You’re viewing a text-only version of this website that uses less data. View the main version of the website including all images and videos.
ਔਰਤਾਂ ਨਾਲ ਬੁਰੇ ਵਿਹਾਰ ਤੋਂ ਸ਼ਰਮਿੰਦਾ ਮਰਦ
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਪੁਰਸ਼ ਪਾਠਕਾਂ ਲਈ ਖ਼ਾਸ ਨੋਟ ਕਿ ਮੈਂ ਤੁਹਾਨੂੰ ਕੁਝ ਨਹੀਂ ਕਹਿ ਰਹੀ। ਬਲਕਿ ਇਹ ਸਭ ਕੁਝ ਤਾਂ ਮੈਨੂੰ ਪੁਰਸ਼ਾਂ ਦੇ ਪਾਲ਼ੇ ਤੇ ਵੱਡੇ ਕੀਤੇ ਪੁਰਸ਼ਾਂ ਨੇ ਹੀ ਦੱਸਿਆ ਹੈ। ਇਸ ਲਈ ਜਿਉਂ- ਜਿਉਂ ਤੁਹਾਨੂੰ ਔਖਾ ਜਿਹਾ ਲੱਗੇ ਤਾਂ ਇਨਕਾਰੀ ਨਾ ਹੋਇਓ ਅਤੇ ਪੂਰਾ ਪੜ੍ਹਿਓ।
ਕੀ ਤੁਸੀਂ ਕਦੇ ਕਾਲਜ ਵਿੱਚ ਕਿਸੇ ਕੁੜੀ ਦੀ ਬ੍ਰਾ ਦੀਆਂ ਤਣੀਆਂ ਖਿੱਚੀਆਂ ਤੇ ਸੋਚਿਆ ਕਿ ਇਹ ਮਜ਼ੇਦਾਰ ਗੱਲ ਹੈ?
ਕੀ ਤੁਸੀਂ ਕਦੇ ਧੱਕੇਬਾਜ ਰਹੇ ਹੋ, ਕਦੇ ਕਿਸੇ ਤੇ ਭੱਦੀਆਂ ਟਿੱਪਣੀਆਂ ਕੀਤੀਆਂ ਹਨ ਅਤੇ ਕਿਸੇ ਕੁੜੀ ਨੂੰ ਉਸਦੇ ਵਾਰ-ਵਾਰ ਮਨ੍ਹਾਂ ਕਰਨ ਦੇ ਬਾਵਜੂਦ ਉਸ ਦਾ ਪਿੱਛਾ ਕੀਤਾ ਹੈ?
ਕੀ ਤੁਸੀਂ ਬੇਸ਼ਰਮ ਆਸ਼ਕ ਵਜੋਂ ਜਾਣੇ ਗਏ ਹੋ?
ਕੀ ਤੁਸੀਂ ਕਦੇ ਕਿਸੇ ਔਰਤ ਨੂੰ ਬੇ ਵਜ੍ਹਾ ਹੀ ਛੂਹਿਆ ਹੈ ਜਦ ਕਿ ਪਤਾ ਸੀ ਉਸ ਨੂੰ ਇਹ ਵਧੀਆ ਨਹੀਂ ਲੱਗਿਆ?
ਸ਼ਰੀਕ ਰਫ਼ੀਕ ਨੇ ਅਜਿਹਾ ਕੀਤਾ ਹੈ ਅਤੇ ਉਨ੍ਹਾਂ ਨੂੰ ਇਸ ਬਾਰੇ ਹੁਣ ਬੁਰਾ ਲੱਗ ਰਿਹਾ ਹੈ। ਉਹ ਸਵੀਕਾਰ ਕਰਦੇ ਹਨ ਕਿ ਉਹ ਗੰਦੇ ਸਨ।
ਮੈਨੂੰ ਉਹ ਤਦ ਮਿਲੇ ਜਦੋਂ ਮੈਂ ਟਵਿੱਟਰ ਤੇ ਹੈਸ਼ਟੈਗ #MeToo ਨਾਲ਼ ਜੁੜੀਆਂ ਮਰਦਾਂ ਦੀਆਂ ਪੋਸਟਾਂ ਵੇਖ ਰਹੀ ਸੀ।
ਜਿਉਂ ਹੀ ਹਾਲੀਵੁੱਡ ਦੇ ਨਿਰਮਾਤਾ ਹਾਰਵੀ ਵਾਇਨਸਟੀਨ 'ਤੇ ਜਿਣਸੀ ਹਮਲਿਆਂ ਦੇ ਦੋਸ਼ ਲੱਗਣ ਮਗਰੋਂ ਜਦੋਂ ਔਰਤਾਂ ਨੇ ਇਸ ਬਾਰੇ ਆਪਣੇ ਤਜਰਬੇ ਸਾਂਝੇ ਕਰਨੇ ਸ਼ੁਰੂ ਕੀਤੇ ਤਾਂ #MeToo ਟਵਿੱਟਰ 'ਤੇ ਟਰੈਂਡ ਕਰਨ ਲੱਗ ਪਿਆ।
ਪਰ ਮੇਰੀ ਰੁਚੀ ਇਸ ਵਿੱਚ ਨਹੀਂ ਸੀ ਕਿ ਔਰਤਾਂ ਕੀ ਕਹਿ ਰਹੀਆਂ ਸਨ। ਸੱਚ ਕਹਾਂ ਤਾਂ ਮੈਂ ਥੱਕ ਗਈ ਹਾਂ। ਖਿੱਝ ਗਈ ਹਾਂ। ਗੁੱਸੇ ਵੀ ਹਾਂ।
ਇੱਕ ਹੋਰ ਹੈਸ਼ਟੈਗ, ਔਰਤਾਂ ਨੂੰ ਬੋਲਣ ਦੀ ਇੱਕ ਹੋਰ ਅਪੀਲ।
ਹੁਣ ਅਸੀਂ ਕਾਫ਼ੀ ਸਮੇਂ ਤੋਂ ਬੋਲ ਰਹੇ ਹਾਂ। ਇੰਝ ਲਗਦਾ ਹੈ ਜਿਵੇਂ ਇਹ ਬਹਿਰੇ ਕੰਨਾਂ ਤੇ ਪੈ ਰਿਹਾ ਹੈ।
ਇਸ ਲਈ ਮੇਰੀ ਰੁਚੀ ਮਰਦਾਂ ਵਿੱਚ ਸੀ। ਜੇ ਔਰਤਾਂ ਹਿੰਮਤ ਕਰਕੇ ਦੱਸ ਸਕਦੀਆਂ ਹਨ ਕਿ ਉਨ੍ਹਾਂ ਦਾ ਕਿਵੇਂ ਸ਼ੋਸ਼ਣ ਹੋਇਆ ਤਾਂ ਕੀ ਮਰਦ ਵੀ ਇਹ ਮੰਨਣ ਲਈ ਬਹਾਦਰ ਹੋ ਸਕਦੇ ਹਨ ਕਿ ਉਹ ਵੀ ਸਤਾਉਂਦੇ ਰਹੇ ਹਨ?
ਕੀ ਉਹ ਸਮਝਦੇ ਵੀ ਹਨ ਕਿ ਉਨ੍ਹਾਂ ਨੇ ਕਦੇ ਕੁੱਝ ਅਜਿਹਾ ਕੀਤਾ ਹੈ ਜੋ ਸਤਾਉਣ ਵਰਗਾ ਸੀ? ਕਿ ਉਹ ਕਦੇ ਬੁਰੇ ਵੀ ਰਹੇ ਹਨ?
ਜਾਂ ਕਦੇ ਉਨ੍ਹਾਂ ਹੋਰ ਬੁਰਿਆਂ ਨੂੰ ਬੁਰੀਆਂ ਗੱਲਾਂ ਕਰਦੇ ਵੇਖ ਕੇ ਅੱਖਾਂ ਮੀਟੀਆਂ ਹੋਣ?
ਸ਼ਰੀਕ ਰਫ਼ੀਕ ਇਤਰਾਜਯੋਗ ਵਤੀਰਾ ਸਵੀਕਾਰਨ ਵਾਲ਼ੇ, ਔਰਤਾਂ ਦੀ ਨਾ ਸੁਣਨ ਵਾਲ਼ੇ, ਇੱਕਲੇ ਨਹੀਂ ਸਨ।
ਓਮਰ ਸ਼ੇਖ਼ ਨੇ ਵੀ ਟਵੀਟ ਕੀਤਾ ਕਿ ਉਹ ਸ਼ਰਮਿੰਦਾ ਹਨ ਕਿ ਉਨ੍ਹਾਂ ਨੇ ਜਿਣਸੀ ਤੰਗੀ ਵੇਖ ਕੇ ਨਜ਼ਰਾਂ ਪਾਸੇ ਕਰ ਲਈਆਂ ਸਨ ਤੇ ਦਫ਼ਤਰ 'ਚ ਜਿਣਸੀ ਤੰਗੀ ਸੁਖਾਲੀ ਕਰ ਦਿੱਤੀ ਸੀ।
ਜਦੋਂ ਉਨ੍ਹਾਂ ਦੀ ਔਰਤ ਸਾਥੀ ਨੇ ਉਸ ਬੰਦੇ ਨੂੰ ਬਚਾਉਣ ਪੱਖੋਂ ਆਪਣੀ ਨਿਰਾਸ਼ਾ ਪ੍ਰਗਟਾਈ ਤਾਂ ਓਮਰ ਨੂੰ ਆਪਣੇ ਆਪ 'ਤੇ ਸ਼ਰਮ ਆਈ।
ਓਮਰ ਨੇ ਵੇਖਿਆ ਕਿ ਬੰਦੇ ਦੀ ਦੋਸਤੀ ਹੱਦ ਪਾਰ ਕਰ ਰਹੀ ਹੈ ਪਰ ਕਿਉਂਕਿ ਕੁੱਝ ਵੀ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਨਹੀਂ ਸੀ ਵਾਪਰਿਆ ਸੋ ਉਨ੍ਹਾਂ ਅੱਖਾਂ ਮੀਚ ਲਈਆਂ।
ਓਮਰ ਨੇ ਮੰਨਿਆ ਕਿ ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਬੰਦੇ ਦੀ ਕਿਸੇ ਲੱਖਾਂ ਯੂਰੋ ਦੇ ਪ੍ਰੋਜੈਕਟ ਦੇ ਪ੍ਰਬੰਧਨ 'ਚ ਲੋੜ ਸੀ।
ਸੋ ਪਹਿਲਾਂ ਤਾਂ ਇਸ ਵਿੱਚ ਇਹ ਸਮਝਣਾ ਸ਼ਾਮਲ ਹੈ ਕਿ ਸਤਾਉਣਾ ਹੈ ਕੀ, ਅਤੇ ਫੇਰ ਵੇਖਣਾ ਕਿ ਕੀ ਇਸ ਨਾਲ ਨਜਿੱਠਣਾ ਜਰੂਰੀ ਹੈ!
ਹਮੇਸ਼ਾ ਹੀ ਕੁੱਝ ਨਾ ਕੁੱਝ ਦਾਅ ਤੇ ਲਗਿਆ ਹੀ ਹੁੰਦਾ ਹੈ। ਪੈਸਾ, ਇਜ਼ਤ, ਕੈਰੀਅਰ।
ਇਨ੍ਹਾਂ ਵਿੱਚੋਂ ਕੁੱਝ ਵੀ ਸੌਖਾ ਨਹੀਂ ਹੈ।
ਲੋਕ ਕਿਸੇ ਤੇ ਹੱਸਣਗੇ ਅਤੇ ਜਿਵੇਂ ਉਹ ਔਰਤਾਂ ਨੂੰ ਕਹਿੰਦੇ ਆਏ ਹਨ ਉਸ ਨੂੰ ਸ਼ਾਂਤ ਰਹਿਣ ਲਈ ਕਹਿਣਗੇ। ਕਿਉਂਕਿ ਉਨ੍ਹਾਂ ਲਈ ਇਹ ਸਿਰਫ਼ ਬੇਐਬ ਮਸਤੀ ਸੀ, ਸੋ ਮੁੱਦਾ ਕਿਉਂ ਬਣਾਇਆ ਜਾਵੇ ?
ਪਰ ਤੁਹਾਨੂੰ ਪਤਾ ਹੈ ਕਿ ਸ਼ਰੀਕ ਅਤੇ ਓਮਰ ਵਾਂਗ ਉਨ੍ਹਾਂ ਪੁਰਸ਼ਾਂ ਨੂੰ #SoDoneChilling ਹੋਣਾ ਚਾਹੀਦਾ ਹੈ।
ਅਤੇ ਭੱਵਿਖ ਬਾਰੇ ਫ਼ਿਕਰਮੰਦ ਰਹਿਣਾ ਚਾਹੀਦਾ ਹੈ, ਆਪਣੇ ਆਸ-ਪਾਸ ਦੀਆਂ ਔਰਤਾਂ ਦੀ ਸੁਰੱਖਿਅਤ ਮਹਿਸੂਸ ਕਰਨ ਚ ਮਦਦ ਕਰਨੀ ਚਾਹੀਦੀ ਹੈ।
ਸ਼ੁਕਰ ਹੈ ਅੱਜ ਇਹ ਮੈਂ ਨਹੀਂ ਕਹਿ ਰਹੀ। ਇਹ ਬੰਦਿਆਂ ਦੀ ਗੱਲ ਹੈ।