ਤਿੰਨ ਅਧਿਆਪਕਾਵਾਂ ਤੇ 88 ਕੁੜੀਆਂ ਦੇ ਕੱਪੜੇ ਲੁਹਾਉਣ ਦੀ ਸਜ਼ਾ ਦੇਣ ਦਾ ਦੋਸ਼

    • ਲੇਖਕ, ਦਲੀਪ ਕੁਮਾਰ ਸ਼ਰਮਾਂ
    • ਰੋਲ, ਬੀਬੀਸੀ ਪੰਜਾਬੀ ਲਈ

ਉੱਤਰ-ਪੂਰਬੀ ਸੂਬੇ ਅਰੁਣਾਚਲ ਪ੍ਰਦੇਸ਼ ਦੇ ਇਕ ਸਕੂਲ ਦੀਆਂ ਤਿੰਨ ਅਧਿਆਪਕਾਵਾਂ 'ਤੇ ਵਿਦਿਆਰਥਣਾਂ ਦੇ ਜ਼ਬਰੀ ਕੱਪੜੇ ਲਾਹੁਣ ਦੇ ਮਾਮਲੇ ਵਿੱਚ ਪੁਲਿਸ ਨੇ ਰਪਟ ਦਰਜ ਕੀਤੀ ਹੈ।

ਦੋਸ਼ ਇਹ ਹੈ ਕਿ ਇਹਨਾਂ ਅਧਿਆਪਕਾਵਾਂ ਨੇ ਸਜ਼ਾ ਦੇ ਰੂਪ ਵਿੱਚ ਸਭ ਦੇ ਸਾਹਮਣੇ 88 ਵਿਦਿਆਰਥਣਾਂ ਦੇ ਕੱਪੜੇ ਲੁਹਾਏ।

ਘਟਨਾ ਪਾਪੁਰ ਜ਼ਿਲ੍ਹੇ ਦੇ ਨਿਉਂ ਸਾਗਲੀ ਦੇ ਕਸਤੂਰਬਾ ਗਾਂਧੀ ਕੰਨਿਆ ਸਕੂਲ ਦੀ ਹੈ। ਬੀਤੇ 23 ਨਵੰਬਰ ਨੂੰ ਹੋਈ ਇਸ ਘਟਨਾ ਤੋਂ ਬਾਅਦ ਆਲ ਸਾਗਲੀ ਵਿਦਿਆਰਥੀ ਯੂਨੀਅਨ ਨੇ ਸਕੂਲ ਦੀਆਂ ਤਿੰਨ ਅਧਿਆਪਕਾਵਾਂ ਦੇ ਖ਼ਿਲਾਫ਼ ਇੱਕ ਮਾਮਲਾ ਦਰਜ ਕਰਵਾਇਆ ਹੈ।

ਵਿਦਿਆਰਥੀ ਯੂਨੀਅਨ ਨੇ ਸਕੂਲ ਦੀ ਅਧਿਆਪਕ ਥਿਨਲੇ ਵੰਗਮੂ ਥੋਂਗਡੋਕ, ਸੰਗੀਤਾ ਖਾਲਖੋ ਅਤੇ ਨਬਾਮ ਜਾਨੂ 'ਤੇ ਵਿਦਿਆਰਥਣਾਂ ਦੇ ਜ਼ਬਰਦਸਤੀ ਕੱਪੜੇ ਲੁਹਾਉਣ ਦੇ ਦੋਸ਼ ਲਗਾਏ ਹਨ। ਹਾਲਾਂਕਿ ਪੁਲਿਸ ਕੇਵਲ 14 ਵਿਦਿਆਰਥਣਾਂ ਦੇ ਹੀ ਕੱਪੜੇ ਲੁਹਾਉਣ ਦੀ ਗੱਲ ਕਰ ਰਹੀ ਹੈ।

ਜ਼ਿਲ੍ਹਾ ਪੁਲਿਸ ਮੁਖੀ ਤਮੇ ਅਮੋ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, "ਸਕੂਲ ਦੇ ਪ੍ਰਿੰਸੀਪਲ ਅਤੇ ਕਿਸੇ ਅਧਿਆਪਕਾ ਖਿਲਾਫ਼ ਭੱਦੇ ਸ਼ਬਦਾਂ ਵਾਲੀ ਚਿਟ ਬਰਾਮਦ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।" ਕਿਹਾ ਜਾ ਰਿਹਾ ਹੈ ਕਿ ਇਸ ਚਿਟ ਵਿੱਚ ਦੋਵਾਂ ਦੇ ਅਫ਼ੇਅਰ ਦੀ ਗੱਲ ਲਿਖੀ ਗਈ ਹੈ। ""ਇਹ ਵੀ ਕਿਹਾ ਗਿਆ ਕਿ ਇਹ ਚਿਟ ਕਿਸੀ ਵਿਦਿਆਰਥਣ ਨੇ ਲਿਖੀ ਹੈ ਅਤੇ ਕੁਝ ਅਧਿਆਪਕਾਵਾਂ ਨੇ ਛੇਵੀਂ ਅਤੇ ਸੱਤਵੀਂ ਕਲਾਸ ਦੀਆਂ 14 ਵਿਦਿਆਰਥਣਾਂ ਨੂੰ ਕੱਪੜੇ ਉਤਾਰਨ ਦੀ ਸਜ਼ਾ ਦਿੱਤੀ। "

ਅਜੇ ਵੀ ਕੋਈ ਗ੍ਰਿਫ਼ਤਾਰੀ ਨਹੀਂ

ਇਸ ਕੇਸ ਨੂੰ ਈਟਾ ਨਗਰ ਵਿਚਲੇ ਸੂਬੇ ਦੇ ਇਕਲੌਤੇ ਮਹਿਲਾ ਥਾਣੇ ਨੂੰ ਸੌਂਪਿਆ ਗਿਆ ਹੈ। ਐਫਆਈਆਰ ਦਰਜ ਕਰਵਾਉਣ ਵਾਲੇ ਸਾਗਲੀ ਵਿਦਿਆਰਥੀ ਯੂਨੀਅਨ ਦੇ ਆਗੂਆਂ ਤੋਂ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

ਇਸ ਕੇਸ ਵਿੱਚ ਹੁਣ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੁਣ ਤਕ ਪੀੜਤ ਕੁੜੀਆਂ ਜਾਂ ਉਨ੍ਹਾਂ ਦੇ ਮਾਤਾ-ਪਿਤਾ ਵਲੋਂ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਗਈ।

ਐੱਫਆਈਆਰ ਦਰਜ ਕਰਵਾਉਣ ਵਾਲੇ ਸਾਗਲੀ ਵਿਦਿਆਰਥੀ ਯੂਨੀਅਨ ਦੇ ਚੇਅਰਮੈਨ ਤੇਲੀ ਰੂੰਘੀ ਨੇ ਕਿਹਾ, "ਮਾਮਲੇ ਦੀ ਖ਼ਬਰ ਮਿਲਣ ਤੋਂ ਬਾਅਦ ਅਸੀਂ ਸਕੂਲ ਦੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕੱਪੜੇ ਲੁਹਾਉਣ ਵਾਲੀ ਕੋਈ ਗੱਲ ਨਹੀਂ ਕੀਤੀ ਪਰ ਜਦੋਂ ਉਹ ਸਕੂਲ ਤੋਂ ਬਾਹਰ ਆਏ ਤਾਂ ਪੀੜਤ ਵਿਦਿਆਰਥਣਾਂ ਨੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ। "

ਤੇਲੀ ਰੂੰਘੀ ਨੇ ਦੋਸ਼ ਲਗਾਇਆ ਕਿ "ਸਕੂਲ ਦੀਆਂ ਤਿੰਨ ਮਹਿਲਾ ਅਧਿਆਪਕਾਂ ਨੇ ਚਿਟ ਸਬੰਧੀ ਪੁੱਛਗਿੱਛ ਵਿੱਚ ਛੇਵੀਂ ਅਤੇ ਸੱਤਵੀਂ ਕਲਾਸ ਦੀਆਂ 88 ਵਿਦਿਆਰਥਣਾਂ ਨੂੰ ਸਕੂਲ ਦੇ ਬਰਾਮਦੇ ਵਿੱਚ ਖੜੇ ਕਰਕੇ ਉਨ੍ਹਾਂ ਦੇ ਕੱਪੜੇ ਲੁਹਾਏ", ਉਨ੍ਹਾਂ ਵਿੱਚੋਂ 14 ਵਿਦਿਆਰਥਣਾਂ ਦੇ ਕੱਪੜੇ ਸਾਰਿਆਂ ਦੇ ਸਾਹਮਣੇ ਲੁਹਾ ਦਿੱਤੇ ਗਏ। ਉਨ੍ਹਾਂ ਦੇ ਸਰੀਰ ਉੱਤੇ ਕੇਵਲ ਅੰਦਰ ਪਹਿਨਣ ਵਾਲੇ ਕੱਪੜੇ ਸਨ। "

ਸਕੂਲ ਵਿੱਚ ਇੱਕ ਵਿਦਿਆਰਥੀ ਦੀ ਖ਼ੁਦਕੁਸ਼ੀ

ਇਹ ਇੱਕ ਆਵਾਸੀ ਸਕੂਲ ਹੈ, ਜਿੱਥੇ ਇਸ ਵੇਲੇ 120 ਵਿਦਿਆਰਥਣਾਂ ਪੜ੍ਹ ਰਹੀਆਂ ਹਨ। ਵਿਦਿਆਰਥੀ ਆਗੂ ਤੇਲੀ ਰੂੰਘੀ ਕਹਿੰਦੇ ਹਨ ਕਿ ਸਕੂਲ ਵਿੱਚ ਇਹ ਪਹਿਲੀ ਘਟਨਾ ਨਹੀਂ ਹੈ। ਕਰੀਬ ਦੋ ਸਾਲ ਪਹਿਲਾਂ ਇੱਕ ਵਿਦਿਆਰਥਣ ਨੇ ਇੱਥੇ ਖ਼ੁਦਕੁਸ਼ੀ ਕਰ ਲਈ ਸੀ।

ਇਸ ਇਲਾਕੇ ਵਿਚ ਰਹਿਣ ਵਾਲੇ ਅਰੂਣਾਚਲ ਪ੍ਰਦੇਸ ਵਿਦਿਆਰਥੀ ਯੂਨੀਅਨ ਦੇ ਇਕ ਸਾਬਕਾ ਆਗੂ ਨਬਾਮ ਤਾਮੋਰ ਨੇ ਕਿਹਾ, "ਸਕੂਲ ਵਿਚ ਬੱਚਿਆਂ ਨੂੰ ਅਜਿਹੀ ਗੈਰ-ਮਨੁੱਖੀ ਸਜ਼ਾ ਦੇਣ ਦਾ ਮਾਮਲਾ ਬਹੁਤ ਕਾਫ਼ੀ ਚਿੰਤਾਜਨਕ ਹੈ।

"ਅਰੁਣਾਚਲ ਪ੍ਰਦੇਸ਼ ਵਿੱਚ ਸਿੱਖਿਆ ਪ੍ਰਬੰਧ ਵਿੱਚ ਬਹੁਤ ਸੁਧਾਰਾਂ ਦੀ ਜ਼ਰੂਰਤ ਹੈ, ਕਿਉਂਕਿ ਇਸ ਤਰ੍ਹਾਂ ਦੇ ਰਿਹਾਇਸ਼ੀ ਸਕੂਲ ਵਿੱਚ ਬੱਚੇ ਬਹੁਤ ਦੂਰ ਦਰਾਜ਼ ਤੋਂ ਪੜ੍ਹਦੇ ਹਨ।"