'ਮੇਰੇ ਬੱਚੇ ਦੀਆਂ ਅੱਖਾਂ ਮੇਰੇ ਬਲਾਤਕਾਰੀ ਵਰਗੀਆਂ'

ਇੰਗਲੈਂਡ ਦੀ ਕੈਥਰੀਨ ਦਾ ਉਸ ਸ਼ਖਸ ਨੇ ਬਲਾਤਕਾਰ ਕੀਤਾ ਜਿਸਨੂੰ ਉਹ ਆਪਣਾ ਦੋਸਤ ਸਮਝਦੀ ਸੀ।

ਬਲਾਤਕਾਰ ਮਗਰੋਂ ਉਹ ਗਰਭਵਤੀ ਹੋ ਗਈ। ਕੈਥਰੀਨ (ਬਦਲਿਆ ਨਾਮ) ਨੇ ਬੀਬੀਸੀ ਨਾਲ਼ ਆਪਣੀ ਕਹਾਣੀ ਸਾਂਝੀ ਕੀਤੀ। ਹਾਦੇਸ ਤੋਂ ਬਾਅਦ ਉਸਨੇ ਪੁੱਤਰ ਨੂੰ ਜਨਮ ਦਿੱਤਾ।

ਮੈਂ ਦੋ ਬੱਚਿਆਂ ਦੀ ਸਿੰਗਲ ਮਾਂ ਸੀ ਅਤੇ ਉਸ ਨੂੰ ਜਾਣਦੀ ਸੀ। ਅਸੀਂ ਇੱਕ ਸਾਂਝੇ ਦੋਸਤ ਰਾਹੀਂ ਮਿਲੇ ਸੀ।

ਮੈਂ ਆਤਮ ਨਿਰਭਰ ਰਹਿਣਾ ਚਾਹੁੰਦੀ ਸੀ ਤੇ ਕਿਸੇ ਰਿਸ਼ਤੇ ਵਿੱਚ ਨਹੀਂ ਪੈਣਾ ਚਾਹੁੰਦੀ ਸੀ। ਇਹ ਗੱਲ ਮੈਂ ਉਸ ਨੂੰ ਸਾਫ਼-ਸਾਫ਼ ਦੱਸ ਵੀ ਦਿੱਤੀ ਸੀ।

ਉਸ ਦਿਨ ਮੈਂ ਉਸਦੇ ਘਰ ਹੀ ਸੀ। ਅਚਾਨਕ ਇਹ ਸਭ ਹੋ ਗਿਆ। ਉਹ ਮੇਰੇ ਬੇਹੱਦ ਨਜ਼ਦੀਕ ਆਇਆ। ਮੈਂ ਧੱਕਾ ਦੇ ਕੇ ਉਸਨੂੰ ਪਿੱਛੇ ਵੀ ਹਟਾਇਆ।

ਮੈਨੂੰ ਠੀਕ ਨਹੀਂ ਸੀ ਲੱਗ ਰਿਹਾ ਪਰ ਇਹ ਐਨਾ ਤਾਕਤਵਰ ਸੀ ਕਿ ਮੈਂ ਵਿਰੋਧ ਨਹੀਂ ਕਰ ਸਕੀ। ਜਦਕਿ ਮੈਨੂੰ ਵਿਰੋਧ ਕਰਨਾ ਚਾਹੀਦਾ ਸੀ।

ਇਸਤੋਂ ਬਾਅਦ ਉਹ ਉੱਠ ਕੇ ਘਰੋਂ ਨਿਕਲ ਗਿਆ ਅਤੇ ਫ਼ਿਰ ਕਾਰ ਵਿੱਚ ਕਿਤੇ ਚਲਿਆ ਗਿਆ। ਉਸਨੇ ਮੇਰੇ ਨਾਲ ਭੋਰਾ ਵੀ ਗੱਲ ਨਹੀਂ ਕੀਤੀ।

ਮੈਂ ਜ਼ਖਮੀਂ ਸੀ। ਮੈਨੂੰ ਕਾਫ਼ੀ ਦੇਰ ਤੱਕ ਆਪਣੇ ਦਰਦ ਦਾ ਅਹਿਸਾਸ ਵੀ ਨਹੀਂ ਹੋਇਆ। ਮੈਂ ਆਟੋ ਪਾਇਲਟ ਵਾਂਗ ਘਰ ਪਰਤ ਆਈ।

ਮੈਂ ਸਮਝਦੀ ਹਾਂ ਕਿ ਜੇ ਤੁਸੀਂ ਤੁਰ ਸਕਦੋ ਹੋਂ ਤਾਂ ਤੁਰੋਂਗੇ ਕਿਸੇ ਅਜਿਹੀ ਥਾਂ ਲਈ ਜਿੱਥੇ ਤੁਸੀਂ ਸਹਿਜ ਮਹਿਸੂਸ ਕਰੋਂ।

ਉਸਦੇ ਕੋਲ ਜਾਣ ਤੋਂ ਪਹਿਲਾਂ ਮੈਂ ਆਪਣੇ ਬੱਚੇ ਗੁਆਂਢੀ ਦੇ ਘਰ ਛੱਡ ਕੇ ਗਈ ਸੀ। ਜਿੱਥੇ ਉਹ ਸੌਂ ਰਹੇ ਸਨ ਜੋ ਕਿ ਇਤਮਿਨਾਨ ਵਾਲੀ ਗੱਲ ਸੀ।

ਮੈਂ ਕਿਸੇ ਨਾਲ ਬਹੁਤੀ ਗੱਲ ਨਹੀਂ ਕੀਤੀ। ਲੱਗਿਆ ਲੋਕੀਂ ਟਿੱਪਣੀਆਂ ਕਰਨਗੇ ਤੇ ਕਹਿਣਗੇ ਕਿ ਮੈਂ ਆਪਣੀ ਮਰਜੀ ਨਾਲ ਗਈ ਸੀ। ਇਹ ਮੇਰਾ ਕਸੂਰ ਸੀ।

ਹੁਣ, ਕਿਉਂਕਿ ਮੈਂ ਉਸ ਨੂੰ ਜਾਣਦੀ ਸੀ ਇਹ ਸੜਕ 'ਤੇ ਹੋਏ ਬਲਾਤਕਾਰ ਵਰਗਾ ਨਹੀਂ ਸਮਝਿਆ ਜਾਵੇਗਾ। ਇਸੇ ਕਰਕੇ ਮੈਂ ਪੁਲਿਸ ਨੂੰ ਵੀ ਕੁਝ ਨਹੀਂ ਦੱਸਿਆ।

ਅਗਲੇ ਦਿਨ ਮੈਂ ਉਸ ਨੂੰ ਪੁੱਛਿਆ ਤਾਂ ਉਹ ਮੁੱਕਰਿਆ ਨਹੀਂ। ਉਸਨੇ ਕਿਹਾ ਕਿ ਉਸਨੂੰ ਕੁਝ ਯਾਦ ਨਹੀਂ।

ਮੈਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਤੇ ਆਪਣੇ ਆਪ ਨੂੰ ਬੱਚਿਆਂ ਵੱਲ ਲਾ ਲਿਆ।

ਗਰਭ ਬਾਰੇ ਮੈਂ ਉਸ ਨੂੰ ਦੱਸਿਆ...

ਮੈਂ ਉਸ ਨੂੰ ਦੱਸਿਆ ਕਿ ਮੈਂ ਉਸਦੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਉਸਨੇ ਕਦੇ ਵੀ ਗਰਭ ਠਹਿਰਨ ਦੇ ਵਜ੍ਹਾ ਨੂੰ ਨਹੀਂ ਮੰਨਿਆ।

ਮੈਂ ਕਦੇ ਸਫ਼ਾਈ ਕਰਾਉਣ ਬਾਰੇ ਨਹੂੀਂ ਸੋਚਿਆ-ਹਾਲਾਂਕਿ ਮੈਂ ਇਸਦੀ ਵਿਰੋਧੀ ਵੀ ਨਹੀਂ ਹਾਂ। ਇਹ ਇੱਕ ਵਿਕਲਪ ਸੀ।

ਮੈਨੂੰ ਬੱਸ ਲੱਗਿਆ ਕਿ ਇਸ ਨਾਲ ਹੋਰ ਵੀ ਗਲਤ ਹੋ ਜਾਵੇਗਾ ਅਤੇ ਇੱਕ ਅਣਇੱਛਿਤ ਬੱਚੇ ਨਾਲ ਦਿੱਕਤਾਂ ਹੋਰ ਵੀ ਵਧ ਜਾਣਗੀਆਂ। ਉਹ ਵੀ ਤਦ ਜਦ ਮੈਂ ਪਹਿਲਾਂ ਹੀ ਦੋ ਬੱਚੇ ਪਾਲ ਰਹੀ ਸੀ।

ਮੈਂ ਬੱਚੇ ਦੀ ਜਿੰਦਗੀ ਬਾਰੇ ਨਹੀਂ ਸੀ ਸੋਚ ਰਹੀ ਬਲਕਿ ਉਸਨੂੰ ਮਾਰਨ ਦੇ ਨੈਤਿਕ ਪੱਖ ਵਿਚਾਰ ਰਹੀ ਸੀ।

ਅਜਿਹਾ ਕਰਕੇ ਮੈਨੂੰ ਬਲਾਤਕਾਰ ਦੇ ਨਾਲ-ਨਾਲ ਕਤਲ ਨਾਲ ਵੀ ਜਿਊਣਾ ਪਵੇਗਾ। ਜਿੰਦਗੀ ਦੁੱਭਰ ਹੋ ਜਾਵੇਗੀ।

ਮੇਰਾ ਕੋਈ ਪਰਿਵਾਰ ਨਹੀਂ ਸੀ। ਆਸ-ਪਾਸ ਦੇ ਲੋਕ ਸ਼ੱਕ ਨਾਲ ਵੇਖ ਰਹੇ ਸਨ।

ਮੈਂ ਵੇਖਿਆ ਕਿ ਲੋਕ ਮੇਰੇ ਵੱਲ ਵੇਖਦੇ ਤੇ ਮੇਰੀ ਪਿੱਠ ਪਿੱਛੇ ਗੱਲਾਂ ਕਰਦੇ ਸਨ। ਇਹ ਕਾਫ਼ੀ ਔਖਾ ਵੇਲਾ ਸੀ ਕਿਉਂਕਿ ਮੈਂ ਨਹੀਂ ਸੀ ਦੱਸਣਾ ਚਾਹੁੰਦੀ ਕਿ ਮੇਰਾ ਬਲਾਤਕਾਰ ਹੋਇਆ ਸੀ।

ਮੈਂ ਇਹ ਵੀ ਨਹੀਂ ਸੀ ਚਾਹੁੰਦੀ ਕਿ ਲੋਕੀ ਮੇਰੇ ਬੱਚੇ ਬਾਰੇ ਪੂਰਬ- ਧਾਰਨਾਵਾਂ ਬਣਾਉਣ ਤੇ ਉਨ੍ਹਾਂ ਦਾ ਬੱਚੇ ਨਾਲ ਰਿਸ਼ਤਾ ਇਸ ਗੱਲੋਂ ਪ੍ਰਭਾਵਿਤ ਹੋਵੇ।

ਮੈਨੂੰ ਲਗਦਾ ਹੈ ਕਿ ਆਪਣੇ ਬੱਚੇ ਨੂੰ ਬਚਾਉਣ ਕਰਕੇ ਹੀ ਮੈਂ ਇਸ ਵਿੱਚੋਂ ਉੱਭਰ ਸਕੀ ਹਾਂ ਨਹੀਂ ਤਾਂ ਇਹ ਝੱਲਿਆ ਨਹੀਂ ਸੀ ਜਾਣਾ।

ਜਦੋਂ ਮੈਂ ਪਹਿਲੀ ਵਾਰ ਬੱਚੇ ਨੂੰ ਚੁੱਕਿਆ ਤਾਂ ਸਭ ਤੋਂ ਹੈਰਾਨੀ ਵਾਲੀ ਗੱਲ ਸੀ ਕਿ ਉਸ ਦੀਆਂ ਅੱਖਾਂ ਉਸਦੇ ਬਾਪ ਵਰਗੀਆਂ ਸਨ। ਪਹਿਲੀ ਵਾਰ ਜਦੋਂ ਮੈਂ ਉਸ ਦੀਆਂ ਅਖਾਂ 'ਚ ਦੇਖਿਆ ਤਾਂ ਦੰਗ ਰਹਿ ਗਈ।

ਜਿਉਂ ਜਿਉਂ ਉਹ ਵੱਡਾ ਹੋ ਰਿਹਾ ਹੈ ਉਸ ਦੀਆਂ ਅੱਖਾਂ ਬਿਲਕੁਲ ਹੀ ਉਸਦੇ ਪਿਓ ਵਰਗੀਆਂ ਹੁੰਦੀਆਂ ਜਾ ਰਹੀਆਂ ਹਨ।

ਉਸ ਬਲਾਤਕਾਰ ਵਿੱਚੋਂ ਜੋ ਵੀ ਮੈਨੂੰ ਸਭ ਤੋਂ ਵੱਧ ਯਾਦ ਹੈ ਉਹ ਹਨ ਉਸ ਦੀਆਂ ਅੱਖਾਂ। ਉਸ ਦੀਆਂ ਬੇਹੱਦ ਚਮਕੀਲੀਆਂ ਅੱਖਾਂ ਹਨ।

ਮੈਂ ਆਪਣੇ ਦਿਲ 'ਤੇ ਹੱਥ ਧਰ ਕੇ ਕਹਿ ਸਕਦੀ ਹਾਂ ਕਿ ਜੇ ਉਸਦੇ ਜਨਮ ਦੀ ਵਜ੍ਹਾ ਨੇ ਬੱਚੇ ਨਾਲ ਮੇਰੇ ਲਗਾਵ ਨੂੰ ਕਦੇ ਪ੍ਰਭਾਵਿਤ ਕੀਤਾ ਹੋਵੇ।

ਮੈਂ ਬਿਲਕੁਲ ਉਸਨੂੰ ਜਨਮ ਦੇ ਪਲ ਤੋਂ ਹੀ ਪਿਆਰ ਕੀਤਾ ਹੈ। ਉਹ ਕਦੇ ਵੀ ਆਪਣੇ ਪਿਤਾ ਬਾਰੇ ਨਹੀਂ ਪੁੱਛਦਾ।

ਹਾਂ, ਉਸਦੇ ਸਕੂਲ ਵਿੱਚ ਪਰਿਵਾਰ ਨੂੰ ਲੈ ਕੇ ਇੱਕ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਜਿੱਥੇ ਉਹ ਉਸਨੂੰ ਆਪਣੇ ਪਿਤਾ ਦੀ ਤਸਵੀਰ ਲਿਆਉਣ ਲਈ ਕਹਿਣਗੇ ਜੋ ਮੈਂ ਨਹੀਂ ਦੇ ਸਕਦੀ।

ਇਹ ਅਤੇ ਅਹਿਜੇ ਹੋਰ ਮੌਕਿਆਂ 'ਤੇ ਮੈਨੂੰ ਉਸ ਨੂੰ ਸਮਝਾਉਣਾ ਪੈਂਦਾ ਹੈ। ਮੈਂ ਇਸ ਬਾਰੇ ਪਿਛਲੇ ਸਾਲਾਂ ਦੌਰਾਨ ਬਹੁਤ ਘੱਟ ਲੋਕਾਂ ਤੇ ਖਾਸ ਕਰ ਆਪਣੇ ਜਾਣਕਾਰਾਂ ਨੂੰ ਹੀ ਦੱਸਿਆ ਹੈ।

ਬੱਚੇ ਨੂੰ ਜਨਮ ਦੇਣ ਦਾ ਪਛਤਾਵਾ ਨਹੀਂ

ਕੁਝ ਵੀ ਕਰੀਏ ਇਹ ਬੇਹੱਦ ਚੁਣੌਤੀ ਭਰਪੂਰ ਹੋਵੇਗਾ। ਜੇ ਤੁਸੀਂ ਕਿਸੇ ਬੱਚੇ ਨੂੰ ਗੋਦ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਰਹਿੰਦੀ ਜ਼ਿੰਦਗੀ 'ਤੇ ਅਸਰ ਪੈਂਦਾ ਹੈ।

ਜੇ ਗਰਭ ਠਹਿਰਦਾ ਹੈ ਤਾਂ ਤੁਸੀਂ ਸਫ਼ਾਈ ਕਰਵਾਉਂਦੇ ਹੋ ਤਾਂ ਇਸ ਨਾਲ ਵੀ ਤੁਹਾਡੀ ਜ਼ਿੰਦਗੀ 'ਤੇ ਅਸਰ ਪਵੇਗਾ।

ਜੇ ਤੁਸੀਂ ਬੱਚੇ ਨੂੰ ਜਨਮ ਦਿੰਦੇ ਹੋ ਤਾਂ ਵੀ ਤੁਹਾਡੀ ਜ਼ਿੰਦਗੀ ਨੂੰ ਫਰਕ ਪਵੇਗਾ। ਹਰ ਹਾਲ ਵਿੱਚ ਅਸੀਮ ਨੁਕਸਾਨ ਹੁੰਦਾ ਹੈ।

ਕਈ ਵਾਰ ਮੈਂ ਇਕੱਲੀ ਪੈ ਜਾਂਦੀ ਹਾਂ। ਕਈ ਵਾਰ ਇਹ ਬਹੁਤ ਔਖਾ ਹੋ ਜਾਂਦਾ ਹੈ ਪਰ ਮੇਰੇ ਮੁਤਾਬਕ ਸਭ ਤੋਂ ਅਹਿਮ ਤਾਂ ਇਹ ਹੈ ਕਿ ਤਬਾਹੀ ਕਰਨ ਵਾਲਾ ਤਾਂ ਬਲਾਤਕਾਰ ਸੀ। ਉਸਾਰੂ ਗੱਲ ਜੋ ਇਸ ਵਿੱਚੋਂ ਨਿਕਲੀ ਹੈ ਉਹ ਹੈ ਮੇਰਾ ਪੁੱਤਰ।

ਹਾਂ, ਜ਼ਰੂਰੀ ਨਹੀਂ ਹੈ ਕਿ ਇਹ ਹਾਲਾਤ ਸਾਰਿਆਂ ਲਈ ਸਮਾਨ ਹੋਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)