ਤਾਨਾਸ਼ਾਹਾਂ ਦੀਆਂ ਪਤਨੀਆਂ ਤੋਂ ਐਨੀ ਨਫ਼ਰਤ ਕਿਉਂ ?

    • ਲੇਖਕ, ਰਿਬੈਕਾ ਸੀਲਸ
    • ਰੋਲ, ਬੀਬੀਸੀ ਨਿਊਜ਼

ਇੱਕ ਤਾਨਾਸ਼ਾਹ ਨਾਲ ਵਿਆਹ ਕਰਕੇ ਕਿਸੇ ਔਰਤ ਨੂੰ ਦੋ ਚੀਜ਼ਾਂ ਜਰੂਰ ਮਿਲਦੀਆਂ ਹਨ- ਐਸ਼ ਭਰਪੂਰ ਜਿੰਦਗੀ ਅਤੇ ਲੋਕ ਨਿੰਦਾ।

ਲੋਕ ਇਨ੍ਹਾਂ ਔਰਤਾਂ ਨੂੰ ਜ਼ਿਆਦਾਤਰ ਪਸੰਦ ਨਹੀਂ ਕਰਦੇ। ਖੁਦ ਦੇ ਸ਼ੱਕੀ ਅਕਸ ਤੋਂ ਇਲਾਵਾ ਇੰਨ੍ਹਾਂ ਔਰਤਾਂ ਦਾ ਲੋਕਤੰਤਰ ਨੂੰ ਨਕਾਰ ਚੁੱਕੇ ਸ਼ਖ਼ਸ ਨਾਲ ਖੜ੍ਹਨਾ, ਉਸ ਸ਼ਖਸ਼ ਦਾ ਸਾਥ ਦੇਣਾ ਜਿਸ ਨੇ ਆਪਣੇ ਦੇਸ ਦੀ ਵਿੱਤੀ ਹਾਲਤ ਖਰਾਬ ਕਰ ਦਿੱਤੀ ਜਾਂ ਫਿਰ ਆਪਣੇ ਸਿਆਸੀ ਵਿਰੋਧੀਆਂ ਨੂੰ ਮਾਰ ਦਿੱਤਾ ਜਾਂ ਜੇਲ੍ਹ 'ਚ ਬੰਦ ਕਰ ਦਿੱਤਾ।

ਅੱਜ ਅਸੀਂ ਅਜਿਹੀਆਂ ਹੀ ਔਰਤਾਂ ਦੀ ਗੱਲ ਕਰਾਂਗੇ।

ਪਰ ਕੀ ਇਨ੍ਹਾਂ ਔਰਤਾਂ ਨੂੰ ਸਿਰਫ਼ ਔਰਤ ਹੋਣ ਕਰਕੇ ਹੀ ਜਿਆਦਾ ਨਫ਼ਰਤ ਕੀਤੀ ਜਾਂਦੀ ਹੈ?

ਕੀ ਇਹ ਪੁਰਸ਼ ਪ੍ਰਧਾਨੀ ਤਾਂ ਨਹੀਂ ਕਿ ਭਾਈ ਨੀ ਮਾੜਾ ਪਰ ਜਦੋਂ ਦੀ ਭਰਜਾਈ ਆਈ ਹੈ ਉਹ ਸੁਣਨੋਂ ਹੀ ਹਟ ਗਿਆ ਹੈ।

ਸਵਾਲ ਇਹ ਵੀ ਹੈ ਕਿ ਲੋਕ ਇਨ੍ਹਾਂ ਦੇ ਤਾਨਾਸ਼ਾਹ ਘਰਵਾਲਿਆਂ ਦੀ ਤਾਂ ਕਿਸੇ ਨਾ ਕਿਸੇ ਵਜ੍ਹਾ ਕਰਕੇ ਇੱਜ਼ਤ ਕਰਦੇ ਹਨ, ਕਿਉਂਕਿ ਉਨ੍ਹਾਂ ਨੇ ਸਮਾਜ ਲਈ ਕੁੱਝ ਨਾ ਕੁੱਝ ਯੋਗਦਾਨ ਦਿੱਤਾ ਹੁੰਦਾ ਹੈ।

ਰੋਬਰਟ ਮੁਗਾਬੇ ਨੇ ਦੇਸ ਦੀ ਅਜਾਦੀ ਦੇ ਘੋਲ਼ ਵਿੱਚ ਭੂਮਿਕਾ ਨਿਭਾਈ ਹਾਲਾਂਕਿ ਉਸ ਮਗਰੋਂ ਮੁਗਾਬੇ ਨੇ 37 ਸਾਲ ਦੇਸ ਬਾਜ ਦੇ ਪੰਜਿਆਂ ਵਿੱਚ ਫ਼ਸੀ ਚਿੜੀ ਵਾਂਗ ਦਬੋਚੀ ਰੱਖਿਆ।

ਹਾਂ ਉਨ੍ਹਾਂ ਦੀ ਪਤਨੀ ਗਰੇਸ ਦੀ ਜਿੰਬਾਬਵੇ ਵਿੱਚ ਆਲੋਚਨਾ ਹੁੰਦੀ ਹੈ ਕਿ ਉਨ੍ਹਾਂ ਨੇ ਮੁਗਾਬੇ ਨੂੰ ਭਰਿਸ਼ਟ ਕਰ ਦਿੱਤਾ।

'ਲੋਕ ਸਿਰਫ਼ ਆਪਣੇ ਵਿਸ਼ਵਾਸ਼ ਪੱਕੇ ਕਰਦੇ ਹਨ'

ਕਿੰਗਜ਼ ਕਾਲਜ ਲੰਡਨ ਦੇ ਕੌਮਾਂਤਰੀ ਵਿਕਾਸ ਵਿਭਾਗ ਦੀ ਲੈਕਚਰਾਰ ਡਾਕਟਰ ਐਲਿਸ ਇਵਾਨਸ ਮੁਤਾਬਕ ਇਹ ਪੱਖਪਾਤ ਹੀ ਹੈ- ਲੋਕ ਸਿਰਫ਼ ਆਪਣੀ ਧਾਰਨਾ ਨੂੰ ਪੱਕਿਆਂ ਕਰਨ ਲਈ ਸਬੂਤ ਹੀ ਲੱਭਦੇ ਹਨ।

ਮਿਸਾਲ ਵਜੋਂ ਜੇ ਲੋਕ ਮੁਗਾਬੇ ਨੂੰ ਨਾਇਕ ਮੰਨਦੇ ਹਨ ਤਾਂ ਉਸ ਬਾਰੇ ਹਰੇਕ ਜਾਣਕਾਰੀ ਇਸੇ ਧਾਰਨਾ ਨੂੰ ਪਕਿਆਈ ਦੇਣ ਵਾਲੀ ਹੋਣੀ ਚਾਹੀਦੀ ਹੈ। ਜੇ ਸਾਡੇ ਨਾਇਕ ਨੇ ਕੁੱਝ ਖੌਫ਼ਨਾਕ ਕੀਤਾ ਹੈ ਤਾਂ ਉਸਦਾ ਇਲਜ਼ਾਮ ਕਿਸੇ ਹੋਰ ਉੱਪਰ ਲਾ ਦੇਵਾਂਗੇ ਤਾਂ ਕਿ, ਆਦਰਸ਼ ਬਚਿਆ ਰਹਿ ਸਕੇ।

ਗਰੇਸ ਨੇ ਕਈ ਵਾਰ ਟਕਸਾਲੀ ਸਿਆਸੀ ਆਗੂਆਂ ਦੀ ਜਨਤਕ ਬੇਇਜ਼ਤੀ ਕੀਤੀ।

ਗਰੇਸ 15 ਵਰਿਆਂ ਦੀ ਸੀ ਜਦੋਂ 1980 ਵਿੱਚ ਜਿੰਬਾਬਵੇ ਅਜ਼ਾਦ ਹੋਇਆ ਤੇ ਮੁਗਾਬੇ ਰਾਸ਼ਟਰਪਤੀ ਬਣੇ। ਜਦੋਂ 1983 ਵਿੱਚ ਫ਼ੌਜ ਮਟਾਬੇਲੈਂਡ ਵਿੱਚ ਕਥਿਤ ਰੂਪ ਵਿੱਚ ਹਜ਼ਾਰਾਂ ਬਲਾਤਕਾਰ ਤੇ ਕਤਲੇਆਮ ਕਰ ਰਹੀ ਸੀ ਤਾਂ ਗਰੇਸ ਮਸਾਂ ਵੋਟ ਪਾਉਣ ਜੋਗੀ ਹੋਈ ਸੀ।

ਗਰੇਸ ਮੁਗਾਬੇ 'ਤੇ ਲਾਏ ਇਲਜ਼ਾਮ ਪੱਛਮੀਂ ਅਫ਼ਰੀਕਾ ਦੇ ਇੱਕ ਮੁਲਕ ਆਇਵਰੀ ਕੋਸਟ ਦੀ ਸਾਬਕਾ ਪਹਿਲੀ-ਮਹਿਲਾ ਸਿਮੋਨ ਗਬੈਗੋ ਦੇ ਬਰਾਬਰ ਨਹੀਂ ਖੜ੍ਹਦੇ।

ਸਿਮੋਨ ਨੇ 2010 'ਚ ਉਸ ਵੇਲੇ ਕਾਤਲ ਦਸਤਿਆਂ ਦੀ ਅਗਵਾਈ ਕੀਤੀ ਸੀ ਜਦੋਂ ਉਨ੍ਹਾਂ ਦੇ ਪਤੀ ਨੇ ਚੋਣਾਂ ਵਿੱਚ ਹੋਈ ਆਪਣੀ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

ਗਰੇਸ ਨੂੰ ਗੁਸੀ ਗਰੇਸ ਵੀ ਕਿਹਾ ਜਾਂਦਾ ਹੈ, ਜਿਸਦਾ ਭਾਵ ਹੈ- ਖੁੱਲ੍ਹਾ ਖਰਚ।

ਹਾਲਾਂਕਿ ਖੁੱਲ੍ਹੇ ਖਰਚ ਦੀਆਂ ਕਹਾਣੀਆਂ ਉਨ੍ਹਾਂ ਬੰਦਿਆਂ ਦੇ ਅਣਮਨੁੱਖੀ ਕਿੱਸਿਆਂ ਨਾਲੋਂ ਜਿਆਦਾ ਚੇਤੇ ਰੱਖੀਆਂ ਜਾਂਦੀਆਂ ਹਨ, ਜਿਨ੍ਹਾਂ ਨੇ ਇਸ ਖੁੱਲ੍ਹੀ ਖਰਚੀ ਲਈ ਪੈਸਾ ਮੁਹੱਈਆ ਕਰਾਇਆ।

ਇਮੈਲਡਾ ਮਾਰਕੋਸ

ਇਮੈਲਡਾ ਮਾਰਕੋਸ 20 ਸਾਲ ਤੱਕ ਫ਼ਿਲਪੀਨਜ਼ ਦੀ ਪ੍ਰਥਮ-ਮਹਿਲਾ ਰਹੀ। ਉਨ੍ਹਾਂ ਕੋਲ 1,000 ਤੋਂ ਵੱਧ ਜੋੜੇ ਜੁੱਤੇ ਸਨ।

ਉਹ ਵੀ ਉਸ ਵੇਲੇ ਜਦੋਂ ਕਈ ਦੇਸ ਵਾਸੀ ਨੰਗੇ ਪੈਰੀਂ ਅਤੇ ਅੰਤਾਂ ਦੀ ਗ਼ਰੀਬੀ ਵਿੱਚ ਜਿੰਦਗੀ ਜਿਉਂ ਰਹੇ ਸਨ।

ਇਲੈਨਾ ਚਾਸ਼ੇਸਕੋ

ਨਿਕੋਲ ਚਾਸ਼ੇਸਕੋ ਦੀ ਪਤਨੀ ਇਲੈਨਾ ਚਾਸ਼ੇਸਕੋ ਨੂੰ ਜੁੱਤਿਆਂ ਕਰਕੇ ਨਹੀਂ ਬਲਕਿ ਫ਼ਰ ਦੇ ਕੋਟਾਂ ਕਰਕੇ ਜਾਣਿਆ ਜਾਂਦਾ ਹੈ। ਨਿਕੋਲ ਚਾਸ਼ੇਸਕੋ ਨੇ 1956 ਤੋਂ 1989 ਤੱਕ 24 ਸਾਲ ਰੋਮਾਨੀਆ ਤੇ ਨਿਰਅੰਕੁਸ਼ ਰਾਜ ਕੀਤਾ।ਉਹ ਆਪਣੀਆਂ ਮਹਿੰਗੀਆਂ ਪੁਸ਼ਾਕਾਂ ਲਈ ਮਸ਼ਹੂਰ ਰਹੀ।

ਪਰ ਪਤਨੀਆਂ ਦੀਆਂ ਪੁਸ਼ਾਕਾਂ ਦੀ ਇਨ੍ਹੀਂ ਚਰਚਾ ਕਿਉਂ ਹੁੰਦੀ ਹੈ?

ਹਾਂ ਭੁੱਖਮਰੀ ਨਾਲ ਜੂਝਦੇ ਦੇਸ ਵਾਸੀਆਂ ਦੇ ਦਰਦ ਨੂੰ ਨਜ਼ਰਅੰਦਾਜ ਕਰਕੇ ਆਪਣੀ ਅਮੀਰੀ ਦਾ ਵਿਖਾਵਾ ਕਰਨਾ ਵੀ ਇੱਕ ਕਿਸਮ ਦਾ ਪ੍ਰੱਤਖ ਨੈਤਿਕ ਜੁਰਮ ਹੈ।

ਆਮ ਤੌਰ 'ਤੇ ਨਾਪਸੰਦ ਕੀਤੀਆਂ ਜਾਂਦੀਆਂ ਅਜਿਹੀਆਂ ਪਤਨੀਆਂ ਨੂੰ ਵਿਅੰਗਮਈ ਢੰਗ ਨਾਲ ਲਿਆ ਜਾਂਦਾ ਹੈ ਤੇ ਕਾਲਮ ਨਵੀਸ ਤੇ ਕਾਰਟੂਨਿਸਟ ਇਨ੍ਹਾਂ 'ਤੇ ਆਪਣੀ ਕਲਮ ਦੀ ਅਜਮਾਇਸ਼ ਕਰਦੇ ਹਨ।

ਲੂਸੀ ਕਿਬਾਕੀ

ਦੋ ਦਹਾਕਿਆਂ ਤੱਕ ਪਹਿਲੀ-ਮਹਿਲਾ ਲਈ ਤਰਸਦੇ ਰਹੇ ਕੀਨੀਆ ਨੂੰ, ਲੂਸੀ ਕਿਬਾਕੀ ਮਿਲੀ। ਉਨ੍ਹਾਂ ਨੇ ਪੱਤਰਕਾਰਾਂ ਤੇ ਕੂਟਨੀਤੀ ਕਾਰਾਂ 'ਤੇ ਇਲਜ਼ਾਮ ਲਾਏ ਕਿ ਇਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਬਣਦਾ ਸਨਮਾਨ ਨਹੀਂ ਦਿੱਤਾ।

ਇੱਕ ਵਾਰ ਉਹ ਆਪਣੇ ਗੁਆਂਢੀ ਤੇ ਵਿਸ਼ਵ ਬੈਂਕ ਦੇ ਉਸ ਵੇਲੇ ਦੇਸ ਦੇ ਨਿਰਦੇਸ਼ਕ, ਮਖ਼ਤਰ ਡਿਓਪ ਦੇ ਘਰ, ਉਨ੍ਹਾਂ ਦੀ ਨਿੱਜੀ ਪਾਰਟੀ ਵਿੱਚ, ਟਰੈਕ ਸੂਟ ਵਿੱਚ ਪਹੁੰਚ ਗਈ। ਉੱਥੇ ਜਾ ਕੇ ਉਨ੍ਹਾਂ ਨੇ ਚੱਲ ਰਹੇ ਸੰਗੀਤ ਦੀ ਆਵਾਜ਼ ਘੱਟ ਕਰਨ ਲਈ ਕਿਹਾ।

ਰਾਸ਼ਟਰਪਤੀ ਮਵਾਈ ਕਿਬਾਕੀ ਦਾ ਸਿਆਸੀ ਸਫ਼ਾਂ ਵਿੱਚ ਮਜ਼ਾਕ ਬਣਿਆ ਕਿ ਜਦ ਉਹ ਆਪਣੀ ਘਰ ਵਾਲੀ ਹੀ ਨਹੀਂ ਸੰਭਾਲ ਸਕਦੇ, ਤਾਂ ਦੇਸ ਕਿਵੇਂ ਚਲਾਉਣਗੇ?

'ਮਜ਼ਾਕ ਦੀਆਂ ਸੌਖੀਆਂ ਪਾਤਰ'

ਮੈਰੀ ਇਵਾਨਸ ਮੁਤਾਬਕ ਇਹ ਚੰਦਰੀਆਂ ਔਰਤਾਂ, ਬੁਰੀਆਂ ਪਤਨੀਆਂ ਆਦਿ ਨਾਲ ਜੁੜੀਆਂ ਧਾਰਨਾਵਾਂ ਨਾਲ ਮੇਲ ਖਾਂਦਾ ਹੈ। ਮੈਰੀ ਇਵਾਨਸ ਐੱਲਐੱਸਈ ਦੇ ਜੈਂਡਰ ਸਟਡੀਜ਼ ਵਿੱਚ ਪ੍ਰੋਫੈਸਰ ਹਨ।

ਉਹ ਬਣੀਆਂ ਬਣਾਈਆਂ ਕਾਰਟੂਨ ਕਿਰਦਾਰ ਹਨ ਜਿਨ੍ਹਾਂ ਬਾਰੇ ਕੁੱਝ ਵੀ ਲਿਖਿਆ ਜਾ ਸਕਦਾ ਹੈ।

ਆਖ਼ਰ ਅਸੀਂ ਇਨ੍ਹਾਂ ਤੋਂ ਐਨੀਂ ਖੁੰਧਕ ਕਿਉਂ ਖਾਂਦੇ ਹਾਂ? ਕੁੱਝ ਉਨ੍ਹਾਂ ਦੇ ਦੂਹਰੇ ਕਿਰਦਾਰਾਂ ਤੇ ਕੁੱਝ ਧੋਖੇਬਾਜ਼ੀ ਕਰਕੇ।

ਲੈਅਲਾ ਬੈਨ

ਟਿਊਨਿਸ਼ੀਆ ਦੀ ਸਾਬਕਾ ਪ੍ਰਥਮ-ਮਹਿਲਾ ਲੈਅਲਾ ਬੈਨ ਅਲੀ ਨੇ ਇੱਕ ਵਾਰ ਕਿਹਾ, "ਮੈਂ ਕਦੇ ਸਿਆਸਤ ਵਿੱਚ ਦਖ਼ਲ ਨਹੀਂ ਦਿੱਤਾ। ਮੈਂ ਤਾਂ ਲੋਕਾਂ ਲਈ ਹਾਂ।" ਉਨ੍ਹਾਂ ਨੂੰ ਰੋਮਾਨੀਆ ਦੀ ਮਾਂ ਕਿਹਾ ਜਾਂਦਾ ਹੈ।

ਹਾਲਾਂਕਿ ਉਨ੍ਹਾਂ ਕਿਤੇ ਹੋਰ ਇਹ ਵੀ ਕਿਹਾ ਸੀ ਕਿ,"ਕੀੜੇ ਕਦੇ ਸੰਤੁਸ਼ਟ ਨਹੀਂ ਹੁੰਦੇ ਭਾਵੇਂ ਜਿੰਨਾ ਮਰਜੀ ਖਵਾਓ।"

ਇਸ ਜੋੜੇ ਨੂੰ ਕ੍ਰਿਸਮਸ ਦੇ ਦਿਨ ਸੰਖੇਪ ਸੁਣਵਾਈ ਮਗਰੋਂ ਕਤਲ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਸਮੇਂ ਗਰਭ ਰੋਕੂ ਉਪਰਾਲਿਆਂ ਦੀ ਵਰਤੋਂ ਉੱਪਰ ਪਾਬੰਦੀ ਸੀ।

'ਔਰਤਾਂ ਤੋਂ ਉਮੀਦਾਂ'

ਐਕਸਟਰ ਯੂਨੀਵਰਸਿਟੀ ਵਿੱਚ ਸੋਸ਼ਲ ਤੇ ਓਰਗਨਾਈਜੇਸ਼ਨਲ ਮਨੋਵਿਗਿਆਨ ਦੀ ਸਕਾਲਰ ਡਾ. ਥੇਕਲਾ ਮੋਰਗਨਰੋਥ ਮੁਤਾਬਕ ਔਰਤਾਂ ਤੋਂ ਉਮੀਦਾਂ ਵੱਧ ਕੀਤੀਆਂ ਜਾਂਦੀਆਂ ਹਨ।

ਇਹ ਨਾ ਸਿਰਫ਼ ਵੱਧ ਨਰਮ ਹੋਣ ਬਾਰੇ ਹੈ ਬਲਕਿ ਖੋਜ ਇਹ ਵੀ ਦਰਸਾਉਂਦੀ ਹੈ ਕਿ ਅਸੀਂ ਔਰਤਾਂ ਤੋਂ ਵਧੇਰੇ ਨੈਤਿਕ ਹੋਣ ਦੀ ਵੀ ਉਮੀਦ ਕਰਦੇ ਹਾਂ ਇਸੇ ਕਰਕੇ ਜਦੋਂ ਔਰਤਾਂ ਦਾ ਨਾਮ ਘਿਨਾਉਣੇ ਕੰਮਾਂ ਨਾਲ ਜੁੜਦਾ ਹੈ ਤਾਂ ਇਹ ਕਿਤੇ ਜਿਆਦਾ ਬੁਰਾ ਸਮਝਿਆ ਜਾਂਦਾ ਹੈ।

ਕੈਥੋਲਿਕ ਇਸਾਈ ਮਨੌਤਾਂ ਮੁਤਾਬਕ, ਈਸਾ ਦੀ ਮਾਂ ਮੈਰੀ ਨੇ ਰੱਬ ਤੇ ਮਨੁੱਖਤਾ ਦਰਮਿਆਨ ਵਿਚੋਲਗੀ ਕੀਤੀ। ਮੰਨਣ ਵਾਲਿਆਂ ਦਾ ਮੰਨਣਾ ਹੈ ਕਿ ਮੈਰੀ ਦਾ ਦਖ਼ਲ ਉਨ੍ਹਾਂ ਦੀਆਂ ਪਾਪੀ ਆਤਮਾਵਾਂ ਨੂੰ ਬਚਾਵੇਗਾ।

ਤਾਨਾ ਸ਼ਾਹਾਂ ਦੀਆਂ ਪਤਨੀਆਂ ਤੋ ਵੀ ਅਸੀਂ ਇਹੋ ਉਮੀਦ ਕਰਦੇ ਹਾਂ। ਜੇ ਅਜਿਹਾ ਨਹੀਂ ਹੁੰਦਾ ਤਾਂ ਤਾਨਾਸ਼ਾਹਾਂ ਨੂੰ ਬੁਰਾ ਕਹਿਣ ਦੀ ਥਾਂ ਅਸੀਂ ਵਿਚੋਲਣਾਂ 'ਤੇ ਇਲਜ਼ਾਮ ਧਰ ਦਿੰਦੇ ਹਾਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)