You’re viewing a text-only version of this website that uses less data. View the main version of the website including all images and videos.
#BBCInnovators: ਸ਼ੈਂਪੂ ਦੀ ਬੋਤਲ ਬੱਚਿਆਂ ਨੂੰ ਨਿਮੋਨੀਆ ਤੋਂ ਬਚਾ ਸਕਦੀ ਹੈ?
"ਇੱਕ ਇੰਟਰਨ ਵਜੋਂ ਇਹ ਮੇਰੀ ਪਹਿਲੀ ਰਾਤ ਸੀ ਅਤੇ ਤਿੰਨ ਬੱਚੇ ਮੇਰੀਆਂ ਅੱਖਾਂ ਸਾਹਮਣੇ ਦਮ ਤੋੜ ਗਏ। ਮੈਂ ਖ਼ੁਦ ਨੂੰ ਐਨਾ ਬੇਬਸ ਮਹਿਸੂਸ ਕੀਤਾ ਕਿ ਰੋਣ ਲੱਗ ਪਿਆ।''
ਸੰਨ 1996 ਦੀ ਗੱਲ ਹੈ ਜਦੋਂ ਡਾ. ਮੋਹੰਮਦ ਚਿਸ਼ਤੀ ਬੰਗਲਾਦੇਸ਼ ਵਿੱਚ ਮੈਡੀਕਲ ਕਾਲਜ ਹਸਪਤਾਲ ਦੇ ਬਾਲ ਚਿਕਿਤਸਾ ਵਿਭਾਗ ਵਿੱਚ ਕੰਮ ਕਰ ਰਹੇ ਸਨ।
ਉਸ ਵੇਲੇ ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਨਿਮੋਨੀਆ ਕਾਰਨ ਹੋ ਰਹੀਆਂ ਬੱਚਿਆਂ ਦੀਆਂ ਮੌਤਾਂ ਰੋਕਣ ਲਈ ਜ਼ਰੂਰ ਕੁਝ ਕਰਨਗੇ।
ਹਰ ਸਾਲ 9 ਲੱਖ ਤੋਂ ਜ਼ਿਆਦਾ ਨਵਜੰਮੇ ਅਤੇ ਛੋਟੇ ਬੱਚਿਆਂ ਦੀ ਨਿਮੋਨੀਆ ਕਾਰਨ ਮੌਤ ਹੋ ਜਾਂਦੀ ਹੈ, ਜਿਹਨਾਂ ਵਿਚੋਂ ਬਹੁਤੀਆਂ ਜਾਨਾਂ ਦੱਖਣੀ ਏਸ਼ੀਆ ਅਤੇ ਸਬ-ਸਹਾਰਾ ਅਫਰੀਕਾ ਵਿੱਚ ਜਾਂਦੀਆਂ ਹਨ।
ਦੋ ਦਹਾਕਿਆਂ ਦੀ ਖੋਜ ਤੋਂ ਬੂਾਅਦ ਡਾ. ਚਿਸ਼ਤੀ ਨੇ ਹਜ਼ਾਰਾਂ ਬੱਚਿਆਂ ਦੀਆਂ ਜਾਨਾਂ ਬਚਾਉਣ ਲਈ ਘੱਟ ਲਾਗਤ ਵਾਲਾ ਯੰਤਰ ਬਣਾਇਆ।
ਮਹਿੰਗੀਆਂ ਮਸ਼ੀਨਾਂ
ਨਿਮੋਨੀਆ ਇੱਕ ਅਜਿਹੀ ਬਿਮਾਰੀ ਹੈ ਜੋ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ। ਸਟ੍ਰੀਪਟੋਕੋਕਸ ਵਰਗੇ ਬੈਕਟੀਰੀਆ ਜਾਂ ਰੇਸਪੀਰੇਟਰੀ ਸਿਨਸਿਸ਼ਲ ਫੇਫੜਿਆਂ 'ਤੇ ਪ੍ਰਭਾਵ ਪਾਉਂਦਾ ਹੈ।
ਜਿਸ ਨਾਲ ਇਹ ਸੁੱਜ ਜਾਂਦੇ ਹਨ ਅਤੇ ਇਸ ਵਿੱਚ ਪੱਸ ਭਰ ਜਾਂਦੀ ਹੈ ਜਿਸ ਕਾਰਨ ਇਨ੍ਹਾਂ ਦੀ ਸਾਹ ਰਾਹੀਂ ਆਕਸੀਜਨ ਅੰਦਰ ਖਿੱਚਣ ਦੀ ਸਮਰੱਥਾ ਘੱਟ ਜਾਂਦੀ ਹੈ।
ਵਿਕਸਿਤ ਦੇਸ਼ਾਂ ਵਿੱਚ ਹਸਪਤਾਲ ਨਿਮੋਨੀਆ ਤੋਂ ਪੀੜਿਤ ਬੱਚਿਆਂ ਨੂੰ ਸਾਹ ਮੁਹੱਈਆ ਕਰਵਾਉਣ ਲਈ ਵੈਂਟੀਲੇਟਰ ਦੀ ਵਰਤੋਂ ਕਰਦੇ ਹਨ। ਹਰੇਕ ਮਸ਼ੀਨ ਦੀ ਕੀਮਤ $15,000 ਤੱਕ ਹੋ ਸਕਦੀ ਹੈ।
ਇਸਨੂੰ ਚਲਾਉਣ ਲਈ ਖਾਸ ਸਟਾਫ ਦੀ ਲੋੜ ਹੁੰਦੀ ਹੈ। ਜੋ ਕਿ ਬੰਗਲਾਦੇਸ਼ ਵਰਗੇ ਦੇਸ਼ਾਂ ਵਿੱਚ ਬਹੁਤ ਮਹਿੰਗੀ ਸਾਬਤ ਹੋ ਸਕਦੀ ਹੈ।
ਵਿਸ਼ਵ ਸਿਹਤ ਸੰਸਥਾ ਵੱਲੋਂ ਨਿਮੋਨੀਆ ਦੀ ਬਿਮਾਰੀ ਲਈ ਸੁਝਾਏ ਗਏ ਲੋਅ-ਫਲੋਅ ਆਕਸੀਜਨ ਦੇ ਇਲਾਜ ਨਾਲ ਵੀ ਸੱਤ ਵਿੱਚੋਂ ਇੱਕ ਬੱਚੇ ਦੀ ਮੌਤ ਹੋ ਜਾਂਦੀ ਹੈ।
ਮੈਲਬਰਨ, ਆਸਟ੍ਰੇਲੀਆ ਵਿੱਚ ਕੰਮ ਕਰਦਿਆਂ ਚਿਸ਼ਤੀ ਨੇ ਬਬਲ CPAP ਮਸ਼ੀਨ ਵੇਖੀ, ਜੋ ਫੇਫੜਿਆਂ ਨੂੰ ਫੇਲ ਹੋਣ ਤੋਂ ਬਚਾਉਂਦੀ ਹੈ ਅਤੇ ਲੋੜੀਂਦੀ ਆਕਸੀਜਨ ਮੁੱਹਈਆ ਕਰਵਾਉਂਦੀ ਹੈ। ਪਰ ਇਹ ਮਸ਼ੀਨ ਮਹਿੰਗੀ ਸੀ।
ਜਦੋਂ ਉਹ ਦਸਤ ਦੀ ਬਿਮਾਰੀ ਦੀ ਰਿਸਰਚ ਲਈ ਵਾਪਿਸ ਇੰਟਰਨੈਸ਼ਨਲ ਸੈਂਟਰ ਬੰਗਲਾਦੇਸ਼ ਵਿੱਚ ਗਏ, ਤਾਂ ਉਨ੍ਹਾਂ ਨੇ ਇੱਕ ਆਸਾਨ ਤੇ ਸਸਤਾ CPAP ਯੰਤਰ ਬਣਾਉਣ ਲਈ ਕੰਮ ਸ਼ੁਰੂ ਕੀਤਾ।
ਡਾ. ਚਿਸ਼ਤੀ ਤੇ ਉਨ੍ਹਾਂ ਦੇ ਸਹਿਯੋਗੀ ਨੇ ਇਨਟੈਂਸਿਵ ਕੇਅਰ ਯੂਨਿਟ ਤੋਂ ਇੱਕ ਪਲਾਸਟਿਕ ਦੀ ਸ਼ੈਂਪੂ ਦੀ ਬੋਤਲ ਲਈ ਤੇ ਇਸਨੂੰ ਪਾਣੀ ਨਾਲ ਭਰ ਕੇ ਇੱਕ ਸਿਰੇ 'ਤੇ ਕੁਝ ਪਲਾਸਟਿਕ ਸਪਲਾਈ ਟਿਯੂਬਿੰਗ ਲਗਾ ਦਿੱਤੀ।
ਉਨ੍ਹਾਂ ਨੇ ਦੱਸਿਆ,'' ਬੱਚੇ ਟੈਂਕ ਤੋਂ ਆਕਸੀਜਨ ਲੈਂਦੇ ਹਨ ਤੇ ਇੱਕ ਟਿਊਬ ਰਾਹੀਂ ਸਾਹ ਬਾਹਰ ਛੱਡਦੇ ਹਨ। ਜੋ ਕਿ ਬੁਲਬੁਲੇ ਪੈਦਾ ਕਰਨ ਵਾਲੀ ਪਾਣੀ ਦੀ ਬੋਤਲ ਵਿੱਚ ਲੱਗੀ ਹੁੰਦੀ ਹੈ।''
ਬੁਲਬੁਲਿਆਂ ਨਾਲ ਪੈਦਾ ਹੋਣ ਵਾਲਾ ਦਬਾਅ ਬੱਚੇ ਦੇ ਫੇਫੜਿਆਂ 'ਚ ਛੋਟੇ ਹਵਾ ਦੇ ਕੋਸ਼ਾਂ ਨੂੰ ਖੋਲ੍ਹਦਾ ਹੈ। ਅਸੀਂ 4-5 ਮਰੀਜ਼ਾਂ 'ਤੇ ਟੈਸਟ ਕਰਕੇ ਦੇਖਿਆ। ਕੁਝ ਹੀ ਘੰਟਿਆਂ ਵਿੱਚ ਸਾਨੂੰ ਇਸਦੇ ਚੰਗੇ ਨਤੀਜੇ ਦੇਖਣ ਨੂੰ ਮਿਲੇ।
ਯੰਤਰ ਦਾ ਸਫਲ ਟ੍ਰਾਇਲ
ਕੋਹਿਨੂਰ ਬੇਗਮ, ਜਿਸਦੀ ਧੀ ਰੂਨਾ ਦਾ ਯੰਤਰ ਨਾਲ ਇਲਾਜ ਹੋਇਆ ਸੀ, ਉਨ੍ਹਾਂ ਨੇ ਕਿਹਾ, " ਡਾਕਟਰਾਂ ਨੇ ਬਹੁਤ ਮਿਹਨਤ ਕੀਤੀ, ਆਕਸੀਜਨ, ਖਾਣੇ ਦੀ ਪਾਈਪ, ਅਤੇ ਫਿਰ ਇੱਕ ਚਿੱਟੀ ਗੋਲ ਬੋਤਲ ਜੋ ਕਿ ਪਾਣੀ ਦੇ ਬੁਲਬੁਲਿਆਂ ਨਾਲ ਜੁੜੀ ਹੋਈ ਸੀ "
''ਇਲਾਜ ਤੋਂ ਬਾਅਦ ਜਦੋਂ ਮੇਰੀ ਬੱਚੀ ਠੀਕ ਹੋਈ ਤਾਂ ਮੈਨੂੰ ਬਹੁਤ ਖੁਸ਼ੀ ਹੋਈ''
ਦੋ ਸਾਲ ਦੀ ਰਿਸਰਚ ਤੋਂ ਬਾਅਦ ਡਾ. ਚਿਸ਼ਤੀ ਨੇ ਲੈਨਸੇਟ ਮੈਗਜ਼ੀਨ ਵਿੱਚ ਇਸਦਾ ਨਤੀਜਾ ਛਾਪਿਆ। ਇਸ ਵਿੱਚ ਲਿਖਿਆ ਗਿਆ ਹੈ ਕਿ ਕਿਵੇਂ CPAP ਯੰਤਰ ਨਾਲ ਬੱਚਿਆਂ ਦਾ ਇਲਾਜ ਕੀਤਾ ਗਿਆ। ਇਸ ਇਲਾਜ ਨਾਲ 75 ਫ਼ੀਸਦ ਨਿਮੋਨੀਆ ਨਾਲ ਪੀੜਤ ਬੱਚਿਆਂ ਦੀ ਮੌਤ ਦਰ ਘਟੀ ਹੈ। ਇਸ ਯੰਤਰ ਦੀ ਲਾਗਤ 1.25 ਡਾਲਰ ਹੈ।
ਇਸ ਯੰਤਰ ਨਾਲ ਆਕਸੀਜਨ ਦੀ ਵਰਤੋਂ ਕਰਨਾ ਸੰਭਵ ਹੋਇਆ ਅਤੇ ਹਸਪਤਾਲਾਂ ਦਾ ਆਕਸੀਜਨ ਦਾ ਸਲਾਨਾ ਬਿੱਲ 30,000 ਡਾਲਰ ਤੋਂ ਘੱਟ ਕੇ 6,000 ਡਾਲਰ ਰਹਿ ਗਿਆ।
ਅਦ-ਦੀਨ ਵੂਮਨਸ ਮੈਡੀਕਲ ਕਾਲਜ ਦੇ ਬਾਲ ਚਿਕਿਤਸਾ ਵਿਭਾਗ ਦੇ ਪ੍ਰੋਫੈਸਰ ਡਾ ਏ ਆਰ ਐਮ ਲੁਥਫੁਲ ਕਬੀਰ
ਦਾ ਕਹਿਣਾ ਹੈ ਕਿ ਇਸ ਲਈ ਰਾਸ਼ਟਰਵਿਆਪੀ ਅਧਿਐਨ ਦੀ ਲੋੜ ਹੈ। ਪਰ ਨਤੀਜੇ ਉਤਸ਼ਾਹਜਨਕ ਹਨ।
75 ਫ਼ੀਸਦ ਮੌਤ ਦਰ ਘਟੀ
"ਮੈਨੂੰ ਲੱਗਦਾ ਹੈ ਕਿ ਇਸ ਕਾਢ ਵਿੱਚ ਮੌਤ ਦਰ 'ਚ ਗਿਰਾਵਟ ਲਿਆਉਣ ਦੀ ਵੱਡੀ ਸਮਰੱਥਾ ਹੈ ਕਿਉਂਕਿ ਕੋਈ ਵੀ ਹਸਪਤਾਲ ਇਸ ਦਾ ਖਰਚਾ ਚੁੱਕ ਸਕਦਾ ਹੈ।"
ਹੁਣ ਤੱਕ 600 ਦੇ ਕਰੀਬ ਬੱਚਿਆਂ ਨੂੰ ਇਸ ਯੰਤਰ ਦੀ ਮਦਦ ਮਿਲੀ ਹੈ।
ਡਾ. ਚਿਸ਼ਤੀ ਇਸ ਤਰੱਕੀ ਤੋਂ ਬਾਅਦ ਹਸਪਤਾਲ ਵਿੱਚ ਕਲੀਨਿਕਲ ਰੀਸਰਚ ਦੇ ਮੁਖੀ ਹਨ। ਪਰ ਤਿੰਨ ਬਚਿਆਂ ਦੇ ਪਿਤਾ ਹਾਲੇ ਵੀ ਵਾਰਡ ਵਿੱਚ ਬੱਚਿਆਂ ਨਾਲ ਖੇਡਣ ਦਾ ਸਮਾਂ ਕੱਢ ਲੈਂਦੇ ਹਨ।
ਇਹ ਪੁੱਛੇ ਜਾਣ 'ਤੇ ਕਿ 20 ਸਾਲ ਪਹਿਲਾਂ ਕੀਤੇ ਆਪਣੇ ਵਾਅਦੇ ਨੂੰ ਪੂਰਾ ਹੁੰਦਿਆਂ ਵੇਖ ਉਹ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹਨ। ਤਾਂ ਉਨ੍ਹਾਂ ਨੇ ਜਵਾਬ ਦਿੱਤਾ " ਮੇਰੇ ਕੋਲ ਇਹ ਬਿਆਂ ਕਰਨ ਲਈ ਸ਼ਬਦ ਨਹੀਂ ਹਨ।"
ਉਹ ਚਾਹੁੰਦੇ ਹਨ ਕਿ ਵਿਕਾਸਸ਼ੀਲ ਦੇਸ਼ਾਂ ਦੇ ਹਰੇਕ ਹਸਪਤਾਲ ਵਿੱਚ CPAP ਯੰਤਰ ਉਪਲਬਧ ਹੋਣ।
''ਉਸ ਦਿਨ ਅਸੀਂ ਕਹਿ ਸਕਾਂਗੇ ਕਿ ਨਿਮੋਨੀਆ ਸੰਬੰਧੀ ਮੌਤ ਦਰ ਲਗਭਗ ਨਾਂਹ ਦੇ ਬਰਾਬਰ ਹੈ।"
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)