਼ੋਰੀ ਸਮਝਦੇ ਰਹੇ ਹਨ।
ਅਮਰੀਕੀ ਯਾਤਰਾ ਦੌਰਾਨ ਮੈਂ ਰਾਸ਼ਟਰਪਤੀ ਟਰੰਪ ਨੂੰ ਦੱਸਿਆ ਕਿ ਭਾਰਤ ਉਣ ਮਹਾਂਦੀਪ ਵਿੱਚ ਇੱਕ ਅਰਬ ਦੇ ਕਰੀਬ ਲੋਕ ਕਸ਼ਮੀਰ ਮੁੱਦੇ ਦੇ ਬੰਦੀ ਹਨ। ਮੈਂ ਉਨ੍ਹਾਂ ਨੂੰ ਵਿਚੋਲਗੀ ਦੀ ਗੁਜਾਰਿਸ਼ ਕੀਤੀ ਪਰ ਭਾਰਤ ਨੇ ਇਸ ਨੂੰ ਨਕਾਰ ਦਿੱਤਾ।
ਹੁਣ ਭਾਰਤ ਨੇ ਕਸ਼ਮੀਰ 'ਚ ਜੋ ਕੀਤਾ ਹੈ ਉਹ ਭਾਜਪਾ ਦੀ ਵਿਚਾਰਧਾਰਾ ਹੈ। ਇਹ ਆਰਐਸਐਸ ਦੀ ਵਿਚਾਰਧਾਰਾ 'ਤੇ ਆਧਾਰਿਤ ਹੈ। ਇਨ੍ਹਾਂ ਦੇ ਸੰਸਥਾਪਕ ਗੋਲਵਲਕਰ ਅਤੇ ਹੋਰਨਾਂ ਦੀ ਸਪੱਸ਼ਟ ਵਿਚਾਰਧਾਰਾ ਹੈ।
ਉਨ੍ਹਾਂ ਦੀ ਵਿਚਾਰਧਾਰਾ ਇਹ ਸੀ ਕਿ ਉਹ ਮੁਸਲਮਾਨਾਂ ਦਾ ਹਿੰਦੁਸਤਾਨ 'ਚ ਨਸਲੀ ਸਫਾਇਆ ਕਰਨਗੇ। ਉਨ੍ਹਾਂ ਲਈ ਹਿੰਦੁਸਤਾਨ ਸਿਰਫ਼ ਹਿੰਦੂਆਂ ਦਾ ਹੈ। ਉਨ੍ਹਾਂ ਨੇ ਕਦੇ ਵੀ ਨਹੀਂ ਸੋਚਿਆ ਕਿ ਹਿੰਦੁਸਤਾਨ ਸਭ ਦਾ ਹੋਵੇਗਾ।
ਇਹ ਵੀ ਪੜ੍ਹੋ-
ਪਾਕਿਸਤਾਨ ਵਿੱਚ ਨਫ਼ਰਤ ਨਹੀਂ ਸੀ
ਉਹ ਹਿੰਦੂ ਰਾਜ ਸੀ। ਉਨ੍ਹਾਂ ਦੇ ਦਿਲਾਂ ਵਿੱਚ ਮੁਸਲਮਾਨਾਂ ਦੇ ਖ਼ਿਲਾਫ਼ ਨਫ਼ਰਤ ਸੀ। ਉਨ੍ਹਾਂ ਨੂੰ ਗੁੱਸਾ ਸੀ ਕਿ ਮੁਸਲਮਾਨਾਂ ਨੇ ਸੈਂਕੜੇ ਸਾਲ ਹਕੂਮਤ ਕੀਤੀ।
ਉਹ ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਦਬਾ ਕੇ ਅਤੇ ਦੂਜੇ ਦਰਜੇ ਦਾ ਨਾਗਰਿਕ ਬਣਾ ਕੇ ਰੱਖਣਾ ਚਾਹੁੰਦੇ ਹਨ। ਭਾਰਤ ਦੇ ਹਿੰਦੂ ਮੁਸਲਮਾਨਾਂ ਨੂੰ ਆਪਣੇ ਬਰਾਬਰ ਨਹੀਂ ਮੰਨਦੇ ਹਨ।
ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿੰਨਾਹ ਨੇ ਇਸ ਵਿਚਾਰਾਧਾਰਾ ਨੂੰ ਬਹੁਤ ਪਹਿਲਾਂ ਹੀ ਦੇਖ ਲਿਆ ਸੀ।
ਪਾਕਿਸਤਾਨ ਦੇ ਸੰਸਥਾਪਕ ਕਾਇਦ-ਏ-ਆਜ਼ਮ ਨੇ ਕਿਹਾ ਸੀ ਕਿ ਪਾਕਿਸਤਾਨ ਵਿੱਚ ਸਭ ਬਰਾਬਰ ਹੋਣਗੇ। ਸਾਰੇ ਧਾਰਮਿਕ ਸਥਾਨਾਂ 'ਤੇ ਜਾਣ ਲਈ ਆਜ਼ਾਦ ਰਹਿਣਗੇ।
ਉਨ੍ਹਾਂ ਦੀ ਇਹ ਸੋਚ ਪੈਗੰਬਰ ਏ ਇਸਲਾਮ ਦੀ ਸੋਚ ਤੋਂ ਪ੍ਰਭਾਵਿਤ ਸੀ। ਪੈਗੰਬਰ ਨੇ ਕਿਹਾ ਸੀ ਕਿ ਅਸੀੰ ਸਾਰੇ ਆਦਮ ਦੀ ਔਲਾਦ ਹਾਂ, ਅਸੀੰ ਸਾਰੇ ਬਰਾਬਰ ਹਾਂ, ਭਾਵੇਂ ਸਾਡਾ ਰੰਗ ਜੋ ਵੀ ਹੈ।
ਪਾਕਿਸਤਾਨ ਇਸੇ ਨਜ਼ਰੀਏ ਨਾਲ ਬਣਿਆ ਹੈ, ਪਾਕਿਸਤਾਨ ਵਿੱਚ ਨਫ਼ਰਤ ਨਹੀਂ ਸੀ।
ਜਦੋਂ ਜਿੰਨਾਹ ਪਾਕਿਸਤਾਨ ਬਣਾਉਣ ਲਈ ਕੋਸ਼ਿਸ਼ ਕਰ ਰਹੇ ਸਨ ਤਾਂ ਉਹ ਸਮਝ ਗਏ ਸਨ ਕਿ ਉਨ੍ਹਾਂ ਦੀ ਲੜਾਈ ਕਿਸ ਵਿਚਾਰਧਾਰਾ ਦੀ ਹੈ।
ਉਹ ਸਮਝ ਗਏ ਸਨ ਕਿ ਮੁਸਲਮਾਨਾਂ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਬਾਅਦ ਹਿੰਦੂਆਂ ਦੀ ਗੁਲਾਮੀ ਕਰਨੀ ਪਵੇਗੀ। ਉਨ੍ਹਾਂ ਦਾ ਇਹ ਡਰ ਜਦੋਂ ਮੁਸਲਮਾਨਾਂ ਦੀ ਸਮਝ ਵਿੱਚ ਆਇਆ ਤਾਂ ਪਾਕਿਸਤਾਨ ਬਣਨ ਲਈ ਗਤੀਵਿਧੀਆਂ ਸ਼ੁਰੂ ਹੋ ਗਈਆਂ।
ਕਸ਼ਮੀਰ ਦੇ ਉਹ ਲੋਕ ਜੋ ਰਾਸ਼ਟਰਾਂ ਦੀ ਵਿਚਾਰਧਾਰਾ ਨੂੰ ਨਕਾਰਦੇ ਸਨ ਉਹ ਅੱਜ ਆਪਣੇ ਮੂੰਹੋਂ ਕਹਿ ਰਹੇ ਹਨ ਕਿ ਜਿੰਨਾਹ ਦੀ ਦੋ ਰਾਸ਼ਟਰਾਂ ਦੀ ਥਿਓਰੀ ਸਹੀ ਸੀ।
ਅੱਜ ਹਿੰਦੁਸਤਾਨ ਦੇ ਲੋਕ ਇਹ ਕਹਿ ਰਹੇ ਹਨ ਕਿ ਉਥੇ ਘੱਟ ਗਿਣਤੀ, ਭਾਵੇਂ ਮੁਸਲਮਾਨਾਂ ਹੋਣ ਜਾਂ ਈਸਾਈ ਬਰਾਬਰ ਦੇ ਨਾਗਰਿਕ ਨਹੀਂ ਹਨ।
ਭਾਰਤ ਵਿੱਚ ਮੌਜੂਦ ਭਾਜਪਾ ਦੀ ਸਰਕਾਰ ਗੋਸ਼ਤ ਖਾਣ ਵਾਲਿਆਂ ਨੂੰ ਲਟਕਾ ਦਿੰਦੀ ਹੈ। ਭੀੜ ਲੋਕਾਂ ਨੂੰ ਮਾਰ ਦਿੰਦੀ ਹੈ।
ਇਹ ਉਨ੍ਹਾਂ ਦੀ ਵਿਚਾਰਾਧਾਰਾ ਹੈ ਕਿਉਂਕਿ ਉਨ੍ਹਾਂ ਦੇ ਸੰਸਥਾਪਕਾਂ ਨੇ ਇਹ ਕਹਿ ਦਿੱਤਾ ਹੈ ਕਿ ਅਸੀਂ ਇਨ੍ਹਾਂ ਤੋਂ ਬਿਹਤਰ ਹਾਂ। ਅੱਜ ਸਾਡਾ ਮੁਕਾਬਲਾ ਇੱਕ ਨਸਲਵਾਦੀ ਵਿਚਾਰਧਾਰਾ ਨਾਲ ਹੈ।
ਕਸ਼ਮੀਰ ਵਿੱਚ ਜੋ ਉਨ੍ਹਾਂ ਕੀਤਾ ਹੈ ਉਹ ਆਪਣੀ ਵਿਚਾਰਧਾਰਾ ਮੁਤਾਬਕ ਕੀਤਾ ਹੈ। ਉਹ ਅਜਿਹਾ ਕਰਨ ਲਈ ਆਪਣੇ ਸੰਵਿਧਾਨ, ਆਪਣੇ ਸੁਪਰੀਮ ਕੋਰਟ, ਜੰਮੂ-ਕਸ਼ਮੀਰ ਦੇ ਹਾਈ ਕੋਰਟ, ਸੰਯੁਕਤ ਰਾਸ਼ਟਰ ਦੀਆਂ ਤਜਵੀਜ਼ਾਂ, ਸ਼ਿਮਲਾ ਸਮਝੌਤੇ ਦੀਆਂ ਤਜਵੀਜ਼ਾਂ ਖ਼ਿਲਾਫ਼ ਗਏ ਹਨ।
ਉਹ ਕਹਿ ਬੈਠੇ ਹਨ ਕਿ ਉਹ ਕਸ਼ਮੀਰ ਦੀ ਡੈਮੋਗ੍ਰਾਫੀ ਬਦਲਣਾ ਚਾਹੁੰਦੇ ਹਨ। ਆਬਾਦੀ ਨੂੰ ਬਦਲਣਾ ਜੇਨੇਵਾ ਕਨਵੈਸ਼ਨ ਦੇ ਖ਼ਿਲਾਫ਼ ਹੈ। ਇਸ ਨੂੰ ਕੌਮਾਂਤਰੀ ਅਪਰਾਧ ਮੰਨਿਆ ਜਾਂਦਾ ਹੈ।
ਉਹ ਪੂਰੀ ਤਰ੍ਹਾਂ ਆਪਣੀ ਵਿਚਾਰਧਾਰਾ 'ਤੇ ਚੱਲ ਰਹੇ ਹਨ। ਉਨ੍ਹਾਂ ਨੇ ਹੁਣ ਕਾਨੂੰਨ ਪਾਸ ਕਰਕੇ ਕਸ਼ਮੀਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
ਕੀ ਉਹ ਕਸ਼ਮੀਰ ਦੇ ਲੋਕ, ਜਿਨ੍ਹਾਂ 'ਤੇ ਜ਼ੁਲਮ ਹੋ ਰਿਹਾ ਹੈ। ਕੀ ਕਸ਼ਮੀਰ ਦੇ ਲੋਕ ਹੁਣ ਗੁਲਾਮ ਬਣਨ ਲਈ ਤਿਆਰ ਹੋ ਜਾਣਗੇ? ਨਹੀਂ, ਕਿਉਂਕਿ ਹੁਣ ਇਹ ਜ਼ੋਰ ਫੜੇਗਾ। ਹੁਣ ਇਹ ਬੇਹੱਦ ਗੰਭੀਰ ਮਸਲਾ ਬਣ ਗਿਆ ਹੈ।
ਉਹ ਜੋ ਜ਼ੁਲਮ ਬੀਤੇ ਪੰਜ ਸਾਲਾਂ ਤੋਂ ਕਰ ਰਹੇ ਸਨ, ਕਸ਼ਮੀਰ ਵਿੱਚ ਹੁਣ ਇਹ ਹੌਰ ਜ਼ਿਆਦਾ ਕਰਨਗੇ। ਉਹ ਕਸ਼ਮੀਰ ਦੇ ਲੋਕਾਂ ਨੂੰ ਹੋਰ ਦਬਾਉਣਗੇ।
ਉਨ੍ਹਾਂ ਨੇ ਜ਼ਾਹਿਰ ਕਰ ਦਿੱਤਾ ਹੈ ਕਿ ਉਹ ਕਸ਼ਮੀਰ ਦੇ ਲੋਕਾਂ ਨੂੰ ਆਪਣੇ ਬਰਾਬਰ ਨਹੀਂ ਸਮਝਦੇ ਹਨ। ਉਹ ਉਨ੍ਹਾਂ ਦਬਾਉਂਦੇ ਰਹਿਣਗੇ।
ਪਰ ਜਦੋਂ ਉਹ ਉਨ੍ਹਾਂ ਨੂੰ ਦਬਾਉਣਗੇ ਤਾਂ ਇਸ ਦੀ ਪ੍ਰਤੀਕਿਰਿਆ ਵੀ ਹੋਵੇਗੀ। ਪੁਲਵਾਮਾ ਵਰਗੇ ਹਮਲੇ ਹੋਣਗੇ। ਫਿਰ ਇਲਜ਼ਾਮ ਪਾਕਿਸਤਾਨ 'ਤੇ ਲੱਗੇਗਾ। ਗੁਨੀਆਂ ਜਾਣਦੀ ਹੈ ਕਿ ਪਾਕਿਸਤਾਨ ਦਾ ਇਸ ਵਿੱਚ ਕੋਈ ਹੱਥ ਨਹੀਂ ਹੈ। ਮੈਂ ਅੱਜ ਇਹ ਭਵਿੱਖਵਾਣੀ ਕਰਦਾ ਹਾਂ ਕਿ ਇਹ ਫਿਰ ਪਾਕਿਸਤਾਨ 'ਚੇ ਅੱਤਵਾਦ ਨੂੰ ਵਧਾਉਣ ਦਾ ਇਲਜ਼ਾਮ ਲਗਾਉਣਗੇ।
ਮੈਨੂੰ ਹੁਣ ਡਰ ਹੈ ਕਿ ਇਹ ਕਸ਼ਮੀਰ ਵਿੱਚ ਲੋਕਾਂ ਦਾ ਨਸਲੀ ਸਫਾਇਆ ਕਰਨਗੇ। ਕਸ਼ਮੀਰ ਲੋਕਾਂ ਨੂੰ ਬਾਹਰ ਕੱਢਣਗੇ। ਉਹ ਕਸ਼ਮੀਰ ਦੇ ਲੋਕਾਂ ਨੂੰ ਗੁਲਾਮੀ ਲਈ ਦਬਾਉਣਾ ਚਾਹੁੰਦੇ ਹਨ। ਜਦੋਂ ਅਜਿਹਾ ਹੋਵੇਗਾ ਤਾਂ ਇਸ ਸਿੱਟੇ ਬੇਹੱਦ ਗੰਭੀਰ ਨਿਕਲਣਗੇ।
ਪੁਲਵਾਮਾ ਤੋਂ ਬਾਅਦ ਹਿੰਦੁਸਤਾਨ ਨੇ ਆਪਣੇ ਜੈਟ ਭੇਜੇ ਅਤੇ ਬਾਲਾਕੋਟ ਵਿੱਚ ਹਮਲਾ ਕੀਤਾ ਅਤੇ ਸਾਨੂੰ ਪਤਾ ਲੱਗਾ ਕਿ ਸਾਡੇ ਲੋਕ ਨਹੀਂ ਮਾਰੇ ਗਏ ਹਨ, ਕੋਈ ਨੁਕਸਾਨ ਨਹੀਂ ਹੋਇਆ ਹੈ ਤਾਂ ਅਸੀਂ ਫ਼ੈਸਲਾ ਕੀਤਾ ਅਤੇ ਤੈਅ ਕੀਤਾ ਕਿ ਇਸੇ ਤਰ੍ਹਾਂ ਅਸੀਂ ਵੀ ਉਨ੍ਹਾਂ ਦੇ ਇਲਾਕੇ ਵਿੱਚ ਸੰਕੇਤਿਕ ਤੌਰ 'ਤੇ ਆਪਣੇ ਜੈਟ ਭੇਜ ਕੇ ਜਵਾਬ ਦਿਆਂਗੇ। ਜੇਕਰ ਸਾਡੇ ਲੋਕ ਮਰਦੇ ਤਾਂ ਸਾਡੀ ਹਵਾਈ ਸੈਨਾ ਦੇ ਟਾਰਗੇਟ ਵੀ ਲੌਕ ਸਨ। ਅਸੀਂ ਵੀ ਉਨ੍ਹਾਂ ਦੇ ਲੋਕਾਂ ਨੂੰ ਮਾਰ ਸਕਦੇ ਸੀ।
ਮੈਂ ਵਾਰ-ਵਾਰ ਇਹ ਕਹਿੰਦਾ ਰਿਹਾ ਹਾਂ ਕਿ ਦੋ ਪਰਮਾਣੂ ਤਾਕਤ ਰੱਖਣ ਵਾਲੇ ਮੁਲਕਾਂ ਨੂੰ ਇਸ ਤਰ੍ਹਾਂ ਦੇ ਖ਼ਤਰੇ ਨਹੀਂ ਚੁੱਕਣੇ ਚਾਹੀਦੇ।
ਮੈਨੂੰ ਇਨ੍ਹਾਂ ਵਿਚੋਂ ਇੱਕ ਤਰ੍ਹਾਂ ਦਾ ਘਮੰਡ ਨਜ਼ਰ ਆਉਂਦਾ ਹੈ ਜੋ ਹਰ ਨਸਲਵਾਦੀ ਵਿੱਚ ਹੁੰਦਾ ਹੈ। ਇਨ੍ਹਾਂ ਵਿੱਚ ਆਪਣੇ ਆਪ ਨੂੰ ਸਭ ਤੋਂ ਮੋਹਰੀ ਸਮਝਣ ਦਾ ਘਮੰਡ ਹੈ, ਇਹ ਅਜੀਬ ਮਾਈਂਡਸੈਟ ਹੈ, ਇਹ ਨਸਲ ਨੂੰ ਮੋਹਰੀ ਰੱਖਣ ਵਿੱਚ ਯਕੀਨ ਰੱਖਦੇ ਹਨ ਅਤੇ ਇਸੇ ਘਮੰਡ ਵਿੱਚ ਇਹ ਕੁਝ ਕਰ ਸਕਦੇ ਹਨ।
ਉਹ ਕੁਝ ਕਰਨਗੇ ਤਾਂ ਅਸੀਂ ਜਵਾਬ ਜ਼ਰੂਰ ਦਿਆਂਗੇ। ਇਹ ਨਹੀਂ ਹੋ ਸਕਦਾ ਹੈ ਕਿ ਉਹ ਪਾਕਿਸਤਾਨ ਵਿੱਚ ਹਮਲਾ ਕਰਨ ਅਤੇ ਅਸੀੰ ਜਵਾਬ ਨਾ ਦਈਏ।
ਇਹ ਚਲਦਾ ਰਿਹਾ ਤਾਂ ਕੀ ਹੋਵੇਗਾ? ਅਸੀਂ ਰਵਾਇਤੀ ਜੰਗ ਤੱਕ ਪਹੁੰਚ ਸਕਦੇ ਹਾਂ।
ਜੰਗ ਹੋਈ ਤਾਂ ਕੀ ਹੋਵੇਗਾ? ਅਸੀਂ ਜਿੱਤ ਵੀ ਸਕਦੇ ਹਾਂ, ਅਸੀਂ ਹਾਰ ਵੀ ਸਕਦੇ ਹਾਂ? ਜੰਗ ਦਾ ਨਤੀਜਾ ਕੁਝ ਵੀ ਹੋ ਸਕਦਾ ਹੈ।
ਉਦੋਂ ਸਾਡੇ ਕੋਲ ਦੋ ਰਸਤੇ ਹੋਣਗੇ। ਸਾਨੂੰ ਬਹਾਦੁਰ ਸ਼ਾਹ ਜਫ਼ਰ ਜਾਂ ਟੀਪੂ ਸੁਲਤਾਨ ਵਿਚੋਂ ਕਿਸੇ ਇੱਕ ਦੇ ਨਕਸ਼ੇ ਕਦਮ 'ਤੇ ਤੁਰਨਾ ਪਵੇਗਾ। ਜਾਂ ਤਾਂ ਅਸੀਂ ਹੱਛ ਖੜੇ ਕਰਨ ਦਿਆਂਗੇ ਜਾਂ ਖ਼ੂਨ ਦੇ ਆਖ਼ਰੀ ਕਤਰੇ ਤੱਕ ਲੜਾਂਗੇ।
ਅਤੇ ਇਹ ਤੈਅ ਹੈ ਕਿ ਜਦੋਂ ਅਜਿਹੇ ਹਾਲਾਤ ਆਉਣਗੇ ਤਾਂ ਅਸੀਂ ਕੀ ਕਰਾਂਗੇ। ਮੇਰਾ ਜਵਾਬ ਹੈ ਅਸੀੰ ਆਪਣੇ ਖ਼ੂਨ ਦੇ ਆਖ਼ਰੀ ਤੱਕ ਲੜਾਂਗੇ।
ਮੁਸਲਮਾਨ ਅੱਲ੍ਹਾ ਤੋਂ ਇਲਾਵਾ ਕਿਸੇ ਤੋਂ ਨਹੀਂ ਡਰਦਾ ਹੈ। ਸਾਡਾ ਦੀਨ ਸਾਡੇ 'ਚ ਇਨਸਾਨੀਅਤ ਪਾਉਂਦਾ ਹੈ। ਸਾਨੂੰ ਦੁਨੀਆਂ ਦੀ ਫਿਕਰ ਹੈ ਪਰ ਜੇਕਰ ਅਸੀਂ ਆਪਣੇ ਖ਼ੂਨ ਦੇ ਆਖ਼ਰੀ ਕਤਰੇ ਤੱਕ ਲੜਾਂਗੇ ਤਾਂ ਉਸ ਜੰਗ ਵਿੱਚ ਕੋਈ ਨਹੀਂ ਜਿੱਤੇਗਾ, ਸਾਰੇ ਹਾਰ ਜਾਣਗੇ।
ਮੈਂ ਦੁਨੀਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਇਸ ਦੇਸ ਨੂੰ ਰੋਕੋ ਜੋ ਸਾਰੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਹੈ ਉਸ ਨੂੰ ਰੋਕਿਆ ਜਾਵੇ।
ਦੁਨੀਆਂ ਕਸ਼ਮੀਰੀਆਂ 'ਤੇ ਹੋ ਰਹੇ ਜ਼ੁਲਮ 'ਤੇ ਚੁੱਪ ਰਹੀ ਹੈ ਅਤੇ ਉਸ ਨਾਲ ਉਸ ਦਾ ਫ਼ੈਸਲਾ ਵਧਦਾ ਰਿਹਾ। ਹੁਣ ਦੁਨੀਆਂ ਦੇ ਕੋਲ ਕਾਰਵਾਈ ਕਰਨ ਦਾ ਮੌਕਾ ਹੈ।
ਇਹ ਇਤਿਹਾਸ ਦਾ ਉਹ ਦੌਰ ਹੈ
ਇਨ੍ਹਾਂ ਦੀ ਪਾਰਟੀ ਉਥੇ ਉਹੀ ਹਰਕਤਾਂ ਕਰ ਰਹੀ ਹੈ ਉਹ ਜਰਮਨੀ ਦੀ ਨਾਜ਼ੀ ਪਾਰਟੀ ਕਰਦੀ ਸੀ। ਉਨ੍ਹਾਂ ਨੇ ਹਿੰਦੁਸਤਾਨ ਦੇ ਵਿਰੋਧੀ ਧਿਰ ਕੰਧ ਨਾਲ ਲਗਾ ਦਿੱਤਾ ਹੈ। ਹਰ ਉਹ ਚੀਜ਼ ਕੀਤੀ ਹੈ ਜੋ ਕਿ ਹਿੰਦੁਸਤਾਨ ਦੇ ਲੋਕਤੰਤਰ ਤੋਂ ਇਲਾਵਾ, ਹਿੰਦੁਸਤਾਨ ਦੇ ਚਰਿੱਤਰ ਸਨ, ਇਨ੍ਹਾਂ ਸੰਸਥਾਪਰਾਂ ਦੇ ਚਰਿੱਤਰ ਸਨ, ਉਸ 'ਤੇ ਹਮਲਾ ਕਰ ਰਹੇ ਹਨ , ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਦੇ ਸਿਧਾਂਤਾਂ ਦਾ ਕਤਲ ਕਰ ਰਹੇ ਹਨ।
ਇਹ ਉਹ ਵਿਚਾਰਾਧਾਰਾ ਹੈ ਜਿਸ ਨੂੰ ਅਜੇ ਨਾ ਰੋਕਿਆ ਗਿਆ ਤਾਂ...
ਜੇਕਰ ਦੁਨੀਆਂ ਕਾਰਵਾਈ ਨਹੀਂ ਕਰੇਗੀ, ਵਿਕਸਿਤ ਦੇਸ ਜੇਕਰ ਆਪਣੇ ਗਏ ਕਾਨੂੰਨਾਂ 'ਤੇ ਹੀ ਨਹੀਂ ਚੱਲਣਗੇ ਤਾਂ ਅੱਗੇ ਜੋ ਹੋਵੇਗਾ ਉਸ ਲਈ ਅਸੀੰ ਜ਼ਿੰਮੇਵਾਰ ਨਹੀਂ ਹੋਵਾਂਗੇ।
ਹੁਣ ਇਹ ਗੱਲ ਇਸ ਪੱਧਰ 'ਤੇ ਜਾ ਰਹੀ ਹੈ, ਜਿੱਥੇ ਪੂਰੀ ਦੁਨੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਅਸੀਂ ਹਰੇ ਫੋਰਮ 'ਤੇ ਇਹ ਮੁੱਦਾ ਚੁੱਕਾਂਗੇ। ਸੰਯੁਕਤ ਰਾਸ਼ਟਰ ਮਹਾਂ ਸਭਾ, ਸੁਰੱਖਿਆ ਪਰੀਸ਼ਦ, ਦੇਸਾਂ ਦੇ ਨੇਵਾ, ਸਾਰਿਆਂ ਅਸੀਂ ਗੱਲ ਕਰਾਂਗੇ ਅਤੇ ਦੁਨੀਆਂ ਨੂੰ ਦੱਸਾਂਗੇ ਜੋ ਹੋ ਰਿਹਾ ਹੈ।
ਅਸੀਂ ਦੁਨੀਆਂ ਨੂੰ ਦੱਸਾਂਗੇ ਕਿ ਉਹੀ ਜ਼ੁਲਮ ਹੋ ਰਹੇ ਹਨ ਜੋ ਨਾਜ਼ੀਆਂ ਨੇ ਕੀਤੇ ਸਨ।
ਹਿੰਦੁਸਤਾਨ ਵਿੱਚ ਨੁਕਸਾਨ ਸਿਰਫ਼ ਮੁਸਲਮਾਨਾਂ ਦਾ ਹੋ ਰਿਹਾ ਹੈ ਇਸ ਲਈ ਦੁਨੀਆਂ ਇਸ 'ਤੇ ਕੁਝ ਨਹੀਂ ਕਰ ਰਹੀ ਹੈ।
ਪਰ ਦੁਨੀਆਂ ਦੀਆਂ ਵੀ ਅੱਖਾਂ ਖੁੱਲ੍ਹਣਗੀਆਂ।
ਮੈਂ ਪੱਛਮੀ ਦੇਸਾਂ ਨੂੰ ਜਾਣਦਾ ਹਾਂ। ਉਨ੍ਹਾਂ ਨੂੰ ਨਹੀਂ ਪਤਾ ਕਿ ਕਸ਼ਮੀਰ ਵਿੱਚ ਕਿਸ ਤਰ੍ਹਾਂ ਦਾ ਜ਼ੁਲਮ ਹੋ ਰਿਹਾ ਹੈ। ਹਿੰਦੁਸਤਾਨ ਵਿੱਚ ਘੱਟ ਗਿਣਤੀਆਂ 'ਤੇ ਦੋ ਜ਼ੁਲਮ ਹੋ ਰਿਹਾ ਹੈ ਉਸ ਨੂੰ ਅਸੀਂ ਹਰ ਮੁਮਕਿਨ ਫੋਰਮ 'ਤੇ ਪੱਛਮੀ ਦੇਸਾਂ ਨੂੰ ਦੱਸਾਂਗੇ।
ਦੁਨੀਆਂ ਨੂੰ ਦੱਸਣਾ ਸਾਡਾ ਕੰਮ ਹੈ।
ਇੱਕ ਪਾਸੇ ਸਾਨੂੰ ਕਿਹਾ ਜਾਂਦਾ ਹੈ ਤੁਸੀਂ ਪਰਮਾਣੂ ਹਥਿਆਰਾਂ ਰਾਹੀਂ ਬਲੈਕਮੇਲ ਕਰ ਰਹੇ ਹਨ।
ਜਾਂ ਪਾਕਿਸਤਾਨ ਭਾਜਪਾ ਸਰਕਾਰ ਦੀ ਸਰਬਉੱਚਤਾ ਨੂੰ ਸਵੀਕਾਰ ਕਰ ਲਵੇ।
ਪਰ ਪਾਕਿਸਤਾਨ ਅਜਿਹਾ ਸਵੀਕਾਰ ਨਹੀਂ ਕਰੇਗਾ, ਤਾਂ ਸਾਰੇ ਜਾਣਦੇ ਭਾਰਤ ਅੱਗੇ ਕਿਸ ਦਿਸ਼ਾ ਵੱਲ ਜਾਵੇਗਾ।
ਬਾਅਦ ਵਿੱਚ ਵਿਰੋਧੀ ਸੰਸਦ ਮੈਂਬਰਾਂ ਨੂੰ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਇਮਰਾਨ ਖ਼ਾਨ ਨੇ ਕਿਹਾ, "ਪਾਕਿਸਤਾਨ ਹਰ ਦਿਸ਼ਾ ਵਿੱਚ ਕਦਮ ਚੁੱਕ ਰਿਹਾ ਹੈ, ਤੁਸੀਂ ਕੀ ਚਾਹੁੰਦੇ ਹੋ, ਮੈਂ ਭਾਰਤ 'ਤੇ ਹਮਲਾ ਕਰ ਦਿਆਂ।
ਅਮਿਤ ਸ਼ਾਹ ਨੇ ਕੀ ਕਿਹਾ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਕਿਹਾ ਹੈ ਕਿ ਉਹ ਜਦੋਂ ਵੀ ਜੰਮੂ-ਕਸ਼ਮੀਰ ਦੀ ਗੱਲ ਕਰਦੇ ਹਨ ਤਾਂ ਉਹ ਪਾਕਿਸਤਾਨ - ਸ਼ਾਸਿਤ ਕਸ਼ਮੀਰ ਦੀ ਵੀ ਗੱਲ ਕਰਦੇ ਹਨ।
ਉਨ੍ਹਾਂ ਕਿਹਾ, "ਜਦੋਂ ਮੈਂ ਕਸ਼ਮੀਰ ਦੀ ਗੱਲ ਕਰ ਰਿਹਾ ਹਾਂ ਤਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਵੀ ਗੱਲ ਕਰ ਰਿਹਾ ਹਾਂ। ਜੰਮੂ ਤੇ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ ਇਸ ਲਈ ਕੋਈ ਵੀ ਇਸ ਨੂੰ ਅਪਣਾਉਣ ਵਿੱਚ ਸਾਨੂੰ ਰੋਕ ਨਹੀਂ ਸਕਦਾ।"
ਉਨ੍ਹਾਂ ਨੇ ਅਧੀਰ ਰੰਜਨ ਚੌਧਰੀ ਦੇ ਸਵਾਲ 'ਤੇ ਜਵਾਬ ਦਿੰਦਿਆਂ ਪੁੱਛਿਆ ਕਿ, ਕੀ ਤੁਸੀਂ ਪਾਕਿਸਤਾਨ ਵਾਲੇ ਕਸ਼ਮੀਰ ਨੂੰ ਆਪਣਾ ਨਹੀਂ ਮੰਨਦੇ ਹੋ? ਇਸ ਲਈ ਅਸੀਂ ਜਾਨ ਦੇ ਦੇਵਾਂਗੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦਾ ਅਕਸਾਈ ਚਿਨ ਵੀ ਹਿੱਸਾ ਹੋਵੇਗਾ। ਅਕਸਾਈ ਚਿਨ ਉਹ ਇਲਾਕਾ ਹੈ ਜਿਸ 'ਤੇ ਚੀਨ ਦਾ ਸ਼ਾਸਨ ਹੈ।
ਦਰਅਸਲ ਕਾਂਗਰਸ ਆਗੂ ਅਧੀਰ ਰੰਜਨ ਨੇ ਲੋਕ ਸਭਾ ਵਿੱਚ ਕਿਹਾ ਸੀ ਕਿ, "ਮੈਨੂੰ ਨਹੀਂ ਲਗਦਾ ਕਿ ਤੁਸੀਂ ਪੀਓਕੇ ਬਾਰੇ ਸੋਚ ਰਹੇ ਹੋ। ਤੁਸੀਂ ਸਾਰੇ ਨਿਯਮਾਂ ਦੀ ਉਲੰਘਣਾ ਕੀਤੀ ਤੇ ਇੱਕ ਸੂਬੇ ਨੂੰ ਰਾਤੋਂ-ਰਾਤ ਕੇਂਦਰ ਸ਼ਾਸਿਤ ਬਣਾ ਦਿੱਤਾ।"
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ: