ਨਜ਼ਰੀਆ꞉ ਕੈਨੇਡਾ ਦੀ ਸਿਆਸਤ ਵਿੱਚ ਕੀ ਹੈ ਜਗਮੀਤ ਦੀ ਦੁਬਿਧਾ?

    • ਲੇਖਕ, ਸ਼ਮੀਲ
    • ਰੋਲ, ਕੈਨੇਡਾ ਦੇ ਸੀਨੀਅਰ ਪੱਤਰਕਾਰ, ਬੀਬੀਸੀ ਪੰਜਾਬੀ ਲਈ

ਪਿਛਲੇ ਦਿਨੀਂ ਕੈਨੇਡਾ ਦੇ ਐੱਨਡੀਪੀ ਆਗੂ ਜਗਮੀਤ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ ਕਿ ਉਹ ਦਹਿਸ਼ਤਗਰਦੀ ਦੀ ਨਿੰਦਾ ਕਰਦੇ ਹਨ ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੋਏ।

ਸੁਤੰਤਰ ਸਿੱਖ ਰਾਜ ਦੀ ਹਮਾਇਤ ਲਈ ਸੈਨ ਫਰਾਂਸਿਸਕੋ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਸੀ।

ਇਸ ਸਮਾਗਮ ਵਿੱਚ ਉਨ੍ਹਾਂ ਦੀ ਸ਼ਿਰਕਤ ਕੈਨੇਡੀਆਈ ਮੀਡੀਆ ਵਿੱਚ ਕਾਫ਼ੀ ਸੁਰਖ਼ੀਆ 'ਚ ਰਹੀ ਸੀ ਜਿਸਦਾ ਉਨ੍ਹਾਂ ਨੇ ਟਵੀਟ ਜ਼ਰੀਏ ਜਵਾਬ ਦਿੱਤਾ ਹੈ।

ਕੈਨੇਡਾ ਦੀ ਸਿਆਸਤ ਅਤੇ ਜਗਮੀਤ ਸਿੰਘ ਦੇ ਬਿਆਨ ਦੇ ਪ੍ਰਸੰਗ ਨੂੰ ਸਮਝਣ ਲਈ ਬੀਬੀਸੀ ਪੰਜਾਬੀ ਲਈ ਕੈਨੇਡਾ ਦੇ ਸੀਨੀਅਰ ਪੱਤਰਕਾਰ ਸ਼ਮੀਲ ਦਾ ਵਿਸ਼ਲੇਸ਼ਣ-

ਜਗਮੀਤ ਸਿੰਘ ਦਾ ਅਤੀਤ

ਜਗਮੀਤ ਸਿੰਘ ਦੀ ਸਥਿਤੀ ਨੂੰ ਸਮਝਣ ਲਈ ਜ਼ਰਾ ਕੁ ਕਲਪਨਾ ਦਾ ਸਹਾਰਾ ਲੈਣਾ ਪਵੇਗਾ। ਕੈਨੇਡਾ ਦੇ ਕਿਸੇ ਛੋਟੇ ਕਸਬੇ ਜਾਂ ਗੋਰੀ ਬਹੁ-ਗਿਣਤੀ ਵਾਲੇ ਸ਼ਹਿਰ ਵਿੱਚ ਇੱਕ ਸਕੂਲ ਹੈ। ਇਸ ਸਕੂਲ ਵਿੱਚ ਸਾਰੇ ਬੱਚੇ ਇੱਕੋ ਜਿਹੇ ਹਨ ਪਰ ਇੱਕ ਬੱਚਾ ਵੱਖਰਾ ਹੈ।

ਉਹ ਸਿਰ 'ਤੇ ਰੁਮਾਲ ਜਾਂ ਪਟਕਾ ਬੰਨ੍ਹ ਕੇ ਆਉਂਦਾ ਹੈ। ਉਸ ਦੇ ਘਰ ਦਾ ਕਲਚਰ ਵੀ ਵੱਖਰਾ ਹੈ। ਉਸ ਦੀ ਮਾਂ ਸਕੂਲ ਵਿੱਚ ਦੁਪਹਿਰ ਲਈ ਜੋ ਖਾਣਾ ਉਸ ਨੂੰ ਦਿੰਦੀ ਹੈ, ਉਹ ਵੀ ਦੂਜਿਆਂ ਨਾਲੋਂ ਵੱਖਰਾ ਹੈ।

ਉਸ ਦਾ ਰੁਮਾਲ ਜਾਂ ਪਟਕਾ ਦੂਜੇ ਬੱਚਿਆਂ ਲਈ ਉਤਸੁਕਤਾ ਦਾ ਵਿਸ਼ਾ ਹੈ। ਉਹ ਜਦੋਂ ਖਾਣਾ ਖਾਂਦਾ ਹੈ ਤਾਂ ਵੇਖਦਾ ਹੈ ਕਿ ਉਸ ਕੋਲ ਕੁਝ ਵੱਖਰਾ ਹੈ।

ਜਦੋਂ ਉਹ ਆਪਣਾ ਲੰਚ ਬਾਕਸ ਖੋਲ੍ਹਦਾ ਹੈ ਤਾਂ ਦੂਜੇ ਬੱਚੇ ਅਜੀਬੋ-ਗ਼ਰੀਬ ਪ੍ਰਤੀਕਰਮ ਦਿੰਦੇ ਹਨ। ਬੱਚੇ ਆਖ਼ਰ ਬੱਚੇ ਹਨ।

ਉਹ ਕਈ ਸ਼ਰਾਰਤੀ ਬੱਚਿਆਂ ਦਾ ਨਿਸ਼ਾਨਾ ਬਣ ਜਾਂਦਾ ਹੈ। ਉਹ ਉਸ ਨੂੰ ਚਿੜਾਉਂਦੇ ਹਨ। ਕਈ ਤੰਗ ਕਰਨ ਲੱਗ ਜਾਂਦੇ ਹਨ। ਡਰਾਉਣ ਲੱਗਦੇ ਹਨ। ਇਸ ਤਰ੍ਹਾਂ ਦੇ ਬੱਚੇ ਚਾਹ ਕੇ ਵੀ ਦੂਜਿਆਂ ਵਰਗੇ ਨਹੀਂ ਬਣ ਸਕਦੇ।

ਉਹ ਆਪਣੀ ਸ਼ਕਲ-ਸੂਰਤ ਦੂਜਿਆਂ ਵਰਗੀ ਨਹੀਂ ਬਣਾ ਸਕਦੇ। ਉਹ ਆਪਣੇ ਵਾਲ ਕਟਵਾ ਨਹੀਂ ਸਕਦੇ। ਇਨ੍ਹਾਂ ਬੱਚਿਆਂ ਵਿੱਚੋਂ ਕਈ ਹੀਣ-ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ।

ਇਸ ਤਰਾਂ ਦੇ ਬੱਚਿਆਂ ਦੇ ਸੰਸਾਰ ਨੂੰ ਸਮਝੇ ਬਗੈਰ ਕੈਨੇਡਾ ਵਿੱਚ ਜੰਮੀ-ਪਲੀ ਨਵੀਂ ਪੰਜਾਬੀ ਪੀੜ੍ਹੀ ਦਾ ਮਾਨਸਿਕ ਸੰਸਾਰ ਸਮਝ ਵਿੱਚ ਨਹੀਂ ਆ ਸਕਦਾ।

ਬਚਪਨ ਦਾ ਅਨੁਭਵ

ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਨਿਊ ਡੈਮੋਕਰੈਟਿਕ ਪਾਰਟੀ ਦੇ ਨਵੇਂ ਆਗੂ ਜਗਮੀਤ ਸਿੰਘ ਇਸੇ ਤਰਾਂ ਦੇ ਪਿਛੋਕੜ ਵਿੱਚੋਂ ਆਏ ਹਨ।

ਉਨ੍ਹਾਂ ਦਾ ਜਨਮ ਭਾਵੇਂ ਟੋਰਾਂਟੋ ਖੇਤਰ ਵਿੱਚ ਹੀ ਹੋਇਆ ਪਰ ਬਚਪਨ ਦਾ ਕੁਝ ਸਮਾਂ ਇੱਕ ਕੈਨੇਡੀਅਨ ਸੂਬੇ ਓਨਟੈਰੀਓ ਦੇ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਸ਼ਹਿਰ ਵਿੱਚ ਬੀਤਿਆ।

ਇੱਥੇ ਉਸ ਦੇ ਪਿਤਾ ਮੈਡੀਸਨ ਦੀ ਪੜ੍ਹਾਈ ਕਰਨ ਲਈ ਗਏ ਸਨ ਅਤੇ ਬਾਕੀ ਸਮਾਂ ਅਮਰੀਕੀ ਸਰਹੱਦ ਨਾਲ ਲਗਦੇ ਇੱਕ ਛੋਟੇ ਸ਼ਹਿਰ ਵਿੰਡਸਰ ਵਿੱਚ ਬਿਤਾਇਆ।

ਅਜਿਹੀਆਂ ਥਾਵਾਂ 'ਤੇ ਸਕੂਲਾਂ ਵਿੱਚ ਪੜ੍ਹਨ ਵਾਲੇ ਘੱਟ-ਗਿਣਤੀ ਬੱਚਿਆਂ ਦੀਆਂ ਕੁਝ ਸਾਂਝੀਆਂ ਸਮੱਸਿਆਵਾਂ ਹਨ ਪਰ ਸਿੱਖ ਬੱਚਿਆਂ ਦੀਆਂ ਮੁਸ਼ਕਲਾਂ ਬਾਕੀਆਂ ਨਾਲੋਂ ਕਈ ਵਾਰ ਵਧ ਜਾਂਦੀਆਂ ਹਨ, ਖ਼ਾਸ ਤੌਰ 'ਤੇ ਲੰਬੇ ਵਾਲਾਂ ਅਤੇ ਪਟਕਿਆਂ ਕਾਰਨ।

ਇਹ ਬੱਚੇ ਇਸ ਅਨੁਭਵ ਨਾਲ ਜੀਉਂਦੇ ਹਨ ਕਿ ਉਨ੍ਹਾਂ ਦੀ ਧਾਰਮਿਕ ਜਾਂ ਸੱਭਿਆਚਾਰਕ ਪਛਾਣ ਕਾਰਨ ਉਨ੍ਹਾਂ ਨੂੰ ਵੱਖਰਾ ਸਮਝਿਆ ਜਾਂਦਾ ਹੈ।

ਇੱਕ ਅਮਰੀਕੀ ਮੈਗਜ਼ੀਨ GQ , ਜਿਸ ਨੇ ਜਗਮੀਤ ਨੂੰ ਕੈਨੇਡਾ ਦਾ ਸਭ ਤੋਂ ਵੈੱਲ-ਡਰੈੱਸਡ ਸਿਆਸਤਦਾਨ ਕਿਹਾ ਸੀ, ਉਸ ਨੂੰ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ, "ਇੱਕ ਵੱਖਰੀ ਪਛਾਣ ਨਾਲ ਵੱਡੇ ਹੁੰਦੇ ਬੱਚੇ ਦੇ ਰੂਪ ਵਿੱਚ ਮੈਨੂੰ ਕਈ ਤਰ੍ਹਾਂ ਦੇ ਨਸਲੀ ਵਿਤਕਰਿਆਂ ਦਾ ਸਾਹਮਣਾ ਕਰਨਾ ਪਿਆ ਸੀ।''

''ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਛੋਟੇ ਕੈਨੇਡੀਅਨ ਸ਼ਹਿਰ ਵਿੱਚ ਭੂਰੀ ਚਮੜੀ, ਲੰਬੇ ਵਾਲਾਂ ਵਾਲਾ ਮੁੰਡਾ ਅਤੇ 'ਜਗਮੀਤ' ਜਿਹੇ ਕੈਨੇਡੀਅਨ ਬੱਚਿਆਂ ਲਈ ਅਜੀਬ ਲੱਗਣ ਵਾਲੇ ਨਾਂ ਵਾਲਾ ਬੱਚਾ, ਕੀ ਮਹਿਸੂਸ ਕਰਦਾ ਹੋਵੇਗਾ।"

ਪੜ੍ਹੋ ਸੀਨੀਅਰ ਪੱਤਰਕਾਰ ਸ਼ਮੀਲ ਦਾ ਨਜ਼ਰੀਆ꞉

ਜਗਮੀਤ ਸਿੰਘ ਦੇ ਇਸ ਪਿਛੋਕੜ ਅਤੇ ਮਾਨਸਿਕ ਜਗਤ ਨੂੰ ਸਮਝੇ ਬਿਨਾਂ ਉਨ੍ਹਾਂ ਦਾ ਮੌਜੂਦਾ ਸਿਆਸੀ ਸੰਕਟ ਨਹੀਂ ਸਮਝਿਆ ਜਾ ਸਕਦਾ।

ਪੰਜਾਬ ਦੇ ਸੰਕਟ ਜਾਂ ਭਾਰਤ ਵਿੱਚ ਰਹਿਣ ਵਾਲੇ ਸਿੱਖਾਂ ਦੇ ਮਸਲੇ ਨੂੰ ਉਨ੍ਹਾਂ ਨੇ ਆਪਣੇ ਇਸ ਅਨੁਭਵ ਦੀ ਰੌਸ਼ਨੀ ਵਿੱਚ ਦੇਖਿਆ ਹੈ।

ਪੰਜਾਬ ਦੇ ਹਾਲਾਤ ਦਾ ਉਸ ਨੂੰ ਕੋਈ ਸਿੱਧਾ ਤਜ਼ਰਬਾ ਨਹੀਂ ਹੈ।

ਪੰਜਾਬ ਬਾਰੇ ਉਹ ਜੋ ਵੀ ਜਾਣਦੇ ਹਨ, ਉਹ ਉਨ੍ਹਾਂ ਨੇ ਆਪਣੇ ਘਰ ਜਾਂ ਆਲੇ-ਦੁਆਲੇ ਰਹਿਣ ਵਾਲੇ ਉਨ੍ਹਾਂ ਲੋਕਾਂ ਤੋਂ ਸੁਣਿਆ ਹੈ ਜੋ ਕਈ ਦਹਾਕਿਆਂ ਪਹਿਲਾਂ ਪੰਜਾਬ ਤੋਂ ਕੈਨੇਡਾ ਚਲੇ ਗਏ ਸਨ।

ਇਸ ਕਾਰਨ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਉਨ੍ਹਾਂ ਦੀ ਸਮਝ 'ਤੇ ਮੈਨੂੰ ਇੱਕੋ ਵੇਲੇ ਹਮਦਰਦੀ ਵੀ ਹੁੰਦੀ ਹੈ।

ਮੈਨੂੰ ਇਸ ਗੱਲ ਲਈ ਰੋਸ ਵੀ ਪੈਦਾ ਹੁੰਦਾ ਹੈ ਕਿ ਆਪਣੀ ਅਧੂਰੀ ਜਾਣਕਾਰੀ 'ਤੇ ਆਧਾਰਤ ਵਿਚਾਰਾਂ ਕਾਰਨ ਆਪਣੇ ਲਈ ਅਤੇ ਸਮੁੱਚੇ ਭਾਈਚਾਰੇ ਲਈ ਉਹ ਬੇਵਜ੍ਹਾ ਸੰਕਟ ਪੈਦਾ ਕਰ ਰਹੇ ਹਨ।

ਖ਼ਾਲਿਸਤਾਨ ਵਿਵਾਦ ਨਾਲ ਜੁੜਨਾ

ਕੈਨੇਡੀਅਨ ਸਿਆਸਤ ਵਿੱਚ ਜਗਮੀਤ ਸਿੰਘ ਨੂੰ ਇੱਕ ਅਜਿਹੀ ਸੰਭਾਵਨਾ ਦੇ ਰੂਪ ਵਿੱਚ ਦੇਖਿਆ ਗਿਆ, ਜਿਹੜਾ ਨਾ ਸਿਰਫ਼ ਪੰਜਾਬੀ ਜਾਂ ਇੰਡੋ-ਕੈਨੇਡੀਅਨ ਕਮਿਊਨਿਟੀ ਬਲਕਿ ਮੁਲਕ ਦੇ ਹੋਰ ਘੱਟ-ਗਿਣਤੀ ਭਾਈਚਾਰੇ ਲਈ ਵੀ ਨਵੇਂ ਰਸਤੇ ਖੋਲ੍ਹ ਸਕਦੀ ਹੈ।

ਜਦੋਂ ਤੋਂ ਜਗਮੀਤ ਨੇ ਕੈਨੇਡਾ ਦੀ ਤੀਜੀ ਵੱਡੀ ਪਾਰਟੀ ਨਿਊ ਡੈਮੋਕ੍ਰੇਟਿਕ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਸਾਂਭੀ ਹੈ, ਉਸੇ ਦਿਨ ਤੋਂ ਉਹ ਲਗਾਤਾਰ ਕੁਝ ਬੇਸੁਆਦੇ ਵਿਵਾਦਾਂ ਵਿੱਚ ਫਸੇ ਹੋਏ ਹਨ।

ਲਗਾਤਾਰ ਉਨ੍ਹਾਂ ਨੂੰ 'ਖ਼ਾਲਿਸਤਾਨ ਲਾਬੀ' ਜਾਂ ਸਿੱਖ ਭਾਈਚਾਰੇ ਦੇ ਕੱਟੜਪੰਥੀ ਲੋਕਾਂ ਨਾਲ ਆਪਣੇ ਸੰਬੰਧਾਂ ਨੂੰ ਲੈ ਕੇ ਸਪੱਸ਼ਟੀਕਰਨ ਦੇਣੇ ਪੈ ਰਹੇ ਹਨ।

ਇਨ੍ਹਾਂ ਸਾਰੇ ਹੀ ਸੁਆਲਾਂ 'ਤੇ ਜੋ ਵੀ ਜਵਾਬ ਜਾਂ ਸਪੱਸ਼ਟੀਕਰਨ ਜਗਮੀਤ ਸਿੰਘ ਹੋਰਾਂ ਨੇ ਦਿੱਤੇ ਹਨ ਉਨ੍ਹਾਂ ਵਿੱਚ ਜਗਮੀਤ ਨੇ ਬਹੁਤ ਸਪੱਸ਼ਟ ਸ਼ਬਦਾਂ ਵਿੱਚ ਇਹ ਗੱਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਅੱਤਵਾਦ ਖ਼ਿਲਾਫ਼ ਹਨ।

ਇਸ ਦੇ ਬਾਵਜੂਦ ਇਹ ਵਿਵਾਦ ਉਨ੍ਹਾਂ ਦਾ ਖਹਿੜਾ ਨਹੀਂ ਛੱਡ ਰਹੇ।

ਜਗਮੀਤ ਸਿੰਘ ਦੀ ਸਮੱਸਿਆ ਉਨ੍ਹਾਂ ਸਭ ਸਿਆਸਤਦਾਨਾਂ ਨਾਲ ਮਿਲਦੀ ਜੁਲਦੀ ਹੈ ਜਿਹੜੇ ਆਪਣੇ ਸਿਆਸੀ ਕਰਿਅਰ ਦੀ ਸ਼ੁਰੂਆਤ ਕਿਸੇ ਨਾ ਕਿਸੇ 'ਕਮਿਊਨਿਟੀ ਪਛਾਣ' ਦੀ ਸਿਆਸਤ ਨਾਲ ਕਰਦੇ ਹਨ ਅਤੇ ਜ਼ਿੰਮੇਵਾਰ ਜਨਤਕ ਅਹੁਦਿਆਂ 'ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਪੁਰਾਣੀ ਸਿਆਸਤ ਜਾਂ ਵਿਚਾਰਧਾਰਾ ਦੀਆਂ ਸੀਮਾਵਾਂ ਦਾ ਅਹਿਸਾਸ ਹੁੰਦਾ ਹੈ।

ਸਿੱਖ ਐਕਟਵਿਸਟ ਵਜੋਂ ਸਿਆਸੀ ਸਫ਼ਰ

ਜਗਮੀਤ ਸਿੰਘ ਨੇ ਆਪਣਾ ਸਿਆਸੀ ਸਫ਼ਰ ਇੱਕ ਸਿੱਖ ਐਕਟਵਿਸਟ ਵਜੋਂ ਸ਼ੁਰੂ ਕੀਤਾ। ਉਨ੍ਹਾਂ ਨੇ ਨੌਜਵਾਨਾਂ ਦਾ ਇੱਕ ਗਰੁੱਪ ਸ਼ੁਰੂ ਕੀਤਾ ਜਿਹੜਾ ਸਿੱਖ ਪਛਾਣ ਦੇ ਸੁਆਲਾਂ ਨਾਲ ਜੁੜਿਆ ਹੈ।

ਇਸ ਤਰ੍ਹਾਂ ਦੇ ਨੌਜਵਾਨਾਂ ਦਾ ਨੈੱਟਵਰਕ ਉਸ ਨੇ ਸਿਰਫ਼ ਓਨਟੈਰੀਓ ਵਿੱਚ ਹੀ ਨਹੀਂ ਬਲਕਿ ਕੈਨੇਡਾ ਦੇ ਹੋਰ ਹਿੱਸਿਆਂ, ਅਮਰੀਕਾ ਅਤੇ ਦੂਜੇ ਮੁਲਕਾਂ ਵਿੱਚ ਵੀ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ।

ਇੰਡੀਅਨ ਵੀਜ਼ਾ ਨਾ ਮਿਲਣ ਤੋਂ ਪਹਿਲਾਂ ਉਹ ਜਦੋਂ ਇੱਕ ਕੈਨੇਡੀਅਨ ਸਾਂਸਦ ਦੇ ਤੌਰ 'ਤੇ ਪੰਜਾਬ ਜਾਂਦੇ ਸੀ ਤਾਂ ਸਿੱਖ ਯੂਥ ਕਾਰਕੁਨਾਂ ਜਾਂ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੁੱਪਸ ਦੀਆਂ ਬੈਠਕਾਂ ਨੂੰ ਸੰਬੋਧਨ ਕਰਦੇ ਸਨ।

ਇਹ ਜਗਮੀਤ ਸਿੰਘ ਦਾ ਆਧਾਰ ਹੈ ਅਤੇ ਇਸ ਆਧਾਰ ਨੂੰ ਗਤੀਸ਼ੀਲ ਕਰ ਕੇ ਹੀ ਉਹ ਐੱਨਡੀਪੀ ਲੀਡਰਸ਼ਿਪ ਤੱਕ ਪਹੁੰਚੇ ਹਨ।

ਕੈਨੇਡੀਅਨ ਅਖ਼ਬਾਰ 'ਗਲੋਬ ਐਂਡ ਮੇਲ' ਵਿੱਚ ਛਪੇ ਇੱਕ ਆਰਟੀਕਲ ਵਿੱਚ ਕਾਲਮਨਵੀਸ Margaret Wente ਨੇ ਦਾਅਵਾ ਕੀਤਾ ਕਿ ਲੀਡਰਸ਼ਿਪ ਚੋਣ ਦੌਰਾਨ ਇਕੱਲੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਉਸ ਨੇ 10 ਹਜ਼ਾਰ ਪਾਰਟੀ ਮੈਂਬਰ ਸਿੱਖ ਭਾਈਚਾਰੇ ਵਿੱਚੋਂ ਬਣਾਏ।

ਐੱਨਡੀਪੀ ਪਾਰਟੀ ਦੀ ਲੀਡਰਸ਼ਿਪ ਜਗਮੀਤ ਨੇ ਪਾਰਟੀ ਮੈਂਬਰਸ਼ਿਪ ਦੀ ਵੋਟਿੰਗ ਦੇ ਆਧਾਰ 'ਤੇ ਜਿੱਤੀ ਹੈ।

ਇਨ੍ਹਾਂ ਚੋਣਾਂ ਲਈ ਵੋਟਾਂ ਇਕੱਠੀਆਂ ਕਰਨ ਲਈ ਉਸ ਨੇ ਪੂਰੇ ਕੈਨੇਡਾ ਦੇ ਵੱਖ - ਵੱਖ ਹਿੱਸਿਆਂ ਵਿੱਚ ਮੌਜੂਦ ਸਿੱਖ ਕਮਿਊਨਿਟੀ ਵਿਚਾਲੇ ਆਪਣੇ ਸੰਪਰਕਾਂ ਨੂੰ ਲਾਮਬੰਦ ਕੀਤਾ।

ਜਗਮੀਤ ਨੂੰ ਜਿੱਤ ਦਿਵਾਉਣ ਵਿੱਚ ਸਿੱਖ ਕਮਿਊਨਿਟੀ ਦਾ ਵੱਡਾ ਯੋਗਦਾਨ ਹੈ।

ਅਤੀਤ ਅਤੇ ਵਰਤਮਾਨ ਦੀ ਦੁਬਿਧਾ

ਜਗਮੀਤ ਸਿੰਘ ਦਾ ਇਹ ਸੰਕਟ ਹੈ ਕਿ ਉਨ੍ਹਾਂ ਨੂੰ ਐੱਨਡੀਪੀ ਪਾਰਟੀ ਦੇ ਨੈਸ਼ਨਲ ਆਗੂ ਦੇ ਤੌਰ 'ਤੇ ਆਪਣੇ ਉਸ ਪਿਛੋਕੜ ਤੋਂ ਫ਼ਾਸਲਾ ਬਣਾਉਣਾ ਪਵੇਗਾ। ਜਿਹੜਾ ਪੱਖ ਹੁਣ ਤੱਕ ਉਨ੍ਹਾਂ ਦੀ ਤਾਕਤ ਸੀ ਉਹ ਨੈਸ਼ਨਲ ਲੀਡਰ ਵਜੋਂ ਉਨ੍ਹਾਂ ਲਈ ਭਾਰ ਬਣਿਆ ਹੋਇਆ ਹੈ।

ਪਹਿਲੀ ਵਾਰ ਕੈਨੇਡੀਅਨ ਪਾਰਲੀਮੈਂਟ ਦੀ ਚੋਣ ਹਾਰਨ ਤੋਂ ਲੈ ਕੇ ਐੱਨਡੀਪੀ ਲੀਡਰਸ਼ਿਪ ਦੀ ਜਿੱਤ ਤੱਕ ਪਹੁੰਚਦਿਆਂ ਉਨ੍ਹਾਂ ਨੇ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ।

ਬਹੁਤ ਕੁਝ ਸਿੱਖਿਆ ਹੈ। ਜਿਉਂ - ਜਿਉਂ ਉਨ੍ਹਾਂ ਦੇ ਸਿਆਸੀ ਤਜ਼ਰਬੇ ਦਾ ਦਾਇਰਾ ਵਿਸ਼ਾਲ ਹੋਇਆ, ਤਿਉਂ - ਤਿਉਂ ਉਨ੍ਹਾਂ ਦੇ ਵਿਚਾਰਾਂ ਦਾ ਦਾਇਰਾ ਵੀ ਫੈਲਿਆ ਹੈ।

ਉਨ੍ਹਾਂ ਦੀ ਦੁਬਿਧਾ ਇਹ ਹੈ ਕਿ ਉਹ ਆਪਣੇ ਅਤੀਤ ਅਤੇ ਵਰਤਮਾਨ ਦੇ ਵਿਚਾਲੇ ਲਟਕੇ ਹੋਏ ਹਨ ਅਤੇ ਖਿੱਚੇ ਜਾ ਰਹੇ ਹਨ।

ਜਿਨ੍ਹਾਂ ਦਾਇਰੇ ਵਿੱਚ ਉਨ੍ਹਾਂ ਨੇ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ, ਉਨ੍ਹਾਂ ਨੂੰ ਇਕਦਮ ਛੱਡਣਾ ਵੀ ਸੰਭਵ ਨਹੀਂ ਪਰ ਉਨ੍ਹਾਂ ਨੂੰ ਨਾਲ ਲੈ ਕੇ ਉਹ ਨੈਸ਼ਨਲ ਸਿਆਸਤ ਵਿੱਚ ਆਪਣੇ ਆਪ ਨੂੰ ਸਥਾਪਤ ਨਹੀਂ ਕਰ ਸਕਦੇ।

ਇਹ ਉਨ੍ਹਾਂ ਦੀ ਦੁਬਿਧਾ ਹੈ ਅਤੇ ਇਹ ਦੁਬਿਧਾ ਹੀ ਉਨ੍ਹਾਂ ਦੇ ਪੈਰ ਦਾ ਕੰਡਾ ਬਣੀ ਹੋਈ ਹੈ।

ਸਿੱਖੀ ਤੇ ਖੱਬੇ-ਪੱਖੀ ਵਿਚਾਰਧਾਰਾ

ਜਗਮੀਤ ਸਿੰਘ ਅਤੇ ਉਨ੍ਹਾਂ ਦੇ ਦਾਇਰੇ ਬਾਰੇ ਆਪਣੇ ਅਨੁਭਵ ਦੇ ਆਧਾਰ 'ਤੇ ਮੈਂ ਇਹ ਕਹਿ ਸਕਦਾ ਹਾਂ ਕਿ ਉਹ ਉਸ ਤਰ੍ਹਾਂ ਦੇ 'ਖ਼ਾਲਿਸਤਾਨੀ' ਨਹੀਂ ਹਨ ਜਿਸ ਤਰ੍ਹਾਂ ਦਾ ਇਸ ਸ਼ਬਦ ਦਾ ਅਕਸ ਪੰਜਾਬ ਦੇ ਲੋਕਾਂ ਵਿੱਚ ਹੈ।

ਉਨ੍ਹਾਂ ਦੇ ਸਰਕਲ ਦੇ ਕਈ ਲੋਕਾਂ ਨੂੰ ਮੈਂ ਨਿੱਜੀ ਤੌਰ 'ਤੇ ਜਾਣਦਾ ਹਾਂ। ਮੈਂ ਸਮਝਦਾ ਹਾਂ ਕਿ ਇਹ ਨੌਜਵਾਨ ਉਸੇ ਤਰ੍ਹਾਂ ਦੇ ਹਨ ਜਿਸ ਤਰ੍ਹਾਂ ਦੇ ਖੱਬੇ-ਪੱਖੀ ਜਾਂ ਨਕਸਲੀ ਵਿਚਾਰਧਾਰਾ ਵਾਲੇ ਨੌਜਵਾਨ ਪੰਜਾਬ ਦੇ ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਹੁੰਦੇ ਹਨ।

ਇਸ ਗਰੁੱਪ ਦੇ ਇੱਕ ਨੌਜਵਾਨ ਨਾਲ ਕੁਝ ਸਾਲ ਪਹਿਲਾਂ ਮੇਰੀ ਕੁਝ ਸਿਆਸੀ ਮੁੱਦਿਆ 'ਤੇ ਗੱਲ ਹੋਈ ਸੀ।

ਮੈਂ ਉਸ ਨੂੰ ਕਿਹਾ ਕਿ ਐੱਨਡੀਪੀ ਖੱਬੇ-ਪੱਖੀ ਖ਼ਿਆਲਾਂ ਵਾਲੀ ਪਾਰਟੀ ਹੈ ਅਤੇ ਜਿਸ ਤਰ੍ਹਾਂ ਦੀ ਪੰਥਕ ਸਿਆਸਤ ਨਾਲ ਤੁਸੀਂ ਲੋਕ ਜੁੜੇ ਹੋ, ਉਸ ਦੀ ਇਮੇਜ ਕੱਟੜ ਸੱਜੇ-ਪੱਖੀ ਵਿਚਾਰਾਂ ਵਾਲੀ ਹੈ। ਇਹ ਕੀ ਤਾਲਮੇਲ ਹੈ?

ਉਸ ਨੇ ਜਵਾਬ ਦਿੱਤਾ ਕਿ ਸਿੱਖੀ ਦੀ ਵਿਚਾਰਧਾਰਾ ਅਸਲ ਵਿੱਚ ਖੱਬੇ-ਪੱਖੀ ਵਿਚਾਰਧਾਰਾ ਦੇ ਨੇੜੇ ਹੈ।

ਇਹ ਨੌਜਵਾਨ ਜਿਸ ਤਰ੍ਹਾਂ ਦੇ ਕੈਨੇਡੀਅਨ ਮਾਹੌਲ ਵਿੱਚ ਜੰਮੇ-ਪਲੇ ਹਨ, ਉਨ੍ਹਾਂ ਲਈ ਪਛਾਣ ਦੀ ਰਾਜਨੀਤੀ ਇੱਕ ਸੰਵੇਦਨਸ਼ੀਲ ਅਤੇ ਪ੍ਰੋਗਰੈਸਿਵ ਮੁੱਦਾ ਹੈ।

ਇਨ੍ਹਾਂ ਦੀ ਸਿੱਖੀ ਬਾਰੇ ਸਮੁੱਚੀ ਸਮਝ ਇਸ ਪਛਾਣ ਦੀ ਰਾਜਨੀਤੀ 'ਤੇ ਉਸਰੀ ਹੈ। ਉਹ ਪੰਜਾਬ ਦੇ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਵੀ ਇਸੇ ਨਜ਼ਰ ਨਾਲ ਦੇਖਦੇ ਹਨ।

ਪੰਜਾਬ ਬਾਰੇ ਇੱਕਪਾਸੜ ਜਾਣਕਾਰੀ

ਸਾਡੇ ਇੱਥੇ ਬਹੁਤ ਸਾਰੇ ਨੌਜਵਾਨ ਬੱਚਿਆਂ ਨਾਲ ਗੱਲ ਹੁੰਦੀ ਹੈ ਅਤੇ ਕਈ ਵਾਰ ਉਹ ਜਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ, ਉਹ ਸੁਣ ਕੇ ਹੈਰਾਨੀ ਹੁੰਦੀ ਹੈ।

ਬਚਪਨ ਤੋਂ ਘਰਾਂ ਵਿੱਚ, ਗੁਰਦੁਆਰਿਆਂ ਵਿੱਚ ਅਤੇ ਇੰਟਰਨੈੱਟ ਜ਼ਰੀਏ ਜਿਸ ਤਰ੍ਹਾਂ ਦੀ ਜਾਣਕਾਰੀ ਉਨ੍ਹਾਂ ਨੂੰ ਪੰਜਾਬ ਦੀ ਸਮੱਸਿਆ ਬਾਰੇ ਮਿਲੀ ਹੈ, ਉਨ੍ਹਾਂ ਦੀ ਸਾਰੀ ਸਮਝ ਉਸ ਜਾਣਕਾਰੀ ਦੇ ਆਧਾਰ 'ਤੇ ਬਣੀ ਹੈ, ਜਿਹੜੀ ਖ਼ਤਰਨਾਕ ਹੱਦ ਤੱਕ ਅਧੂਰੀ ਅਤੇ ਇੱਕਪਾਸੜ ਹੁੰਦੀ ਹੈ।

ਮਿਸਾਲ ਦੇ ਤੌਰ 'ਤੇ ਬਹੁਤ ਸਾਰੇ ਨਵੇਂ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਪੰਜਾਬ ਵਿੱਚ ਰਹਿਣ ਵਾਲੇ ਸਾਰੇ ਲੋਕ ਸਿੱਖ ਨਹੀਂ ਹਨ ਜਾਂ ਉਹ ਸਮਝਦੇ ਹਨ ਕਿ ਪੁਲਿਸ ਪੰਜਾਬ ਵਿੱਚ ਸਾਰੇ ਉਨ੍ਹਾਂ ਨੌਜਵਾਨਾਂ ਨੂੰ ਗੋਲੀ ਮਾਰ ਦਿੰਦੀ ਸੀ ਜਿਨ੍ਹਾਂ ਦੇ ਸਿਰ 'ਤੇ ਪੱਗ ਬੰਨੀ ਹੁੰਦੀ ਸੀ।

ਕੁਝ ਸਮਝਦੇ ਹਨ ਕਿ ਜਿਹੜੇ ਵੀ ਸਿੱਖ ਕੈਨੇਡਾ, ਅਮਰੀਕਾ ਆਦਿ ਮੁਲਕਾਂ ਵਿੱਚ ਰਹਿੰਦੇ ਹਨ, ਉਹ ਸਾਰੇ 'ਸਿੱਖ ਜੈਨੋਸਾਈਡ' ਦੇ ਦੌਰ ਦੌਰਾਨ ਆਪਣੀ ਜਾਨ ਬਚਾ ਕੇ ਭੱਜੇ ਹੋਏ ਹਨ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਪੰਜਾਬ ਪੁਲਿਸ ਵਿੱਚ ਵੀ ਬਹੁਤ ਵੱਡੀ ਬਹੁ-ਗਿਣਤੀ ਸਿੱਖ ਹੀ ਹਨ।

ਇਹ ਨੌਜਵਾਨ ਗੁਰਦੁਆਰਿਆਂ ਵਿੱਚ ਲਗੀਆਂ ਬੰਦੂਕਧਾਰੀ ਖਾੜਕੂਆਂ ਦੀਆਂ ਤਸਵੀਰਾਂ ਦੇਖਦੇ ਹੋਏ ਅਤੇ ਖਾੜਕੂ ਸਿੰਘਾਂ ਦੀਆਂ ਢਾਡੀ ਵਾਰਾਂ ਸੁਣਦੇ ਵੱਡੇ ਹੋਏ ਹਨ ਅਤੇ ਇਹ ਸਾਰਾ ਕੁਝ ਉਨ੍ਹਾਂ ਨੂੰ ਆਮ ਜਿਹਾ ਲੱਗਦਾ ਸੀ। ਇਸ ਬਾਰੇ ਕੋਈ ਸੁਆਲ ਉਨ੍ਹਾਂ ਦੇ ਮਨਾਂ ਵਿੱਚ ਪੈਦਾ ਨਹੀਂ ਹੁੰਦਾ ਸੀ।

ਇਹੀ ਕਹਾਣੀਆਂ ਜਦੋਂ ਕੈਨੇਡਾ ਦੀ ਮੁੱਖ ਧਾਰਾ ਵਿੱਚ ਆਈਆਂ ਤਾਂ ਇਨ੍ਹਾਂ 'ਤੇ ਸੁਆਲ ਉੱਠਣੇ ਸ਼ੁਰੂ ਹੋ ਗਏ।

ਇਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਸੁਆਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਜੇ ਇਸਲਾਮ ਦੇ ਨਾਂ 'ਤੇ ਜਾਨ ਵਾਰਨ ਵਾਲਾ 'ਆਤਮਘਾਤੀ ਅੱਤਵਾਦੀ' ਹੈ ਤਾਂ ਇਹੀ ਕੁਝ ਸਿੱਖੀ ਦੇ ਨਾਂ 'ਤੇ ਕਰਨਾ ਵਾਲਾ 'ਅੱਤਵਾਦੀ' ਕਿਉਂ ਨਹੀਂ ਹੈ।

ਜੇ ਇਸਲਾਮ ਦੇ ਨਾਂ 'ਤੇ ਕਤਲ ਕਰਨਾ ਅੱਤਵਾਦ ਹੈ ਤਾਂ ਸਿੱਖੀ ਦੇ ਨਾਂ 'ਤੇ ਕਤਲ ਕਰਨਾ ਕੁਝ ਹੋਰ ਕਿਵੇਂ ਹੋ ਗਿਆ। ਇੱਕ ਨੌਜਵਾਨ ਨੇ ਮੇਰੇ ਨਾਲ ਆਪਣਾ ਤਜ਼ਰਬਾ ਸਾਂਝਾ ਕੀਤਾ।

ਉਸ ਨੇ ਦੱਸਿਆ ਕਿ ਉਹ ਆਪਣੇ ਕਾਰਪੋਰੇਟ ਦਫ਼ਤਰ ਵਿੱਚ ਗੋਰੇ ਸਾਥੀ ਨੂੰ 'ਸਿੱਖ ਮਸਲਾ' ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

ਉਹ ਉਸ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਕਿਵੇਂ ਦਰਬਾਰ ਸਾਹਿਬ ਸਾਡੇ ਲਈ ਇੱਕ ਪਵਿੱਤਰ ਸਥਾਨ ਹੈ ਅਤੇ ਕਿਵੇਂ ਇੰਡੀਅਨ ਆਰਮੀ ਨੇ ਦਰਬਾਰ ਸਾਹਬ ਨੂੰ ਢਾਹ ਦਿੱਤਾ।

ਇਹ ਸਾਰੀ ਕਹਾਣੀ ਸੁਣਨ ਤੋਂ ਬਾਅਦ ਉਸ ਗੋਰੇ ਸਾਥੀ ਨੇ ਉਸ ਨੂੰ ਸੁਆਲ ਕੀਤਾ, "ਜੇ ਗੋਲਡਨ ਟੈਂਪਲ ਤੁਹਾਡੇ ਲਈ ਐਨੀ ਪਵਿੱਤਰ ਥਾਂ ਹੈ ਤਾਂ ਫਿਰ ਸੰਤ ਭਿੰਡਰਾਂਵਾਲੇ ਨੇ ਅੰਦਰ ਹਥਿਆਰ ਕਿਉਂ ਜਮ੍ਹਾ ਕੀਤੇ ਅਤੇ ਅੰਦਰੋਂ ਇੰਡੀਅਨ ਆਰਮੀ 'ਤੇ ਗੋਲੀਆਂ ਕਿਉਂ ਚਲਾਈਆਂ"।

ਅਜਿਹਾ ਸੁਆਲ ਉਸ ਨੌਜਵਾਨ ਨੇ ਆਪਣੇ ਸਿੱਖ ਸਰਕਲ ਵਿੱਚ ਪਹਿਲਾਂ ਕਦੇ ਨਹੀਂ ਸੀ ਸੁਣਿਆ ਅਤੇ ਨਾ ਹੀ ਕਦੇ ਇਸ ਪੱਖ ਤੋਂ ਇਸ ਸਮੱਸਿਆ ਨੂੰ ਦੇਖਿਆ ਸੀ।

ਏਅਰ ਇੰਡੀਆ ਕਾਂਡ ਦੇ ਦੋਸ਼ੀਆਂ ਬਾਰੇ ਜਗਮੀਤ

ਐੱਨਡੀਪੀ ਲੀਡਰ ਚੁਣੇ ਜਾਣ ਤੋਂ ਬਾਅਦ ਆਪਣੀ ਪਹਿਲੀ ਮੀਡੀਆ ਇੰਟਰਵਿਊ ਵਿੱਚ ਜਗਮੀਤ ਸਿੰਘ ਨੇ ਤਲਵਿੰਦਰ ਸਿੰਘ ਪਰਮਾਰ ਬਾਰੇ ਕੋਈ ਸਪਸ਼ਟ ਜਵਾਬ ਨਹੀਂ ਸੀ ਦਿੱਤਾ, ਜਿਸ ਕਾਰਨ ਉਸ ਦੀ ਤਿੱਖੀ ਨੁਕਤਾਚੀਨੀ ਹੋਈ ਸੀ।

ਹੁਣ ਤਾਜ਼ਾ ਵਿਵਾਦ ਤੋਂ ਬਾਅਦ 'ਗਲੋਬ ਐਂਡ ਮੇਲ' ਵਿੱਚ ਛਪੇ ਆਪਣੇ ਆਰਟੀਕਲ ਵਿੱਚ ਉਨ੍ਹਾਂ ਇਹ ਸਪੱਸ਼ਟ ਲਿਖਿਆ ਹੈ ਕਿ ਕੈਨੇਡਾ ਦੀਆਂ ਸਰਕਾਰੀ ਜਾਂਚ-ਰਿਪੋਰਟਾਂ ਨੇ ਤਲਵਿੰਦਰ ਸਿੰਘ ਪਰਮਾਰ ਨੂੰ ਏਅਰ ਇੰਡੀਆ ਕਾਂਡ ਦਾ ਮੁੱਖ ਸਾਜ਼ਿਸ਼ਕਰਤਾ ਮੰਨਿਆ ਹੈ। ਮੈਂ ਇਨ੍ਹਾਂ ਰਿਪੋਰਟਾਂ ਨੂੰ ਸਹੀ ਮੰਨਦਾ ਹਾਂ ਅਤੇ ਇਸ ਕਤਲ ਕਾਂਡ ਲਈ ਜ਼ਿੰਮੇਵਾਰ ਲੋਕਾਂ ਦੀ ਨਿੰਦਾ ਕਰਦਾ ਹਾਂ।

ਸਪੱਸ਼ਟ ਹੈ ਕਿ ਜਗਮੀਤ ਸਿੰਘ ਨੂੰ ਇੱਕ ਨੈਸ਼ਨਲ ਲੀਡਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੋ ਰਿਹਾ ਹੈ ਅਤੇ ਇਸ ਗੱਲ ਦਾ ਅਨੁਭਵ ਵੀ ਹੋ ਰਿਹਾ ਹੈ ਕਿ ਜਿਨ੍ਹਾਂ ਗੱਲਾਂ ਨੂੰ ਉਹ ਬਚਪਨ ਤੋਂ ਇੱਕ ਆਮ ਸੱਚਾਈ ਵਜੋਂ ਦੇਖਦਾ ਰਿਹਾ ਹੈ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਦੇਖਣ ਦਾ ਸਮਾਂ ਆ ਗਿਆ ਹੈ।

ਮੇਰਾ ਵਿਚਾਰ ਹੈ ਕਿ ਅਜੇ ਵੀ ਜਗਮੀਤ ਸਿੰਘ ਇਸ ਤਰ੍ਹਾਂ ਦੀਆਂ ਗ਼ਲਤੀਆਂ ਕਰ ਰਿਹਾ ਹੈ, ਜਿਹੜੀਆਂ ਇੱਕ ਨੈਸ਼ਨਲ ਲੀਡਰ ਵਜੋਂ ਉਸ ਲਈ ਚੁਣੌਤੀ ਬਣ ਸਕਦੀਆਂ ਹਨ।

ਮਿਸਾਲ ਦੇ ਤੌਰ 'ਤੇ ਇਸੇ ਲੇਖ ਦੇ ਸ਼ੁਰੂ ਵਿੱਚ ਉਹ ਇੱਕ ਸਿੱਖ ਬੱਚੇ ਦੇ ਤੌਰ 'ਤੇ ਆਪਣੇ ਮਾਪਿਆਂ ਅਤੇ ਹੋਰ ਸਿੱਖਾਂ ਵੱਲੋਂ ਮਹਿਸੂਸ ਕੀਤੀ ਚੁਰਾਸੀ ਦੀ ਪੀੜ 'ਤੇ ਬਿਆਨ ਦਿੰਦੇ ਹਨ।

ਇਹ ਬਿਆਨ ਦਿੰਦੇ ਹੋਏ ਉਨ੍ਹਾਂ ਨੇ ਅਜਿਹੀਆਂ ਟਿਪਣੀਆਂ ਕਰ ਦਿੱਤੀਆਂ, ਜਿਹੜੀਆਂ ਉਨ੍ਹਾਂ ਨੇ 'ਪੰਥਕ ਸਿਆਸਤ' ਦੇ ਆਮ ਮੁਹਾਵਰੇ ਵਿੱਚ ਕੀਤੀਆ ਪਰ ਜੇ ਕੋਈ ਉਨ੍ਹਾਂ ਨੂੰ ਇਹ ਗੱਲਾਂ ਤੱਥਾਂ ਨਾਲ ਸਾਬਤ ਕਰਨ ਲਈ ਕਹੇ ਤਾਂ ਉਹ ਮੁਸ਼ਕਿਲ ਵਿੱਚ ਫ਼ਸ ਸਕਦੇ ਹਨ।

ਮਿਸਾਲ ਵਜੋਂ ਉਹ ਲਿਖਦੇ ਹਨ, "ਮੈਨੂੰ ਇਹ ਪਤਾ ਲੱਗਾ ਕਿ ਅਜੇ ਕੁਝ ਸਾਲ ਪਹਿਲਾਂ ਹੀ ਮੇਰੇ ਰਿਸ਼ਤੇਦਾਰਾਂ 'ਤੇ, ਹੋਰ ਬਹੁਤ ਸਾਰੇ ਸਿੱਖਾਂ ਦੀ ਤਰ੍ਹਾਂ, ਯੋਜਨਾਬੱਧ ਤਰੀਕੇ ਨਾਲ ਜ਼ੁਲਮ ਢਾਹੇ ਗਏ।''

''ਉਨ੍ਹਾਂ 'ਤੇ ਹਮਲੇ ਹੋਏ। ਹਜ਼ਾਰਾਂ ਸਿੱਖ ਸਿਰਫ਼ ਇਸ ਕਰ ਕੇ ਮਾਰ ਦਿੱਤੇ ਗਏ, ਕਿਉਂਕਿ ਉਹ ਦੂਜਿਆਂ ਨਾਲੋਂ ਵੱਖਰੇ ਸਨ।''

''ਹਰ ਸਿੱਖ ਜਿਸ ਨੂੰ ਮੈਂ ਜਾਣਦਾ ਹਾਂ—ਕੈਨੇਡਾ ਵਿੱਚ ਅਤੇ ਜਾਂ ਜਿਨ੍ਹਾਂ ਨੂੰ ਮੈਂ ਦੂਜੇ ਦੇਸਾਂ ਵਿੱਚ ਮਿਲਿਆ, ਨੇ ਕੋਈ ਨਾ ਕੋਈ ਪਰਿਵਾਰਕ ਮੈਂਬਰ ਜਾਂ ਦੋਸਤ ਉਨ੍ਹਾਂ ਸਾਲਾਂ ਦੌਰਾਨ ਗੁਆਇਆ।"

ਨੈਸ਼ਨਲ ਆਗੂ ਅਤੇ ਕੈਨੇਡੀਅਨ ਸਿੱਖ

ਜਗਮੀਤ ਸਿੰਘ ਖ਼ੁਦ ਇੱਕ ਵਕੀਲ ਹਨ ਅਤੇ ਇੱਕ ਕਾਨੂੰਨੀ ਪਿਛੋਕੜ ਵਾਲੇ ਵਿਅਕਤੀ ਨੂੰ ਇਸ ਤਰ੍ਹਾਂ ਦੀਆਂ ਟਿੱਪਣੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਜੇ ਭਲਾ ਕੋਈ ਜਗਮੀਤ ਸਿੰਘ ਨੂੰ ਇਹ ਕਹਿ ਦੇਵੇ ਕਿ, ਕੀ ਉਹ ਆਪਣੇ ਉਨ੍ਹਾਂ ਰਿਸ਼ਤੇਦਾਰਾਂ ਦੀ ਸੂਚੀ ਜਾਰੀ ਕਰ ਸਕਦੇ ਹਨ ਜਿਹੜੇ ਉਨ੍ਹਾਂ ਸਾਲਾਂ ਦੌਰਾਨ ਸਰਕਾਰੀ ਹਿੰਸਾ ਦਾ ਸ਼ਿਕਾਰ ਬਣ ਗਏ ਤਾਂ ਉਹ ਇੱਕ ਨਵੀਂ ਤਰ੍ਹਾਂ ਦੀ ਮੁਸ਼ਕਿਲ ਵਿੱਚ ਪੈ ਸਕਦੇ ਹਨ।

ਇਸੇ ਤਰ੍ਹਾਂ ਇਹ ਕਹਿਣਾ ਕਿ ਮੈਂ ਕੈਨੇਡਾ ਜਾਂ ਦੂਜੇ ਮੁਲਕਾਂ ਵਿੱਚ ਜਿਨ੍ਹਾਂ ਵੀ ਸਿੱਖਾਂ ਨੂੰ ਮਿਲਿਆ, ਉਨ੍ਹਾਂ ਦਾ ਕੋਈ ਨਾ ਕੋਈ ਮੈਂਬਰ ਉਨ੍ਹਾਂ ਦਿਨਾਂ ਦੌਰਾਨ ਮਾਰਿਆ ਗਿਆ, ਇੱਕ ਬਹੁਤ ਹੀ ਵਧਾਈ-ਚੜ੍ਹਾਈ ਗੱਲ ਹੈ।

ਜਗਮੀਤ ਸਿੰਘ ਜਿੰਨੇ ਸਿੱਖਾਂ ਨੂੰ ਨਿੱਜੀ ਤੌਰ 'ਤੇ ਜਾਣਦੇ ਹਨ, ਉਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੋਵੇਗੀ।

ਕੀ ਜਗਮੀਤ ਸਿੰਘ ਹੋਰਾਂ ਨੇ ਉਨ੍ਹਾਂ ਸਾਰਿਆਂ ਦਾ ਪਿਛੋਕੜ ਚੈੱਕ ਕੀਤਾ ਹੈ? ਨੈਸ਼ਨਲ ਪੱਧਰ 'ਤੇ ਇੱਕ ਲੀਡਰ ਨੂੰ ਅਜਿਹੇ ਭੜਕਾਊ ਬਿਆਨ ਦੇਣ ਵੇਲੇ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਲੋਕ ਇਨ੍ਹਾਂ ਗੱਲਾਂ ਦੀ ਪੜਤਾਲ ਵੀ ਕਰ ਸਕਦੇ ਹਨ ਅਤੇ ਉਨ੍ਹਾਂ ਲਈ ਇੱਕ ਨਵੀਂ ਮੁਸੀਬਤ ਖੜ੍ਹੀ ਹੋ ਸਕਦੀ ਹੈ।

80 ਦੇ ਦਹਾਕੇ ਵਿੱਚ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਨਾਲ ਜਗਮੀਤ ਸਿੰਘ ਦੇ ਭਾਵਨਾਤਮਕ ਰਿਸ਼ਤੇ 'ਤੇ ਟਿੱਪਣੀ ਕਰਦੇ ਹੋਏ ਕੈਨੇਡੀਅਨ ਕਾਲਮ ਨਵੀਸ ਮਾਗਰੈਟ ਵੈਂਟ ਇਸ ਗੱਲ 'ਤੇ ਹੈਰਾਨੀ ਪ੍ਰਗਟ ਕਰਦੀ ਹੈ ਕਿ ਜਿਹੜਾ ਆਦਮੀ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ, ਉਹ ਪੂਰੀ ਤਰ੍ਹਾਂ ਕਿਸੇ ਹੋਰ ਮੁਲਕ ਵਿੱਚ, ਕਿਸੇ ਦੌਰ ਵਿੱਚ ਵਾਪਰੀ 'ਨਸਲੀ-ਨੈਸ਼ਨਲਿਸਟ' ਦੀ ਸਿਆਸਤ ਵਿੱਚ ਡੁੱਬਿਆ ਹੋਇਆ ਹੈ।

ਉਹ ਅੱਗੇ ਲਿਖਦੀ ਹੈ ਕਿ ਕੈਨੇਡਾ ਦੇ ਮਲਟੀਕਲਚਰਿਜ਼ਮ ਲਈ ਇਹ ਇੱਕ ਵੱਡੀ ਚੁਣੌਤੀ ਹੈ ਕਿ ਲੋਕ ਦੂਰ-ਦੁਰਾਡੇ ਦੀਆਂ ਥਾਵਾਂ ਤੋਂ ਆਪਣੇ ਰੋਸ ਅਤੇ ਨਫ਼ਰਤਾਂ ਵੀ ਨਾਲ਼ ਲੈ ਕੇ ਆ ਰਹੇ ਹਨ।

ਕੈਨੇਡਾ ਨੂੰ ਅਜਿਹੇ ਲੀਡਰਾਂ ਦੀ ਲੋੜ ਹੈ, ਜੋ ਇਹ ਗੱਲ ਸਪਸ਼ਟ ਤੌਰ 'ਤੇ ਕਹਿ ਸਕਣ ਕਿ ਅਸੀਂ ਇਹ ਗੱਲਾਂ ਬਰਦਾਸ਼ਤ ਨਹੀਂ ਕਰਾਂਗੇ, ਨਾ ਕਿ ਅਜਿਹੇ ਲੀਡਰਾਂ ਦੀ ਜੋ ਇਨ੍ਹਾਂ ਨੂੰ ਤੂਲ ਦੇਣ।

ਭਾਰਤੀ ਸਿੱਖ ਆਪਣੇ ਮਸਲੇ ਆਪ ਸੁਲਝਾਉਣ

ਵੱਡੀਆਂ ਸੰਭਾਵਨਾਵਾਂ ਵਾਲੇ ਇੱਕ ਨੈਸ਼ਨਲ ਲੀਡਰ ਵਜੋਂ ਜਗਮੀਤ ਸਿੰਘ ਨੂੰ ਆਪਣੀ ਇਸ ਦੁਬਿਧਾ 'ਚੋਂ ਨਿਕਲਣਾ ਪੈਣਾ ਹੈ। ਉਹ ਇਹ ਗੱਲ ਕਈ ਵਾਰ ਕਹਿ ਚੁੱਕੇ ਹਨ ਕਿ ਭਾਰਤ ਦੇ ਭਵਿੱਖ ਦਾ ਫੈਸਲਾ ਭਾਰਤ ਦੇ ਲੋਕਾਂ ਨੇ ਕਰਨਾ ਹੈ।

ਜੇ ਇਹ ਗੱਲ ਹੈ ਤਾਂ ਉਨ੍ਹਾਂ ਨੂੰ ਅਜਿਹੇ ਲੋਕਾਂ ਦੀ ਸੰਗਤ ਤੋਂ ਬਚਣਾ ਪਵੇਗਾ ਜਿਹੜੇ ਪੰਜਾਬ ਦੇ ਲੋਕਾਂ ਦਾ ਭਵਿੱਖ ਕੈਨੇਡਾ ਜਾਂ ਹੋਰ ਮੁਲਕਾਂ ਵਿੱਚ ਬੈਠ ਕੇ ਤੈਅ ਕਰਨਾ ਚਾਹੁੰਦੇ ਹਨ।

ਇੱਕ ਇੰਡੀਅਨ ਮੁਸਲਿਮ ਲੀਡਰ ਅੱਸਾਦੂਦੀਨ ਓਵੈਸੀ ਕੁਝ ਦੇਰ ਪਹਿਲਾਂ ਆਪਣੇ ਪਾਕਿਸਤਾਨ ਦੌਰੇ ਦੌਰਾਨ ਉੱਥੇ ਦੇ ਇੱਕ ਟੀਵੀ ਚੈਨਲ ਦੀ ਪੈਨਲ ਚਰਚਾ ਵਿੱਚ ਸ਼ਾਮਲ ਹੋਏ ਸਨ।

ਇਸ ਚਰਚਾ ਦੌਰਾਨ ਉਨ੍ਹਾਂ ਨੇ ਇੰਡੀਅਨ ਮੁਸਲਮਾਨਾਂ ਬਾਰੇ ਆਪਣੀ ਚਿੰਤਾ ਜ਼ਾਹਰ ਕਰ ਰਹੇ ਇੱਕ ਪਾਕਿਸਤਾਨੀ ਪੈਨਲਿਸਟ ਨੂੰ ਬਹੁਤ ਹੀ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਭਾਰਤ ਦੇ ਵੀਹ ਕਰੋੜ ਮੁਸਲਮਾਨ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਨਾ ਜਾਣਦੇ ਹਨ।

ਉਨ੍ਹਾਂ ਕਿਹਾ, "ਸਾਡੇ ਲਈ ਕੀ ਬਿਹਤਰ ਹੈ, ਇਸ ਦਾ ਸਾਨੂੰ ਪਤਾ ਹੈ। ਇਸ ਲਈ ਤੁਸੀਂ ਕਿਰਪਾ ਕਰ ਕੇ ਸਾਡੀ ਚਿੰਤਾ ਕਰਨਾ ਬੰਦ ਕਰੋ।''

ਇਹੀ ਗੱਲ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਹੋਰ ਥਾਵਾਂ 'ਤੇ ਬੈਠੇ ਕੁਝ ਉਨ੍ਹਾਂ ਸਿੱਖ ਸੰਗਠਨਾਂ ਨੂੰ ਵੀ ਸਮਝਣੀ ਚਾਹੀਦੀ ਹੈ, ਜਿਹੜੇ ਪੰਜਾਬ ਦੇ ਲੋਕਾਂ ਨੂੰ ਖ਼ਾਲਿਸਤਾਨ ਬਣਾ ਕੇ ਦੇਣਾ ਚਾਹੁੰਦੇ ਹਨ।

ਜਿਨ੍ਹਾਂ ਦੇ ਬੱਚੇ ਵੀ ਕੈਨੇਡਾ ਵਿੱਚ ਜੰਮੇ-ਪਲੇ ਹਨ ਅਤੇ ਜਿਨ੍ਹਾਂ ਦਾ ਭਵਿੱਖ ਕੈਨੇਡਾ ਵਿੱਚ ਹੈ, ਉਨ੍ਹਾਂ ਨੂੰ ਇੱਕ ਕੈਨੇਡੀਅਨ ਨਾਗਰਿਕ ਦੇ ਤੌਰ 'ਤੇ ਇਸ ਮੁਲਕ ਦੀਆਂ ਸਮੱਸਿਆਵਾਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਇੱਕ ਭਵਿੱਖਮੁਖੀ ਸੋਚ ਰੱਖਣੀ ਚਾਹੀਦੀ ਹੈ।

ਇੱਕ ਕੈਨੇਡੀਅਨ ਲੀਡਰ ਵਜੋਂ ਲੋਕ ਜਗਮੀਤ ਸਿੰਘ ਤੋਂ ਇਹ ਉਮੀਦ ਰੱਖਦੇ ਹਨ ਕਿ ਉਹ ਮੁਲਕ ਦੇ ਸਿੱਖਾਂ ਅੰਦਰ ਇੱਕ ਭਵਿੱਖਮੁਖੀ ਸੋਚ ਪੈਦਾ ਕਰੇ।

ਇੰਡੀਆ ਦੇ ਸਿੱਖਾਂ ਨੂੰ ਕੈਨੇਡੀਅਨ ਸਿੱਖਾਂ ਦੀ ਮਦਦ ਦੀ ਲੋੜ ਨਹੀਂ ਹੈ। ਇੰਡੀਆ ਦੇ ਸਿੱਖ ਮੁਲਕ ਦੀ ਇੱਕ ਦਮਦਾਰ, ਸ਼ਾਨਦਾਰ ਅਤੇ ਮਾਣਮੱਤੀ ਕਮਿਊਨਿਟੀ ਹੈ।

ਅਤੀਤ ਜਾਂ ਵਰਤਮਾਨ ਦੀਆਂ ਜ਼ਿਆਦਤੀਆਂ ਦਾ ਹਿਸਾਬ ਇੰਡੀਅਨ ਸਿੱਖਾਂ ਨੇ ਖ਼ੁਦ ਕਰਨਾ ਹੈ। ਕੈਨੇਡੀਅਨ ਸਿੱਖਾਂ ਦਾ ਭਵਿੱਖ ਕੈਨੇਡਾ ਨਾਲ ਜੁੜਿਆ ਹੈ।

ਜਗਮੀਤ ਸਿੰਘ ਦਾ ਇਹ ਫ਼ਰਜ਼ ਹੈ ਕਿ ਮੁਲਕ ਦੇ ਸਿੱਖਾਂ ਅੰਦਰ ਇਹ ਚੇਤਨਾ ਪੈਦਾ ਕਰਨ ਕਿ ਉਨ੍ਹਾਂ ਦੀ ਪਹਿਲੀ ਫ਼ਿਕਰ ਕੈਨੇਡਾ ਹੈ।

ਜੇ ਅਜੇ ਵੀ ਉਨ੍ਹਾਂ ਨੇ 'ਚੁਰਾਸੀ ਦੀ ਰਾਜਨੀਤੀ' ਨਾਲ ਖੇਡਣਾ ਜਾਰੀ ਰੱਖਿਆ ਤਾਂ ਇਸ ਨਾਲ ਉਹ ਮੁਲਕ ਦੀ ਸਿੱਖ ਕਮਿਊਨਿਟੀ ਲਈ ਨਵੇਂ ਤਰ੍ਹਾਂ ਦੇ ਕੰਡੇ ਬੀਜਣ ਦਾ ਕਾਰਨ ਬਣ ਜਾਣਗੇ।

ਮੁਲਕ ਦੇ ਲੋਕਾਂ ਅੰਦਰ ਇਨ੍ਹਾਂ ਗੱਲਾਂ ਨਾਲ ਸਿੱਖਾਂ ਪ੍ਰਤੀ ਬੇਵਜ੍ਹਾ ਗ਼ਲਤਫਹਿਮੀ ਪੈਦਾ ਹੋ ਰਹੀ ਹੈ। ਕੈਨੇਡੀਅਨ ਲੋਕ ਅਤੇ ਸਿੱਖ ਭਾਈਚਾਰਾ ਜਗਮੀਤ ਸਿੰਘ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਰੱਖਦਾ।

(ਲੇਖਕ ਕੈਨੇਡੀਅਨ ਟੀ ਵੀ ਚੈਨਲ ਔਮਨੀ ਨਾਲ ਕੰਮ ਕਰਦੇ ਹ ਅਤੇ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)