#100Women: ਪਾਕਿਸਤਾਨੀ ਔਰਤਾਂ ਪ੍ਰਤੀ ਕਿਹੋ ਜਿਹੀ ਹੈ ਸੋਚ?

    • ਲੇਖਕ, ਸ਼ੁਮਾਇਲਾ ਜਾਫ਼ਰੀ
    • ਰੋਲ, ਬੀਬੀਸੀ,ਪੱਤਰਕਾਰ

ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਲਿਖਦੀ ਹੈ ਪਾਕਿਸਤਾਨੀ ਸਮਾਜ ਦੀ ਔਰਤਾਂ ਵੱਲ ਸੋਚ ਬਹੁਤ ਵਖਰੇਵਿਆਂ ਵਾਲੀ ਹੈ।

1988 ਵਿੱਚ ਮੈਂ ਪਾਕਿਸਤਾਨ ਦੇ ਇੱਕ ਸੈਕੰਡਰੀ ਸਕੂਲ 'ਚ ਪੜ੍ਹਦੀ ਸੀ। ਉਸ ਸਮੇਂ ਬੇਨਜ਼ੀਰ ਭੁੱਟੋ ਆਪਣੀ ਪਹਿਲੀ ਚੋਣ ਲੜ ਰਹੀ ਸੀ। ਜਿਸ ਵਿੱਚ ਮੇਰੀ ਖ਼ੂਬ ਦਿਲਚਸਪੀ ਰਹੀ, ਇੰਨੀ ਕਿ ਹੁਣ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਪੱਤਰਕਾਰਿਤਾ ਵਿੱਚ ਵੀ ਉਸੇ ਕਰਕੇ ਪਹੁੰਚੀ।

ਮੈਨੂੰ ਆਪਣੇ ਜਮਾਤੀਆਂ ਨਾਲ ਉਹ ਬਹਿਸ ਅਜੇ ਵੀ ਯਾਦ ਹੈ। ਉਹ ਦੂਜੀ ਪਾਰਟੀ ਦੇ ਜਾਣੇ ਪਛਾਣੇ ਨੇਤਾ ਦੀ ਧੀ ਸੀ। ਉਹ ਲੰਡਨ ਵਿੱਚ ਭੁੱਟੋ ਦੇ ਲਾਈਫ ਸਟਾਈਲ ਬਾਰੇ ਬੁਰਾ ਬੋਲਦੀ ਸੀ, ਉਹਨਾਂ ਨੂੰ ਨੀਵਾਂ ਵਿਖਾਉਣ ਲਈ।

ਮੈਨੂੰ ਬੇਹਦ ਗੁੱਸਾ ਆਉਂਦਾ ਸੀ।

ਉਹੀ ਗੁੱਸਾ ਮੈਨੂੰ ਹਾਲ ਹੀ ਵਿੱਚ ਵੀ ਆਇਆ ਜਦੋਂ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਨੂੰ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਕਰਕੇ ਨੀਵਾਂ ਵਿਖਾਇਆ ਗਿਆ।

ਮਾਹਿਰਾ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨਾਲ ਕੈਮਰੇ ਵਿੱਚ ਕੈਦ ਹੋਈ ਸੀ। ਉਹ ਕਪੂਰ ਨਾਲ ਇੱਕ ਸਿਗਰੇਟ ਪੀ ਰਹੀ ਸੀ। ਮਾਹਿਰਾ ਨੇ ਛੋਟੀ ਚਿੱਟੀ ਬੈਕਲੈੱਸ ਡਰੈੱਸ ਪਾਈ ਹੋਈ ਸੀ।

ਇਹਨਾਂ ਤਸਵੀਰਾਂ ਤੋਂ ਬਾਅਦ ਪਾਕਿਸਤਾਨ ਵਿੱਚ ਸੋਸ਼ਲ ਮੀਡੀਆ 'ਤੇ ਭਾਰੀ ਹਲਚਲ ਮਚ ਗਈ। ਮਾਹਿਰਾ ਨੂੰ ਬੁਰਾ ਭਲਾ ਕਿਹਾ ਗਿਆ। ਇਹ ਵੀ ਕਿਹਾ ਗਿਆ ਕਿ ਉਸਦੇ ਵਰਤਾਰੇ ਨੇ ਪਾਕਿਸਤਾਨ ਅਤੇ ਇਸਲਾਮ ਦਾ ਨਾਂ ਬਦਨਾਮ ਕੀਤਾ ਹੈ।

ਇਹ ਪਹਿਲੀ ਵਾਰ ਨਹੀਂ ਹੈ ਕਿ ਇੱਕ ਪਾਕਿਸਤਾਨੀ ਔਰਤ ਨੂੰ ਆਪਣੀ ਮਰਜ਼ੀ ਕਰਨ ਲਈ ਬਦਨਾਮ ਕੀਤਾ ਗਿਆ ਹੋਏ।

2007 ਵਿੱਚ ਇੱਕ ਸੂਬੇ ਦੀ ਮੰਤਰੀ ਜ਼ਿੱਲ-ਏ-ਹੂਮਾ ਨੂੰ ਇੱਕ ਕੱਟੜਵਾਦੀ ਨੇ ਮਾਰ ਦਿੱਤਾ ਸੀ। ਹਥਿਆਰੇ ਨੇ ਬਾਅਦ 'ਚ ਕਬੂਲ ਕੀਤਾ ਕਿ ਮੰਤਰੀ ਦੇ ਪਹਿਰਾਵੇ ਤੋਂ ਉਸਨੂੰ ਇਤਰਾਜ਼ ਸੀ।

ਉਸੇ ਸਾਲ ਇੱਕ ਹੋਰ ਮਹਿਲਾ ਮੰਤਰੀ ਨਿਲੋਫ਼ਰ ਬਖ਼ਤੀਅਰ ਨੂੰ ਵੀ ਬੇਇੱਜ਼ਤ ਕੀਤਾ ਗਿਆ। ਉਸਦੀ ਆਪਣੀ ਹੀ ਪਾਰਟੀ ਵਲੋਂ ਧਮਕੀਆਂ ਮਿਲੀਆਂ ਅਤੇ ਬਾਹਰ ਕੱਢ ਦਿੱਤਾ ਗਿਆ।

ਸਿਰਫ਼ ਇਸ ਲਈ ਕਿਉਂਕਿ ਉਸਨੇ ਫਰਾਂਸ ਵਿੱਚ ਛਾਲ ਮਾਰਨ ਤੋਂ ਬਾਅਦ ਆਪਣੇ ਗਾਈਡ ਨੂੰ ਜੱਫ਼ੀ ਪਾ ਕੇ ਉਸਦਾ ਧੰਨਵਾਦ ਕੀਤਾ ਸੀ।

ਇਹ ਉਹ ਔਰਤਾਂ ਸਨ ਜਿਹਨਾਂ ਨੂੰ ਸਮਾਜ ਨੇ ਸਨਮਾਨਿਆ ਸੀ, ਆਪਣੀਆਂ ਪ੍ਰਾਪਤੀਆਂ ਲਈ, ਜਿਵੇਂ ਹੀ ਇਹਨਾਂ ਨੇ ਸਮਾਜ ਦੀ ਬਣਾਈ 'ਚੰਗੀ ਔਰਤ' ਦੀ ਦਿੱਖ ਤੋਂ ਬਾਹਰ ਕਦਮ ਰੱਖਿਆ, ਇਹਨਾਂ ਦਾ ਬਾਈਕਾਟ ਕੀਤਾ ਗਿਆ।

ਦੂਜੀ ਤਰਫ਼ ਪਾਕਿਸਤਾਨੀ ਸਮਾਜ ਦੀ ਸੋਚ ਦਾ ਇੱਕ ਬਿਲਕੁਲ ਵੱਖਰਾ ਪੱਖ ਵੀ ਰਿਹਾ ਹੈ। ਹੂਮਾ ਅਤੇ ਨਿਲੋਫਰ ਨਾਲ ਹੋਈਆਂ ਘਟਨਾਵਾਂ ਤੋਂ ਤੁਰੰਤ ਬਾਅਦ ਪਾਕਿਸਤਾਨੀ ਮਹਿਲਾ ਆਫੀਆ ਸਿੱਦਿਕੀ ਲਈ ਖੜਦੇ ਨਜ਼ਰ ਆਏ।

ਆਫੀਆ ਨੂੰ 2008 ਵਿੱਚ ਅਫਗਾਨਿਸਤਾਨ ਦੇ ਗਜ਼ਨੀ ਇਲਾਕੇ ਤੋਂ ਅਮਰੀਕੀ ਫੌਜਾਂ ਨੇ ਗ੍ਰਿਫ਼ਤਾਰ ਕੀਤਾ ਸੀ।

ਪਾਕਿਸਤਾਨ ਦੇ ਲੋਕ ਆਫੀਆ ਲਈ ਸੜਕਾਂ 'ਤੇ ਉਤਰ ਆਏ ਅਤੇ ਉਸਦੀ ਰਿਹਾਈ ਦੀ ਮੰਗ ਕੀਤੀ।

ਸਰਕਾਰ ਤੇ ਇੰਨਾ ਦਬਾਅ ਪਾਇਆ ਕਿ ਉਸਨੂੰ ਛੱਡਣਾ ਪਿਆ। ਆਫੀਆ ਨੂੰ 'ਦੇਸ਼ ਦੀ ਧੀ' ਕਿਹਾ ਗਿਆ।

ਇਹੀ ਕੁਝ ਨੋਰੀਨ ਲਘਾਰੀ ਨਾਲ ਵੀ ਹੋਇਆ। ਨੋਰੀਨ ਇੱਕ ਅੱਤਵਾਦੀ ਸੀ ਜਿਸਨੂੰ ਲਹੌਰ ਤੋਂ ਫੜਿਆ ਗਿਆ ਸੀ।

ਮਾਹਿਰਾ ਟੀਵੀ ਸ਼ੋਅ 'ਹਮਸਫ਼ਰ' ਨਾਲ ਮਸ਼ਹੂਰ ਹੋਈ ਸੀ। ਜਿਸ ਵਿੱਚ ਉਸਨੇ ਇੱਕ ਦਬੀ ਅਤੇ ਡਰੀ ਹੋਈ ਮਹਿਲਾ ਦਾ ਕਿਰਦਾਰ ਨਿਭਾਇਆ ਸੀ।

ਹੁਣ ਪਤਾ ਲੱਗਦਾ ਹੈ ਕਿ ਲੋਕਾਂ ਨੂੰ ਮਾਹਿਰਾ ਨਾਲ ਨਹੀਂ ਬਲਕਿ ਉਸ ਦਬੀ ਅਤੇ ਡਰੀ ਹੋਈ ਮਹਿਲਾ ਨਾਲ ਮੁਹੱਬਤ ਹੋਈ ਸੀ।

ਸ਼ਾਇਦ ਇਸ ਲਈ, ਜਦ ਮਾਹਿਰਾ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ, ਗੱਲ ਪਾਕਿਸਤਾਨ ਦੀ ਬਰਦਾਸ਼ਤ ਤੋਂ ਬਾਹਰ ਹੋ ਗਈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)