ਯੂਰਪੀ ਸਵਿੱਤਰੀ ਦੇਵੀ ਦੀ ਫੇਰ ਚਰਚਾ ਕਿਉਂ ਹੈ?

    • ਲੇਖਕ, ਮਾਰਿਆ ਮਾਗਰੋਨਿਸ
    • ਰੋਲ, ਬੀਬੀਸੀ

ਗ੍ਰੀਸ ਦੀ 'ਗੋਲਡਨ ਡੌਨ ਪਾਰਟੀ' ਦੀ ਵੈੱਬਸਾਈਟ 'ਤੇ ਇੱਕ ਹਿੰਦੂ ਔਰਤ ਦੀ ਤਸਵੀਰ ਦਿਖਣਾ ਆਪਣੇ ਆਪ ਵਿਚ ਹੈਰਾਨੀ ਦੀ ਗੱਲ ਹੈ। ਖ਼ਾਸ ਕਰਕੇ ਜਦੋਂਤਸਵੀਰ ਵਿੱਚ ਨੀਲੀ ਸਾੜੀ ਪਾਈ ਉਹ ਔਰਤ ਜਰਮਨੀ ਦੇ ਤਾਨਾਸ਼ਾਹ ਹਿਟਲਰ ਦੀ ਮੂਰਤੀ ਨੂੰ ਨਿਹਾਰ ਰਹੀ ਹੋਵੇ।

ਕੀ ਹੈ ਪ੍ਰਸੰਗ ਤੇ ਪਿਛੋਕੜ?

ਗੋਲਡਨ ਡੌਨ ਗ੍ਰੀਸ ਦੀ ਨਸਲਵਾਦੀ ਪਾਰਟੀ ਹੈ ਜੋ ਗ੍ਰੀਸ ਤੋਂ ਅਮਰੀਕੀਆਂ ਨੂੰ ਬਾਹਰ ਕੱਢਣ ਲਈ ਵਚਨਬੱਧ ਹੈ।

ਇਸ ਪਾਰਟੀ ਦੀ ਵੈੱਬਸਾਈਟ ਵਿੱਚ ਇੱਕ ਹਿੰਦੂ ਔਰਤ ਦੀ ਤਸਵੀਰ ਕਿਉਂ ਹੈ, ਅਤੇ ਉਸ ਦੇ ਹਿਟਲਰ ਨਾਲ ਕੀ ਸੰਬੰਧ ਹਨ? ਇਹ ਸਵਾਲ ਸਹਿਜੇ ਹੀ ਦਿਮਾਗ ਵਿੱਚ ਉੱਠਣ ਲੱਗ ਪਏ।

ਦਿਮਾਗ ਉੱਤੇ ਥੋੜ੍ਹਾ ਜਿਹਾ ਜ਼ੋਰ ਪਾਉਣ ਨਾਲ ਸੁਭਾਵਕ ਹੀ ਇਹ ਔਰਤ ਦਾ ਨਾਮ ਧਿਆਨ ਵਿੱਚ ਆ ਜਾਂਦਾ ਹੈ - 'ਸਵਿੱਤਰੀ ਦੇਵੀ', ਜੋ ਆਪਣੀ ਕਿਤਾਬ 'ਦਾ ਲਾਈਟਿੰਗ ਐਂਡ ਦਾ ਸਨ' ਵਿੱਚ ਜਰਮਨੀ ਦੇ ਤਾਨਾਸ਼ਾਹ ਐਡੋਲਫ ਹਿਟਲਰ ਨੂੰ ਵਿਸ਼ਨੂੰ ਭਗਵਾਨ ਦਾ ਅਵਤਾਰ ਕਹਿੰਦੀ ਹੈ।

ਇਸ ਕਿਤਾਬ ਰਾਹੀਂ ਉਨ੍ਹਾਂ ਨੇ ਇਹ ਯਕੀਨ ਦਿਵਾਇਆ ਹੈ ਕਿ ਰਾਸ਼ਟਰੀਵਾਦੀ ਸਮਾਜਵਾਦ ਦਾ ਸੂਰਜ ਫੇਰ ਚੜ੍ਹੇਗਾ।

ਸਵਿੱਤਰੀ ਦੇਵੀ ਦੇ ਵਿਚਾਰਾਂ ਦੇ ਮੁੜ ਬਹਿਸ ਦਾ ਹਿੱਸਾ ਬਣਨ ਦੀ ਵਜ੍ਹਾ ਅਮਰੀਕੀ ਸੱਜੇ ਪੱਖੀ ਆਗੂਆਂ ਰਿਚਰਡ ਸਪੈਂਸਰ ਅਤੇ ਟਰੰਪ ਦੇ ਪੂਰਬ ਰਣਨੀਤੀਕਾਰ ਸਟੀਵ ਬੈਨਨ ਹਨ।

ਇਨ੍ਹਾਂ ਲੋਕਾਂ ਨੇ ਸਵਿੱਤਰੀ ਦੇਵੀ ਦੀ ਇਤਿਹਾਸ ਬਾਰੇ ਨੇਕੀ ਅਤੇ ਬਦੀ ਦਰਮਿਆਨ ਚਲਦੇ ਚੱਕਰੀ ਘੋਲ ਦੀ ਵਿਆਖਿਆ ਨੂੰ ਚੁੱਕਿਆ ਹੈ।

ਸੱਜੇ ਪੱਖੀ ਅਮਰੀਕੀ ਰੇਡੀਓ ਸਟੇਸ਼ਨ ਕਲ ਯੁੱਗ ਦੀ ਗੱਲ ਕਰ ਰਹੇ ਹਨ। ਜਿਸ ਦਾ ਸਵਿੱਤਰੀ ਦੇਵੀ ਮੁਤਾਬਕ ਹਿਟਲਰ ਨੇ ਅੰਤ ਕਰਨਾ ਸੀ।

ਕੌਣ ਸੀ ਸਵਿੱਤਰੀ ਦੇਵੀ?

ਸਵਿੱਤਰੀ ਦੇਵੀ ਕੌਣ ਸੀ, ਉਸ ਦੇ ਵਿਚਾਰ ਹੁਣ ਕਿਉਂ ਜੀਅ ਉੱਠੇ ਹਨ? ਸਾੜੀ ਅਤੇ ਨਾਮ ਦੇ ਬਾਵਜੂਦ ਉਹ ਇੱਕ ਯੂਰਪੀ ਸੀ।

ਉਸ ਦਾ ਬਚਪਨ ਦਾ ਨਾਂ ਮੈਕਸੀਮਿਆਨੀ ਪੋਰਟਾਸ ਸੀ ਅਤੇ ਅੰਗਰੇਜ਼ ਮਾਂ ਦੀ ਕੁੱਖੋਂ ਗ੍ਰੀਕ-ਇਤਲਾਵੀ ਪਿਤਾ ਦੇ ਘਰ ਲਿਓਨ, ਫਰਾਂਸ ਵਿੱਚ ਪੈਦਾ ਹੋਈ।

ਉਹ ਜਨਮ ਤੋਂ ਹੀ ਬਰਾਬਰੀ ਵਿਰੋਧੀ ਸੀ। ਇੱਕ ਵਾਰ ਉਸ ਨੇ ਕਿਹਾ, "ਇੱਕ ਖੂਬਸੂਰਤ ਕੁੜੀ ਇੱਕ ਬਦਸ਼ਕਲ ਕੁੜੀ ਦੇ ਬਰਾਬਰ ਨਹੀਂ ਹੈ।"

ਉਹ ਗ੍ਰੀਸ ਦੀ ਕੱਟੜ ਰਾਸ਼ਟਰਵਾਦੀ ਸੀ। ਉਹ ਗ੍ਰੀਸ ਦੀ ਹੱਤਕ ਲਈ ਪੱਛਮੀਂ ਗੁੱਟ (ਪਹਿਲੀ ਸੰਸਾਰ ਜੰਗ ਦੀ ਇੱਕ ਧਿਰ) ਨੂੰ ਜਿੰਮੇਵਾਰ ਸਮਝਦੀ ਸੀ।

ਸਵਿੱਤਰੀ ਦੇ ਖਿਆਲ ਵਿੱਚ ਗ੍ਰੀਸ ਅਤੇ ਜਰਮਨੀ ਦੋਹੇਂ ਹੀ ਵਰਸਾਇ ਦੀ ਸੰਧੀ ਦੀ ਬਲੀ ਚੜ੍ਹੇ ਸਨ। ਦੋਹਾਂ ਦੀ ਆਪਣੇ ਲੋਕਾਂ ਨੂੰ ਇੱਕ ਦੇਸ ਵਿੱਚ ਬੰਨ੍ਹਣ ਦੀ ਹੱਕੀ ਭਾਵਨਾ ਦਰਕਿਨਾਰ ਹੋਈ ਸੀ।

ਹਿਟਲਰ ਜਰਮਨੀ ਦਾ ਨਾਇਕ ਸੀ ਪਰ ਸਵਿੱਤਰੀ ਦੇ ਕਹਿਣ ਮੁਤਾਬਕ, ਹਿਟਲਰ ਯੂਰਪ ਦੇ ਯਹੂਦੀਆਂ ਦਾ ਖ਼ਾਤਮਾ ਕਰ ਕੇ "ਆਰੀਆ ਨਸਲ" ਨੂੰ ਇਸਦਾ ਜਾਇਜ਼ ਥਾਂ ਦਵਾਉਣ ਦੀ ਭਾਵਨਾ ਸਦਕਾ ਹਿਟਲਰ ਉਸਦਾ ਵੀ "ਆਗੂ" ਬਣ ਗਿਆ।

1930 ਦੇ ਦਹਾਕੇ ਦੇ ਸ਼ੁਰੂ ਵਿੱਚ ਸਵਿੱਤਰੀ, ਯੂਰਪ ਦੇ ਪੈਜਨ ਅਤੀਤ ਦੀ ਭਾਲ ਵਿੱਚ, ਭਾਰਤ ਆਈ।

ਉਸ ਦਾ ਵਿਸ਼ਵਾਸ਼ ਸੀ ਕਿ ਭਾਰਤ ਦੀ ਜਾਤ ਪ੍ਰਣਾਲੀ ਅਤੇ ਅੰਤਰ-ਜਾਤੀ ਵਿਆਹ ਦੀ ਮਨਾਹੀ ਨੇ ਇੱਥੇ ਆਰੀਆ ਨਸਲ ਦੀ ਸ਼ੁੱਧਤਾ ਬਚਾ ਕੇ ਰੱਖੀ ਹੋਈ ਸੀ।

ਭਾਰਤ ਆਉਣਾ ਅਤੇ ਵਿਆਹ

ਉਸ ਨੇ ਚੌਥੇ ਦਰਜੇ ਵਿੱਚ ਰੇਲ ਦਾ ਸਫ਼ਰ ਕੀਤਾ, ਜੋ ਅਚੰਭਾਕਾਰੀ ਸੀ। ਇਸੇ ਕਾਰਨ ਬਰਤਾਨਵੀ ਸਰਕਾਰ ਨੇ ਨਿਗਰਾਨੀ ਵੀ ਰੱਖੀ, ਹਾਲਾਂਕਿ ਇਸ ਗੱਲ ਦੀ ਸਵਿਤਰੀ ਤੇ ਕੋਈ ਬਹੁਤੀ ਪ੍ਰਵਾਹ ਨਹੀਂ ਸੀ।

ਉਸ ਨੇ ਭਾਰਤੀ ਜ਼ਬਾਨਾਂ ਸਿੱਖੀਆਂ, ਬ੍ਰਾਹਮਣ ਨਾਲ ਵਿਆਹ ਕਰਵਿਆ (ਕਿਉਂਕਿ ਜਾਤ ਪ੍ਰਣਾਲੀ ਕਰਕੇ, ਬ੍ਰਾਹਮਣ ਉਸ ਵਰਗਾ ਹੀ ਸ਼ੁੱਧ ਆਰੀਆ ਸੀ)।

ਇਸ ਮਗਰੋਂ ਸਵਿੱਤਰੀ ਨੇ ਨਾਜ਼ੀ ਵਾਦ ਅਤੇ ਹਿੰਦੂ ਮਿਥਿਹਾਸ ਨੂੰ ਗੁੰਨ ਕੇ ਇੱਕ ਨਵਾਂ ਵਿਚਾਰ ਪੇਸ਼ ਕੀਤਾ।

ਇਸ ਮੁਤਾਬਕ ਹਿਟਲਰ, ਕਲ ਯੁੱਗ ਦਾ ਅੰਤ ਕਰਕੇ ਆਰੀਅਨ ਦਬਦਬੇ ਦਾ ਸੁਨਹਿਰੀ ਸਮਾਂ ਵਾਪਸ ਲਿਆਵੇਗਾ।

ਨਾਜ਼ੀ ਵਿਚਾਰਾਂ ਵਾਲੀ ਹਿੰਦੂ ਮਿਸ਼ਨਰੀ

1930 ਵਿਆਂ ਵਿੱਚ ਉਸ ਨੇ ਕੋਲਕਤਾ ਜਿਸ ਨੂੰ ਉਸ ਵਖ਼ਤ ਕੱਲਕਤਾ ਕਿਹਾ ਜਾਂਦਾ ਸੀ, ਵਿਖੇ ਇੱਕ ਹਿੰਦੂ ਮਿਸ਼ਨ ਲਈ ਕੰਮ ਕੀਤਾ।

ਭਾਰਤੀ ਭਾਈਚਾਰਿਆਂ ਦੇ ਬਰਤਾਨਵੀ ਸਰਕਾਰ ਅਧੀਨ ਵਧਦੇ ਰਾਜਨੀਤੀਕਰਨ ਸਦਕਾ ਹਿੰਦੁਤਵ ਲਹਿਰ ਵੀ ਮਜ਼ਬੂਤ ਹੋਈ।

ਕੀ ਹਿੰਦੂ ਆਰੀਆ ਦੇ ਸਕੇ ਵੰਸ਼ਜ ਹਨ ਅਤੇ ਭਾਰਤ ਲਾਜ਼ਮੀ ਹੀ ਇੱਕ ਹਿੰਦੂ ਰਾਸ਼ਟਰ ਹੈ?

ਮਿਸ਼ਨ ਨਿਰਦੇਸ਼ਕ ਸਵਾਮੀ ਸਤਿਆ ਨੰਦ ਵੀ ਹਿਟਲਰ ਦੇ ਭਗਤ ਸਨ। ਉਨ੍ਹਾਂ ਨੇ ਹੀ ਸਵਿੱਤਰੀ ਨੂੰ ਹਿੰਦੂ ਪਛਾਣ ਦੇ ਵਖਿਆਨਾਂ ਵਿੱਚ ਨਾਜ਼ੀ ਵਾਦ ਦੇ ਪ੍ਰਚਾਰ ਨੂੰ ਰਲਾਉਣ ਦੀ ਛੁੱਟੀ ਦਿੱਤੀ।

ਸਵਿੱਤਰੀ ਨੇ ਹਿੰਦੀ ਅਤੇ ਬੰਗਲਾ ਬੋਲੀਆਂ ਵਿੱਚ ਆਰੀਆ ਕਦਰਾਂ-ਕੀਮਤਾਂ ਬਾਰੇ ਵਖਿਆਨ ਕਰਦਿਆਂ ਦੇਸ਼ ਦਾ ਭਰਮਣ ਕੀਤਾ। ਆਪਣੇ ਵਖਿਆਨਾਂ ਵਿੱਚ ਉਸਨੇ ਅਕਸਰ ਨਾਜ਼ੀ ਵਿਦਵਾਨਾਂ ਦੇ ਕਥਨ ਵਰਤੇ।

ਜਾਨਵਰ ਤੇ ਕੁਦਰਤ ਪ੍ਰੇਮੀ

ਸਵਿੱਤਰੀ ਨੂੰ ਇਨਸਾਨਾਂ ਨਾਲੋਂ ਜਾਨਵਰ ਵੱਧ ਪਸੰਦ ਸਨ। ਹਿਟਲਰ ਵਾਂਗ ਹੀ ਉਹ ਵੀ ਸ਼ਾਕਾਹਾਰੀ ਸੀ।

ਉਹ ਦੁਨੀਆਂ ਨੂੰ ਇੱਕ ਦੂਰੀ ਤੋਂ ਵੇਖਦੀ, ਜਿਸ ਪਿੱਛੇ ਮਨੁੱਖੀ ਜਿੰਦਗੀਆਂ ਨਾਲੋਂ ਵੱਧ ਕੇ ਕੋਈ ਕੁਦਰਤੀ ਵਰਤਾਰਾ ਸੀ।

ਆਈਸ ਲੈਂਡ ਜਾ ਕੇ ਸਵਿਤਰੀ ਨੇ ਦੋ ਰਾਤਾਂ ਜਵਾਲਾ ਮੁਖੀ ਦੇ ਕੋਲ, ਉਸ ਨੂੰ ਵੇਖਦਿਆ ਬਿਤਾਈਆਂ।

ਉਸ ਨੇ ਲਿਖਿਆ, "ਸਿਰਜਣਾ ਦੀ ਅਸਲ ਧੁਨੀ 'ਓਮ" ਹੈ"। "ਜਵਾਲਾ ਮੁਖੀ ਹਰ ਇੱਕ ਦੋ ਪਲ ਤੇ ਓਮ! ਓਮ! ਓਮ! ਪੁਕਾਰਦਾ ਹੈ ਅਤੇ ਧਰਤੀ ਸਾਰਾ ਸਮਾਂ ਤੁਹਡੇ ਕਦਮਾਂ ਹੇਠ ਕੰਬਦੀ ਹੈ।"

'ਲਿੰਗਕ ਝੁਕਾਅ' ਦਾ ਤਲਿਸਮ

1948 ਵਿੱਚ ਬਰਤਾਨਵੀ ਕਬਜ਼ੇ ਵਾਲੇ ਜਰਮਨੀ ਪਹੁੰਚੀ, ਜਿੱਥੇ ਉਸ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਨਾਜ਼ੀ ਪੱਖੀ ਪਰਚੇ ਵੰਡੇ, "ਇੱਕ ਦਿਨ ਅਸੀਂ ਫੇਰ ਉੱਠਾਂਗੇ ਅਤੇ ਮੁੜ ਜਿੱਤਾਂਗੇ! ਉਮੀਦ ਰੱਖੋ, ਇੰਤਜ਼ਾਰ ਕਰੋ! ਹੇਲ ਹਿਟਲਰ!"

ਕੁਝ ਸਮੇਂ ਬਾਅਦ ਉਸਨੇ ਜਰਮਨੀ ਵਿੱਚਲੀ ਆਪਣੀ ਹਿਰਾਸਤ ਨੂੰ ਖੁਸ਼ ਕਿਸਮਤੀ ਦੱਸਿਆ ਕਿਉਂਕਿ ਇਸ ਨਾਲ ਉਸਨੂੰ ਆਪਣੇ ਜਰਮਨ "ਸਾਥੀਆਂ" ਨਾਲ ਰਹਿਣ ਦਾ ਮੌਕਾ ਮਿਲਿਆ।

ਜੇਲ੍ਹ ਵਿੱਚ ਉਹ, ਫੈਸ਼ਨ ਡਿਜ਼ਾਈਨਰ ਦੀ ਭਤੀਜੀ, ਫਰੈਂਕੋਇਜ਼ ਡੋਇਰ ਦੇ 'ਨਜ਼ਦੀਕ' ਆ ਗਈ ਜੋ ਕਿ ਔਰਤ ਕੈਦੀਆਂ ਦੀ ਵਾਰਡਨ ਸੀ। "ਇੱਕ ਸੋਹਣੀ ਔਰਤ, ਮੇਰੀ ਹਮ ਉਮਰ ਗੋਰੀ (ਬਲੋਂਡ)।"

ਸਵਿੱਤਰੀ ਦਾ 'ਲਿੰਗਕ ਝੁਕਾਅ' ਤਲਿਸਮ ਹੀ ਰਿਹਾ। ਸਮ ਜਾਤੀ ਨਾ ਹੋਣ ਕਰਕੇ, ਕਈ ਲੋਕ ਉਨ੍ਹਾਂ ਦੇ ਵਿਆਹ ਨੂੰ ਵੀ ਸਹੀ ਨਹੀਂ ਮੰਨਦੇ।

ਫਰੈਂਕੋਇਜ਼ ਡੋਇਰ ਨੇ ਸਵਿੱਤਰੀ ਦੀ ਪ੍ਰੇਮਣ ਹੋਣ ਦਾ ਦਾਅਵਾ ਵੀ ਕੀਤਾ।

ਭਾਰਤ ਵਾਪਸੀ

ਢਲਦੀ ਉਮਰੇ ਸਵਿੱਤਰੀ ਭਾਰਤ ਵਾਪਸ 'ਆਪਣੇ ਘਰ' ਆਈ। ਦਿੱਲੀ ਦੀ ਸ਼ਾਂਤ ਸੜਕ ਉੱਤੇ ਇੱਕ ਗੈਰਾਜ ਉੱਪਰ ਬਣੇ ਫਲੈਟ ਵਿੱਚ ਰਹਿੰਦਿਆਂ ਉਸ ਨੇ ਆਪਣੇ ਆਪ ਨੂੰ ਆਂਡ- ਗਵਾਂਢ ਦੀਆਂ ਬਿੱਲੀਆਂ ਨੂੰ ਸਮਰਪਤ ਕਰ ਦਿੱਤਾ।

ਹਿੰਦੂ ਸੁਹਾਗਣਾਂ ਦੇ ਗਹਿਣਿਆਂ ਵਿੱਚ ਸੱਜੀ, ਉਹ ਰੋਜ਼ ਸਵੇਰੇ, ਬਿੱਲੀਆਂ ਨੂੰ ਦੁੱਧ-ਬਰੈਡ ਖਵਾਉਣ, ਨਿਕਲਦੀ।

1982 ਵਿੱਚ ਇੰਗਲੈਂਡ ਵਿੱਚ ਆਪਣਾ ਇੱਕ ਦੋਸਤ ਦੇ ਘਰ ਉਸ ਨਾ ਆਖ਼ਰੀ ਸਾਪ ਲਏ। ਨਾਜ਼ੀ ਰਹੁ-ਰੀਤਾਂ ਨਾਲ ਉਸ ਦੀਆਂ ਆਖ਼ਰੀ ਰਸਮਾਂ ਨਿਭਾਈਆਂ ਗਈਆਂ।

ਸਵਿੱਤਰੀ ਦੀ ਹਿੰਦੂ ਰਾਸ਼ਟਰ ਵਾਦ ਲਈ ਵਿਰਾਸਤ

ਸਵਿੱਤਰੀ ਦੇਵੀ ਭਾਵੇਂ ਭਾਰਤ ਵਿੱਚ ਭੁਲਾਈ ਜਾ ਚੁੱਕੀ ਹੈ ਪਰ ਜਿਸ ਹਿੰਦੂ ਰਾਸ਼ਟਰ ਵਾਦ ਨਾਲ ਉਨ੍ਹਾਂ ਫੇਰੇ ਲਏ ਤੇ ਜਿਸ ਦਾ ਪ੍ਰਚਾਰ ਕੀਤਾ, ਉਸਦਾ ਹੁਣ ਦਬਦਬਾ ਹੈ।

ਇਹ ਉਸਦੇ ਖੱਬੇ ਪੱਖੀ, ਬਜ਼ੁਰਗ ਪੱਤਰਕਾਰ, ਭਤੀਜੇ ਸੁਮਨਾਤਾ ਬੈਨਰਜੀ ਲਈ ਫਿਕਰ ਦੀ ਗੱਲ ਹੈ।

ਬੈਨਰਜੀ ਦਾ ਕਹਿਣਾ ਹੈ ਕਿ 1939 ਵਿੱਚ ਸਾਹਮਣੇ ਆਈ ਕਿਤਾਬ, 'ਏ ਵਾਰਨਿੰਗ ਟੂ ਹਿੰਦੂਜ਼' ਵਿੱਚ ਸਵਿੱਤਰੀ ਨੇ ਹਿੰਦੂਆਂ ਨੂੰ 'ਸਮੁੱਚੇ ਹਿੰਦੂ ਪੰਥ ਵਿੱਚ ਇੱਕ ਸੰਗਠਿਤ ਟਾਕਰੇ ਦਾ ਵਿਕਾਸ ਕਰਨ' ਦੀ ਸਲਾਹ ਦਿੱਤੀ। '

ਇਸ ਟਾਕਰੇ ਦੇ ਨਿਸ਼ਾਨੇ ਉੱਤੇ ਮੁਸਲਮਾਨ ਸਨ, ਜੋ ਉਸ ਮੁਤਾਬਕ ਹਿੰਦੂਆਂ ਲਈ ਖ਼ਤਰਾ ਸਨ। ਇਹੀ ਡਰ ਅੱਜ ਗੂੰਜ ਰਿਹਾ ਹੈ।"

ਹਿੰਦੁਤਵ ਭਾਜਪਾ ਦੀ ਅਧਿਕਾਰਕ ਵਿਚਾਰਧਾਰਾ ਹੈ। ਭਾਜਪਾ ਦੀ ਧਾਰਨਾ ਹੈ ਕਿ ਮੁਸਲਮਾਨਾਂ ਅਤੇ ਧਰਮ ਨਿਰਪੇਖ ਵਾਦੀਆਂ ਨੇ ਹਿੰਦੂ ਰਾਸ਼ਟਰ ਦੀ ਸ਼ਕਤੀ ਕਮਜ਼ੋਰ ਕੀਤਾ ਹੈ।

ਬੇਸ਼ੱਕ, ਪਾਰਟੀ ਦੇ ਬੁਲਾਰੇ ਹਿੰਸਾ ਦੀ ਨਿਖੇਧੀ ਕਰਦੇ ਹਨ ਪਰ 1992 ਦੇ ਅਯੋਧਿਆ ਦੀ ਬਾਬਰੀ ਮਸੀਤ ਢਾਹੁਣ ਤੋਂ ਪਹਿਲਾਂ ਦੇ ਦੰਗੇ ਅਤੇ ਮੁਸਲਮਾਨਾਂ ਤੇ ਵਿਰੋਧੀਆਂ ਉੱਪਰ ਹੁੰਦੇ ਵਰਤਮਾਨ ਕਦੇ-ਕਦੇ ਮਾਰੂ ਹਮਲੇ ਵੱਖਰੀ ਹੀ ਬਾਤ ਪਾਉਂਦੇ ਹਨ।

ਭਾਰਤ ਵਿੱਚ ਹੁਕਮਰਾਨ ਬਹੁਗਿਣਤੀ ਦਾ ਕਮਜੋਰ ਪੈ ਜਾਣ ਦਾ ਡਰ, ਸੱਜੇ ਪੱਖੀਆਂ ਦੇ ਹੱਥਾਂ ਵਿੱਚ ਇੱਕ ਅਸਰਦਾਰ ਸੰਦ ਰਿਹਾ ਹੈ।

ਇੱਕ ਸੁਰ ਭਾਰਤੀ ਅਤੇ ਅਮਰੀਕੀ ਸੱਜੇ ਪੱਖੀ

ਖੋਜਕਾਰ ਅਤੇ ਲੇਖਕ ਚਿੱਪ ਬਅਰਲੈਟ ਦਾ ਕਹਿਣਾ ਹੈ ਕਿ ਓਬਾਮਾ ਦੇ ਵੇਲ਼ੇ ਤੋਂ ਇਹ ਮਹਿਸੂਸ ਕੀਤਾ ਗਿਆ ਕਿ ਗੋਰਿਆਂ ਨੂੰ ਖੂੰਜੇ ਲਾਇਆ ਗਿਆ ਹੈ। ਕਈ ਗੋਰੇ ਬਾਸ਼ਿੰਦਿਆਂ ਨੂੰ ਡਰ ਹੈ ਕਿ ਅਮਰੀਕਾ ਵਿੱਚ ਉਨ੍ਹਾਂ ਨੂੰ ਦਰਕਿਨਾਰ ਅਤੇ ਬੇਇੱਜ਼ਤ ਕੀਤਾ ਜਾ ਰਿਹਾ ਹੈ। ਇਸ ਕਾਰਨ ਸੱਜੇ ਪੱਖੀ ਅਤੇ ਗੋਰਿਆਂ ਦਾ ਦਬਦਬਾ ਬਣਾਉਣ ਵਾਲੇ ਕਈ ਸਮੂਹਾਂ ਨੂੰ ਉਛਾਲ ਮਿਲਿਆ ਹੈ।

ਸਵਿੱਤਰੀ ਦੇਵੀ ਦੀ ਹਿੰਦੂ ਰਾਸ਼ਟਰ ਵਾਦੀਆਂ ਅਤੇ ਯੂਰਪੀ ਤੇ ਅਮਰੀਕੀ ਸੱਜੇ ਪੱਖੀਆਂ ਦੇ ਇਤਿਹਾਸ ਦਾ ਅੰਗ ਹੈ।

ਉਸਦੀਆਂ ਅਲੰਕਾਰੀ ਤੇ ਉਨਮਾਦੀ ਲਿਖਤਾਂ ਵਿੱਚ ਉਸਦੇ ਬੇ ਸੈਂਸਰ ਵਿਚਾਰ ਪਏ ਹਨ - ਮਨੁੱਖਾਂ ਨੂੰ ਨਸਲਾਂ ਵਿੱਚ ਵੰਡਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਵੱਖੋ-ਵੱਖ ਰੱਖਿਆ ਜਾਣਾ ਚਾਹੀਦਾ ਹੈ; ਕਿ ਕੁੱਝ ਸਮੂਹ ਦੂਜਿਆਂ ਨਾਲੋਂ ਚੰਗੇ ਹਨ ਅਤੇ ਵਧੇਰੇ ਹੱਕੀ ਹਨ; ਕਿ ਇਨ੍ਹਾਂ ਸਮੂਹਾਂ ਨੂੰ ਖਤਰਾ ਹੈ; ਅਤੇ ਕਾਲਾ ਸਮਾਂ ਜਿਸ ਵਿੱਚ ਅਸੀਂ ਜਿਊਂ ਰਹੇ ਹਾਂ ਉਦੋਂ ਹੀ ਮੁੱਕੇਗਾ ਜਦੋਂ ਅਸੀਂ ਫੇਰ ਬਲਵਾਨ ਹੋਵਾਂਗੇ, ਤੇ ਸੁਨਹਿਰੀ ਯੁੱਗ ਵਾਪਸ ਆਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)