ਮੈਟਰੀਮੋਨੀਅਲ ਸਾਈਟਸ ਕੁੜੀਆਂ ਤੋਂ ਪੁੱਛਦੀਆਂ ਕਈ ਸਵਾਲ

    • ਲੇਖਕ, ਸਿੰਧੂਵਾਸਿਨੀ
    • ਰੋਲ, ਬੀਬੀਸੀ ਹਿੰਦੀ

ਕੀ ਤੁਹਾਨੂੰ ਖਾਣਾ ਬਣਾਉਣਾ ਆਉਂਦਾ ਹੈ? ਤੁਸੀਂ ਕਿਹੋ ਜਿਹੇ ਕੱਪੜੇ ਪਾਉਂਦੇ ਹੋ? ਮਾਡਰਨ, ਰਵਾਇਤੀ ਜਾਂ ਦੋਵੇਂ? ਵਿਆਹ ਤੋਂ ਬਾਅਦ ਨੌਕਰੀ ਕਰੋਗੇ ਜਾਂ ਨਹੀਂ?

ਇਹ ਸਵਾਲ ਮੈਥੋਂ ਮੁੰਡੇ ਦੇ ਮਾਪਿਆਂ ਨੇ ਨਹੀਂ ਪੁੱਛਿਆ। ਇਹ ਸਵਾਲ ਪੁੱਛਦੀਆਂ ਹਨ ਪਿਆਰ ਅਤੇ ਵਿਆਹ ਕਰਵਾਉਣ ਵਾਲੀਆਂ ਮੈਟਰੀਮੋਨੀਅਲ ਵੈੱਬਸਾਈਟਸ।

ਪਿਛਲੇ ਕੁਝ ਦਿਨਾਂ ਤੋਂ ਘਰਵਾਲੇ ਮੈਨੂੰ ਵਿਆਹ ਕਰਵਾਉਣ ਲਈ ਇਨ੍ਹਾਂ ਵੈੱਬਸਾਈਟਾਂ 'ਤੇ ਅਕਾਊਂਟ ਬਣਾਉਣ ਦੇ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸੀ।

ਇਸ ਨੂੰ ਟਾਲਣ ਦੇ ਲਈ ਸਾਰੇ ਪੈਂਤਰੇ ਇਸਤੇਮਾਲ ਤੋਂ ਬਾਅਦ ਤੰਗ ਆ ਕੇ ਮੈਂ ਅਕਾਊਂਟ ਬਣਾਉਣ ਦੇ ਲਈ ਹਾਂ ਕੀਤੀ। ਸੋਚਿਆ ਇਸੇ ਬਹਾਨੇ ਬੋਰਿੰਗ ਜ਼ਿੰਦਗੀ ਵਿੱਚ ਥੋੜ੍ਹਾ ਰੋਮਾਂਚ ਆਵੇਗਾ।

ਪਹਿਲਾਂ ਵੈੱਬਸਾਈਟਸ 'ਤੇ ਮੁਸਕੁਰਾਉਂਦੇ ਹੋਏ ਨਜ਼ਰ ਆਏ ਨਾਲ ਹੀ ਵੱਡੇ-ਵੱਡੇ ਅੱਖਰਾਂ ਵਿੱਚ ਲਿਖਿਆ ਸੀ-'love is looking for you, be found'.

ਮਤਲਬ ਪਿਆਰ ਤੁਹਾਨੂੰ ਲੱਭ ਰਿਹਾ ਹੈ, ਉਸਦੇ ਨੇੜੇ ਤਾਂ ਆਓ।

ਇਸਦਾ ਮਤਲਬ ਹੋਇਆ ਕਿ ਮੈਂ ਪਿਆਰ ਦੇ ਰਾਹ 'ਤੇ ਵੱਧ ਰਹੀ ਸੀ। ਇਸਦੇ ਲਈ ਮੈਨੂੰ ਆਪਣੇ ਧਰਮ, ਜਾਤ, ਗੋਤਰ, ਉਮਰ, ਸ਼ਕਲ-ਸੂਰਤ, ਪੜ੍ਹਾਈ-ਲਿਖਾਈ ਅਤੇ ਨੌਕਰੀ ਦੀ ਜਾਣਕਾਰੀ ਦੇਣੀ ਸੀ।

ਸਵਾਲਾਂ ਦੀ ਕਤਾਰ

ਖਾਣਾ ਸ਼ਾਕਾਹਾਰੀ ਖਾਉਂਦੀ ਹਾਂ ਜਾਂ ਮਾਸਾਹਾਰੀ, ਦਾਰੂ-ਸਿਗਰੇਟ ਦੀ ਆਦਤ ਹੈ ਜਾਂ ਨਹੀਂ, ਕੱਪੜੇ ਮਾਰਡਨ ਪਾਉਂਦੀ ਹਾਂ ਜਾਂ ਰਵਾਇਤੀ...ਅਜਿਹੇ ਤਮਾਮ ਸਵਾਲਾਂ ਦੇ ਜਵਾਬ ਦੇਣੇ ਸੀ।

ਫ਼ਿਰ ਸਵਾਲ ਆਇਆ, ਕੀ ਤੁਸੀਂ ਖਾਣਾ ਬਣਾ ਸਕਦੇ ਹੋ? ਜਵਾਬ ਵਿੱਚ ਨਹੀਂ ਟਿੱਕ ਕਰਕੇ ਅੱਗੇ ਵੱਧੀ।

ਅਗਲਾ ਸਵਾਲ ਸੀ, ਵਿਆਹ ਤੋਂ ਬਾਅਦ ਨੌਕਰੀ ਕਰਨਾ ਚਾਹੁੰਦੇ ਹੋ?

ਇਨ੍ਹਾਂ ਸਭ ਕੁਝ ਦੱਸਣ ਤੋਂ ਬਾਅਦ ਇਹ ਦੱਸਣਾ ਸੀ ਕੀ ਮੈਂ ਕਿਸ ਤਰੀਕੇ ਦੀ ਕੁੜੀ ਹਾਂ, ਜ਼ਿੰਦਗੀ ਵਿੱਚ ਮੇਰਾ ਕੀ ਪਲਾਨ ਹੈ...ਅਜਿਹੇ ਕਈ ਹੋਰ ਸਵਾਲ।

ਮੈਂ ਟਾਈਪ ਕਰਨ ਲੱਗੀ-ਮੈਨੂੰ ਜੈਂਡਰ ਮੁੱਦਿਆਂ ਵਿੱਚ ਦਿਲਚਸਪੀ ਹੈ...ਫ਼ਿਰ ਯਾਦ ਆਇਆ ਇਹ ਰਿਜ਼ਿਊਮੇ ਨਹੀਂ ਹੈ। ਆਖ਼ਰਕਾਰ ਬੜੀ ਮੁਸ਼ੱਕਤ ਨਾਲ ਅਕਾਊਂਟ ਤਿਆਰ ਹੋ ਗਿਆ।

ਹੁਣ ਮੁੰਡਿਆਂ ਦੇ ਅਕਾਊਂਟ ਖੰਗਾਲਣ ਦੀ ਵਾਰੀ ਸੀ। ਕਿਸੇ ਨੇ ਨਹੀਂ ਦੱਸਿਆ ਸੀ ਕਿ ਉਹ ਖਾਣਾ ਬਣਾ ਸਕਦੇ ਹਨ ਜਾਂ ਨਹੀਂ।

ਕਿਸੇ ਨੇ ਨਹੀਂ ਦੱਸਿਆ ਸੀ ਕਿ ਉਹ ਵਿਆਹ ਦੇ ਬਾਅਦ ਦਫ਼ਤਰ ਦਾ ਕੰਮ ਕਰਨਾ ਚਾਹੁੰਦੇ ਹਨ ਜਾਂ ਘਰ ਦਾ। ਉਹ ਕਿਹੜੇ ਕੱਪੜੇ ਪਾਉਂਦੇ ਹਨ, ਇਸ ਬਾਰੇ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ।

ਮੁੰਡਿਆਂ ਤੋਂ ਇਹ ਸਵਾਲ ਨਹੀਂ

ਥੋੜ੍ਹੀ ਹੋਰ ਪੁੱਛ ਪੜ੍ਹਤਾਲ ਕਰਨ 'ਤੇ ਪਤਾ ਲੱਗਿਆ ਕਿ ਮੁੰਡਿਆਂ ਤੋਂ ਇਹ ਸਵਾਲ ਪੁੱਛੇ ਹੀ ਨਹੀਂ ਗਏ ਸੀ।

ਬਦਲਦੇ ਵਕਤ ਦੇ ਨਾਲ ਕਦਮ ਮਿਲਾ ਕੇ ਚੱਲਣ ਦਾ ਦਾਅਵਾ ਕਰਨ ਵਾਲੀ ਆਧੁਨਿਕ ਵੈੱਬਸਾਈਟਸ 'ਤੇ ਮਰਦਾਂ ਤੇ ਔਰਤਾਂ ਨੂੰ ਵੱਖ-ਵੱਖ ਚਸ਼ਮਿਆਂ ਨਾਲ ਵੇਖਿਆ ਜਾ ਰਿਹਾ ਸੀ।

ਇਸ ਤੋਂ ਬਾਅਦ ਵਿਆਹ ਕਰਵਾਉਣ ਵਾਲੀਆਂ ਤਿੰਨ-ਚਾਰ ਹੋਰ ਵੈੱਬਸਾਈਟਸ 'ਤੇ ਨਜ਼ਰ ਦੌੜਾਈ। ਸਾਰਿਆਂ ਵਿੱਚ ਤਕਰੀਬਨ ਇੱਕੋ ਜਿਹੇ ਸਵਾਲ ਹੀ ਪੁੱਛੇ ਗਏ ਸੀ।

ਇੱਕ ਮੈਟਰੀਮੋਨੀਅਲ ਸਾਈਟ 'ਤੇ ਜੇ ਤੁਸੀਂ ਆਪਣੇ ਲਈ ਲਾੜੀ ਲੱਭਦੇ ਹੋ ਤਾਂ ਡਿਫੌਲਟ ਉਮਰ 20-25 ਸਾਲ ਦਿਖੇਗੀ ਅਤੇ ਜੇ ਲਾੜਾ ਲੱਭ ਰਹੇ ਹੋ ਤਾਂ ਡਿਫੋਲਟ ਉਮਰ 24-29 ਸਾਲ।

ਇਸਦਾ ਮਤਲਬ ਕੁੜੀ ਦੀ ਉਮਰ ਮੁੰਡੇ ਤੋਂ ਘੱਟ ਹੋਣੀ ਚਾਹੀਦੀ ਹੈ, ਜਾਣੇ-ਅਣਜਾਣੇ ਇਸ ਧਾਰਨਾ ਨੂੰ ਪੁਖ਼ਤਾ ਕੀਤਾ ਜਾ ਰਿਹਾ ਹੈ।

ਦੂਜੀ ਵੈੱਬਸਾਈਟ 'ਤੇ ਜੇ ਤੁਸੀਂ ਇਹ ਦੱਸਦੇ ਹੋ ਕਿ ਅਕਾਊਂਟ ਤੁਸੀਂ ਖੁਦ ਬਣਾਇਆ ਹੈ ਤਾਂ ਤੁਹਾਨੂੰ ਘੱਟ ਲੋਕ ਪਹੁੰਚ ਕਰਨਗੇ। ਅਜਿਹਾ ਵੈੱਬਸਾਈਟ 'ਤੇ ਆਉਣ ਵਾਲੇ ਨੋਟੀਫਿਕੇਸ਼ਨ ਕਹਿੰਦਾ ਹੈ।

ਇਸਦਾ ਮਤਲਬ ਹੈ ਕਿ ਅੱਜ ਵੀ ਅਸੀਂ ਆਪਣੇ ਲਈ ਜੀਵਨ ਸਾਥੀ ਲੱਭਣ ਵਾਲਿਆਂ ਨੂੰ ਸ਼ੱਕ ਦੀਆਂ ਨਿਗਾਹਾਂ ਨਾਲ ਦੇਖਦੇ ਹਾਂ।

ਜੇ ਕਿਸੇ ਨੂੰ ਵਿਆਹ ਕਰਨਾ ਹੈ ਤਾਂ ਉਸਨੂੰ ਆਪਣੇ ਮਾਪਿਆਂ ਜਾਂ ਭੈਣ-ਭਰਾ ਤੋਂ ਅਕਾਊਂਟ ਬਣਾਉਣਾ ਪਵੇਗਾ।

ਫਰਕ ਸਿਰਫ਼ ਇੰਨਾਂ ਹੀ ਨਹੀਂ ਸੀ। ਮੁੰਡੇ ਅਤੇ ਕੁੜੀਆਂ ਦੀਆਂ ਤਸਵੀਰਾਂ ਵਿੱਚ ਵੀ ਅੰਤਰ ਸਾਫ਼ ਦੇਖਿਆ ਜਾ ਸਕਦਾ ਹੈ।

ਸੈਲਫ਼ੀ ਵਿੱਚ ਫ਼ਰਕ

ਮੁੰਡੇ ਜਿੱਥੇ ਸੈਲਫੀ ਜਾਂ ਪੂਲ ਵਿੱਚ ਨਹਾਉਣ ਵਾਲੀਆਂ ਤਸਵੀਰਾਂ ਪੋਸਟ ਕਰਦੇ ਹਨ ਉੱਥੇ ਜ਼ਿਆਦਾਤਰ ਕੁੜੀਆਂ ਰਵਾਇਤੀ ਲਾੜੀ ਦੇ ਕੱਪੜਿਆਂ 'ਚ ਨਜ਼ਰ ਆਉਂਦੀ ਹੈ।

ਅਖ਼ਬਾਰਾਂ ਵਿੱਚ ਛਪੇ ਸੁੰਦਰ, ਗੋਰੀ, ਪਤਲੀ ਅਤੇ ਘਰੇਲੂ ਨੂੰਹ ਦੀ ਮੰਗ ਕਰਨ ਵਾਲੀਆਂ ਮਸ਼ਹੂਰੀਆਂ ਦੇਖੀਆਂ ਸੀ ਪਰ ਇੰਟਰਨੈੱਟ ਦੇ ਜ਼ਮਾਨੇ ਵਿੱਚ ਮੈਟਰੀਮੋਨੀਅਲ ਵੈੱਬਸਾਈਟਾਂ ਦਾ ਇਹ ਰਵੱਈਆ ਹੈਰਾਨ ਕਰਨ ਵਾਲਾ ਸੀ।

ਅਖ਼ਬਾਰਾਂ ਵਿੱਚ ਸ਼ਾਇਦ ਹੀ ਕਿਸੇ ਨੇ ਸੁੰਦਰ,ਘਰੇਲੂ ਅਤੇ ਸੁਸ਼ੀਲ ਮੁੰਡੇ ਦੀ ਮੰਗ ਕਰਨ ਵਾਲੀ ਮਸ਼ਹੂਰੀ ਦੇਖੀ ਹੋਏ। ਸ਼ਾਇਦ ਹੀ ਕਦੇ ਮੁੰਡਿਆਂ ਨੂੰ ਖ਼ਾਸ ਤਰੀਕੇ ਦੇ ਕੱਪੜਿਆਂ ਵਿੱਚ ਫੋਟੋ ਭੇਜਣ ਨੂੰ ਕਿਹਾ ਗਿਆ ਹੋਏ।

ਖੈਰ ਇਨ੍ਹਾਂ ਨੂੰ ਤਾਂ ਪੁਰਾਣੀਆਂ ਗੱਲਾਂ ਕਹਿ ਕੇ ਜਾਣ ਵੀ ਦਿਓ ਪਰ ਇੰਟਰਨੈੱਟ ਦੇ ਜ਼ਮਾਨੇ ਵਿੱਚ ਮੈਟਰੀਮੋਨੀਅਲ ਵੈੱਬਸਾਈਟਸ ਦੇ ਇਸ ਰਵੱਈਏ ਤੇ ਸਵਾਲ ਕਿਉਂ ਨਾ ਚੁੱਕੀਏ?

ਖਾਸਕਰ ਜਦੋਂ ਆਨਲਾਈਨ ਮੈਚਮੇਕਿੰਗ ਇੰਡਸਟਰੀ ਦਾ ਬਾਜ਼ਾਰ ਹਜ਼ਾਰਾਂ ਕਰੋੜ ਰੁਪਏ ਦਾ ਹੋਏ।

ਅਰਬਾਂ ਦਾ ਕਾਰੋਬਾਰ

ਏਸੋਚੈਮ ਦੇ ਅੰਕੜਿਆਂ ਮੁਤਾਬਕ ਪਿਛਲੇ ਪੰਜ ਸਾਲਾਂ ਵਿੱਚ ਮੈਟਰੀਮੋਨੀਅਲ ਵੈੱਬਸਾਈਟਸ ਦਾ ਬਾਜ਼ਾਰ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਇਹ ਤਕਰੀਬਨ 15 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।

ਮੈਂ ਵੈੱਬਸਾਈਟਸ 'ਤੇ ਦਿੱਤੇ ਨੰਬਰਾਂ 'ਤੇ ਫੋਨ ਕਰਕੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਮੁੰਡੇ ਤੇ ਕੁੜੀਆਂ ਤੋਂ ਪੁੱਛੇ ਜਾਣ ਵਾਲੇ ਸਵਾਲਾਂ ਵਿੱਚ ਫ਼ਰਕ ਕਿਉਂ ਹੈ।

ਜ਼ਿਆਦਾਤਰ ਥਾਵਾਂ 'ਤੇ ਫੋਨ ਚੁੱਕਣ ਵਾਲਿਆਂ ਨੇ ਵਕਤ ਨਾ ਹੋਣ ਦੀ ਗੱਲ ਕਹਿ ਕੇ ਸਵਾਲ ਟਾਲ ਦਿੱਤੇ। ਮੇਰੇ ਭੇਜੇ ਈ-ਮੇਲਸ ਦਾ ਕੋਈ ਜਵਾਬ ਨਹੀਂ ਦਿੱਤਾ।

'ਜ਼ਰੂਰਤ ਦੇ ਹਿਸਾਬ ਨਾਲ ਹੁੰਦੇ ਸਵਾਲ'

ਕਾਫ਼ੀ ਦੇਰ ਬਾਅਦ ਵੈੱਬਸਾਈਟ ਦੇ ਦਫ਼ਤਰ ਵਿੱਚ ਆਲੋਕ ਨਾਂਅ ਦੇ ਕਸਟਮਰ ਕੇਅਰ ਰਿਪ੍ਰਜ਼ੈਨਟੇਟਿਵ ਨੇ ਫੋਨ ਚੁੱਕਿਆ।

ਉਨ੍ਹਾਂ ਕਿਹਾ, "ਸਾਨੂੰ ਆਪਣੇ ਸਵਾਲ ਲੋਕਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਤੈਅ ਕਰਨੇ ਹੁੰਦੇ ਹਨ। ਤਕਰੀਬਨ ਸਾਰੇ ਲੋਕ ਅਜਿਹੀ ਕੁੜੀ ਚਾਹੁੰਦੇ ਹਨ ਜੋ ਨੌਕਰੀ ਦੇ ਨਾਲ-ਨਾਲ ਘਰ ਵੀ ਸਾਂਭ ਸਕੇ।''

ਮੇਰੀ ਇੱਕ ਦੋਸਤ ਤੋਂ ਸੈਂਡਲ ਉਤਾਰ ਕੇ ਖੜ੍ਹੇ ਹੋਣ ਲਈ ਕਿਹਾ ਗਿਆ ਸੀ ਤਾਂ ਜੋ ਹੋਣ ਵਾਲੇ ਸਹੁਰਿਆਂ ਨੂੰ ਉਸਦੀ ਲੰਬਾਈ ਦਾ ਸਹੀ ਅੰਦਾਜ਼ਾ ਲੱਗ ਸਕੇ।

ਮੈਚਮੇਕਿੰਗ ਸਾਈਟਸ ਦਾ ਤੌਰ-ਤਰੀਕਾ ਮੈਨੂੰ ਇਸ ਤੋਂ ਵੱਖ ਨਹੀਂ ਲੱਗਿਆ।

ਮੈਟਰੀਮੋਨੀਅਲ ਵੈੱਬਸਾਈਟਸ 'ਤੇ ਖੂਬ ਪੜ੍ਹੇ-ਲਿਖੇ ਅਤੇ ਉੱਚੇ ਅਹੁਦਿਆਂ 'ਤੇ ਕੰਮ ਕਰਨ ਵਾਲੇ ਨੌਜਵਾਨ ਰਜਿਸਟਰ ਕਰਦੇ ਹਨ। ਐੱਨਆਰਆਈ ਮਾਪੇ ਆਪਣੇ ਬੱਚਿਆਂ ਦੇ ਲਈ ਜੀਵਨ ਸਾਥੀ ਲੱਭਣ ਇੱਥੇ ਆਉਂਦੇ ਹਨ।

ਅਜਿਹੇ ਹਾਲਾਤ ਵਿੱਚ ਜੇ ਕੋਈ ਦੋਗਲੇ ਰਵੱਈਏ 'ਤੇ ਇਤਰਾਜ਼ ਨਹੀਂ ਕਰ ਰਿਹਾ ਹੈ ਤਾਂ ਇਹ ਪਰੇਸ਼ਾਨ ਕਰਨ ਵਾਲਾ ਮੁੱਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)