You’re viewing a text-only version of this website that uses less data. View the main version of the website including all images and videos.
#BBCInnovators: ਪੀਲਾ ਸੂਟਕੇਸ ਨੇਪਾਲ ਦੇ ਲੋਕਾਂ ਲਈ ਬਣਿਆ ਮਸੀਹਾ
- ਲੇਖਕ, ਮੈਥਿਊ ਵ੍ਹੀਲਰ
- ਰੋਲ, ਇਨੋਵੇਟਰਸ, ਨੇਪਾਲ
ਹਰੀ ਸੁਨਾਰ 24 ਸਾਲਾ ਮਾਂ ਹੈ ਜੋ ਕੁਝ ਹੀ ਦਿਨਾਂ ਅੰਦਰ ਦੂਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਉਸਨੂੰ ਅਕਸਰ ਗਰਜਦੇ ਬੱਦਲਾਂ, ਮੀਂਹ ਅਤੇ ਹਨੇਰੀ ਵਿੱਚ ਵੀ ਜਣੇਪਾ ਜਾਂਚ ਲਈ ਜਾਣਾ ਪੈਂਦਾ ਹੈ।
ਉਹ ਨੇਪਾਲ ਦੇ ਦੂਰ ਦੁਰੇਡੇ ਇੱਕ ਪਿੰਡ ਪਾਂਡਵਖਾਨੀ ਵਿੱਚ ਰਹਿੰਦੀ ਹੈ। ਹਰੀ ਸੁਨਾਰ ਜਣੇਪੇ ਤੋਂ ਪਹਿਲਾ ਆਖ਼ਰੀ ਜਾਂਚ ਲਈ ਸਥਾਨਕ ਜਣੇਪਾ ਕੇਂਦਰ ਜਾ ਰਹੀ ਹੈ।
ਕਈ ਵਾਰ ਇੱਥੇ ਲਗਾਤਾਰ 2 ਹਫ਼ਤੇ ਤੱਕ ਬਿਜਲੀ ਨਹੀਂ ਆਉਂਦੀ ਜਿਸ ਨਾਲ ਜਣੇਪਾ ਕੇਂਦਰ ਵਿੱਚ ਕਾਫ਼ੀ ਸਮੱਸਿਆਵਾਂ ਆਉਂਦੀਆਂ ਰਹੀਆਂ ਹਨ।
ਇਸ ਸਮੱਸਿਆ ਦਾ ਹੁਣ ਇੱਕ ਅਜਿਹਾ ਹੱਲ ਹੋਇਆ ਹੈ ਜਿਸ ਨਾਲ ਜਣੇਪਾ ਕੇਂਦਰ ਵਿੱਚ ਬਿਜਲੀ ਵੀ ਰਹਿੰਦੀ ਹੈ ਤੇ ਗਰਭਵਤੀ ਔਰਤਾਂ ਦੇ ਚਿਹਰੇ 'ਤੇ ਮੁਸਕੁਰਾਹਟ ਵੀ ਹੈ।
ਗਰਭਵਤੀ ਔਰਤਾਂ ਦਾ ਕਹਿਣਾ ਹੈ, "ਅਸੀਂ ਬਹੁਤ ਖੁਸ਼ ਹਾਂ, ਕਿਉਂਕਿ ਸਾਡੇ ਜਣੇਪਾ ਕੇਂਦਰ ਵਿੱਚ ਸੋਲਰ ਲਾਈਟ ਹੈ।"
ਇਹ ਲਾਈਟ ਡਿਲੀਵਰੀ ਕਮਰੇ ਦੀ ਕੰਧ ਨਾਲ ਲੱਗੇ ਚਮਕੀਲੇ ਪੀਲੇ ਸੂਟਕੇਸ ਰਾਹੀਂ ਦਿੱਤੀ ਜਾਂਦੀ ਹੈ।
ਸੋਲਰ ਸੂਟਕੇਸ ਨਾਲ ਮੌਤ ਦਰ ਘਟੀ
ਸੋਲਰ ਪੈਨਲ ਨਾਲ ਜੁੜਿਆ ਯੰਤਰ ਇੱਕ ਛੋਟਾ ਪਾਵਰ ਸਟੇਸ਼ਨ ਹੈ ਜੋ ਲਾਈਟ, ਗਰਮੀ, ਬੈਟਰੀ ਚਾਰਜਿੰਗ ਅਤੇ ਇੱਕ ਬੇਬੀ ਮੌਨੀਟਰ ਮੁਹੱਈਆ ਕਰਵਾਉਂਦਾ ਹੈ।
ਸਥਾਨਕ ਦਾਈ ਹਿਮਾ ਸ਼ਿਰੀਸ਼ ਲਈ ਇਹ ਸੋਲਰ ਸੂਟਕੇਸ ਇੱਕ ਜੀਵਨ ਰੱਖਿਅਕ ਹੈ।
ਉਹ ਆਪਣੇ ਸਿਹਤ ਕੇਂਦਰ ਦੀ ਬਿਜਲੀ ਸਮੱਸਿਆ ਲਈ ਸੋਲਰ ਹੱਲ ਲਭਣ ਦਾ ਪੱਕਾ ਇਰਾਦਾ ਰੱਖਦੀ ਸੀ।
ਵਨ-ਹਾਰਟ ਵਰਲਡਵਾਈਡ ਨਾਮ ਦੀ ਸੰਸਥਾ ਨੇ 2014 ਵਿੱਚ ਪਾਂਡਵਖਾਨੀ ਵਿੱਚ ਸੋਲਰ ਸੂਟਕੇਸ ਲਗਾਇਆ। ਉਦੋਂ ਤੋਂ ਇੱਥੇ ਕਿਸੇ ਮਾਂ ਜਾਂ ਬੱਚੇ ਦੀ ਮੌਤ ਨਹੀਂ ਹੋਈ ਹੈ।
ਹਿਮਾ ਕਹਿੰਦੀ ਹੈ, " ਗਰਭਵਤੀ ਮਾਂਵਾਂ ਜਦੋਂ ਸਿਹਤ ਕੇਂਦਰ ਵਿੱਚ ਜਣੇਪੇ ਲਈ ਆਉਂਦੀਆਂ ਸਨ ਤਾਂ ਉਹ ਹਨੇਰੇ ਤੋਂ ਡਰਦੀਆਂ ਸਨ।''
ਉਹ ਦੱਸਦੀ ਹੈ ਔਰਤਾਂ ਨੂੰ ਹਮੇਸ਼ਾ ਆਪਣੇ ਬੱਚੇ ਨੂੰ ਗੁਆ ਦੇਣ ਦਾ ਡਰ ਲੱਗਦਾ ਸੀ ਪਰ ਹੁਣ ਕੋਈ ਡਰ ਨਹੀਂ ਹੈ ਅਤੇ ਉਹ ਇਸ ਗੱਲ ਤੋਂ ਖੁਸ਼ ਹਨ ਕਿ ਬੱਚੇ ਦੇ ਜਨਮ ਸਮੇਂ ਉਨ੍ਹਾਂ ਕੋਲ ਸੂਰਜੀ ਰੋਸ਼ਨੀ ਹੋਵੇਗੀ।"
ਕੈਲੇਫੋਰਨੀਆ ਡ੍ਰੀਮਿੰਗ
ਜਨਾਨਾ ਰੋਗਾਂ ਦੀ ਮਾਹਰ ਡਾਕਟਰ ਲੌਰਾ ਸਟੈਚਲ ਨੇ ਇਸ ਪੀਲੇ ਸੋਲਰ ਸੂਟਕੇਸ ਦੀ ਕਾਢ ਕੱਢੀ ਹੈ।
2008 ਵਿੱਚ ਜਦੋਂ ਉਹ ਨਾਈਜੀਰੀਆ ਵਿੱਚ ਸਨ, ਤਾਂ ਉਨ੍ਹਾਂ ਨੇ ਰਾਤ ਦੇ ਸਮੇਂ ਬਿਜਲੀ ਤੋਂ ਬਿਨਾਂ ਬੱਚਿਆਂ ਦੀ ਡਿਲੀਵਰੀ ਸਮੇਂ ਮੁਸ਼ਕਲਾਂ ਦੇਖੀਆਂ।
ਇਸੇ ਕਾਰਨ ਉਨ੍ਹਾਂ ਨੇ ਕਈ ਬੱਚਿਆਂ ਦੀ ਮੌਤ ਵੀ ਹੁੰਦੀ ਦੇਖੀ।
ਡਾਕਟਰ ਸਟੈਚਲ ਨੇ ਆਪਣੇ ਪਤੀ ਹਾਲ ਏਰੋਨਸਨ ਜੋ ਕਿ ਇੱਕ ਸੋਲਰ ਇੰਜੀਨੀਅਰ ਹਨ, ਨਾਲ ਮਿਲ ਕੇ ਇਹ ਪੀਲਾ ਸੂਟਕੇਸ ਤਿਆਰ ਕੀਤਾ।
ਨਾਈਜੀਰੀਆ ਵਿੱਚ ਇਹ ਪੀਲਾ ਸੂਟਕੇਸ ਐਨਾ ਕਾਮਯਾਬ ਹੋਇਆ ਕਿ ਉਨ੍ਹਾਂ ਨੇ ਇਸਨੂੰ ਹੋਰਨਾਂ ਦੇਸ਼ਾਂ ਦੇ ਜਣੇਪਾ ਕੇਂਦਰਾਂ ਤੱਕ ਪਹੁੰਚਾਉਣ ਦਾ ਫ਼ੈਸਲਾ ਕੀਤਾ।
ਭੂਚਾਲ ਦੀ ਚੁਣੌਤੀ
ਨੇਪਾਲ ਵਿੱਚ 2015 ਵਿੱਚ ਆਏ ਭੂਚਾਲ ਕਾਰਨ ਕਈ ਹਸਪਤਾਲ ਤਬਾਹ ਹੋ ਗਏ ਤੇ ਜੋ ਹਸਪਤਾਲ ਬਚ ਗਏ ਉਨ੍ਹਾਂ ਲਈ ਬਿਜਲੀ ਦਾ ਕੋਈ ਪੁਖ਼ਤਾ ਇੰਤਜ਼ਾਮ ਨਾ ਰਿਹਾ।
ਸਿਰਫ਼ 16 ਕਿੱਲੋਗ੍ਰਾਮ ਦੇ ਭਾਰ ਵਾਲਾ ਇਹ ਸੋਲਰ ਸੂਟਕੇਸ ਅਜਿਹੇ ਇਲਾਕਿਆਂ ਲਈ ਬਿਲਕੁਲ ਢੁੱਕਵਾਂ ਸੀ।
ਪਰ, ਅਜਿਹੀਆਂ ਕੁਦਰਤੀ ਆਫਤਾਂ ਦੇ ਇਲਾਵਾ ਵੀ ਨੇਪਾਲ ਨੂੰ ਪੁਖ਼ਤਾ ਬਿਜਲੀ ਦੀ ਸੁਵਿਧਾ ਲਈ ਹਾਲੇ ਲੰਮਾ ਸਫ਼ਰ ਤੈਅ ਕਰਨਾ ਪਵੇਗਾ।
ਸੋਲਰ ਸਲਿਊਸ਼ਨ ਦੇ ਮੈਨੇਜਿੰਗ ਡਾਇਰੇਕਟਰ ਰਾਜ ਕੁਮਾਰ ਥਾਪਾ ਦੱਸਦੇ ਹਨ, "ਦਿਹਾਤੀ ਇਲਾਕਿਆਂ ਵਿੱਚ ਬਹੁਤ ਸਾਰੇ ਜਣੇਪਾ ਕੇਂਦਰ ਹਨ ਜਿੱਥੇ ਬਿਜਲੀ ਦੀ ਬਿਲਕੁਲ ਵੀ ਸੁਵਿਧਾ ਨਹੀਂ ਹੈ। 33 ਫ਼ੀਸਦ ਤੱਕ ਦਿਹਾਤੀ ਇਲਾਕਿਆਂ ਵਿੱਚ ਬਿਜਲੀ ਦਾ ਕੋਈ ਪੁਖ਼ਤਾ ਪ੍ਰਬੰਧ ਨਹੀਂ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਸੂਰਜੀ, ਪੌਣ ਜਾਂ ਪਣ ਊਰਜਾ ਦੀ ਵਰਤੋਂ ਨਾਲ ਛੋਟੇ ਪੱਧਰ 'ਤੇ ਬਿਜਲੀ ਦਾ ਉਤਪਾਦਨ ਵਧਾਉਣ ਵਿੱਚ ਸੀਮਿਤ ਸਫਲਤਾ ਮਿਲੀ ਪਰ ਪ੍ਰਾਈਵੇਟ ਕੰਪਨੀਆਂ ਲਈ ਦੂਰ ਦੁਰੇਡੇ ਦੇ ਇਲਾਕਿਆਂ ਵਿੱਚ ਸਿਸਟਮ ਲਗਾਉਣਾ ਅਤੇ ਇਸਦੀ ਦੇਖਭਾਲ ਦੇ ਨਾਲ ਆਪਣਾ ਮੁਨਾਫ਼ਾ ਕਮਾਉਣਾ ਮੁਸ਼ਕਿਲ ਹੈ।
ਮੈਨੂੰ ਲੱਗਦਾ ਹੈ ਜਦੋਂ ਤੱਕ ਵਰਤੋਂ ਕਰਨ ਵਾਲਿਆਂ ਨੂੰ ਸਿਸਟਮ ਦੇ ਕੰਮਕਾਜ ਬਾਰੇ ਸਿਖਲਾਈ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਨੇਪਾਲ ਵਿੱਚ ਸੂਰਜੀ ਊਰਜਾ ਮੁਹੱਈਆ ਕਰਵਾਉਣ ਵਾਲੀਆਂ ਸੰਸਥਾਵਾਂ ਦੀ ਇੱਕ ਅਹਿਮ ਭੂਮਿਕਾ ਹੈ।
ਪੀਲਾ ਸੂਟਕੇਸ ਨੇਪਾਲ ਦੇ ਲੋਕਾਂ ਲਈ ਬਣਿਆ ਮਸੀਹਾ
2013 ਵਿੱਚ ਪਾਂਡਵਖਾਨੀ ਵਿੱਚ ਜਣੇਪਾ ਕੇਂਦਰ ਬਣਨ ਤੋਂ ਪਹਿਲਾਂ ਜ਼ਿਆਦਾਤਰ ਬੱਚਿਆਂ ਦਾ ਜਨਮ ਘਰ ਵਿੱਚ ਹੀ ਹੁੰਦਾ ਸੀ। ਕਈ ਵਾਰ ਬੈਟਰੀ ਦੀ ਰੋਸ਼ਨੀ ਵਿੱਚ ਨਾਲ ਅਤੇ ਕਈ ਵਾਰ ਬਿਲਕੁਲ ਹਨੇਰੇ ਵਿੱਚ।
ਕਈ ਕੇਸਾਂ ਵਿੱਚ, ਜਣੇਪੇ ਦੀ ਦਰਦ ਦੌਰਾਨ ਮਾਂਵਾਂ ਨੂੰ ਸਭ ਤੋਂ ਨਜ਼ਦੀਕੀ ਕਸਬੇ ਬਾਗਲੁੰਗ ਜੋ ਕਿ ਇੱਥੋਂ 65 ਕਿੱਲੋਮੀਟਰ ਦੀ ਦੂਰੀ 'ਤੇ ਹੈ, ਉੱਥੇ ਚਿੱਕੜ ਅਤੇ ਚੱਟਾਨਾਂ ਵਾਲੇ ਰਸਤੇ ਹਸਪਤਾਲ ਲਿਜਾਉਣਾ ਪੈਂਦਾ ਸੀ।
ਹਿਮਾ ਦੱਸਦੀ ਹੈ , "ਕੁਝ ਬੱਚੇ ਗਰਭ ਅੰਦਰ ਗ਼ਲਤ ਸਥਿਤੀ ਵਿੱਚ ਹੁੰਦੇ ਸਨ ਅਤੇ ਸਾਡੇ ਕੋਲ ਉਨ੍ਹਾਂ ਦੀ ਮਦਦ ਲਈ ਉਪਕਰਣ ਨਹੀਂ ਹੁੰਦੇ ਸੀ। ਮਾਂਵਾਂ ਦੀ ਅਕਸਰ ਜ਼ਿਆਦਾ ਖ਼ੂਨ ਵਗਣ ਕਾਰਨ ਮੌਤ ਹੋ ਜਾਂਦੀ ਸੀ।
ਹੁਣ ਹਿਮਾ ਅਤੇ ਉਸਦਾ ਸਟਾਫ਼ ਦੁਨੀਆ ਦੇ ਇਸ ਦੂਰ ਦੁਰਾਡੇ ਦੇ ਇਲਾਕੇ ਵਿੱਚ ਆਪਣੇ ਮੋਬਾਈਲ ਫੋਨ ਅਤੇ ਦੂਜੀ ਅਹਿਮ ਕਿਟ ਵੀ ਚਾਰਜ ਕਰ ਸਕਦੇ ਹਨ।
ਹਿਮਾ ਕਹਿੰਦੀ ਹੈ, "ਕਈ ਵਾਰ ਬਿਜਲੀ ਦੇ ਕੱਟ 15 ਦਿਨਾਂ ਤੱਕ ਲੱਗਦੇ ਸੀ, ਅਸੀਂ ਪੂਰੀ ਤਰਾਂ ਨਾਲ ਦੁਨੀਆਂ ਤੋਂ ਕੱਟੇ ਜਾਂਦੇ ਸੀ ਕਿਉਂਕਿ ਅਸੀਂ ਆਪਣੇ ਮੋਬਾਈਲ ਫੋਨ ਤੱਕ ਚਾਰਜ ਨਹੀਂ ਕਰ ਸਕਦੇ ਸੀ."
ਸੁਨਾਰ ਉਨ੍ਹਾਂ 175 ਮਾਂਵਾਂ ਵਿਚੋਂ ਇੱਕ ਹਨ ਜਿਨ੍ਹਾਂ ਨੇ ਪਹਿਲਾਂ ਹੀ ਘੱਟੋ ਘੱਟ ਇੱਕ ਵਾਰ ਕੇਂਦਰ ਵਿੱਚ ਬੱਚੇ ਨੂੰ ਜਨਮ ਦਿੱਤਾ ਹੈ।
ਉਹ ਆਪਣੇ ਦੂਜੇ ਬੱਚੇ ਦੀ ਡਿਲੀਵਰੀ ਦੀ ਉਡੀਕ ਕਰ ਰਹੀ ਹੈ ਅਤੇ ਆਪਣੀ ਧੀ ਦੇ ਜਨਮ ਸਮੇਂ ਹੋਏ ਤਜਰਬੇ ਕਾਰਨ ਨਿਸ਼ਚਿੰਤ ਹੈ।
"ਜਦੋਂ ਆਪਣੇ ਪਹਿਲੇ ਬੱਚੇ ਦੇ ਜਨਮ ਸਮੇਂ ਮੈਂ ਦਰਦ ਵਿੱਚ ਸੀ ਤਾਂ ਮੈਂ ਸਿਹਤ ਕੇਂਦਰ ਪੁੱਜੀ ਤੇ ਬਿਜਲੀ ਬੰਦ ਹੋ ਗਈ। ਫਿਰ ਮੈਨੂੰ ਦੱਸਿਆ ਗਿਆ ਕਿ ਉਨ੍ਹਾਂ ਕੋਲ ਸੋਲਰ ਸੂਟਕੇਸ ਹੈ ਇਸਲਈ ਮੈਨੂੰ ਫ਼ਿਕਰ ਕਰਨ ਦੀ ਲੋੜ ਨਹੀਂ।"