ਅਮਰੀਕੀ ਗੈਂਗਸਟਰ ਦੀ ਕਬਰ 85 ਸਾਲ ਬਾਅਦ ਕਿਉਂ ਪੁੱਟੀ ਜਾ ਰਹੀ

ਅਮਰੀਕਾ ਦੀ ਇੰਡੀਆਨਾ ਸਟੇਟ ਦੇ ਮਸ਼ਹੂਰ ਗੈਂਗਸਟਰ ਜੌਹਨ ਡਿੰਲੀਨਜਰ ਦੀ ਲਾਸ਼ ਨੂੰ ਮੁੜ ਕਬਰ 'ਚੋਂ ਕੱਢੇ ਜਾਣ ਦੀ ਅਪੀਲ ਮਨਜ਼ੂਰ ਹੋ ਗਈ ਹੈ।

ਡਿੰਲੀਨਜਰ ਦੇ ਰਿਸ਼ਤੇਦਾਰਾਂ ਨੇ ਇਸ ਦੀ ਮਨਜ਼ੂਰੀ ਲਈ ਦਬਾਅ ਬਣਾਇਆ ਹੋਇਆ ਸੀ, ਉਨ੍ਹਾਂ ਦਾ ਕਹਿਣਾ ਸੀ ਕਿ ਜੌਹਨ ਡਿੰਲੀਨਜਰ ਦੀ ਥਾਂ ਕਿਸੇ ਹੋਰ ਨੂੰ ਇੰਡੀਆਨਾਪੋਲਿਸ ਦੇ ਕ੍ਰਾਊਨ ਹਿੱਲ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ ਹੈ।

ਐਫਬੀਆਈ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਏਜੰਟ ਨੇ ਗੈਂਗਸਟਰ ਨੂੰ ਸਾਲ 1934 ਵਿੱਚ ਸ਼ਿਕਾਗੋ ਵਿੱਚ ਗੋਲੀ ਮਾਰੀ ਸੀ ਅਤੇ ਉਸ ਵੇਲੇ ਉਸ ਨੂੰ ਇੰਡੀਆਨਾਪੋਲਿਸ ਵਿੱਚ ਦਫ਼ਨਾਇਆ ਗਿਆ ਸੀ।

ਲਾਸ਼ ਨੂੰ ਕਬਰ 'ਚੋਂ 31 ਦਸੰਬਰ 2019 ਨੂੰ ਕੱਢੇ ਜਾਣ ਦੀ ਯੋਜਨਾ ਹੈ ਪਰ ਕਬਰਿਸਤਾਨ ਵਾਲੇ ਫ਼ੈਸਲੇ ਖ਼ਿਲਾਫ਼ ਲੜਾਈ ਲੜ ਰਹੇ ਹਨ।

ਇਹ ਵੀ ਪੜ੍ਹੋ-

ਡਿੰਲੀਨਜਰ ਦੇ ਭਤੀਜੇ ਮਾਈਕਲ ਥੌਮਸਨ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਐਫਬੀਆਈ ਨੇ ਸਾਲ 1934 ਵਿੱਚ ਸ਼ਿਕਾਗੋ ਥੀਏਟਰ 'ਚ "ਕਿਸੇ ਹੋਰ ਬੰਦੇ ਨੂੰ ਮਾਰਿਆ" ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਬੂਤ ਹਨ ਕਿ ਜਿਸ ਬੰਦੇ ਦੀ ਲਾਸ਼ ਕਬਰ ਵਿੱਚ ਹੈ, ਉਸ ਦੀਆਂ ਅੱਖਾਂ ਦਾ ਰੰਗ ਅਤੇ ਉਂਗਲੀਆਂ ਦੇ ਨਿਸ਼ਾਨ ਵੱਖਰੇ ਹਨ।

ਪਰ ਐਫਬੀਆਈ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ ਤੇ ਇਸ ਨੂੰ "ਇੱਕ ਸਾਜਿਸ਼" ਦੱਸਿਆ ਹੈ।

ਅਗਸਤ ਮਹੀਨੇ ਦੇ ਐਫਬੀਆਈ ਦੇ ਇੱਕ ਟਵੀਟ ਵਿਚ ਅਜਿਹੇ ਸਬੂਤ ਹੋਣ ਦਾ ਦਾਅਵਾ ਕੀਤਾ ਗਿਆ ਸੀ, ਜੋ ਇਸ ਤੱਥ ਨੂੰ ਪੁਖ਼ਤਾ ਕਰਦੇ ਹਨ ਕਿ ਸ਼ਿਕਾਗੋ ਵਿਚ ਮਾਰਿਆ ਗਿਆ ਵਿਅਕਤੀ ਡਿੰਲੀਨਜ਼ਰ ਹੀ ਸੀ।

ਕੌਣ ਸੀ ਜੌਹਨ ਡਿੰਲੀਨਜਰ?

ਜੇਲ੍ਹ 'ਚੋਂ ਦੋ ਵਾਰ ਭੱਜੇ ਡਿੰਲੀਨਜਰ ਨੂੰ ਸਾਲ 1930ਵਿਆਂ ਵਿੱਚ "ਦੁਨੀਆਂ ਦੇ ਨੰਬਰ 1 ਦੁਸ਼ਮਣ" ਵਜੋਂ ਜਾਣਿਆ ਜਾਂਦਾ ਸੀ। ਇਸ ਵੇਲੇ ਅਮਰੀਕਾ ਵੱਡੇ ਤਣਾਅ ਵਿਚੋਂ ਲੰਘ ਰਿਹਾ ਸੀ।

ਉਸ ਉੱਤੇ 10 ਹਜ਼ਾਰ ਡਾਲਰ ਦਾ ਇਨਾਮ ਸੀ। ਉਹ ਡਿੰਲੀਨਜਰ ਗੈਂਗ ਚਲਾਉਂਦਾ ਸੀ,ਜਿਸ ਨੇ ਕਈ ਬੈਂਕ ਲੁੱਟੇ ਸਨ।

ਡਿੰਲੀਨਜਰ ਦੀ ਜੀਵਨੀ 'ਤੇ ਆਧਾਰਿਤ ਮਾਈਕਲ ਮੰਨ ਵੱਲੋਂ ਨਿਰਦੇਸ਼ਿਤ ਫਿਲਮ 'ਪਬਲਿਕ ਐਨੇਮੀਜ਼' ਸਾਲ 2009 ਵਿੱਚ ਰਿਲੀਜ਼ ਹੋਈ ਸੀ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)