You’re viewing a text-only version of this website that uses less data. View the main version of the website including all images and videos.
ਪੈਸੇ ਮਿਲਣ ਤਾਂ ਅਪਾਹਜ ਨਾਲ ਵਿਆਹ ਕਰੋਗੇ?
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ, ਨਾਲੰਦਾ, ਬਿਹਾਰ ਤੋਂ
ਅਪਾਹਜ ਵਿਅਕਤੀਆਂ ਨੂੰ ਵਿਆਹ ਕਰਵਾਉਣਾ ਚੁਣੌਤੀ ਸਾਬਿਤ ਹੁੰਦਾ ਹੈ। ਸਰਕਾਰੀ ਯੋਜਨਾਵਾਂ ਜ਼ਰੀਏ ਇਸਨੂੰ ਸੁਖਾਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
"ਮੇਰਾ ਪਰਿਵਾਰ ਕਿਸੇ ਨਾਲ ਵੀ ਮੇਰਾ ਵਿਆਹ ਕਰਵਾਉਣ ਲਈ ਤਿਆਰ ਸੀ।''
ਰੂਪਮ ਕੁਮਾਰੀ ਆਪਣੇ ਪੈਰਾਂ ਤੋਂ ਚੱਲ ਨਹੀਂ ਸਕਦੀ। ਬਚਪਨ ਵਿੱਚ ਹੀ ਪੋਲੀਓ ਹੋਇਆ ਸੀ ਅਤੇ ਫਿਰ ਲੱਤਾਂ ਕਦੇ ਵੀ ਸਿੱਧੀਆਂ ਨਹੀਂ ਹੋ ਸਕੀਆਂ। ਉਹ ਹੁਣ ਹੱਥਾਂ ਦੇ ਸਹਾਰੇ ਜ਼ਮੀਨ 'ਤੇ ਰੇਂਗ ਕੇ ਚੱਲਦੀ ਹੈ।
'ਪੈਸਿਆਂ ਦੇ ਜ਼ੋਰ 'ਤੇ ਰਿਸ਼ਤਾ ਨਾ-ਮਨਜ਼ੂਰ'
ਬਿਹਾਰ ਦੇ ਨਾਲੰਦਾ ਵਿੱਚ ਰਹਿਣ ਵਾਲਾ ਉਨ੍ਹਾਂ ਦਾ ਪਰਿਵਾਰ ਪੈਸੇ ਦੇ ਜ਼ੋਰ 'ਤੇ ਕਿਸੇ ਗਰੀਬ ਪਰਿਵਾਰ ਦੇ ਸ਼ਖਸ ਨਾਲ ਉਸਦਾ ਵਿਆਹ ਕਰਵਾਉਣ ਨੂੰ ਤਿਆਰ ਸੀ।
ਪਰ ਰੂਪਮ ਅਜਿਹਾ ਨਹੀਂ ਚਾਹੁੰਦੀ ਸੀ। ਉਸਦੇ ਮੁਤਾਬਕ ਇਹ ਬਰਾਬਰੀ ਦਾ ਰਿਸ਼ਤਾ ਨਹੀਂ ਹੋਵੇਗਾ।
ਉਸਨੇ ਕਿਹਾ, "ਜੇਕਰ ਮੁੰਡਾ ਠੀਕ ਹੈ, ਕੁੜੀ ਵਿੱਚ ਖ਼ਰਾਬੀ ਹੈ ਤਾਂ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਕੁੜੀ ਨੂੰ ਕੁਝ ਵੀ ਕੀਤਾ ਜਾ ਸਕਦਾ ਹੈ, ਮਾਰਿਆ ਜਾ ਸਕਦਾ ਹੈ, ਬਲਾਤਕਾਰ ਕਰ ਛੱਡਿਆ ਜਾ ਸਕਦਾ ਹੈ।''
ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹਾ ਆਦਮੀ ਆਪਣੀ ਅਪਾਹਜ ਪਤਨੀ ਨੂੰ ਉਹ ਦਰਜਾ ਨਹੀਂ ਦੇਵੇਗਾ, ਬੱਸ ਉਸਦਾ ਫਾਇਦਾ ਚੁੱਕਣਾ ਚਾਹੇਗਾ।
ਅਪਾਹਜਾਂ ਲਈ ਸਰਕਾਰੀ ਸਕੀਮ
ਕਈ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਆਖ਼ਰ ਇਸ ਮਈ ਰੂਪਮ ਦਾ ਵਿਆਹ ਹੋਇਆ। ਇੱਕ ਸਰਕਾਰੀ ਸਕੀਮ ਇਸਦੀ ਵਜ੍ਹਾ ਬਣੀ।
ਰੂਪਮ ਦਾ ਲਾੜਾ ਅਪਾਹਜ ਹੈ। ਰਾਜਕੁਮਾਰ ਸਿੰਘ ਨੂੰ ਵੀ ਚੱਲਣ ਵਿੱਚ ਤਕਲੀਫ਼ ਹੈ।
ਮੈਂ ਇਨ੍ਹਾਂ ਦੋਵਾਂ ਤੋਂ ਇਨ੍ਹਾਂ ਦੇ ਘਰ ਵਿੱਚ ਮਿਲੀ। ਨਾਲੰਦਾ ਦੇ ਸ਼ਹਿਰ ਪੋਰਖਪੁਰ ਵਿੱਚ ਥੋੜ੍ਹਾ ਘੁੰਮੀ ਤਾਂ ਅੰਦਾਜ਼ਾ ਹੋ ਗਿਆ ਕਿ ਇਹ ਵਿਆਹ ਆਪਣੇ ਆਪ ਵਿੱਚ ਕਿੰਨਾ ਅਨੋਖਾ ਹੈ।
ਗਰੀਬ ਪਰਿਵਾਰਾਂ ਵਿੱਚ ਅਪਾਹਜ ਲੋਕਾਂ ਨੂੰ ਅਕਸਰ ਬੋਝ ਜਾਂ ਜ਼ਿੰਮੇਵਾਰੀ ਦੇ ਚਸ਼ਮੇ ਨਾਲ ਵੇਖਿਆ ਜਾਂਦਾ ਹੈ।
ਉਨ੍ਹਾਂ ਦੀ ਸਿੱਖਿਆ ਅਤੇ ਰੁਜ਼ਗਾਰ ਨੂੰ ਕੁਝ ਅਹਿਮੀਅਤ ਦਿੱਤੀ ਜਾਂਦੀ ਹੈ ਤੇ ਵਿਆਹ ਦੀ ਲੋੜ ਸਮਝੀ ਨਹੀਂ ਜਾਂਦੀ।
ਖੁਦ ਮੁਖ਼ਤਿਆਰ ਬਣਨ ਦੀ ਰਾਹ
ਰਾਜਕੁਮਾਰ ਦੇ ਪਰਿਵਾਰ ਨੂੰ ਵੀ ਉਨ੍ਹਾਂ ਦੇ ਵਿਆਹ ਵਿੱਚ ਖ਼ਾਸੀ ਦਿਲਚਸਪੀ ਨਹੀਂ ਸੀ।
ਬਹੁਤ ਸਮਝਾਉਣ ਤੋਂ ਬਾਅਦ ਪਰਿਵਾਰ ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਕਰਨ ਲਈ ਰਾਜ਼ੀ ਹੋਇਆ।
ਰਾਜਕੁਮਾਰ ਨੇ ਦੱਸਿਆ, "ਅਸੀਂ ਆਪਣੇ ਮਾਪਿਆਂ ਨੂੰ ਕਿਹਾ ਕਿ ਜਦੋਂ ਉਹ ਗੁਜ਼ਰ ਜਾਣਗੇ ਤਾਂ ਮੈਨੂੰ ਕੌਣ ਵੇਖੇਗਾ। ਭਰਾ- ਭਰਜਾਈ ਕਿੱਥੇ ਖ਼ਿਆਲ ਰੱਖਦੇ ਹਨ। ਪਤਨੀ ਹੋਵੇਗੀ ਤਾਂ ਰੋਟੀ ਤਾਂ ਬਣਾ ਦੇਵੇਗੀ।''
ਅਪਾਹਜ ਲੋਕਾਂ ਦੀ ਜ਼ਰੂਰਤ ਲਈ ਅਤੇ ਸਮਾਜ ਤੇ ਪਰਿਵਾਰ ਦਾ ਰਵੱਈਆ ਬਦਲਣ ਦੀ ਮਨਸ਼ਾ ਨਾਲ ਹੀ ਕਈ ਸੂਬਾ ਸਰਕਾਰਾਂ ਨੇ 'ਇਨਸੈਨਟਿਵ ਫਾਰ ਮੈਰਿਜ' ਯੋਜਨਾ ਲਾਗੂ ਕੀਤੀ ਹੈ।
ਇਸ ਯੋਜਨਾ ਦੇ ਤਹਿਤ ਅਪਾਹਜ ਵਿਅਕਤੀ ਨਾਲ ਵਿਆਹ ਕਰਨ 'ਤੇ ਉਨ੍ਹਾਂ ਨੂੰ ਗੁਜ਼ਾਰਾ ਕਰਨ ਲਈ ਕੁਝ ਪੈਸੇ ਮਿਲਦੇ ਹਨ।
ਯੋਜਨਾ ਬਾਰੇ ਘੱਟ ਜਾਣਕਾਰੀ
ਬਿਹਾਰ ਵਿੱਚ ਪਿਛਲੇ ਸਾਲ ਲਾਗੂ ਕੀਤੀ ਗਈ ਇਸ ਯੋਜਨਾ ਵਿੱਚ ਅਪਾਹਜ ਵਿਅਕਤੀ ਨਾਲ ਵਿਆਹ ਕਰਨ 'ਤੇ ਸਰਕਾਰ 50,000 ਰੁਪਏ ਦਿੰਦੀ ਹੈ।
ਮੁੰਡਾ-ਕੁੜੀ ਦੋਵੇਂ ਅਪਾਹਜ ਹੋਣ ਤਾਂ ਪੈਸਾ ਦੁਗਣਾ ਹੋ ਜਾਂਦਾ ਹੈ। ਯਾਨੀ ਇੱਕ ਲੱਖ ਰੁਪਏ।
ਸ਼ਰਤ ਇਹ ਹੈ ਕਿ ਇਹ ਪੈਸੇ ਵਿਆਹ ਦੇ ਤਿੰਨ ਸਾਲ ਪੂਰੇ ਹੋਣ 'ਤੇ ਹੀ ਦਿੱਤੇ ਜਾਣਗੇ।
ਪਰ ਇਸ ਯੋਜਨਾ ਦੀ ਜਾਣਕਾਰੀ ਘੱਟ ਹੈ ਅਤੇ ਉਸੇ ਨੂੰ ਵਧਾਉਣ ਦਾ ਕੰਮ 'ਵਿਕਲਾਂਗ ਅਧਿਕਾਰ ਮੰਚ' ਵਰਗੀਆਂ ਗੈਰ ਸਰਕਾਰੀ ਸੰਸਥਾਵਾਂ ਕਰ ਰਹੀਆਂ ਹਨ।
ਮੰਚ ਦੀ ਵੈਸ਼ਣਵੀ ਸੱਵਾਵਲੰਬਨ ਦੱਸਦੀ ਹੈ, ਕਿ ਜਦੋਂ ਉਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਤਾਂ ਕਈ ਲੋਕਾਂ ਨੇ ਕਿਹਾ ਕਿ ਅਪਾਹਜ ਲੋਕ, ਜੋ ਖੁਦ ਆਪਣਾ ਖ਼ਿਆਲ ਨਹੀਂ ਰੱਖ ਸਕਦੇ, ਉਨ੍ਹਾਂ ਦਾ ਵਿਆਹ ਕਰਵਾ ਕੇ ਕੀ ਹਾਸਿਲ ਹੋਵੇਗਾ?
ਪਰ ਇਸ ਸਭ ਤੋਂ ਵੈਸ਼ਣਵੀ ਪਿੱਛੇ ਨਹੀਂ ਹਟੀ। ਉਹ ਖੁਦ ਅਪਾਹਜ ਹੈ। ਉਨ੍ਹਾਂ ਦੇ ਮੁਤਾਬਕ ਸਰਕਾਰੀ ਯੋਜਨਾ ਬਹੁਤ ਮਦਦਗਾਰ ਹੈ ਅਤੇ ਉਹ ਪਿਛਲੇ ਦੋ ਸਾਲਾਂ ਵਿੱਚ ਦੋ ਸਮੂਹਿਕ ਵਿਆਹਾਂ ਦਾ ਪ੍ਰਬੰਧ ਕਰ 16 ਅਪਾਹਜ ਜੋੜਿਆਂ ਦਾ ਵਿਆਹ ਕਰਵਾ ਚੁੱਕੀ ਹੈ।
ਉਹ ਦੱਸਦੀ ਹੈ ਕਿ ਸਭ ਤੋਂ ਵੱਡੀ ਚੁਣੌਤੀ ਗ਼ੈਰ-ਅਪਾਹਜ ਨੂੰ ਅਪਾਹਜ ਵਿਅਕਤੀ ਨਾਲ ਵਿਆਹ ਕਰਵਾਉਣ ਦੇ ਲਈ ਪ੍ਰੇਰਿਤ ਕਰਨਾ ਹੈ।
ਸਰਕਾਰੀ ਯੋਜਨਾ ਦੇ ਬਾਵਜੂਦ ਹੁਣ ਵੀ ਅਪਾਹਜ ਲੋਕ ਹੀ ਇੱਕ-ਦੂਜੇ ਨਾਲ ਵਿਆਹ ਕਰਵਾਉਣ ਦੇ ਲਈ ਸਾਹਮਣੇ ਆ ਰਹੇ ਹਨ।
ਯੋਜਨਾ ਦੀ ਆਲੋਚਨਾ ਵੀ ਹੋ ਰਹੀ ਹੈ
ਯੋਜਨਾ ਦਾ ਇਰਾਦਾ ਤਾਂ ਮਦਦ ਦਾ ਹੈ ਪਰ ਆਲੋਚਨਾ ਵੀ ਹੋ ਰਹੀ ਹੈ।
ਕੀ ਇਹ ਸਰਕਾਰ ਵੱਲੋਂ ਦਾਜ ਹੈ? ਅਤੇ ਪੈਸਿਆਂ ਦੇ ਲਾਲਚ ਵਿੱਚ ਵਿਆਹ ਤੋਂ ਬਾਅਦ ਜੇਕਰ ਕੋਈ ਭੱਜ ਜਾਏ?
ਵੈਸ਼ਣਵੀ ਇਸ ਨੂੰ ਦਾਜ ਨਹੀਂ ਮੰਨਦੀ। ਉਨ੍ਹਾਂ ਦੇ ਮੁਤਾਬਕ, "ਵਿਆਹ ਦੇ ਪੈਸਿਆਂ ਨਾਲ ਉਨ੍ਹਾਂ ਦਾ ਮਨੋਬਲ ਵਧ ਰਿਹਾ ਹੈ, ਕਿ ਜੇਕਰ ਸਰਪ੍ਰਸਤ ਛੱਡ ਵੀ ਦੇਣਗੇ ਤਾਂ ਦੋ-ਤਿੰਨ ਸਾਲ ਵਿੱਚ ਅਸੀਂ ਆਪਣਾ ਵਪਾਰ ਕਰ ਲਵਾਂਗੇ। ਉਨ੍ਹਾਂ ਦੇ ਅੰਦਰ ਆਤਮਵਿਸ਼ਵਾਸ ਵਧ ਰਿਹਾ ਹੈ।''
ਪਰ ਖ਼ਦਸ਼ਾ ਕਈ ਵਾਰ ਮੇਰੇ ਮਨ ਵਿੱਚ ਆਉਂਦਾ ਹੈ। ਜੇਕਰ ਕਿਸੇ ਰਿਸ਼ਤੇ ਦੀ ਨੀਂਹ ਪੈਸੇ ਦੇ ਵਾਅਦੇ 'ਤੇ ਰੱਖੀ ਗਈ ਹੋਏ ਤਾਂ ਉਹ ਕਿੰਨੀ ਮਜਬੂਤ ਹੋਵੇਗੀ।
ਰਾਜਕੁਮਾਰ ਅਤੇ ਰੂਪਮ ਨੂੰ ਇਸ ਯੋਜਨਾ ਦੇ ਆਰਥਿਕ ਪੱਧਰ 'ਤੇ ਆਜ਼ਾਦ ਹੋਣ ਦਾ ਭਰੋਸਾ ਤਾਂ ਦਿੱਤਾ ਹੈ ਪਰ ਕੀ ਇਹ ਸੱਚਮੁੱਚ ਇਹ ਮਦਦ ਇੱਕ ਖੁਸ਼ਹਾਲ ਸਾਥ ਦੀ ਕਹਾਣੀ ਲਿਖੇਗੀ?
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)