ਬਲਾਗ: ਆਪਣੇ ਪਤੀ ਲਈ ਤੁਸੀਂ ਕਿਸ ਹੱਦ ਤਕ ਜਾਓਗੇ?

    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ

ਨਹੀਂ, ਇਹ ਸੀਤਾ ਅਤੇ ਉਨ੍ਹਾਂ ਦੇ ਫ਼ੈਸਲੇ ਸਬੰਧੀ ਨਹੀਂ ਹੈ, ਜਦੋਂ ਉਨ੍ਹਾਂ ਆਪਣੇ ਪਤੀ ਦੇ 14 ਸਾਲ ਦੇ ਬਨਵਾਸ 'ਚ ਉਨ੍ਹਾਂ ਨਾਲ ਜੰਗਲਾਂ 'ਚ ਰਹਿਣਾ ਚੁਣਿਆ ਸੀ।

ਨਾ ਹੀ ਇਹ ਅੱਜ ਦੇ ਜ਼ਮਾਨੇ ਦੀਆਂ ਔਰਤਾਂ ਬਾਰੇ ਹੈ, ਜਿਹੜੀਆਂ ਵਿਆਹ ਤੋਂ ਬਾਅਦ ਆਪਣੇ ਪਤੀ ਦੀਆਂ ਲੋੜਾਂ ਨੂੰ ਧਿਆਨ 'ਚ ਰੱਖਦਿਆਂ ਸ਼ਹਿਰ ਬਦਲਦੀਆਂ ਹਨ ਜਾਂ ਨੌਕਰੀ ਛੱਡ ਦਿੰਦੀਆਂ ਹਨ।

ਇਹ ਇਸ ਪਾਸੇ ਜਾਂ ਉਸ ਪਾਸੇ ਵਰਗੀ ਗੱਲ ਨਹੀਂ ਹੈ। ਕਾਲਾ ਜਾਂ ਚਿੱਟਾ ਨਹੀਂ, ਇਹ ਮਸਲਾ ਥੋੜਾ ਮੈਲਾ ਅਤੇ ਗੰਦਾ ਹੈ।

ਜੇ ਇੱਕ ਔਰਤ ਦਾ ਪਤੀ ਜਨਤਕ ਥਾਂ 'ਤੇ ਕਿਸੇ ਔਰਤ ਦੇ ਨਾਲ ਬਦਸਲੂਕੀ ਕਰੇ ਤਾਂ ਪਤਨੀ ਦੇ ਤੌਰ 'ਤੇ ਉਸਨੂੰ ਕੀ ਕਰਨਾ ਚਾਹੀਦਾ ਹੈ?

ਅਤੇ ਉਹ ਔਰਤ ਇਸਨੂੰ ਹਲਕਾ-ਫ਼ੁਲਕਾ ਮਜ਼ਾਕ ਨਾ ਮਨ ਕੇ ਕਹੇ ਕਿ ਅਜਿਹੀ ਹਰਕਤਾਂ ਸਾਨੂੰ ਅਸਹਿਜ ਮਹਿਸੂਸ ਕਰਾਉਂਦੀਆਂ ਹਨ ਅਤੇ ਸਾਨੂੰ ਇਸ ਤੋਂ ਨਫ਼ਰਤ ਹੈ ਅਤੇ ਉਸ ਔਰਤ ਦੇ ਪਿਤਾ ਗੁੱਸੇ ਹੋ ਕੇ ਇਸ ਪਤੀ ਨੂੰ 'ਕ੍ਰੇਟਿਨ' ਭਾਵ ਬੇਵਕੂਫ਼ ਕਹੇ।

ਕੀ ਉਹ ਪਤਨੀ ਸ਼ਰਮਿੰਦਾ ਹੋਵੇਗੀ, ਗੁੱਸੇ ਹੋਵੇਗੀ ਜਾਂ ਆਪਣੇ ਪਤੀ ਨੂੰ ਮੁਆਫ਼ੀ ਮੰਗਣ ਲਈ ਸਮਝਾਵੇਗੀ? ਜਾਂ ਉਸਨੂੰ ਉਸ ਔਰਤ ਦਾ ਹੀ ਮਜ਼ਾਕ ਬਨਾਉਣਾ ਚਾਹੀਦਾ ਹੈ?

ਜੇਕਰ ਪਿਛਲੇ ਦਿਨਾਂ 'ਚ ਸੋਸ਼ਲ ਮੀਡੀਆ 'ਚ ਛਿੜੀ ਬਹਿਸ ਤੋਂ ਤੁਸੀਂ ਬੇਖ਼ਬਰ ਹੋ ਤਾਂ ਜਾਨ ਲਵੋ ਕਿ ਜਿਸ ਪਤੀ ਦੀ ਚਰਚਾ ਹੋ ਰਹੀ ਹੈ ਉਹ ਹਨ ਅਦਾਕਾਰ ਅਕਸ਼ੇ ਕੁਮਾਰ ਅਤੇ ਉਹ ਔਰਤ ਹੈ ਕਾਮੇਡੀਅਨ ਮੱਲਿਕਾ ਦੁਆ।

ਇੱਕ ਟੀਵੀ ਸ਼ੋਅ 'ਚ ਜਦੋਂ ਮੱਲਿਕਾ ਦੁਆ ਇੱਕ ਕਲਾਕਾਰ ਦੇ 'ਐਕਟ' ਦੀ ਤਾਰੀਫ਼ 'ਚ ਘੰਟੀ ਵਜਾਉਣ ਲਈ ਅੱਗੇ ਵਧੀ ਤਾਂ ਅਕਸ਼ੇ ਕੁਮਾਰ ਨੇ ਕਿਹਾ, ਮੱਲਿਕਾ ਜੀ, ਤੁਸੀਂ ਇਹ ਘੰਟੀ ਵਜਾਓ ਮੈਂ ਤੁਹਾਨੂੰ ਵਜਾਉਂਦਾ ਹਾਂ।

ਔਰਤਾਂ ਨੂੰ ਨੀਵਾਂ ਦਿਖਾਉਣ ਵਾਲੀ ਇਸ ਟਿੱਪਣੀ 'ਤੇ ਮੱਲਿਕਾ ਦੁਆ ਅਤੇ ਉਨ੍ਹਾਂ ਦੇ ਪਿਤਾ ਸਣੇ ਕਈ ਲੋਕਾਂ ਨੇ ਆਪਣੀ ਗੱਲ ਰੱਖੀ, ਪਰ ਅਕਸ਼ੇ ਕੁਮਾਰ ਨੇ ਚੁੱਪ ਰਹਿਣ ਦਾ ਫ਼ੈਸਲਾ ਕੀਤਾ।

ਉਨ੍ਹਾਂ ਦੀ ਥਾਂ ਉਨ੍ਹਾਂ ਦੀ ਪਤਨੀ ਬੋਲੀ ਅਤੇ ਆਪਣੇ ਪਤੀ ਦੀ ਗੱਲ ਨੂੰ ਮਜ਼ਾਕ ਦੱਸਿਆ ਤੇ ਦੋ ਅਰਥੀ ਸ਼ਬਦਾਂ ਦੀ ਸਹਿਜ ਵਰਤੋਂ ਕਹਿ ਕੇ ਟਾਲ ਦਿੱਤਾ।

ਇਹ ਪੜ੍ਹਦਿਆਂ ਤੁਸੀਂ ਹੱਸ ਰਹੇ ਹੋਵੋਂਗੇ। ਕਿਉਂਕਿ ਤੁਸੀਂ ਜਾਣਦੇ ਹੋ ਕਿ ਅਕਸ਼ੇ ਕੁਮਾਰ ਦਾ 'ਮਤਲਬ' ਕੀ ਸੀ।

ਸਾਨੂੰ ਸਭ ਨੂੰ ਪਤਾ ਹੈ ਕਿ ਬੋਲਚਾਲ ਦੀ ਭਾਸ਼ਾ ਕੀ ਹੁੰਦੀ ਹੈ ਅਤੇ ਸ਼ਬਦਾਂ ਨੂੰ ਜਿਸ ਵੇਲੇ ਅਤੇ ਜਿਸ ਨੀਅਤ ਨਾਲ ਵਰਤਿਆ ਜਾਵੇ ਉਸ ਨਾਲ ਉਨ੍ਹਾਂ ਸ਼ਬਦਾਂ ਦਾ ਮਤਲਬ ਕਿਵੇਂ ਬਦਲ ਜਾਂਦਾ ਹੈ।

ਤੇ ਫ਼ਿਰ ਟਵਿੰਕਲ ਖੰਨਾ ਇਹ ਕਿਉਂ ਨਹੀਂ ਦੇਖ ਪਾ ਰਹੇ? ਉਨ੍ਹਾਂ ਕਿਉਂ ਇਸਨੂੰ ਅਣਦੇਖਿਆ ਕਰਨ ਦਾ ਫ਼ੈਸਲਾ ਕੀਤਾ ਹੈ?

ਉਹ ਇਹ ਕਿਉਂ ਨਹੀਂ ਸਮਝਦੇ ਕਿ ਅਸੀਂ ਜਿੰਨੀ ਵਾਰ ਔਰਤਾਂ ਨੂੰ ਘੱਟ ਜਾਂ ਨੀਵਾਂ ਦਿਖਾਉਣ ਵਾਲੇ 'ਘਟੀਆ ਮਜ਼ਾਕ' ਨਜ਼ਰ ਅੰਦਾਜ਼ ਕਰਨ ਨੂੰ ਕਹਿੰਦੇ ਹਾਂ, ਉਨ੍ਹੀ ਹੀ ਵਾਰ ਅਸੀਂ ਹੱਲਾਸ਼ੇਰੀ ਦਿੰਦੇ ਹਾਂ ਕਿ ਸਮਾਜ ਅਜਿਹੇ ਮਜ਼ਾਕ ਨੂੰ 'ਨੌਰਮਲ' ਮੰਨੇ।

ਇਹ ਮਜ਼ਾਕ ਬਿਲਕੁਲ ਨਹੀਂ ਹੈ ਅਤੇ ਉਸ ਵੇਲੇ ਤਾਂ ਬਿਲਕੁਲ ਹੀ ਨਹੀਂ ਜਦੋਂ ਇਹ ਕੰਮ ਵਾਲੀ ਥਾਂ ਜਾਂ ਜਨਤਕ ਤੌਰ 'ਤੇ ਕੀਤਾ ਗਿਆ ਹੋਵੇ, ਜਦੋਂ ਰਸੂਖ਼ ਰੱਖਣ ਵਾਲਾ ਆਦਮੀ ਆਪਣੀ ਤਾਕਤ ਦੀ ਵਰਤੋਂ ਕਰਕੇ ਆਪਣੀ ਮਹਿਲਾ ਸਾਥੀ ਨੂੰ ਨੀਵਾਂ ਦਿਖਾਉਣ ਅਤੇ ਬਾਕੀ ਲੋਕਾਂ ਨੂੰ ਵੀ ਉਸ 'ਮਜ਼ੇ' ਦਾ ਹਿੱਸਾ ਬਣਨ ਲਈ ਉਤਸਾਹਿਤ ਕਰੇ।

ਟਵਿੰਕਲ ਖੰਨਾ ਬੇਬਾਕੀ ਨਾਲ ਆਪਣੀ ਗੱਲ ਰੱਖਣ ਵਾਲੀ ਔਰਤਾਂ 'ਚੋਂ ਇੱਕ ਹਨ ਪਰ ਆਪਣੇ ਪਤੀ ਦੀ ਲੜਾਈ ਕਿਉਂ ਲੜਨ ਅਤੇ ਉਹ ਵੀ 'ਗ਼ਲਤ ਪੱਖ' ਨਾਲ?

ਆਪਣੇ ਪਤੀ ਦੀ ਟਿੱਪਣੀ ਨੂੰ ਮਜ਼ਾਕ ਦੱਸਣ ਵਾਲਾ ਉਨ੍ਹਾਂ ਦਾ ਪਹਿਲਾ ਟਵੀਟ ਹੀ ਤੰਗ ਕਰਨ ਵਾਲਾ ਸੀ, ਪਰ ਉਹ ਉੱਥੇ ਹੀ ਨਹੀਂ ਰੁਕੇ ਸਗੋਂ ਅੱਗੇ ਉਸ 'ਚ ਆਪਣੇ ਚੁਟਕੁਲੇ ਜੋੜ ਦਿੱਤੇ।

ਉਨ੍ਹਾਂ ਦੇ ਦੂਜੇ ਟਵੀਟ 'ਚ ਦੋ ਚੁਟਕੁਲੇ ਸਨ, ਅਕਸ਼ੇ ਦੀ ਪਸੰਦੀਦਾ ਕਾਰ ਕਿਹੜੀ ਹੈ? ਬੈਲ ਗਾੜੀ ਜਾਂ ਅਕਸ਼ੇ ਕੁਮਾਰ ਮਸੀਤ ਕਿਉਂ ਗਏ? ਉਹ ਕੁਝ ਦੁਆ ਸੁੰਨਣਾ ਚਾਹੁੰਦੇ ਸਨ।

ਟਵੀਟ 'ਚ ਲਿੱਖਿਆ ਸੀ, 'ਮੈਂ ਇਨ੍ਹਾਂ ਦੋਵਾਂ ਨੂੰ (ਪੋਸਟ) ਕਰਨ ਤੋਂ ਰੋਕ ਨਹੀਂ ਸਕੀ ਅਤੇ ਇਸਦੇ ਬਾਅਦ ਮੈਂ ਹੋਰ ਕੁਝ ਨਹੀਂ ਕਹਿਣਾ #LameJokes'

ਮੈਂ ਅਜਿਹੇ ਸਮਾਜ ਦੀ ਵਕਾਲਤ ਨਹੀਂ ਕਰ ਰਹੀ ਜਿੱਥੇ ਸਭ ਹਰ ਵੇਲੇ ਸੰਜੀਦਾ ਰਹਿੰਦੇ ਹਨ ਅਤੇ ਲੋਕਾਂ ਵਾਂਗ ਹੀ ਚੁਟਕੁਲਿਆਂ ਦਾ ਮਜ਼ਾ ਲੈਣਾ ਮੈਨੂੰ ਵੀ ਪਸੰਦ ਹੈ।

ਪਰ ਮੈਨੂੰ ਇੰਨੀਂ ਖੁਸ਼ੀ ਹੈ ਕਿ ਟਵਿੰਕਲ ਹੋਰ ਕੁਝ ਨਹੀਂ ਕਹਿਣਾ ਚਾਹੁੰਦੀ, ਕਿਉਂਕਿ ਜੋ ਉਨ੍ਹਾਂ ਕਿਹਾ ਉਹ 'ਘਟੀਆ ਮਜ਼ਾਕ' ਹੈ।

ਪਹਿਲਾਂ ਤਾਂ ਔਰਤਾਂ ਨੂੰ ਘੱਟ ਦਿਖਾਉਣ ਵਾਲੇ ਵਰਤਾਰੇ ਨੂੰ ਸਹੀ ਠਹਿਰਾਉਣਾ, ਉਸ 'ਤੇ ਪਰਦਾ ਪਾਉਣਾ ਤੇ ਉਸਦੇ ਉੱਤੇ ਉਸੇ ਔਰਤ ਦਾ ਮਜ਼ਾਕ ਬਨਾਉਣਾ ਜਿਹੜੀ ਉਸ 'ਮਜ਼ਾਕ' ਦਾ ਨਿਸ਼ਾਨਾ ਬਣੀ।

ਟਵਿੰਕਲ ਦੇ ਟਵੀਟ 'ਤੇ ਆਉਣ ਵਾਲੇ ਕੁਮੈਂਟਾਂ 'ਚ ਸਾਫ਼ ਕਿਹਾ ਗਿਆ, 'ਜਿਸ ਨਾਲ ਬਦਸਲੂਕੀ ਕੀਤੀ ਗਈ ਹੋਵੇ, ਉਸੇ ਦਾ ਮਜ਼ਾਕ ਉਡਾਉਣਾ ਸਭ ਤੋਂ ਬੁਰਾ ਹੈ', 'ਕਰਵਾਚੌਥ ਅਤੇ ਔਰਤਾਂ ਨਾਲ ਜੁੜੀ ਪਰੰਪਰਾਵਾਂ ਬਾਰੇ ਬੋਲਣ ਤੋਂ ਬਾਅਦ ਤੁਸੀਂ ਇਹ ਨਹੀਂ ਦੇਖ ਪਾ ਰਹੇ ਕਿ ਇਹ ਕਿੰਨਾਂ ਗ਼ਲਤ ਹੈ', ਅਤੇ 'ਅਗਲੀ ਵਾਰ ਜਦੋਂ ਕੋਈ ਆਦਮੀ ਤੁਹਾਡੇ 'ਤੇ 'ਸੈਕਸਿਸਟ ਚੁਟਕੁਲਾ' ਕਹੇ ਤਾਂ ਸ਼ਿਕਾਇਤ ਨਾ ਕਰਨਾ, ਤੁਹਾਡੇ ਪ੍ਰਤੀ ਮਨ 'ਚ ਜਿੰਨੀ ਇੱਜ਼ਤ ਸੀ ਉਹ ਚਲੀ ਗਈ ਹੈ।'

ਕੀ ਇਹ ਆਪਣੇ ਵਿਆਹ ਨੂੰ ਬਚਾਉਣ ਬਾਰੇ ਹੈ? ਲੋਕਾਂ ਦੀ ਨਜ਼ਰ 'ਚ ਇੱਜ਼ਤ ਬਚਾਉਣ ਬਾਰੇ? ਜਾਂ ਮਾਨਸਿਕ ਸ਼ਾਂਤੀ ਲਈ ਆਪਣੇ ਸਾਥੀ ਦੇ ਵਤੀਰੇ ਦੀ ਸਫ਼ਾਈ ਲੱਭਣ ਦੇ ਬਾਰੇ?

ਟਵਿੰਕਲ ਖੰਨਾ ਦੇ ਮਨ 'ਚ ਇਸ 'ਚੋਂ ਜੋ ਵੀ ਹੋਵੇ, ਮੱਲਿਕਾ ਦੁਆ ਨੇ ਇਸ ਮਜ਼ਾਕ ਨੂੰ ਹਾਸੇ 'ਚ ਹੀ ਟਾਲ ਦੇਣਾ ਚੰਗਾ ਸਮਝਿਆ।

ਉਹ ਕਹਿੰਦੀ ਹੈ, 'ਜੇਕਰ ਅਜਿਹੇ ਵਰਤਾਰੇ ਦਾ ਨਿਸ਼ਾਨਾ ਬਣਾਈ ਜਾਣ ਵਾਲੀ ਹਰ ਔਰਤ ਇਸਦੇ ਵਿਰੋਧ 'ਚ ਆਪਣਾ ਕੰਮ ਛੱਡ ਦੇਵੇਂ ਤਾਂ ਕੋਈ ਔਰਤ ਕੰਮ ਨਹੀਂ ਕਰ ਪਾਵੇਗੀ।'

ਪਰ ਉਹੀ ਤਾਂ ਗੱਲ ਹੈ, ਜੇਕਰ 'ਜਿਨਸੀ ਸ਼ੋਸ਼ਣ' ਕਰਨ ਵਾਲੇ ਮਰਦ ਅਤੇ ਉਨ੍ਹਾਂ ਦੀ ਸਫ਼ਾਈ ਪੇਸ਼ ਕਰਨ ਵਾਲੀ ਔਰਤਾਂ ਦਾ ਵਿਰੋਧ ਨਹੀਂ ਕੀਤਾ ਗਿਆ ਤਾਂ ਕੁਝ ਨਹੀਂ ਬਦਲੇਗਾ।

ਥੋੜਾ ਮੈਲਾ ਰੰਗ ਹੋਰ ਮੈਲਾ ਹੋ ਜਾਵੇਗਾ, ਗੰਦਗੀ ਬਦਬੂ ਮਾਰਨ ਲੱਗੇਗੀ ਅਤੇ ਚੁੱਪ ਰਹਿ ਕੇ ਕੰਮ ਕਰਦੇ ਜਾਣਾ ਅਸੰਭਵ ਹੋ ਜਾਵੇਗਾ।

ਮੈਂ ਲਿੱਖ ਨਹੀਂ ਪਾਵਾਂਗੀ ਅਤੇ ਤੁਸੀਂ ਪੜੋਗੇ ਨਹੀਂ। ਹਲਾਤ ਅਜਿਹੇ ਨਾ ਹੋ ਜਾਣ, ਇਸਦੀ ਜਿੰਮੇਵਾਰੀ ਸਾਡੀ ਸਭ ਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)