'ਪਦਮਾਵਤੀ' ਕਿਉਂ ਕਰ ਰਹੀ ਹੈ ਭਿਆਨਕ ਗੁੱਸੇ ਦਾ ਸਾਹਮਣਾ ?

ਹਿੰਦੀ ਫਿਲਮ ਪਦਮਾਵਤੀ ਖ਼ਿਲਾਫ਼ ਭਾਰਤ ਵਿੱਚ ਹਿੰਦੂ ਕੱਟੜਵਾਦੀ ਅਤੇ ਜਾਤੀ ਸਮੂਹਾਂ ਵੱਲੋਂ ਦੇਸ ਭਰ ਵਿੱਚ ਚੱਲ ਰਹੇ ਹਨ। ਵਿਰੋਧ ਪ੍ਰਦਰਸ਼ਨ ਕਾਰਨ ਬਾਲੀਵੁੱਡ ਦੇ ਨਿਰਮਾਤਾ ਨੇ ਇਸ ਫਿਲਮ ਦੀ ਰੀਲੀਜ਼ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਹੈ।।

ਫੌਜੀ ਇਤਿਹਾਸਕਾਰ ਵਜੋਂ ਵੀ ਜਾਣੇ ਜਾਂਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀ ਪਦਮਾਵਤੀ ਨੂੰ 'ਇਤਿਹਾਸਕ ਪਾਤਰ' ਮੰਨਦਿਆਂ ਕਿਹਾ ਸੀ ਕਿ ਕਿਸੇ ਨੂੰ ਇਤਿਹਾਸਕ ਤੱਥਾਂ ਨੂੰ ਤੋੜਨ ਮਰੋੜਨ ਦਾ ਅਧਿਕਾਰ ਨਹੀਂ ਹੈ। ਪਰ ਕਈ ਇਤਿਹਾਤਕਾਰ ਪਦਮਾਵਤੀ ਨੂੰ ਕਾਲਪਨਿਕ ਪਾਤਰ ਦੱਸ ਰਹੇ ਹਨ।

ਅਲੀਗੜ੍ਹ ਮੁਸਲਿਮ ਯੁਨਿਵਰਸਿਟੀ ਦੇ ਇਤਿਹਾਸਕਾਰ ਪ੍ਰੋਫੈਸਰ ਇਰਫਾਨ ਹਬੀਬ ਮੁਤਾਬਕ ਪਦਮਾਵਤੀ ਇਤਿਹਾਸਕ ਨਹੀਂ, ਬਲਕਿ ਇੱਕ ਕਾਲਪਲਨਿਕ ਪਾਤਰ ਹੈ।

ਕੁਝ ਹੋਰ ਵਿਦਵਾਨ ਪਦਮਾਵਤੀ ਨੂੰ16ਵੀਂ ਸਦੀ ਦੇ ਕਵੀ ਮਲਿਕ ਮੁਹੰਮਦ ਜਾਇਸੀ ਦੇ ਮਹਾਂਕਾਵਿ 'ਪਦਮਾਵਤ' ਦੀ ਇੱਕ ਕਾਲਪਨਿਕ ਰਾਣੀ ਦੱਸਦੇ ਹਨ।

ਕੀ ਵਿਵਾਦ ਹੈ ?

ਫਿਲਮ ਪਦਮਾਵਤੀ ਦੀ ਕਹਾਣੀ 14ਵੀ ਸਦੀ ਦੀ ਹਿੰਦੂ ਰਾਣੀ ਦੀ ਕਹਾਣੀ ਹੈ, ਜੋ ਉੱਚ ਰਾਜਪੂਤ ਘਰਾਣੇ ਅਤੇ ਮੁਸਲਿਮ ਸ਼ਾਸਕ ਅਲਾਉਦੀਨ ਖਿਲਜੀ ਨਾਲ ਸਬੰਧਤ ਹੈ।

ਸੰਜੇ ਲੀਲਾ ਭੰਸਾਲੀ ਵੱਲੋਂ ਬਣਾਈ ਇਸ ਫਿਲਮ 'ਚ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਮੁੱਖ ਨਿਭਾਈ ਹੈ।

ਹਿੰਦੂ ਗਰੁੱਪ ਅਤੇ ਰਾਜਪੂਤਾਂ ਨੇ ਇਸ 'ਤੇ ਕਥਿਤ ਤੌਰ 'ਤੇ ਇਲਜ਼ਾਮ ਲਗਾਇਆ ਹੈ ਕਿ ਇਸ ਵਿੱਚ ਦੋਵਾਂ ਕਿਰਦਾਰਾਂ 'ਚ ਕੁਝ ਰੁਮਾਂਟਿਕ ਸੀਨ ਪੇਸ਼ ਕੀਤੇ ਗਏ ਹਨ। ਹਾਲਾਂਕਿ ਫਿਲਮ ਦੇ ਨਿਰਮਾਤਾ ਉਸ ਤੋਂ ਇਨਕਾਰ ਕਰ ਚੁੱਕੇ ਹਨ।

ਪਦਮਾਵਤੀ 16ਵੀਂ ਸਦੀ ਦੇ ਕਵੀ ਮਲਿਕ ਮੁਹੰਮਦ ਜਾਇਸੀ ਦੇ ਮਹਾਂਕਾਵਿ 'ਪਦਮਾਵਤ' ਦੀ ਇੱਕ ਕਾਲਪਨਿਕ ਰਾਣੀ ਹੈ।

ਅਵਧੀ ਭਾਸ਼ਾ ਵਿੱਚ ਲਿਖਿਆ ਇਹ ਮਹਾਂਕਾਵਿ ਪਦਮਾਵਤੀ ਦੇ ਗੁਣਾਂ ਦੀ ਪ੍ਰਸ਼ੰਸ਼ਾ ਕਰਦਾ ਹੈ। ਜਿਸ 'ਚ ਦੱਸਿਆ ਗਿਆ ਹੈ ਕਿ ਮੁਸਲਮਾਨ ਬਾਦਸ਼ਾਹ ਖਿਲਜੀ ਵੱਲੋਂ ਉਸ ਦੇ ਪਤੀ ਰਾਜਪੂਤ ਰਾਜੇ ਦੇ ਹੱਤਿਆ ਕੀਤੇ ਜਾਣ ਤੋਂ ਬਾਅਦ ਪਦਮਾਵਤੀ ਆਪਣੀ ਆਬਰੂ ਬਚਾਉਣ ਲਈ ਸਤੀ ਹੋ ਗਈ ਸੀ।

ਹਿੰਦੂ ਸਮੂਹ ਕਿਉਂ ਕਰ ਰਹੇ ਹਨ ਵਿਰੋਧ ?

ਮੰਨਿਆ ਜਾ ਰਿਹਾ ਹੈ ਕਿ ਇਸ ਫਿਲਮ ਵਿੱਚ ਮੁਸਲਿਮ ਰਾਜਾ ਇੱਕ ਹਿੰਦੂ ਰਾਣੀ ਨਾਲ ਰੁਮਾਂਸ ਦੇ ਸੁਪਨੇ ਦੇਖਦਾ ਦਿਖਾਇਆ ਗਿਆ ਹੈ। ਜਿਸ ਨਾਲ ਰਾਜਪੂਤ ਕਰਨੀ ਸੈਨਾ, ਵਿਸ਼ੇਸ਼ ਜਾਤੀ ਸਮੂਹ ਗੁੱਸੇ 'ਚ ਹਨ ਅਤੇ ਫਿਲਮ 'ਤੇ ਪਾਬੰਦੀ ਦੀ ਮੰਗ ਕਰ ਰਹੇ ਹਨ।

ਫਿਲਮ ਦੀ ਸ਼ੂਟਿੰਗ ਦੌਰਾਨ ਵੀ ਇਨ੍ਹਾਂ ਨੇ ਹੰਗਾਮਾ ਕੀਤਾ ਅਤੇ ਭੰਸਾਲੀ ਨੂੰ ਥੱਪੜ ਵੀ ਮਾਰਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿਨੇਮਾ ਘਰਾਂ ਵਿੱਚ ਭੰਨ-ਤੋੜ ਅਤੇ ਦੀਪਿਕਾ ਪਾਦੂਕੋਣ ਦਾ ਨੱਕ ਵੱਡਣ ਦੀ ਵੀ ਧਮਕੀ ਦਿੱਤੀ।

ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਾਲੇ ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ ਸਮੇਤ ਦੇਸ ਦੇ ਵੱਖ ਵੇਖ ਸੂਬਿਆਂ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ।

ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਕਿਹਾ ਹੈ ਕਿ ਫਿਲਮ ਉਦੋਂ ਤੱਕ ਰਿਲੀਜ਼ ਨਹੀਂ ਹੋ ਸਕਦੀ ਜਦੋਂ ਤੱਕ ਇਸ ਵਿੱਚ ਜਰੂਰੀ ਫੇਰਬਦਲ ਨਹੀਂ ਕੀਤੇ ਜਾਂਦੇ।

ਇਤਿਹਾਸਕਾਰਾਂ ਅਤੇ ਵਿਦਵਾਨਾਂ ਦਾ ਮੱਤ

ਇਤਿਹਾਸਕਾਰ ਅਤੇ ਵਿਦਵਾਨਾਂ ਫਿਲਮ ਨਿਰਮਾਤਾਵਾਂ ਅਤੇ ਅਦਾਕਾਰਾਂ ਦੇ ਹੱਕ 'ਚ ਨਿਤਰੇ ਹਨ। ਉਹ ਇਕੱਠੇ ਹੋ ਕੇ ਪਾਬੰਦੀ ਅਤੇ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਅੱਗੇ ਆਏ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬੜੀ ਹਾਸੋਹੀਣੀ ਗੱਲ ਹੈ ਕਿ ਇੱਕ ਫਿਲਮ ਦੀ ਕਾਲਪਨਿਕ ਕਹਾਣੀ ਅਜਿਹੀਆਂ ਹਿੰਸਕ ਪ੍ਰਤੀਕਿਰਿਆਵਾਂ ਨੂੰ ਜਨਮ ਦਿੰਦੀ ਹੈ।

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਇਤਿਹਾਸਕਾਰ ਇਰਫ਼ਾਨ ਹਬੀਬ ਦਾ ਕਹਿਣਾ ਹੈ, "ਪਦਮਾਵਤੀ ਦਾ ਇਤਿਹਾਸ ਨਹੀਂ ਹੈ ਪਰ ਇਹ ਕਾਲਪਨਿਕ ਕਿਰਦਾਰ ਹੈ।"

ਅੱਗੇ ਦੀ ਕਾਰਵਾਈ

ਐਤਵਾਰ ਨੂੰ ਨਿਰਮਾਤਾਵਾਂ ਨੇ ਐਲਾਨ ਕੀਤਾ ਕਿ ਚੱਲ ਰਹੇ ਰੋਸ ਪ੍ਰਦਰਸ਼ਨਾਂ ਕਰਕੇ ਫਿਲਮ ਰਿਲੀਜ਼ ਕਰਨ ਦੀ ਤਰੀਕ 1 ਦਸੰਬਰ ਤੋਂ ਅਣਮਿੱਥੇ ਸਮੇਂ ਲਈ ਅੱਗੇ ਪਾ ਦਿੱਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)