ਸੋਸ਼ਲ: ਸਾਂਸਦ ਕਿਰਨ ਖੇਰ ਕੁੜੀਆਂ ਨੂੰ ਨਸੀਹਤ ਦੇ ਕੇ ਫਸੀ

ਭਾਜਪਾ ਸਾਂਸਦ ਅਤੇ ਅਦਾਕਾਰਾ ਕਿਰਨ ਖੇਰ ਨੇ ਚੰਡੀਗੜ੍ਹ ਗੈਂਗਰੇਪ ਮਾਮਲੇ 'ਚ ਵਿਵਾਦਿਤ ਬਿਆਨ ਨਾਲ ਸੋਸ਼ਲ ਮੀਡੀਆ 'ਤੇ ਹੰਗਾਮਾ ਖੜਾ ਹੋ ਗਿਆ। ਉਨ੍ਹਾਂ ਨੇ ਜਿਣਸੀ ਸ਼ੋਸ਼ਣ ਦੀ ਪੀੜਤਾ ਨੂੰ ਆਪਣਾ ਬਚਾਅ ਕਰਨ ਲਈ ਨਸੀਹਤ ਦਿੱਤੀ ਹੈ।

17 ਨਵੰਬਰ ਨੂੰ ਚੰਡੀਗੜ੍ਹ 'ਚ ਇੱਕ 21 ਸਾਲ ਦੀ ਕੁੜੀ ਨਾਲ ਤਿੰਨ ਲੋਕਾਂ ਨੇ ਸਮੂਹਿਕ ਬਲਾਤਕਾਰ ਕੀਤਾ ਸੀ।

ਇਸ ਮਾਮਲੇ 'ਚ ਕਿਰਨ ਖੇਰ ਨੇ ਕਿਹਾ, "ਮੈਂ ਸਾਰੀ ਬੱਚੀਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਜਦ ਕਿਸੇ ਆਟੋ 'ਚ ਪਹਿਲਾਂ ਹੀ ਤਿੰਨ ਮੁੰਡੇ ਬੈਠੇ ਹੋਣ ਤੁਹਾਨੂੰ ਉਸ 'ਚ ਨਹੀਂ ਚੜ੍ਹਣਾ ਚਾਹੀਦਾ।"

ਉਨ੍ਹਾਂ ਨੇ ਕਿਹਾ ਕਿ ਮੈਂ ਇਹ ਬੱਚੀਆਂ ਦੇ ਭਲੇ ਲਈ ਹੀ ਬੋਲ ਰਹੀ ਹਾਂ।

ਕਿਰਨ ਨੇ ਕਿਹਾ, "ਅਸੀਂ ਵੀ ਜਦੋਂ ਕਿਤੇ ਮੁੰਬਈ 'ਚ ਟੈਕਸੀ ਲੈਂਦੇ ਸੀ ਤਾਂ ਜੋ ਸਾਨੂੰ ਛੱਡਣ ਆਉਂਦਾ ਸੀ, ਉਸ ਨੂੰ ਗੱਡੀ ਦਾ ਨੰਬਰ ਲਿਖ ਕੇ ਦੇ ਦਿੰਦੇ ਸੀ। ਅੱਜ ਕਲ੍ਹ ਦੇ ਜ਼ਮਾਨੇ 'ਚ ਅਸੀਂ ਸਾਰਿਆਂ ਨੂੰ ਇਸ ਲਈ ਸਾਵਧਾਨ ਹੋਣਾ ਪਵੇਗਾ।"

ਸੋਸ਼ਲ ਮੀਡੀਆ 'ਤੇ ਖਿਚਾਈ

ਕਿਰਨ ਖੇਰ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਅਲੋਚਨਾ ਸ਼ੁਰੂ ਹੋ ਗਈ ਹੈ। ਕਈ ਲੋਕ ਇਸ ਨੂੰ ਪੀੜਤਾ ਦੀ ਬੇਇਜ਼ਤੀ ਨਾਲ ਜੋੜ ਕੇ ਦੇਖ ਰਹੇ ਹਨ।

ਸਮਰ ਨੇ ਟਵੀਟ ਕੀਤਾ, "ਕਿਰਨ ਖੇਰ ਦਾ ਕਹਿਣਾ ਹੈ ਕਿ ਜਿਸ ਆਟੋ 'ਚ ਤਿੰਨ ਲੋਕ ਹੋਣ ਉਸ ਵਿੱਚ ਕੁੜੀ ਨਾ ਬੈਠੇ, ਫਿਰ ਤੇ ਘਰ ਵਿੱਚ ਵੀ ਕੁੜੀਆਂ ਦੇ ਜਿਣਸੀ ਸ਼ੋਸ਼ਣ ਹੁੰਦੇ ਹਨ। ਉਹ ਘਰਾਂ 'ਚ ਨਾ ਸੌਣ? ਤਿੰਨ ਸਾਲ ਦੀਆਂ ਬੱਚੀਆਂ ਦਾ ਵੀ ਬਲਾਤਕਾਰ ਹੋ ਜਾਂਦਾ ਹੈ, ਤਾਂ ਕੀ ਕੁੜੀਆਂ ਨੂੰ ਪੈਦਾ ਹੀ ਨਹੀਂ ਹੋਣਾ ਚਾਹੀਦਾ?"

ਵਿਸ਼ਵਾਸ ਸੂਤਰਕਾਰ ਨੇ ਲਿਖਿਆ ਹੈ, "ਮੈਡਮ ਕਿਰਨ ਖੇਰ ਤਾਂ ਤੁਹਾਨੂੰ ਸਾਰੀਆਂ ਕੁੜੀਆਂ ਨੂੰ ਇੱਕ ਇੱਕ ਬੀਐੱਮਡਬਲਿਊ ਕਾਰ ਅਤੇ ਪੰਜ ਬਾਡੀਗਾਰਡ ਦੇਣ ਵਾਲੀ ਹੈ..."

ਨਿਖਿਲ ਤਨੇਜਾ ਨੇ ਟਵੀਟ ਕੀਤਾ, "ਕੁੜੀਆਂ ਨੂੰ ਇਹ ਨਸੀਹਤ ਦੇਣਾ ਕਿ ਮੁੰਡਿਆਂ ਨਾਲ ਨਾ ਘੁੰਮਣ, ਇਸ ਤੋਂ ਬਿਹਤਰ ਹੈ ਕਿ ਅਸੀਂ ਮੁੰਡਿਆਂ ਨੂੰ ਇਹ ਸਮਝਾਈਏ ਕਿ ਉਹ ਕੁੜੀਆਂ ਨੂੰ ਤੰਗ ਨਾ ਕਰਨ। ਸਾਨੂੰ ਮੁੰਡਿਆਂ ਨੂੰ ਇਹ ਦੱਸਣਾ ਹੋਵੇਗੇ ਕਿ ਉਹ ਕੁੜੀਆਂ ਲਈ ਹਰ ਥਾਂ ਇੰਨੀ ਸੁਰੱਖਿਅਤ ਬਣਾ ਦੇਣ ਕਿ ਉਹ ਜਿੱਥੇ ਜਾਣਾ ਚਾਹੁਣ ਜਾ ਸਕਣ।"

ਵਿਰੋਧ ਧਿਰ ਦਾ ਹਮਲਾ

ਕਿਰਨ ਦੇ ਇਸ ਬਿਆਨ 'ਤੇ ਵਿਰੋਧੀ ਧਿਰ ਨੇ ਉਨ੍ਹਾਂ ਨੂੰ ਕਰੜੇ ਹੱਥੀ ਲਿਆ ਹੈ। ਕਾਂਗਰਸ ਨੇਤਾ ਪਵਨ ਕੁਮਾਰ ਬੰਸਲ ਨੇ ਕਿਹਾ ਹੈ, "ਮੈਂ ਹੈਰਾਨ ਹਾਂ ਕਿ ਕਿਰਨ ਖੇਰ ਨੇ ਇਸ ਤਰ੍ਹਾਂ ਦਾ ਬਿਆਨ ਦੇ ਦਿੱਤਾ ਹੈ, ਇੰਨੇ ਗੰਭੀਰ ਮੁੱਦੇ 'ਤੇ ਬੇਹੱਦ ਹੌਲਾ ਬਿਆਨ ਹੈ।"

ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਟਵੀਟ ਕੀਤਾ, "ਭਾਜਪਾ ਦੀ ਸਾਂਸਦ ਕਿਰਨ ਖੇਰ ਨੇ ਬਲਾਤਕਾਰ ਪੀੜਤਾ ਦੀ ਬੇਇਜ਼ਤੀ ਕੀਤੀ ਹੈ। ਮੁਆਫ਼ ਕਰਨਾ, ਬਲਾਤਕਾਰ ਪੀੜਤਾਂ ਮਹਿੰਗੀਆਂ ਗੱਡੀਆਂ 'ਚ ਨਹੀਂ ਘੁੰਮਦੀਆਂ। ਕਈ ਵਾਰ ਅਸੀਂ ਗੱਡੀਆਂ ਸ਼ੇਅਰ ਕਰਦੇ ਹਾਂ ਤਾਂ ਇਹ ਉਨ੍ਹਾਂ ਦੀ ਗਲਤੀ ਕਿਵੇਂ ਹੋ ਸਕਦੀ ਹੈ।"

ਕਿਰਨ ਖੇਰ ਨੇ ਦਿੱਤੀ ਸਫਾਈ

ਬਿਆਨ 'ਤੇ ਆਉਂਦੀਆਂ ਪ੍ਰਤੀਕਿਰਿਆਵਾਂ ਦੇਖ ਕਿਰਨ ਖੇਰ ਨੇ ਆਪਣੀ ਸਫਾਈ ਵਿੱਚ ਕਿਹਾ ਕਿ ਉਨ੍ਹਾਂ ਦੇ ਬਿਆਨ ਦਾ ਸਿਆਸੀਕਰਨ ਹੋ ਰਿਹਾ ਹੈ।

ਉਨ੍ਹਾਂ ਨੇ ਕਿਹਾ, "ਮੈਂ ਤਾਂ ਇਹ ਕਿਹਾ ਸੀ ਕਿ ਜ਼ਮਾਨਾ ਬਹੁਤ ਖ਼ਰਾਬ ਹੈ, ਬੱਚੀਆਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਜੇਕਰ ਕੋਈ ਕੁੜੀ 100 ਨੰਬਰ 'ਤੇ ਫੋਨ ਕਰਦੀ ਹੈ ਤਾਂ ਚੰਡੀਗੜ੍ਹ ਪੁਲਿਸ ਪੀਸੀਆਰ ਭੇਜਦੀ ਹੈ। ਇਸ ਮਾਮਲੇ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ।"

ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ, "ਉਨ੍ਹਾਂ ਲੋਕਾਂ 'ਤੇ ਲਾਹਨਤ ਹੈ ਜੋ ਇਸ ਦਾ ਸਿਆਸੀਕਰਨ ਕਰ ਰਹੇ ਹਨ। ਤੁਹਾਡੇ ਘਰ ਵੀ ਕੁੜੀਆਂ ਹਨ। ਤੁਹਾਨੂੰ ਵੀ ਲੋਕਾਂ ਨੂੰ ਮੇਰੇ ਵਾਂਗ ਜੋੜਨ ਵਾਲੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਤੋੜਨ ਵਾਲੀ।"

ਪਰ ਸੋਸ਼ਲ ਮੀਡੀਆ ਦੇ ਦੌਰ 'ਚ ਲੋਕ ਕਿਸੇ ਵੀ ਗੱਲ 'ਚ ਕਮੀ ਲੱਭ ਹੀ ਲੈਂਦੇ ਹਨ। ਇਸੇ ਤਰ੍ਹਾਂ ਹੀ ਅਨੁਪਮ ਖੇਰ ਨਾਂ ਦੇ ਇੱਕ ਪੈਰੋਡੀ ਅਕਾਉਂਟ ਨੇ ਫਿਲਮੀ ਅਦਾਕਾਰ ਅਤੇ ਕਿਰਨ ਖੇਰ ਦੇ ਪਤੀ ਅਨੁਪਮ ਖੇਰ ਦੇ ਸਾਲ 2013 ਦੇ ਇੱਕ ਟਵੀਟ ਨੂੰ ਰਿਟਵੀਟ ਕਰਦੇ ਹੋਏ ਲਿਖਿਆ ਹੈ, "ਕਿਰਨ ਜੀ ਇਹੀ ਆਦਮੀ ਇਸ ਮਾਮਲੇ 'ਚ ਸਿਆਸਤ ਕਰ ਰਿਹਾ ਹੈ।"

ਕਈ ਲੋਕ ਪੱਖ 'ਚ ਵੀ ਉੱਤਰੇ

ਹਾਲਾਂਕਿ ਕੁਝ ਲੋਕ ਕਿਰਨ ਦੇ ਬਿਆਨ ਦਾ ਬਚਾਅ ਵੀ ਕਰ ਰਹੇ ਹਨ।

ਸੋਨਮ ਮਹਾਜਨ ਨੇ ਟਵੀਟ ਕੀਤਾ, "ਕਿਰਨ ਖੇਰ ਦੇ ਬਿਆਨ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਕੁੜੀਆਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਸਾਡੀ ਮਾਂ ਵੀ ਸਾਨੂੰ ਇਹੀ ਗੱਲ ਕਹਿੰਦੀ ਹੈ। ਮੇਰੇ ਪਤੀ ਵੀ ਮੈਨੂੰ ਇਹੀ ਨਸੀਹਤ ਦਿੰਦੇ ਹਨ।"

ਲੱਲਨਟੌਪ ਲੋਟਾ ਨਾਂ ਦੇ ਟਵਿਟਰ ਅਕਾਉਂਟ ਤੋਂ ਟਵੀਟ ਕੀਤਾ ਗਿਆ ਹੈ, "ਉਨ੍ਹਾਂ ਨੇ ਜੋ ਕੁਝ ਵੀ ਕਿਹਾ ਉਹ ਸਿਰਫ਼ ਕੁੜੀਆਂ ਦੇ ਬਚਾਅ ਲਈ ਕਿਹਾ ਸੀ, ਉਨ੍ਹਾਂ ਇੱਕ ਮਾਂ ਵਾਂਗ ਆਪਣੀ ਸਪੱਸ਼ਟ ਤੌਰ 'ਤੇ ਗੱਲ ਰੱਖੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)