ਜਦੋਂ ਜਗਮੀਤ ਸਿੰਘ ਨੂੰ ਕਿਹਾ ਗਿਆ 'ਆਪਣੀ ਦਸਤਾਰ ਉਤਾਰ ਦਿਓ' ਤਾਂ ਉਨ੍ਹਾਂ ਨੇ ਕੀ ਕੀਤਾ

ਕੈਨੇਡਾ ਦੇ ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਆਗੂ ਜਗਮੀਤ ਸਿੰਘ ਨੂੰ ਆਪਣੇ ਚੋਣ ਪ੍ਰਚਾਰ ਦੌਰਾਨ ਪੱਗ ਉਤਾਰਣ ਲਈ ਕਿਹਾ ਗਿਆ ਤਾਂਕਿ ਉਹ 'ਕੈਨੇਡੀਅਨ ਲਗ ਸਕਣ'।

ਰਿਪੋਰਟਰਾਂ ਨੇ ਇਸ ਗੱਲਬਾਤ ਨੂੰ ਰਿਕਾਰਡ ਕਰ ਲਿਆ। ਇਹ ਘਟਨਾ ਕਿਊਬਿਕ ਦੇ ਮਾਂਟਰੀਅਲ ਵਿੱਚ ਹੋਈ।

ਜਗਮੀਤ ਇੱਕ ਬਜ਼ਾਰ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ ਜਦੋਂ ਇੱਕ ਵਿਅਕਤੀ ਉਨ੍ਹਾਂ ਕੋਲ ਆਇਆ ਅਤੇ ਕਿਹਾ, "ਤੁਹਾਨੂੰ ਆਪਣੀ ਪੱਗ ਉਤਾਰ ਦੇਣੀ ਚਾਹੀਦੀ ਹੈ। ਤੁਸੀਂ ਕੈਨੇਡੀਅਨ ਲੱਗੋਗੇ।"

ਜਗਮੀਤ ਨੇ ਜਵਾਬ ਦਿੱਤਾ, "ਕੈਨੇਡੀਅਨ ਹਰ ਤਰ੍ਹਾਂ ਦੇ ਲਗਦੇ ਹਨ। ਇਹ ਹੀ ਕੈਨੇਡਾ ਦੀ ਖਾਸੀਅਤ ਹੈ।"

ਇਹ ਵੀ ਪੜ੍ਹੋ:

ਉਸ ਵਿਅਕਤੀ ਨੇ ਕਿਹਾ, "ਜਦੋਂ ਰੋਮ ਵਿੱਚ ਹੋ ਤਾਂ ਉਸੇ ਤਰ੍ਹਾਂ ਕਰੋ ਜਿਵੇਂ ਰੋਮਨ ਕਰਦੇ ਹਨ।"

ਜਗਮੀਤ ਨੇ ਕਿਹਾ, "ਪਰ ਇਹ ਕੈਨੇਡਾ ਹੈ। ਇੱਥੇ ਤੁਸੀਂ ਉਹ ਕਰੋਗੇ ਜੋ ਤੁਹਾਨੂੰ ਪਸੰਦ ਹੈ।"

ਉਸ ਵਿਅਕਤੀ ਨੇ ਕਿਹਾ, "ਮੈਂ ਉਮੀਦ ਕਰਦਾ ਹਾਂ ਤੁਹਾਡੀ ਜਿੱਤ ਹੋਵੇ।"

ਸੋਸ਼ਲ ਮੀਡੀਆ 'ਤੇ ਪ੍ਰਤੀਕਰਮ

ਇਸ ਤੋਂ ਬਾਅਦ ਕਈ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਪ੍ਰਤੀਕਰਮ ਦੇਣੇ ਸ਼ੁਰੂ ਕਰ ਦਿੱਤੇ।

ਰੇਚਲ ਵਿਲਸਨ ਨੇ ਟਵੀਟ ਕੀਤਾ, "ਇਹ ਡਰਾਉਣਾ ਹੈ। ਮੈਂ ਜਗਮੀਤ ਸਿੰਘ ਵੱਲੋਂ ਦਿਖਾਏ ਗਏ ਸੰਜਮ ਦੀ ਸ਼ਲਾਘਾ ਕਰਦੀ ਹਾਂ।"

ਗਰੈਡ ਮੈਡਈਰਚਨ ਨੇ ਟਵੀਟ ਕੀਤਾ, "ਕਾਫ਼ੀ ਦਰਦ ਭਰਿਆ ਹੈ ਪਰ ਸਿੰਘ ਨੇ ਚੰਗੀ ਤਰ੍ਹਾਂ ਸੰਭਾਲ ਲਿਆ। ਮੈਂ ਉਮੀਦ ਕਰਦਾ ਹਾਂ ਕਿ ਕਾਸ਼ ਉਨ੍ਹਾਂ ਨੂੰ ਅਜਿਹਾ ਨਹੀਂ ਝਲਣਾ ਪੈਂਦਾ।"

ਰਮਨੀਤ ਗਰੇਵਾਲ ਨੇ ਟਵੀਟ ਕੀਤਾ, "ਜਗਮੀਤ ਸਿੰਘ ਨਸਲਵਾਦੀਆਂ ਨਾਲ ਇੱਕ ਚੈਂਪੀਅਨ ਦੀ ਤਰ੍ਹਾਂ ਨਿਪਟਦੇ ਹਨ। ਮੈਂ ਅਜਿਹਾ ਕਦੇ ਵੀ ਨਹੀਂ ਕਰ ਸਕਦੀ।"

ਸਟੀਵ ਨੇ ਟਵੀਟ ਕੀਤਾ, "ਧਰਮ ਤੇ ਨਸਲ ਦੋਵੇਂ ਵੱਖ-ਵੱਖ ਚੀਜ਼ਾਂ ਹਨ।"

ਹਾਲਾਂਕਿ ਕੁਝ ਲੋਕਾਂ ਨੇ ਵਿਰਧ ਵਿੱਚ ਵੀ ਲਿਖਿਆ। ਕੁਝ ਲੋਕ ਇਸ ਨੂੰ ਜਾਣਬੁਝ ਕੇ ਬਣਾਇਆ ਗਿਆ ਵੀਡੀਓ ਕਰਾਰ ਦੇ ਰਹੇ ਹਨ।

ਜ਼ੈਦ ਫੈਜ਼ਲ ਨੇ ਲਿਖਿਆ, "ਜੇ ਉਹ ਆਪਣੀ ਦਸਤਾਰ ਵੀ ਲਾਹ ਦੇਵੇ ਤੇ ਆਪਣੇ ਧਰਮ ਨਾਲ ਸਬੰਧਤ ਸਾਰੇ ਚਿਨ੍ਹ ਹਟਾ ਦੇਵੇ, ਵਾਲ ਕੱਟੇ ਤੇ ਸ਼ੇਵ ਕਰੇ ਤਾਂ ਵੀ ਉਹ ਕੈਨੀਡਨ ਨਹੀਂ ਸਮਝਿਆ ਜਾਵੇਗਾ।"

ਇਹ ਵੀ ਪੜ੍ਹੋ:

ਜੋਸ਼ੂਆ ਟਵਿੱਟਰ ਅਕਾਊਂਟ ਤੋਂ ਲਿਖਿਆ ਗਿਆ, "ਇਹ ਵਾਕਈ ਤੈਅ ਕੀਤਾ ਹੋਵੇਗਾ। ਕੌਣ ਇੰਨਾ ਬੇਵਕੂਫ਼ ਹੁੰਦਾ ਹੈ ਕਿ ਕੈਮਰੇ ਸਾਹਮਣੇ ਇਹ ਸਭ ਕਹੇ।"

ਦਰਅਸਲ ਜਗਮੀਤ ਸਿੰਘ ਤੇ ਤਿੰਨ ਹੋਰ ਫੈਡਰਲ ਆਗੂ- ਲਿਬਰਲ ਆਗੂ ਜਸਟਿਨ ਟਰੂਡੋ, ਕਨਜ਼ਰਵੇਟਿਵ ਆਗੂ ਐਂਡਰਿਊ ਸ਼ੀਰ ਤੇ ਬਲਾਕ ਕਿਉਬੇਕ ਆਗੂ ਫਰੈਂਕੋਇਸ ਬਲੈਂਚਿਟ ਇੱਕ ਫੈਡਰਲ ਚਰਚਾ ਲਈ ਕਿਉਬੇਕ ਵਿੱਚ ਹਨ।

ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)