ਨਜ਼ਰੀਆ: ਜਗਤਾਰ ਜੌਹਲ ਕੇਸ 'ਤੇ ਚੱਲ ਰਹੀ ਗਲੋਬਲ ਪੰਜਾਬੀ ਸਿਆਸਤ

    • ਲੇਖਕ, ਸ਼ਮੀਲ
    • ਰੋਲ, ਸੀਨੀਅਰ ਪੱਤਰਕਾਰ, ਕੈਨੇਡਾ

ਪੰਜਾਬ ਦੇ ਸਿਸਟਮ ਨੂੰ ਗਲੋਬਲ ਮਿਆਰਾਂ ਵਾਲਾ ਬਣਾਉਣਾ ਹੋਵੇਗਾ ਕਿਉਂਕਿ ਸਾਡੇ ਲੋਕ ਹਮੇਸ਼ਾ ਪੰਜਾਬ ਦੇ ਸਿਸਟਮ ਦੀ ਤੁਲਨਾ ਵਿਕਸਤ ਮੁਲਕਾਂ ਦੇ ਸਿਸਟਮ ਨਾਲ ਕਰਦੇ ਹਨ।

ਪੰਜਾਬ ਸਰਕਾਰ ਨੂੰ ਸਮੁੱਚੇ ਸਿਸਟਮ ਵਿੱਚ ਬਹੁਤ ਵੱਡੇ ਸੁਧਾਰ ਕਰਨੇ ਪੈਣਗੇ।

ਅਮਰਜੀਤ ਸੋਹੀ ਕੈਨੇਡਾ ਦੀ ਫੈਡਰਲ ਸਰਕਾਰ ਵਿੱਚ ਬੁਨਿਆਦੀ ਢਾਂਚੇ ਬਾਰੇ ਮੰਤਰੀ ਹਨ ਅਤੇ ਮੁਲਕ ਦੇ ਐਲਬਰਟਾ ਸੂਬੇ ਵਿੱਚ ਪੈਂਦੇ ਰਾਈਡਿੰਗ (ਹਲਕਾ) ਐਡਮਿੰਟਨ ਮਿਲ ਵੁੱਡਜ਼ ਤੋਂ ਕੈਨੇਡੀਅਨ ਪਾਰਲੀਮੈਂਟ ਦੇ ਮੈਂਬਰ ਹਨ।

ਜ਼ਿਲ੍ਹਾ ਸੰਗਰੂਰ ਵਿੱਚ ਬਨਭੌਰਾ ਵਿੱਚ ਜੰਮੇ ਅਮਰਜੀਤ ਸੋਹੀ ਤਕਰੀਬਨ 17 ਕੁ ਸਾਲ ਦੀ ਉਮਰ ਵਿੱਚ ਕੈਨੇਡਾ ਆਏ ਸਨ।

ਉਹ ਸ਼ੁਰੂ ਤੋਂ ਹੀ ਪ੍ਰੋਗਰੈਸਿਵ ਖਿਆਲਾਂ ਵਾਲੇ ਹਨ, ਖੱਬੇ-ਪੱਖੀ ਖਿਆਲਾਂ ਵਾਲੀਆਂ ਜਥੇਬੰਦੀਆਂ ਨਾਲ ਉਨ੍ਹਾਂ ਦੀ ਨੇੜਤਾ ਰਹੀ ਹੈ, ਅਤੇ ਪ੍ਰਗਤੀਵਾਦੀ ਥਿਏਟਰ ਨਾਲ ਜੁੜੇ ਹਨ।

ਇਸੇ ਤਰਾਂ ਦੇ ਖਿਆਲਾਂ ਦੇ ਪ੍ਰੇਰੇ ਉਹ 1988 ਵਿੱਚ ਗੁਰਸ਼ਰਨ ਸਿੰਘ ਦੀ ਨਾਟ-ਮੰਡਲੀ ਵਿੱਚ ਸ਼ਾਮਲ ਹੋ ਗਏ ਅਤੇ ਇੱਕ ਖੱਬੇ-ਪੱਖੀ ਕਾਰਕੁੰਨ ਵਜੋਂ ਕੰਮ ਕਰਦਿਆਂ ਬਿਹਾਰ ਸੂਬੇ ਵਿੱਚ ਚਲੇ ਗਏ।

ਇਥੇ ਖੱਬੇਪੱਖੀ ਗਰੁੱਪਾਂ ਨਾਲ ਕੰਮ ਕਰਦਿਆਂ ਉਹ ਬਿਹਾਰ ਪੁਲਿਸ ਦੇ ਧੱਕੇ ਚੜ੍ਹ ਗਏ ਅਤੇ ਜਦੋਂ ਬਿਹਾਰ ਪੁਲਿਸ ਨੇ ਇਹ ਦੇਖਿਆ ਕਿ ਇਹ ਕੈਨੇਡਾ ਤੋਂ ਆਇਆ ਪੰਜਾਬੀ ਸਿੱਖ ਹੈ ਤਾਂ ਉਸ 'ਤੇ ਖਾਲਿਸਤਾਨੀ ਲਹਿਰ ਨਾਲ ਜੁੜੇ ਹੋਣ ਸਬੰਧੀ ਕੇਸ ਪਾਕੇ ਜੇਲ੍ਹ ਭੇਜ ਦਿੱਤਾ ਗਿਆ।

ਉਨ੍ਹਾਂ ਦਿਨਾਂ ਵਿੱਚ ਅੱਤਵਾਦ-ਵਿਰੋਧੀ ਸਪੈਸ਼ਲ ਕਨੂੰਨ ਟਾਡਾ ਲੱਗਾ ਹੋਇਆ ਸੀ ਅਤੇ ਪੁਲਿਸ ਨੂੰ ਅਜਿਹੇ ਕਿਸੇ ਵੀ ਵਿਅਕਤੀ ਨੂੰ ਬਿਨਾਂ ਸੁਣਵਾਈ ਦੇ ਦੋ ਸਾਲ ਤੱਕ ਜੇਲ੍ਹ ਵਿੱਚ ਬੰਦ ਰੱਖਣ ਦੇ ਅਖਤਿਆਰ ਸਨ ਜਿਸ 'ਤੇ ਅੱਤਵਾਦੀ ਸਰਗਰਮੀਆਂ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੋਵੇ।

ਅਮਰਜੀਤ ਸੋਹੀ 'ਤੇ ਇਹ ਇਲਜ਼ਾਮ ਲਗਾਏ ਗਏ ਸਨ ਕਿ ਉਹ ਕੌਮਾਂਤਰੀ ਅੱਤਵਾਦੀ ਨੈਟਵਰਕ ਦਾ ਹਿੱਸਾ ਹੈ ਅਤੇ ਬਿਹਾਰ ਦੇ ਨਕਸਲੀਆਂ ਨੂੰ ਟਰੇਨਿੰਗ ਦੇਣ ਲਈ ਆਇਆ ਹੈ।

ਇਨ੍ਹਾਂ ਦੋਸ਼ਾਂ ਅਧੀਨ ਉਸ ਨੂੰ 21 ਮਹੀਨੇ ਤੱਕ ਜੇਲ੍ਹ ਵਿੱਚ ਬੰਦ ਰੱਖਿਆ ਗਿਆ। 1990 ਦੀਆਂ ਬਿਹਾਰ ਚੋਣਾਂ ਤੋਂ ਬਾਅਦ ਉਸਦੇ ਕੇਸ ਦਾ ਰਿਵੀਊ ਕੀਤਾ ਗਿਆ ਅਤੇ ਉਸ ਖਿਲਾਫ ਕੋਈ ਸਬੂਤ ਨਾ ਹੋਣ ਕਾਰਨ ਉਸ ਨੂੰ ਰਿਹਾਅ ਕਰ ਦਿੱਤਾ ਗਿਆ।

ਬਰੀ ਹੋਣ ਤੋਂ ਬਾਅਦ ਉਹ ਕੈਨੇਡਾ ਆ ਗਿਆ ਅਤੇ ਜੀਵਨ ਦੇ ਵੱਖ ਵੱਖ ਪੜਾਵਾਂ ਚੋਂ ਗੁਜ਼ਰਦਿਆਂ ਅੱਜ ਕੈਨੇਡਾ ਦੀ ਫੈਡਰਲ ਸਰਕਾਰ ਦਾ ਹਿੱਸਾ ਹੈ।

ਪੰਜਾਬ ਪੁਲਿਸ ਨੇ ਜਦੋਂ ਸਟੌਕਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਅੱਤਵਾਦੀ ਹਿੰਸਾ ਨਾਲ ਸੰਬੰਧਤ ਕੇਸਾਂ ਵਿੱਚ ਸ਼ਮੂਲੀਅਤ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤਾ ਤਾਂ ਮੰਤਰੀ ਅਮਰਜੀਤ ਸੋਹੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਮੈਂ ਆਪਣੇ ਤਜ਼ਰਬੇ ਦੇ ਅਧਾਰ 'ਤੇ ਕਹਿ ਰਿਹਾ ਹਾਂ ਕਿ ਸਭ ਦੇ ਮਨੁੱਖੀ ਹੱਕਾਂ ਦੀ ਰਾਖੀ ਹੋਣੀ ਚਾਹੀਦੀ ਹੈ ਅਤੇ ਨਿਰਪੱਖ ਸੁਣਵਾਈ ਹੋਣੀ ਚਾਹੀਦੀ ਹੈ। ਮੈਨੂੰ ਜਗਤਾਰ ਸਿੰਘ ਜੌਹਲ ਨਾਲ ਹਮਦਰਦੀ ਹੈ।

ਇਸ ਹਵਾਲੇ ਰਾਹੀਂ ਮੇਰਾ ਦੋਵਾਂ ਦੇ ਕੇਸਾਂ ਦੀ ਤੁਲਨਾ ਕਰਨ ਦਾ ਕੋਈ ਮਕਸਦ ਨਹੀਂ ਹੈ।

ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਜਦੋਂ ਬਿਹਾਰ ਪੁਲਿਸ ਨੇ ਅੱਸੀਵਿਆਂ ਵਿੱਚ ਅਮਰਜੀਤ ਸੋਹੀ ਨੂੰ ਗ੍ਰਿਫ਼ਤਾਰ ਕੀਤਾ ਸੀ ਤਾਂ ਉਸ ਦੇ ਖਿਲਾਫ ਕੇਸਾਂ ਵਿੱਚ ਕੁੱਝ ਸਚਾਈ ਸੀ ਜਾਂ ਉਹ ਨਿਰਾ ਝੂਠ ਸਨ।

ਵੈਸੇ ਇਹ ਗੱਲ ਸੱਚੀ ਹੈ ਕਿ ਸੋਹੀ ਦਾ ਖਾਲਿਸਤਾਨੀ ਵਿਚਾਰਧਾਰਾ ਵਿੱਚ ਕਦੇ ਕੋਈ ਯਕੀਨ ਨਹੀਂ ਰਿਹਾ।

ਦਾਵਿਆਂ ਦੀ ਸੱਚਾਈ ਤਾਂ ਦਾਵੇਦਾਰ ਹੀ ਜਾਣਦੇ ਹਨ

ਮੈਂ ਇਸ ਬਾਰੇ ਵੀ ਕੁਝ ਵੀ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਜਗਤਾਰ ਸਿੰਘ ਜੌਹਲ ਦੇ ਖਿਲਾਫ ਲੱਗੇ ਦੋਸ਼ਾਂ ਵਿੱਚ ਕਿੰਨਾ ਸੱਚ ਹੈ ਅਤੇ ਕਿੰਨਾ ਝੂਠ।

ਇਸ ਦੀ ਸੱਚਾਈ ਜਾਂ ਜਗਤਾਰ ਜੌਹਲ ਨੂੰ ਪਤਾ ਹੈ ਅਤੇ ਜਾਂ ਪੰਜਾਬ ਪੁਲਿਸ ਨੂੰ।

ਇਸ ਦਾ ਫੈਸਲਾ ਅਦਾਲਤ ਨੇ ਕਰਨਾ ਹੈ। ਜਿਹੜੇ ਲੋਕ ਉਸਦੀ ਰਿਹਾਈ ਦੀ ਮੰਗ ਕਰ ਰਹੇ ਹਨ, ਸੌ ਫੀਸਦੀ ਭਰੋਸੇ ਨਾਲ ਉਹ ਵੀ ਨਹੀਂ ਕਹਿ ਸਕਦੇ ਕਿ ਉਸਦੀ ਕਿਸੇ ਵੀ ਅੱਤਵਾਦੀ ਹਿੰਸਾ ਦੀ ਸਾਜਿਸ਼ ਵਿੱਚ ਕੋਈ ਵੀ ਸ਼ਮੂਲੀਅਤ ਨਹੀਂ ਹੈ।

ਇਸ ਗੱਲ ਦਾ ਨਿਬੇੜਾ ਹੁਣ ਅਦਾਲਤੀ ਕਾਰਵਾਈ ਦੌਰਾਨ ਹੀ ਹੋਵੇਗਾ।

ਹਾਂ, ਇਹ ਗੱਲ ਬਿਨਾਂ ਝਿਜਕ ਕਹੀ ਜਾ ਸਕਦੀ ਹੈ ਕਿ ਜਦੋਂ ਤੱਕ ਅਦਾਲਤੀ ਫੈਸਲਾ ਨਹੀਂ ਹੁੰਦਾ, ਉਦੋਂ ਤੱਕ ਉਸਦੇ ਬੁਨਿਆਦੀ ਮਨੁੱਖੀ ਹੱਕਾਂ ਦੀ ਰਾਖੀ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਅਦਾਲਤ ਵਿੱਚ ਆਪਣਾ ਪੱਖ ਰੱਖਣ ਦਾ ਪੂਰਾ ਹੱਕ ਮਿਲਣਾ ਚਾਹੀਦਾ ਹੈ।

ਜੇ ਕਿਸੇ ਵੇਲੇ ਅਮਰਜੀਤ ਸੋਹੀ ਦੇ ਮੁਕੱਦਮੇ ਦੀ ਨਿਰਪੱਖ ਸੁਣਵਾਈ ਹੋਈ ਤਾਂ ਹੀ ਉਹ ਬਿਹਾਰ ਦੀ ਜੇਲ੍ਹ ਦੇ ਨਰਕ ਚੋਂ ਛੁੱਟ ਸਕਿਆ ਅਤੇ ਅੱਜ ਕੈਨੇਡਾ ਦਾ ਮੰਤਰੀ ਹੈ।

ਨਿਰਪੱਖ ਸੁਣਵਾਈ ਇੱਕ ਮੁੱਢਲਾ ਅਧਿਕਾਰ

ਬੁਨਿਆਦੀ ਮਨੁੱਖੀ ਅਧਿਕਾਰ ਅਤੇ ਨਿਰਪੱਖ ਅਦਾਲਤੀ ਸੁਣਵਾਈ ਹਰ ਇਨਸਾਨ ਦਾ ਮੁੱਢਲਾ ਅਧਿਕਾਰ ਹਨ।

ਅਮਰਜੀਤ ਸੋਹੀ ਦੀ ਕਹਾਣੀ ਚੋਂ ਇੱਕ ਸਬਕ ਇਹ ਵੀ ਮਿਲਦਾ ਹੈ ਕਿ ਕਾਨੂੰਨ ਦੀ ਮਰਿਆਦਾ ਵਿੱਚ ਰਹਿੰਦੇ ਹੋਏ ਇਨਸਾਨਾਂ ਨੂੰ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੇ ਮੌਕੇ ਮਿਲਣੇ ਚਾਹੀਦੇ ਹਨ।

ਪੁਲਿਸ ਜਾਂ ਕਿਸੇ ਵੀ ਕਾਨੂੰਨੀ ਏਜੰਸੀ ਦੁਆਰਾ ਕਿਸੇ ਦੇ ਖਿਲਾਫ਼ ਦੋਸ਼ ਆਇਦ ਕਰਨੇ ਬਹੁਤ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਹੈ।

ਕਿਸੇ ਵੀ ਇਨਸਾਫ਼ਪਸੰਦ ਲੋਕਤੰਤਰੀ ਨਿਜ਼ਾਮ ਵਿੱਚ ਇਸ ਗੱਲ ਨੂੰ ਬਹੁਤ ਹੀ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ ਕਿ ਕੋਈ ਵੀ ਕਨੂੰਨੀ ਏਜੰਸੀ ਜਾਂ ਪੁਲਿਸ ਕਿਸੇ ਦੇ ਵੀ ਖਿਲਾਫ਼ ਅਜਿਹੇ ਦੋਸ਼ ਨਾ ਲਗਾ ਸਕੇ, ਜਿਹੜੇ ਸਬੂਤਾਂ 'ਤੇ ਅਧਾਰਤ ਨਾ ਹੋਣ।

ਇਹੀ ਵਜ੍ਹਾ ਹੈ ਕਿ ਵਿਕਸਤ ਮੁਲਕਾਂ ਵਿੱਚ ਪੁਲਿਸ ਵਰਗੀਆਂ ਏਜੰਸੀਆਂ ਦੀ ਨੌਕਰੀ ਬਹੁਤ ਹੀ ਜ਼ਿੰਮੇਵਾਰੀ ਅਤੇ ਸਾਵਧਾਨੀ ਵਾਲਾ ਕੰਮ ਹੈ ਅਤੇ ਇਨ੍ਹਾਂ 'ਤੇ ਸੈਂਕੜੇ ਤਰਾਂ ਦੀਆਂ ਬੰਦਸ਼ਾਂ ਅਤੇ ਨਜ਼ਰਸਾਨੀ ਦੇ ਇੰਤਜ਼ਾਮ ਹਨ।

ਕੈਨੇਡਾ ਵਿੱਚ ਟੋਰਾਂਟੋ ਪੁਲਿਸ ਦੇ ਇੱਕ ਅਫ਼ਸਰ ਜੇਮਜ਼ ਫਰਸਿੱਲੋ ਅੱਜ ਕੱਲ੍ਹ ਇਸ ਗੱਲ ਲਈ ਸਜ਼ਾ ਭੁਗਤ ਰਹੇ ਹਨ।

ਉਨ੍ਹਾਂ ਨੇ 26 ਜੁਲਾਈ, 2013 ਨੂੰ ਟੋਰਾਂਟੋ ਦੀ ਇੱਕ ਸਟਰੀਟ ਕਾਰ ਵਿੱਚ ਇੱਕ ਨੌਜਵਾਨ ਸੈਮੀ ਯਾਤਿਮ ਨੂੰ ਜਲਦਬਾਜ਼ੀ ਵਿੱਚ ਗੋਲੀ ਚਲਾਕੇ ਮਾਰ ਦਿੱਤਾ ਸੀ।

ਇਸ ਨੌਜਵਾਨ ਦੇ ਹੱਥ ਵਿੱਚ ਚਾਕੂ ਸੀ ਅਤੇ ਉਹ ਹੋਰ ਲੋਕਾਂ ਲਈ ਖਤਰਾ ਬਣਿਆ ਹੋਇਆ ਸੀ।

ਪੁਲਿਸ ਅਫ਼ਸਰ ਫਰਸਿਲੋ ਦੇ ਵਾਰ ਵਾਰ ਕਹਿਣ ਦੇ ਬਾਵਜੂਦ ਉਸ ਨੇ ਚਾਕੂ ਨਹੀਂ ਸੁੱਟਿਆ ਬਲਕਿ ਪੁਲਿਸ ਅਫ਼ਸਰ ਨੂੰ ਗਾਲ੍ਹਾਂ ਕੱਢਦਾ ਰਿਹਾ।

ਉਸ ਨੂੰ ਕਾਬੂ ਕਰਨ ਲਈ ਹੋਰ ਕੋਈ ਤਰੀਕਾ ਅਪਣਾਏ ਬਗੈਰ ਹੀ ਕਾਂਸਟੇਬਲ ਫਰਸਿੱਲੋ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਸੈਮੀ ਯਾਤਿਮ ਮਾਰਿਆ ਗਿਆ।

ਟੋਰਾਂਟੋ ਦੀ ਇੱਕ ਅਦਾਲਤ ਨੇ ਇਰਾਦਾ ਕਤਲ ਕੇਸ ਵਿੱਚ ਉਸ ਅਫ਼ਸਰ ਨੂੰ ਛੇ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੋਈ ਹੈ।

ਪੁਲਿਸ ਜਾਂ ਕਨੂੰਨੀ ਏਜੰਸੀਆਂ ਤੋਂ ਅਸੀਂ ਬਹੁਤ ਹੀ ਉੱਚੇ ਪੱਧਰ ਦੇ ਪ੍ਰੋਫੈਸ਼ਨਲ ਵਰਤਾਓ ਅਤੇ ਅਨੁਸਾਸ਼ਨ ਦੀ ਮੰਗ ਕਰਦੇ ਹਾਂ।

ਪੰਜਾਬ ਵਿੱਚ ਪਿਛਲੇ ਦਿਨਾਂ ਦੌਰਾਨ ਹੋਈਆਂ ਹਿੰਸਾ ਦੀਆਂ ਘਟਨਾਵਾਂ ਬਾਰੇ ਪੁਲਿਸ ਨੇ ਜਿਨ੍ਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਉਨਾਂ ਖਿਲਾਫ ਕਾਰਵਾਈ ਦੌਰਾਨ ਪੁਲਿਸ ਨੂੰ ਆਪਣੇ ਪ੍ਰੋਫੈਸ਼ਨਲ ਜ਼ਾਬਤੇ ਦੀ ਪੂਰੀ ਪਾਲਣਾ ਕਰਨੀ ਚਾਹੀਦੀ ਹੈ, ਇਸ ਗੱਲ ਦੀ ਮੰਗ ਕਰਨ ਵਿੱਚ ਕੁਝ ਵੀ ਗਲਤ ਨਹੀਂ ਹੈ।

ਪੁਲਿਸ ਵਿੱਚ ਪ੍ਰੋਫੈਸ਼ਨਲ ਕਲਚਰ ਹਾਲੇ ਨਦਾਰਦ

ਇਹ ਵੀ ਇੱਕ ਹਕੀਕਤ ਹੈ ਕਿ ਭਾਰਤ ਜਾਂ ਪੰਜਾਬ ਵਿੱਚ ਪੁਲਿਸ ਜਾਂ ਹੋਰ ਏਜੰਸੀਆਂ ਅੰਦਰ ਇਸ ਤਰਾਂ ਦਾ ਪ੍ਰੋਫੈਸ਼ਨਲ ਕਲਚਰ ਹਾਲੇ ਵਿਕਸਤ ਨਹੀਂ ਹੋਇਆ।

ਜੇ ਅੱਜ ਬਹੁਤ ਸਾਰੇ ਲੋਕ ਇਹ ਮੰਨਦੇ ਹਨ ਕਿ ਪੰਜਾਬ ਪੁਲਿਸ ਲੋਕਾਂ 'ਤੇ ਝੂਠੇ ਕੇਸ ਪਾ ਦਿੰਦੀ ਹੈ ਤਾਂ ਇਹ ਗੱਲ ਹਵਾ ਚੋਂ ਨਹੀਂ ਪੈਦਾ ਹੋਈ।

ਭਾਰਤ ਦੇ ਤਕਰੀਬਨ ਸਾਰੇ ਹੀ ਸੂਬਿਆਂ ਵਿੱਚ ਪੁਲਿਸ ਦਾ ਕਲਚਰ ਅਜੇ ਇਸੇ ਤਰਾਂ ਦਾ ਹੈ।

ਕੁੱਝ ਦਿਨ ਪਹਿਲਾਂ ਹੀ ਦਿੱਲੀ ਵਿੱਚ ਇੱਕ ਸਕੂਲ ਦੇ ਬੱਚੇ ਦੇ ਕਤਲ ਕੇਸ ਵਿੱਚ ਪੁਲਿਸ ਨੇ ਇੱਕ ਸਕੂਲ ਬੱਸ ਦੇ ਡਰਾਈਵਰ ਨੂੰ ਹਵਾਲਾਤ ਭੇਜ ਦਿੱਤਾ।

ਬਾਅਦ ਵਿੱਚ ਜਦੋਂ ਸੀ ਬੀ ਆਈ ਨੇ ਜਾਂਚ ਕੀਤੀ ਤਾਂ ਸੱਚਾਈ ਕੁਝ ਹੋਰ ਨਿਕਲੀ। ਦਲੇਰ ਮਹਿੰਦੀ ਮੁਲਕ ਦਾ ਨਾਮੀ ਸਿੰਗਰ ਹੈ।

ਪੰਜਾਬ ਪੁਲਿਸ ਦੇ ਇੱਕ ਅਫ਼ਸਰ ਨੇ ਉਸ ਨਾਲ ਕੀ ਕੀਤਾ, ਉਹ ਵੀ ਕੋਈ ਬਹੁਤ ਪੁਰਾਣੀ ਗੱਲ ਨਹੀਂ ਹੈ।

ਪੰਜਾਬ ਪੁਲਿਸ ਵਿੱਚ ਇਹ ਸਾਰਾ ਕੁਝ ਹੁੰਦਾ ਹੈ, ਉਹ ਇੱਕ ਹਕੀਕਤ ਹੈ ਅਤੇ ਇਸ ਤੋਂ ਅਸੀਂ ਇਨਕਾਰੀ ਨਹੀਂ ਹੋ ਸਕਦੇ।

ਯੂਕੇ ਸਿਟੀਜ਼ਨ ਜਗਤਾਰ ਸਿੰਘ ਜੌਹਲ ਦੇ ਮਾਮਲੇ ਵਿੱਚ ਕੀ ਸੱਚਾਈ ਹੈ, ਇਸ ਦਾ ਫੈਸਲਾ ਹੁਣ ਅਦਾਲਤ ਨੇ ਕਰਨਾ ਹੈ।

ਪੰਜਾਬ ਪੁਲਿਸ ਨੇ ਉਸਦੇ ਖ਼ਿਲਾਫ ਜੋ ਵੀ ਇਲਜ਼ਾਮ ਲਗਾਏ ਹਨ, ਉਨ੍ਹਾਂ ਨੂੰ ਅਦਾਲਤ ਵਿੱਚ ਸਾਬਤ ਕਰਨਾ ਪੈਣਾ ਹੈ।

ਪੰਜਾਬ ਪੁਲਿਸ ਦੁਆਰਾ ਉਸ ਉੱਤੇ ਜਿਸਮਾਨੀ ਤਸ਼ੱਦਦ ਦੀਆਂ ਜੋ ਗੱਲਾਂ ਸਾਹਮਣੇ ਆਈਆਂ ਹਨ, ਉਹ ਸ਼ਰਮਨਾਕ ਹਨ।

ਇਹ ਗੱਲਾਂ ਸਿਰਫ਼ ਇਸ ਕਰਕੇ ਸ਼ਰਮਨਾਕ ਨਹੀਂ ਹਨ ਕਿ ਇਸ ਵਾਰ ਇਨ੍ਹਾਂ ਦਾ ਸ਼ਿਕਾਰ ਬਣਨ ਵਾਲਾ ਵਿਅਕਤੀ ਯੂਕੇ ਦਾ ਨਾਗਰਿਕ ਹੈ।

ਭਾਰਤ ਵਿੱਚ ਰਹਿਣ ਵਾਲੇ ਗਰੀਬ ਅਤੇ ਅਣਹੋਏ ਲੋਕ ਵੀ ਜੇ ਇਨ੍ਹਾਂ ਦਾ ਸ਼ਿਕਾਰ ਬਣਦੇ ਹਨ ਤਾਂ ਉਸ ਦੇ ਖ਼ਿਲਾਫ਼ ਵੀ ਅਵਾਜ਼ ਉੱਠਣੀ ਚਾਹੀਦੀ ਹੈ।

ਪੰਜਾਬ ਵਿੱਚ ਅੱਤਵਾਦੀ ਹਿੰਸਾ ਨਾਲ ਜੁੜੇ ਕੇਸਾਂ ਵਿੱਚ ਜਗਤਾਰ ਜੌਹਲ ਦੇ ਨਾਲ ਹੀ ਹੋਰ ਵੀ ਕਿੰਨੇ ਹੀ ਨੌਜਵਾਨ ਫ਼ੜੇ ਗਏ।

ਇਸ ਤੋਂ ਪਹਿਲਾਂ ਵੀ ਕਿੰਨੇ ਹੀ ਮੌਕਿਆਂ 'ਤੇ ਪੁਲਿਸ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਦੀ ਹੈ ਅਤੇ ਤਕਰੀਬਨ ਬਹੁਤਿਆਂ ਨੂੰ ਇਸੇ ਤਰਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਨਿਰਪੱਖ ਸੁਣਵਾਈ ਸਿਰਫ਼ ਜਗਤਾਰ ਜੌਹਲ ਨੂੰ ਹੀ ਨਹੀਂ, ਬਲਕਿ ਹਰ ਵਿਅਕਤੀ ਨੂੰ ਮਿਲਣੀ ਚਾਹੀਦੀ ਹੈ।

ਜਗਤਾਰ ਜੌਹਲ ਦੇ ਮੁੱਦੇ 'ਤੇ ਲਾਮਬੰਦੀ ਕਰਨ ਵਾਲੇ ਕਿੰਨੇ ਤਾਰਕਿਕ?

ਜਿਹੜੇ ਲੋਕ ਜਗਤਾਰ ਜੌਹਲ ਦੇ ਮੁੱਦੇ 'ਤੇ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਮੁਹਿੰਮ ਚਲਾ ਰਹੇ ਹਨ, ਉਨ੍ਹਾਂ ਦੇ ਵਤੀਰੇ ਨੂੰ ਲੈ ਕੇ ਵੀ ਸੁਆਲ ਉੱਠ ਰਹੇ ਹਨ। ਇਹ ਬੜੇ ਹੀ ਗੰਭੀਰ ਸੁਆਲ ਹਨ।

ਅਸਟਰੇਲੀਆ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਹੈ, ਜਿਸ ਵਿੱਚ ਇੰਡੀਅਨ ਕੌਂਸਲੇਟ ਦੇ ਇੱਕ ਅਧਿਕਾਰੀ ਨਾਲ ਕੁਝ ਨੌਜਵਾਨ ਇੱਕ ਗੁਰਦੁਆਰੇ ਦੇ ਬਾਹਰ ਬਹਿਸ ਕਰ ਰਹੇ ਹਨ।

ਇਹ ਨੌਜਵਾਨ ਉਸ ਅਧਿਕਾਰੀ ਨੂੰ ਕਹਿ ਰਹੇ ਹਨ ਕਿ ਭਾਰਤ ਸਰਕਾਰ ਦਾ ਕੋਈ ਨੁਮਾਇੰਦਾ ਗੁਰਦੁਆਰੇ ਦੇ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ।

ਇਹ ਗੱਲਾਂ ਅਸੀਂ ਪਹਿਲੀ ਵਾਰ ਸੁਣ ਰਹੇ ਹਾਂ ਕਿ ਗੁਰਦੁਆਰਿਆਂ ਵਿੱਚ ਜਾਣ ਤੋਂ ਵੀ ਕਿਸੇ ਨੂੰ ਰੋਕਿਆ ਜਾ ਸਕਦਾ ਹੈ।

ਤਨਮਨਜੀਤ ਸਿੰਘ ਢੇਸੀ ਇਸੇ ਸਾਲ ਯੂਕੇ ਦੀ ਪਾਰਲੀਮੈਂਟ ਦੇ ਮੈਂਬਰ ਬਣੇ ਹਨ ਅਤੇ ਉਹ ਮੁਲਕ ਦੇ ਪਹਿਲੇ ਪੱਗ ਵਾਲੇ ਐਮ ਪੀ ਹਨ।

ਕੁਝ ਦਿਨ ਪਹਿਲਾਂ ਤੱਕ ਇਸ ਗੱਲ 'ਤੇ ਮਾਣ ਹੋ ਰਿਹਾ ਸੀ ਕਿ ਇੱਕ ਪੱਗ ਵਾਲਾ ਸਿੱਖ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਪਹੁੰਚਿਆ ਹੈ।

ਹੁਣ ਸੋਸ਼ਲ ਮੀਡੀਆ 'ਤੇ ਇਸ ਐਮਪੀ ਨੂੰ ਇਸ ਗੱਲੋਂ ਗਾਲੀ-ਗਲੋਚ ਦਾ ਸਾਹਮਣਾ ਕਰਨਾ ਪਿਆ ਕਿ ਉਹ ਜਗਤਾਰ ਜੌਹਲ ਦੇ ਮੁੱਦੇ 'ਤੇ ਕੋਈ ਕਾਰਵਾਈ ਨਹੀਂ ਕਰ ਰਿਹਾ।

ਕੈਨੇਡਾ ਦੀ ਰਾਜਧਾਨੀ ਔਟਵਾ ਵਿੱਚ ਕੁਝ ਗਰਮ-ਖਿਆਲੀ ਸੰਗਠਨ ਜਗਤਾਰ ਜੌਹਲ ਦੇ ਮੁੱਦੇ 'ਤੇ ਰੋਸ-ਮੁਜ਼ਾਹਰਾ ਕਰਨ ਦੀ ਯੋਜਨਾ ਬਣਾ ਰਹੇ ਹਨ।

ਇੱਕ ਕੈਨੇਡੀਅਨ ਪੰਜਾਬੀ ਰਾਜਨੀਤਿਕ ਆਗੂ ਨੇ ਮੈਨੂੰ ਦੱਸਿਆ ਕਿ ਕੁਝ ਲੋਕ ਉਸ 'ਤੇ ਦਬਾਅ ਪਾ ਰਹੇ ਸਨ ਕਿ ਮੈਂ ਵੀ ਇਸ ਮੁੱਦੇ 'ਤੇ ਅਵਾਜ਼ ਉਠਾਵਾਂ।

ਉਹ ਲੋਕ ਕਹਿ ਰਹੇ ਸਨ ਕਿ ਜਗਤਾਰ ਜੌਹਲ ਬਿਲਕੁੱਲ ਨਿਰਦੋਸ਼ ਹੈ ਅਤੇ ਪੰਜਾਬ ਪੁਲਿਸ ਦੁਆਰਾ ਉਸ ਨੂੰ ਝੂਠੇ ਕੇਸ ਵਿੱਚ ਫ਼ਸਾਇਆ ਜਾ ਰਿਹਾ ਹੈ।

ਉਸ ਆਗੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਮੈਂ ਇਸ ਮੁੱਦੇ ਤੇ ਅਵਾਜ਼ ਉਠਾਉਣ ਲਈ ਤਿਆਰ ਹਾਂ ਪਰ ਆਪਣੇ ਕੋਲ ਇਸ ਗੱਲ ਦਾ ਕੀ ਸਬੂਤ ਹੈ ਕਿ ਇਹ ਨੌਜਵਾਨ ਬਿਲਕੁੱਲ ਨਿਰਦੋਸ਼ ਹੈ?

ਹੁਣ ਤਾਂ ਸਿਵਾਏ ਅਦਾਲਤ ਦੇ ਉਸ ਨੂੰ ਨਿਰਦੋਸ਼ ਸਾਬਤ ਕਰਨ ਦਾ ਕੋਈ ਹੋਰ ਤਰੀਕਾ ਨਹੀਂ ਹੈ।

ਇਸੇ ਤਰਾਂ ਮੇਰੀ ਇਸ ਮੁੱਦੇ ਬਾਰੇ ਇੱਕ ਸਿਆਸੀ ਕਾਰਕੁੰਨ ਨਾਲ ਵੀ ਗੱਲ ਹੋਈ, ਜਿਹੜਾ ਅਜਿਹੇ ਮੁੱਦਿਆਂ ਬਾਰੇ ਕਾਫ਼ੀ ਸਰਗਰਮ ਰਹਿੰਦਾ ਹੈ।

ਉਹ ਚਾਹ ਰਿਹਾ ਸੀ ਕਿ ਮੀਡੀਆ ਵਾਲਿਆਂ ਨੂੰ ਇਸ ਬਾਰੇ ਅਵਾਜ਼ ਉਠਾਉਣੀ ਚਾਹੀਦੀ ਹੈ।

ਮੈਂ ਉਸ ਨੂੰ ਕਿਹਾ ਕਿ ਮੈਂ ਇਨ੍ਹਾਂ ਕੇਸਾਂ ਦੀ ਕੋਈ ਬਹੁਤ ਜ਼ਿਆਦਾ ਸਟੱਡੀ ਨਹੀਂ ਕੀਤੀ।

ਐਨਾ ਹੀ ਪੜ੍ਹਿਆ ਹੈ ਕਿ ਪੰਜਾਬ ਪੁਲਿਸ ਨੇ ਕਤਲਾਂ ਦੀਆਂ ਕੁਝ ਵਾਰਦਾਤਾਂ ਦੇ ਸੰਬੰਧ ਵਿੱਚ ਇੱਕ ਪੂਰਾ ਗਰੋਹ ਫ਼ੜਿਆ ਹੈ।

ਮੈਂ ਉਸ ਨੂੰ ਪੁੱਛਿਆ ਕਿ ਇਕੱਲੇ ਸੋਸ਼ਲ ਮੀਡੀਆ 'ਤੇ ਇਹ ਇਕੱਲੇ ਜਗਤਾਰ ਜੌਹਲ ਬਾਰੇ ਹੀ ਗੱਲ ਕਿਉਂ ਚੱਲ ਰਹੀ ਹੈ ?

"ਸਾਰਿਆਂ ਦੀ ਗੱਲ ਹੋਣੀ ਚਾਹੀਦੀ ਹੈ", ਉਸ ਨੇ ਜਵਾਬ ਦਿੱਤਾ। ਮੈਂ ਕਿਹਾ ਕਿ ਹੁਣ ਤਾਂ ਮਾਮਲਾ ਅਦਾਲਤ ਵਿੱਚ ਹੈ।ਹੁਣ ਅਸੀਂ ਲੋਕ ਜ਼ਿਆਦਾ ਕੀ ਕਹਿ ਸਕਦੇ ਹਾਂ।

"ਭਾਰਤ ਵਿੱਚ ਅਦਾਲਤਾਂ ਸਿੱਖਾਂ ਨੂੰ ਕੋਈ ਇਨਸਾਫ਼ ਨਹੀਂ ਦਿੰਦੀਆਂ, ਪੁਲਿਸ ਤਾਂ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਬਣਾਕੇ ਮਾਰ ਦਿੰਦੀ ਰਹੀ ਹੈ" ਉਹ ਬੋਲਿਆ।

ਮੈਂ ਕਿਹਾ ਕਿ ਇਹ ਗੱਲ ਸਹੀ ਹੈ ਕਿ ਭਾਰਤ ਦਾ ਪੁਲਿਸ ਸਿਸਟਮ ਬਹੁਤ ਹੀ ਵੱਡੇ ਸੁਧਾਰਾਂ ਦੀ ਮੰਗ ਕਰਦਾ ਹੈ।

ਇਸ ਦੇ ਕੁਰੱਪਸ਼ਨ ਦੀਆਂ ਗੱਲਾਂ ਹਰ ਕੋਈ ਕਰਦਾ ਹੈ। ਇਸ ਤੋਂ ਇਲਾਵਾ ਇੰਡੀਅਨ ਅਦਾਲਤੀ ਸਿਸਟਮ ਵਿੱਚ ਅਜੇ ਬਹੁਤ ਸਾਰੀਆਂ ਕਮੀਆਂ ਹਨ। ਵੱਡੀਆਂ ਸਮੱਸਿਆਵਾਂ ਹਨ।

"ਪਰ ਇਹ ਵੀ ਸਚਾਈ ਹੈ ਕਿ ਪੰਜਾਬ ਪੁਲਿਸ ਦੇ ਬਹੁਤ ਸਾਰੇ ਅਫ਼ਸਰ ਝੂਠੇ ਮੁਕਾਬਲਿਆਂ ਦੇ ਕਈ ਕੇਸਾਂ ਵਿੱਚ ਜੇਲ੍ਹਾਂ ਵਿੱਚ ਬੰਦ ਹਨ"। ਇਸ ਗੱਲ ਦਾ ਉਸ ਨੇ ਕੋਈ ਜਵਾਬ ਨਹੀਂ ਦਿੱਤਾ।

ਪੰਜਾਬ ਪੁਲਿਸ ਦਾ ਅਕਸ

ਇਸ ਸਾਰੇ ਮਾਮਲੇ ਨੂੰ ਦੇਖਦਿਆਂ ਮੈਂ ਇਹ ਮਹਿਸੂਸ ਕੀਤਾ ਹੈ ਕਿ ਦੋਵੇਂ ਪਾਸੇ ਦੇ ਲੋਕ ਅਕਸਰ ਤਰਕ ਦਾ ਪੱਲਾ ਛੱਡ ਦਿੰਦੇ ਹਨ।

ਇੱਕ ਪਾਸੇ ਪੰਜਾਬ ਪੁਲਿਸ ਹੈ, ਜਿਸਦਾ ਕੰਮ ਕਰਨ ਦਾ ਤਰੀਕਾ ਅਜੇ ਵੀ ਪੁਰਾਣਾ ਹੈ।

ਜਦੋਂ ਪੁਲਿਸ ਸੇਵਾਵਾਂ ਦੇ ਕੌਮਾਂਤਰੀ ਕਲਚਰ ਨਾਲ ਇਸ ਦੀ ਤੁਲਨਾ ਕਰਦੇ ਹਾਂ ਤਾਂ ਇਹ ਨਾ ਸਿਰਫ਼ ਅਜੀਬ ਲੱਗਦਾ ਹੈ ਬਲਕਿ ਕਈ ਵਾਰ ਘਿਨਾਉਣਾ ਅਤੇ ਗੈਰ-ਮਨੁੱਖੀ ਵੀ ਲੱਗਦਾ ਹੈ।

ਦੂਜੇ ਪਾਸੇ ਜਿਹੜੇ ਜਗਤਾਰ ਜੌਹਲ ਦੀ ਰਿਹਾਈ ਲਈ ਮੁਹਿੰਮ ਚਲਾ ਰਹੇ ਹਨ ਅਤੇ ਇੰਡੀਆ ਦੇ ਖਿਲਾਫ਼ ਬੋਲ ਰਹੇ ਹਨ, ਉਨ੍ਹਾਂ ਦੇ ਹੱਥੋਂ ਵੀ ਤਰਕ ਅਕਸਰ ਛੁੱਟ ਜਾਂਦਾ ਹੈ।

ਇਸ ਮੁੱਦੇ 'ਤੇ ਜੋ ਕੁਝ ਵੀ ਹੋ ਰਿਹਾ ਹੈ, ਇਸ ਵਿੱਚ ਪੰਜਾਬ ਪੁਲਿਸ ਦੇ ਅਕਸ ਜਾਂ ਉਸਦੀ ਮਹਿਮਾ ਦਾ ਵੀ ਇੱਕ ਅਹਿਮ ਪਹਿਲੂ ਹੈ।

ਲੋਕ ਇਹ ਅਸਾਨੀ ਨਾਲ ਮੰਨ ਲੈਂਦੇ ਹਨ ਕਿ ਪੰਜਾਬ ਪੁਲਸ ਝੂਠੇ ਕੇਸ ਪਾ ਦਿੰਦੀ ਹੈ। ਜ਼ਿਆਦਤੀ ਕਰਦੀ ਹੈ। ਤਸ਼ੱਦਦ ਕਰਦੀ ਹੈ।ਪੈਸੇ ਖਾ ਲੈਂਦੀ ਹੈ।

ਇਹ ਸਾਰੀਆਂ ਗੱਲਾਂ ਲੋਕ ਮੰਨ ਲੈਂਦੇ ਹਨ। ਇਸ ਇਮੇਜ ਨੂੰ ਬਦਲਣਾ ਪੁਲਿਸ ਲੀਡਰਸ਼ਿਪ ਦੀ ਵੀ ਜ਼ਿੰਮੇਵਾਰੀ ਹੈ ਅਤੇ ਪੰਜਾਬ ਸਰਕਾਰ ਦੀ ਵੀ।

ਅਜੋਕਾ ਪੰਜਾਬੀ ਸਮਾਜ ਇੱਕ ਗਲੋਬਲ ਸਮਾਜ

ਪੰਜਾਬੀ ਸਮਾਜ ਅੱਜ ਇੱਕ ਗਲੋਬਲ ਸਮਾਜ ਹੈ। ਸਾਡੀ ਕਮਿਊਨਿਟੀ ਦਾ ਬਹੁਤ ਵੱਡਾ ਹਿੱਸਾ ਦੁਨੀਆ ਦੇ ਵਿਕਸਤ ਮੁਲਕਾਂ ਵਿੱਚ ਰਹਿ ਰਿਹਾ ਹੈ।

ਸਾਡੇ ਲੋਕਾਂ ਨੇ ਵਿਕਸਤ ਸਿਸਟਮਾਂ ਦੀ ਕਾਰਜ-ਪ੍ਰਣਾਲੀ, ਉਨਾਂ ਦਾ ਪ੍ਰਸਾਸ਼ਨ, ਪੁਲਿਸ ਦਾ ਕੰਮ ਕਰਨ ਦਾ ਤਰੀਕਾ, ਅਦਾਲਤੀ ਸਿਸਟਮ ਦੇਖਿਆ ਹੈ ਜਾਂ ਉਸ ਵਿੱਚ ਰਹਿ ਰਹੇ ਹਨ।

ਇਹ ਲੋਕ ਹਮੇਸ਼ਾ ਪੰਜਾਬ ਦੇ ਸਿਸਟਮ ਦੀ ਤੁਲਨਾ ਵਿਕਸਤ ਮੁਲਕਾਂ ਦੇ ਸਿਸਟਮ ਨਾਲ ਕਰਦੇ ਹਨ।

ਜੇ ਪੰਜਾਬ ਸਰਕਾਰ ਪੰਜਾਬ ਦੇ ਪ੍ਰਸਾਸ਼ਕੀ ਢਾਂਚੇ, ਪੁਲਿਸ ਅਤੇ ਅਦਾਲਤੀ ਸਿਸਟਮ ਵਿੱਚ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਦਾ ਭਰੋਸਾ ਬਹਾਲ ਕਰਨਾ ਚਾਹੁੰਦੀ ਹੈ ਤਾਂ ਇਸ ਸਮੁੱਚੇ ਸਿਸਟਮ ਵਿੱਚ ਬਹੁਤ ਵੱਡੇ ਸੁਧਾਰ ਕਰਨੇ ਪੈਣਗੇ।

ਪੰਜਾਬ ਨੂੰ ਬਹੁਤ ਜਲਦੀ ਆਪਣਾ ਸਮੁੱਚਾ ਸਿਸਟਮ ਗਲੋਬਲ ਸਿਸਟਮ ਦਾ ਹਾਣੀ ਬਣਾਉਣਾ ਪਵੇਗਾ, ਖਾਸ ਕਰਕੇ ਪੁਲਿਸ, ਅਦਾਲਤੀ ਸਿਸਟਮ, ਸਰਕਾਰੀ ਦਫ਼ਤਰਾਂ ਦਾ ਪ੍ਰਬੰਧ ਅਤੇ ਟਰੈਫਿਕ ਦਾ ਸਿਸਟਮ।

ਜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਾਲਿਸਤਾਨੀ ਵਿਚਾਰਧਾਰਾ ਨੂੰ ਸੱਚੀਂ ਮੁੱਚੀਂ ਕਮਜ਼ੋਰ ਕਰਨਾ ਚਾਹੁੰਦੇ ਹਨ ਤਾਂ ਪੰਜਾਬ ਦੇ ਸਿਸਟਮ ਨੂੰ ਗਲੋਬਲ ਮਿਆਰਾਂ ਵਾਲਾ ਬਣਾਉਣਾ ਹੋਵੇਗਾ।

ਕੈਨੇਡੀਅਨ ਰਾਜਨੀਤਿਕ ਆਗੂਆਂ 'ਤੇ ਖਾਲਿਸਤਾਨੀ ਹੋਣ ਦੇ ਠੱਪੇ ਹੋਣ ਨਾਲ ਖਾਲਿਸਤਾਨ ਦੀ ਵਿਚਾਰਧਾਰਾ ਖਤਮ ਨਹੀਂ ਹੋਣ ਲੱਗੀ।

(ਟਿੱਪਣੀਕਾਰ ਕੈਨੇਡੀਅਨ ਮਲਟੀਕਲਚਰਲ ਚੈਨਲ ਔਮਨੀ ਤੇ ਪ੍ਰੋਡਿਊਸਰ ਹੈ। ਇਹ ਲੇਖਕ ਦੇ ਨਿੱਜੀ ਵਿਚਾਰ ਹਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)