You’re viewing a text-only version of this website that uses less data. View the main version of the website including all images and videos.
ਜਗਤਾਰ ਸਿੰਘ ਜੌਹਲ 'ਤੇ ਹੁਣ ਕਤਲ ਦੀ ਸਾਜ਼ਿਸ ਦਾ ਕੇਸ, ਮੁੜ ਪੁਲਿਸ ਰਿਮਾਂਡ 'ਤੇ
- ਲੇਖਕ, ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਪੰਜਾਬੀ ਲਈ
ਬਿਟ੍ਰਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਪੁਲੀਸ ਨੇ ਰਿਮਾਂਡ ਖਤਮ ਹੋਣ 'ਤੇ ਫਰੀਦਕੋਟ ਦੀ ਜੇਲ੍ਹ ਭੇਜ ਦਿੱਤਾ ਸੀ।
ਹੁਣ ਉਥੋਂ ਉਸ ਨੂੰ ਲੁਧਿਆਣਾ ਪੁਲੀਸ ਪ੍ਰੋਡਕਸ਼ਨ ਵਰੰਟ 'ਤੇ ਲੁਧਿਆਣੇ ਲੈ ਆਈ ਹੈ। ਇੱਥੇ ਜਗਤਾਰ ਕੋਲੋ ਪਾਦਰੀ ਸੁਲਤਾਨ ਕਤਲ ਕੇਸ ਦੇ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਜਗਤਾਰ ਸਿੰਘ ਜੌਹਲ ਨੂੰ ਇਲਾਕਾ ਮੈਜਿਸਟ੍ਰਟ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਜੱਗੀ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਅਦਾਲਤੀ ਰਿਮਾਂਡ ਦੇ ਹੋਏ ਸਨ ਹੁਕਮ
ਇਸ ਤੋਂ ਪਹਿਲਾ ਸ਼ੁੱਕਰਵਾਰ ਨੂੰ ਬਾਘਾ ਪੁਰਾਣਾ ਦੀ ਅਦਾਲਤ ਨੇ ਜਗਤਾਰ ਸਿੰਘ ਜੌਹਲ ਨੂੰ 30 ਨਵੰਬਰ 2017 ਤੱਕ ਅਦਾਲਤੀ ਹਿਰਾਸਤ ਵਿੱਚ ਜੇਲ੍ਹ ਭੇਜਿਆ ਸੀ।
ਸਖ਼ਤ ਸੁਰੱਖਿਆ ਦੇ ਪਹਿਰੇ ਹੇਠ ਜਗਤਾਰ ਸਿੰਘ ਜੌਹਲ ਨੂੰ ਪੰਜਾਬ ਦੇ ਮੋਗੇ ਜ਼ਿਲ੍ਹੇ ਦੀ ਬਾਘਾ ਪੁਰਾਣਾ ਦੀ ਹੇਠਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਇਸਤਗਾਸਾ ਨੇ ਜੌਹਲ ਦੀ ਪੁਲਿਸ ਹਿਰਾਸਤ ਨੂੰ ਵਧਾਉਣ ਦੀ ਮੰਗ ਨਹੀਂ ਕੀਤੀ ਸੀ ।
ਜੌਹਲ ਦੇ ਵਕੀਲ ਦੇ ਦਾਅਵੇ ਕਿ ਉਨ੍ਹਾਂ ਦੇ ਮੁਵੱਕਿਲ ਉੱਤੇ ਪੁਲਿਸ ਹਿਰਾਸਤ ਵਿੱਚ ਤਸ਼ੱਦਦ ਕੀਤਾ ਗਿਆ ਸੀ, ਦਾ ਵੀ ਅਦਾਲਤ ਨੇ ਨੋਟਿਸ ਲਿਆ। ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਤਸ਼ੱਦਦ ਕਰਨ ਦੇ ਦੋਸ਼ਾਂ ਰੱਦ ਕਰਕੇ ਆਪਣੀ ਸਫ਼ਾਈ ਦਿੱਤੀ।
ਬ੍ਰਿਟਿਸ਼ ਹਾਈ ਕਮਿਸ਼ਨ ਦੇ ਅਧਿਕਾਰੀ ਵੀ ਮਿਲੇ
ਬ੍ਰਿਟਿਸ਼ ਹਾਈ ਕਮਿਸ਼ਨ ਦੇ ਅਧਿਕਾਰੀ ਵੀ ਦਿੱਲੀ ਤੋਂ ਅਦਾਲਤ ਵਿੱਚ ਪਹੁੰਚੇ ਹਨ। ਬ੍ਰਿਟਿਸ਼ ਹਾਈ ਕਮਿਸ਼ਨ ਦੀ ਇਕ ਅਧਿਕਾਰੀ ਨਾਲ ਵੀ ਕਥਿਤ ਮੁਲਜ਼ਮ ਨੂੰ ਅਦਾਲਤ ਵਿਚ ਵੀ ਮਿਲਵਾਇਆ ਗਿਆ। ਜਗਤਾਰ ਸਿੰਘ ਦਾ ਸਹੁਰਾ ਪਰਿਵਾਰ ਵੀ ਅਦਾਲਤ ਵਿੱਚ ਪਹੁੰਚਿਆ ਹੋਇਆ ਸੀ।
ਅਦਾਲਤ ਨੇ ਜਗਤਾਰ ਸਿੰਘ ਦੀ ਸੱਸ ਅਤੇ ਸਹੁਰਾ ਨੂੰ ਥੋੜ੍ਹੀ ਦੇਰ ਲਈ ਉਸ ਨੂੰ ਮਿਲਣ ਦੀ ਇਜਾਜ਼ਤ ਦਿੱਤੀ। ਜੌਹਲ ਦੀ ਸੱਸ ਉਸ ਨਾਲ ਗੱਲ ਕਰਨ ਤੋਂ ਬਾਅਦ ਫੁੱਟ-ਫੁੱਟ ਕੇ ਰੋ ਪਈ।
ਪੰਜਾਬ ਪੁਲਿਸ ਨੇ ਜੌਹਲ ਉੱਤੇ ਪੰਜਾਬ ਵਿੱਚ ਹਿੰਦੂ ਆਗੂਆਂ ਨੂੰ ਮਾਰਨ ਲਈ ਵਰਤੇ ਜਾਣ ਵਾਲੇ ਹਥਿਆਰਾਂ ਦੀ ਖਰੀਦ ਲਈ ਪੈਸਾ ਦੇਣ ਦਾ ਦੋਸ਼ ਲਗਾਇਆ।
ਕੀ ਹੈ ਨਵਾਂ ਮਾਮਲਾ
ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਵਿੱਚ ਐਫ.ਆਈ.ਆਰ ਨੰਬਰ 218/17 ਜਿਹੜੀ ਕਿ 15 ਜੁਲਾਈ 2017 ਨੂੰ ਦਰਜ ਹੋਈ ਸੀ।ਇਸ ਵਿੱਚ ਧਾਰਾ 302 ਲੱਗੀ ਹੋਈ ਹੈ।
15 ਜੁਲਾਈ 2017 ਨੂੰ ਸਲੇਮ ਟਾਬਰੀ ਇਲਾਕੇ ਵਿੱਚ ਦੇਰ ਰਾਤ 9 ਵਜੇਂ ਦੇ ਕਰੀਬ ਮੋਟਰ ਸਾਇਕਲ 'ਤੇ ਸਵਾਰ ਦੋ ਨਕਾਬਪੋਸ਼ਾਂ ਨੇ 'ਟੈਪਲ ਆਫ਼ ਗਾਡ'ਨਾਮੀ ਗਿਰਜ਼ਾ ਘਰ ਦੇ ਬਾਹਰ ਖੜ੍ਹੇ ਪਾਦਰੀ ਸੁਲਤਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।
ਘਟਨਾ ਵੇਲੇ ਪਾਦਰੀ ਸੁਲਤਾਨ ਨੂੰ ਗੋਲੀਆਂ ਲੱਗਣ 'ਤੇ ਡੀ.ਐਮ.ਸੀ ਲਿਜਾਇਆ ਗਿਆ ਸੀ ਜਿਥੇ ਉਨ੍ਹਾਂ ਦੀ ਮੌਤ ਹੋ ਗਈ ਸੀ।ਘਟਨਾ ਤੋਂ ਬਾਅਦ ਮੋਟਰ ਸਾਇਕਲ ਸਵਾਰ ਫਰਾਰ ਹੋ ਗਏ ਸਨ।
ਦੋ ਦਿਨ ਦੇ ਰਿਮਾਂਡ 'ਤੇ ਭੇਜਿਆ
ਜਗਤਾਰ ਸਿੰਘ ਜੱਗੀ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਰਾਤ 9 ਵਜੇ ਦੇ ਕਰੀਬ ਇਲਾਕਾ ਮੈਜਿਸਟ੍ਰੇਟ ਮੈਡਮ ਸੁਮਿਤ ਸਭਰਵਾਲ ਦੇ ਸਰਾਭਾ ਨਗਰ ਘਰ ਪੇਸ਼ ਕੀਤਾ ਗਿਆ।
ਜਸਪਾਲ ਸਿੰਘ ਮੰਝਪੁਰ ਨੇ ਦਸਿਆ ਕਿ ਜਗਤਾਰ ਸਿੰਘ ਜੱਗੀ ਨੂੰ ਦੋ ਦਿਨ ਦੇ ਰਿਮਾਂਡ 'ਤੇ ਭੇਜਿਆ ਹੈ ਪੁਲੀਸ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ। ਹੁਣ ਉਸ ਨੂੰ 19 ਨਵੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਵਕੀਲ ਨੂੰ ਮਿਲਣ ਦਾ ਸਮਾਂ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਮਿਥਿਆ ਗਿਆ ਹੈ।
ਪੁਲਿਸ ਨੇ ਨਹੀਂ ਦਿੱਤਾ ਪ੍ਰਤੀਕਰਮ
ਸਲੇਮ ਟਾਬਰੀ ਥਾਣੇ ਦੇ ਐਸ.ਐਚ.ਓ ਅਮਨਦੀਪ ਸਿੰਘ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 7837018616 'ਤੇ ਗੱਲਬਾਤ ਕਰਨ 'ਤੇ ਉਨ੍ਹਾਂ ਇਸ ਤੋਂ ਇਨਕਾਰ ਕਰਦਿਆ ਆਪਣਾ ਫੋਨ ਬੰਦ ਕਰ ਲਿਆ।
4 ਨਵੰਬਰ ਨੂੰ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਜਲੰਧਰ ਦੇ ਰਾਮਾਮੰਡੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਗਤਾਰ ਆਪਣੇ ਵਿਆਹ ਲਈ ਅਕਤੂਬਰ ਮਹੀਨੇ ਵਿੱਚ ਭਾਰਤ ਆਇਆ ਸੀ।
ਮੋਗਾ ਦੇ ਬਾਘਾਪੁਰਾਣਾ ਥਾਣੇ 'ਚ ਸਾਲ 2016 'ਚ ਐੱਫਆਈਆਰ ਨੰਬਰ 193/16 ਦਰਜ ਹੋਈ। ਇਸ ਕੇਸ 'ਚ ਜਗਤਾਰ ਸਿੰਘ ਦਾ ਨਾਂ ਵੀ ਜੋੜ ਲਿਆ ਗਿਆ ਸੀ।