ਤੇਲੰਗਾਨਾ: ਪੁਜਾਰੀ ਨਾਲ ਵਿਆਹ ਕਰਾਉਣ 'ਤੇ ਮਿਲਣਗੇ ਤਿੰਨ ਲੱਖ

    • ਲੇਖਕ, ਦੀਪਤੀ ਬਤਿੱਨੀ
    • ਰੋਲ, ਹੈਦਰਾਬਾਦ ਤੋਂ ਬੀਬੀਸੀ ਪੱਤਰਕਾਰ

ਤੇਲੰਗਾਨਾ ਵਿੱਚ ਪੁਜਾਰੀ ਨਾਲ ਵਿਆਹ ਕਰਵਾਉਣ ਵਾਲੀ ਔਰਤ ਨੂੰ 3 ਲੱਖ ਰੁਪਏ ਦਿੱਤੇ ਜਾਣਗੇ। ਤੇਲੰਗਾਨਾ ਬ੍ਰਾਹਮਣ ਕਲਿਆਣ ਸੰਗਠਨ ਨੇ ਇਹ ਐਲਾਨ ਕੀਤਾ ਹੈ।

ਇਸ ਐਲਾਨ ਤੋਂ ਬਾਅਦ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਪ੍ਰਤੀਕਿਰਿਆ ਆ ਰਹੀ ਹੈ। ਤੇਲੰਗਾਨਾ ਬ੍ਰਾਹਮਣ ਕਲਿਆਣ ਸਗੰਠਨ ਦਾ ਕਹਿਣਾ ਹੈ ਪੁਜਾਰੀਆਂ ਨੂੰ ਆਰਥਿਕ ਹਾਲਾਤਾਂ ਕਾਰਨ ਵਹੁਟੀ ਲੱਭਣ 'ਚ ਮੁਸ਼ਕਲ ਆਉਂਦੀ ਹੈ।

ਫ਼ੈਸਲੇ ਦੀ ਅਲੋਚਨਾ

ਬ੍ਰਾਹਮਣ ਪਰਿਸ਼ਦ ਦੇ ਪ੍ਰਧਾਨ ਕੇਵੀ ਰਮਣਾਚਾਰੀ ਦਾ ਕਹਿਣਾ ਹੈ, ''ਮੰਦਿਰ ਅਤੇ ਸੱਭਿਆਚਾਰ ਤਾਂ ਹੀ ਚੱਲਦੇ ਰਹਿਣਗੇ ਜੇਕਰ ਪੁਜਾਰੀ ਹੋਣਗੇ। ਇਸ ਫ਼ੈਸਲੇ ਨਾਲ ਸਮੁੱਚੇ ਵਰਗ ਨੂੰ ਫਾਇਦਾ ਮਿਲੇਗਾ।''

''ਮਨਾ ਬ੍ਰਾਹਮਣ ਸੰਘਮ'' ਤੇਲੰਗਾਨਾ ਦੇ ਮੁੱਖ ਸਕੱਤਰ ਅਵਧਾਨੁਲਾ ਨਰਸਿਮਹਾ ਸ਼ਰਮਾ ਕਹਿੰਦੇ ਹਨ,'' ਗਰੀਬ ਬ੍ਰਾਹਮਣਾਂ ਦੀ ਮਦਦ , ਭਲਾਈ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਫ਼ੈਸਲੇ ਲੈਣੇ ਜ਼ਰੂਰੀ ਹਨ। ''

ਤੇਲੰਗਾਨਾ ਸਰਕਾਰ ਨੇ 2016 ਦੇ ਬਜਟ ਵਿੱਚ ਬ੍ਰਾਹਮਣਾਂ ਦੀ ਭਲਾਈ ਲਈ 100 ਕਰੋੜ ਰੁਪਏ ਰੱਖੇ ਸੀ।

ਪ੍ਰੀਸ਼ਦ ਦੇ ਇਸ ਫ਼ੈਸਲੇ ਦੀ ਸਮਾਜ ਦੇ ਕੁਝ ਵਰਗਾਂ ਵਿੱਚ ਨਿੰਦਾ ਕੀਤੀ ਜਾ ਰਹੀ ਹੈ।

'ਸਿਰਫ਼ ਵਰਗ ਵਿਸ਼ੇਸ਼ ਦੀ ਹਮਾਇਤ'

ਸਮਾਜਿਕ ਵਿਕਾਸ ਪ੍ਰੀਸ਼ਦ ਦੀ ਡਾਇਰੈਕਟਰ ਕਲਪਨਾ ਕੰਨਾਭਿਰਨ ਮੁਤਾਬਕ, ''ਇਸ ਤਰ੍ਹਾਂ ਦੇ ਫ਼ੈਸਲੇ ਸੰਵਿਧਾਨਕ ਭਾਵਨਾ ਦੇ ਮੁਤਾਬਕ ਨਹੀਂ ਹਨ ਅਤੇ ਪ੍ਰੀਸ਼ਦ ਪ੍ਰਬੰਧਨ ਦੇ ਨਿਰਦੇਸ਼ਾਂ ਪਿੱਛੇ ਆਪਣੇ ਫ਼ੈਸਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।''

ਉਹ ਅੱਗੇ ਕਹਿੰਦੇ ਹਨ ਕਿ ਕਿਸੇ ਦਾ ਵਿਆਹ ਸੂਬੇ ਦੀ ਜ਼ਿੰਮੇਵਾਰੀ ਕਿਵੇਂ ਹੋ ਸਕਦੀ ਹੈ। ਜੇ ਕੋਈ ਇਕੱਲਾ ਰਹਿ ਰਿਹਾ ਹੈ ਤੇ ਕੀ ਇਹ ਸਰਕਾਰ ਦੀ ਸਮੱਸਿਆ ਹੈ?

ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਵਿਆਹ ਨਾਲ ਸਬੰਧਤ ਆਰਥਿਕ ਮਦਦ ਨੂੰ ਸਿਰਫ਼ ਇੱਕ ਵਰਗ ਦੀ ਹਮਾਇਤ ਦੇ ਤੌਰ 'ਤੇ ਹੀ ਦੇਖਿਆ ਜਾ ਰਿਹਾ ਹੈ।

ਉਨ੍ਹਾਂ ਨੇ ਪੁੱਛਿਆ,'' ਸੰਵਿਧਾਨ ਦੇ ਮੁਤਾਬਕ ਸਮਾਜ ਦੇ ਪੱਛੜੇ ਵਰਗ ਲਈ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਦੇਣ ਦੀ ਲੋੜ ਹੈ ਨਾਂ ਕਿ ਅਜਿਹੇ ਫ਼ਸੈਲਿਆਂ ਦੀ। ਕੀ ਵਿਆਹ ਬਿਨਾਂ ਪੈਸੇ ਤੋਂ ਨਹੀਂ ਕਰਵਾਏ ਜਾ ਸਕਦੇ?''

'ਹਿੰਦੂ ਮੈਰਿਜ ਐਕਟ ਦੀ ਉਲੰਘਣਾ'

ਕਲਪਨਾ ਨੇ ਇਸ ਗੱਲ ਦੀ ਅਲੋਚਨਾ ਕਰਦਿਆਂ ਕਿਹਾ ਕਿ ਅਜਿਹੀਆਂ ਸਕੀਮਾਂ ਜਾਤੀਵਾਦ ਨੂੰ ਉਤਸ਼ਾਹਿਤ ਕਰਦੀਆਂ ਹਨ।

ਇਸ ਮੁੱਦੇ 'ਤੇ ਹਾਈ ਕੋਰਟ ਦੀ ਵਕੀਲ ਰਚਨਾ ਰੈੱਡੀ ਦਾ ਕਹਿਣਾ ਹੈ ਇਹ ਸਕੀਮ ਹਿੰਦੂ ਮੈਰਿਜ ਐਕਟ ਦੀ ਉਲੰਘਣਾ ਹੈ।

ਸਮਾਜ ਸੇਵੀ ਦੇਵੀ ਦਾ ਕਹਿਣਾ ਹੈ , ''ਇਸ ਯੋਜਨਾ ਤਹਿਤ ਅਜਿਹਾ ਲੱਗ ਰਿਹਾ ਹੈ ਕਿ ਪੁਜਾਰੀਆਂ ਨੂੰ ਦਹੇਜ ਦਿੱਤਾ ਜਾ ਰਿਹਾ ਹੈ।''

ਬ੍ਰਾਹਮਣ ਪ੍ਰੀਸ਼ਦ ਨੇ ਕਿਹਾ ਕਿ ਉਹ ਇੱਕ ਹਫ਼ਤੇ ਦੇ ਅੰਦਰ ਇਸ ਯੋਜਨਾ ਬਾਰੇ ਪੂਰੇ ਜਾਣਕਾਰੀ ਦੇਣਗੇ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)