ਫ਼ਿਲਮ ਪਦਮਾਵਤੀ ਮਾਮਲਾ: ਟਵੀਟ 'ਤੇ ਕੈਪਟਨ ਦੀ ਸਫ਼ਾਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਿਲਮ 'ਪਦਮਾਵਤੀ' ਤੇ ਕੀਤੇ ਆਪਣੇ ਟਵੀਟ 'ਤੇ ਸਫ਼ਾਈ ਦਿੱਤੀ ਹੈ।

ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਫਿਲਮ ਪਦਮਾਵਤੀ ਨੂੰ ਬੈਨ ਕਰਨ ਦੀ ਹਮਾਇਤ ਨਹੀਂ ਕਰਦੇ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਫਿਲਮ ਨਹੀਂ ਦੇਖੀ ਅਤੇ ਜਦੋਂ ਤੱਕ ਉਹ ਫ਼ਿਲਮ ਨਹੀਂ ਦੇਖ ਲੈਂਦੇ ਉਹ ਅਜਿਹੀ ਗੱਲ ਕਿਵੇਂ ਕਹਿ ਸਕਦੇ ਹਨ।

ਉਨ੍ਹਾਂ ਨੇ ਕਿਹਾ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।

ਕੈਪਟਨ ਅਮਰਿੰਦਰ ਨੇ ਫਿਲਮ ਦੇ ਕਿਰਦਾਰਾਂ ਅਤੇ ਡਾਇਰੈਕਟਰ ਨੂੰ ਮਿਲ ਰਹੀ ਧਮਕੀਆਂ ਦਾ ਵੀ ਵਿਰੋਧ ਕੀਤਾ।

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਫਿਲਮ ਵਿੱਚ ਇਤਿਹਾਸ ਨਾਲ ਛੇੜਛਾੜ ਕਰਨ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਨੂੰ ਤਾਂ ਉਸਨੂੰ ਸ਼ਾਂਤੀਪੂਰਨ ਵਿਰੋਧ ਜਤਾਉਣ ਦਾ ਅਧਿਕਾਰ ਹੈ।ਵਿਰੋਧ ਜਤਾਉਣ ਅਤੇ ਧਮਕੀਆਂ ਦੇਣ ਵਿੱਚ ਫ਼ਰਕ ਹੁੰਦਾ ਹੈ।

ਬੀਤੇ ਦਿਨੀਂ ਕੈਪਟਨ ਨੇ ਫਿਲਮ ਪਦਮਾਵਤੀ 'ਤੇ ਟਵੀਟ ਕਰਕੇ ਕਿਹਾ ਸੀ ਕਿਸੇ ਨੂੰ ਇਤਿਹਾਸਕ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਅਧਿਕਾਰ ਨਹੀਂ ਹੈ ਅਤੇ ਜਿਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਇਸ ਨਾਲ ਠੇਸ ਪਹੁੰਚੀ ਹੈ ਉਨ੍ਹਾਂ ਨੂੰ ਵਿਰੋਧ ਜਤਾਉਣ ਦਾ ਪੂਰਾ ਹੱਕ ਹੈ।

ਫਿਲਮ ਪਦਮਾਵਤੀ ਵਿਵਾਦ ਨਾਲ ਜੁੜੀਆਂ 5 ਹੋਰ ਗੱਲਾਂ

  • ਵਾਇਕਾਮ18 ਪਿਕਚਰਸ ਵੱਲੋਂ ਬਣਾਈ ਗਈ ਫਿਲਮ ਪਦਮਾਵਤੀ ਰਿਲੀਜ਼ ਤੋਂ ਪਹਿਲਾਂ ਵਿਵਾਦਾਂ ਵਿੱਚ ਹੈ। ਕਈ ਰਾਜਪੂਤ ਜੱਥੇਬੰਦੀਆਂ ਵੱਲੋਂ ਫਿਲਮ 'ਤੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਇਲਜ਼ਾਮ ਲਾਏ ਗਏ ਹਨ।ਉਨ੍ਹਾਂ ਵੱਲੋਂ ਫਿਲਮ ਦੀ ਰਿਲੀਜ਼ 'ਤੇ ਰੋਕ ਲਾਏ ਜਾਣ ਦੀ ਮੰਗ ਕੀਤੀ ਗਈ ਹੈ।
  • ਰਾਜਸਥਾਨ ਦੀ ਮੁੱਖ ਮੰਤਰੀ ਵੰਸੂਧਰਾ ਰਾਜੇ ਨੇ ਕਿਹਾ ਕਿ ਫਿਲਮ ਉਦੋਂ ਤੱਕ ਰਿਲੀਜ਼ ਨਹੀਂ ਹੋ ਸਕਦੀ ਜਦੋਂ ਤੱਕ ਇਸ ਵਿੱਚ ਜ਼ਰੂਰੀ ਫੇਰਬਦਲ ਨਹੀਂ ਕੀਤੀ ਜਾ ਸਕਦੀ।
  • ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ 'ਤੇ ਫ਼ਿਲਮ ਦੀ ਖ਼ਿਲਾਫਤ ਕੀਤੀ ਹੈ। ਉਨ੍ਹਾਂ ਸਾਫ਼ ਕਿਹਾ ਹੈ ਕਿ ਫਿਲਮ ਪਦਮਾਵਤੀ ਨੂੰ ਮੱਧ ਪ੍ਰਦੇਸ਼ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ।
  • ਹਰਿਆਣਾ ਭਾਜਪਾ ਦੇ ਮੁੱਖ ਮੀਡੀਆ ਕੋਰਡੀਨੇਟਰ ਸੂਰਜ ਪਾਲ ਅਮੂ ਨੇ ਫ਼ਿਲਮ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਸਿਰ 'ਤੇ 10 ਕਰੋੜ ਰੁਪਏ ਇਨਾਮ ਦੀ ਪੇਸ਼ਕਸ਼ ਕੀਤੀ ਸੀ।
  • ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਫਿਲਮ ਪਦਮਾਵਤੀ ਦੇ ਨਿਰਮਾਤਾ ਅਤੇ ਅਦਾਕਾਰਾ ਨੂੰ ਧਮਕਾਉਣ ਦੀ ਨਿਖੇਧੀ ਕੀਤੀ ਹੈ।ਫਿਲਮ ਚ ਅਲਾਉਦੀਨ ਖ਼ਿਲਜੀ ਦਾ ਅਲ ਰੋਲ ਨਿਭਾ ਰਹੇ ਰਣਵੀਰ ਸਿੰਘ ਵੀ ਨਿਰਮਾਤਾ ਨਿਰਦੇਸ਼ਕ ਦੇ ਹੱਕ 'ਚ ਖੜ੍ਹੇ ਹਨ।

ਹਾਲਾਂਕਿ, ਫਿਲਮ ਦੇ ਨਿਰਮਾਤਾ ਵਾਇਆਕਾਮ-18 ਪਿਕਚਰਸ ਵੱਲੋਂ ਫਿਲਮ ਦੀ ਰਿਲੀਜ਼ ਨੂੰ ਖ਼ੁਦ ਹੀ ਟਾਲ ਦਿੱਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)