ਸਾਊਦੀ ਅਰਬ 'ਚ ਰੋਬੋਟ ਨੂੰ ਔਰਤਾਂ ਨਾਲੋਂ ਜ਼ਿਆਦਾ ਹੱਕ?

    • ਲੇਖਕ, ਰੋਜ਼ੀਨਾ ਸਿਨੀ
    • ਰੋਲ, ਬੀਬੀਸੀ ਯੂਜੀਸੀ ਅਤੇ ਸੋਸ਼ਲ ਨਿਊਜ਼

ਮਿਲੋ ਸੋਫੀਆ ਨੂੰ, ਇਹ ਇੱਕ ਰੋਬੋਟ ਹੈ ਅਤੇ ਉਹ ਪਹਿਲੀ ਵਾਰ ਸਾਊਦੀ ਅਰਬ ਦੇ ਸ਼ਹਿਰ ਰਿਆਧ ਵਿੱਚ ਲੋਕਾਂ ਸਾਹਮਣੇ ਆਈ।

ਇਸ ਦੌਰਾਨ ਸੋਫੀਆ ਨੇ ਆਪਣਾ ਅਜਿਹਾ ਪ੍ਰਭਾਵ ਛੱਡਿਆ ਕਿ 25 ਅਕਤੂਬਰ ਨੂੰ ਰਿਆਧ ਵਿੱਚ ਫਿਊਚਰ ਇਨਵੈਸਟਮੈਂਟ ਇਨੀਸ਼ਿਏਟਿਵ 'ਚ ਸੈਂਕੜੇ ਨੁਮਾਇੰਦਿਆਂ ਦੇ ਸਾਹਮਣੇ ਉਸ ਨੂੰ ਤੁਰੰਤ ਸਾਊਦੀ ਨਾਗਰਿਕਤਾ ਦੇ ਦਿੱਤੀ ਗਈ।

ਸੋਫੀਆ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਲੋਕਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਦੇਸ਼ ਵਿੱਚ ਕਿਉਂ ਕਿਸੇ ਰੋਬੋਟ ਨੂੰ ਔਰਤਾਂ ਨਾਲੋਂ ਵੱਧ ਅਧਿਕਾਰ ਮਿਲੇ ਹਨ।

ਹੌਂਗ ਕੌਂਗ ਦੀ ਕੰਪਨੀ ਹਨਸਨ ਰੋਬੋਟਿਕਸ ਵੱਲੋਂ ਬਣਾਈ ਗਈ ਰੋਬੋਟ ਸੋਫੀਆ ਨੇ ਅੰਗਰੇਜ਼ੀ ਵਿੱਚ ਸੰਬੋਧਨ ਕੀਤਾ ਅਤੇ ਉਹ ਵੀ ਬਿਨਾ ਹਿਜਾਬ ਪਾਏ, ਜੋ ਕਿ ਸਾਊਦੀ ਔਰਤਾਂ ਲਈ ਜਨਤਕ ਥਾਵਾਂ 'ਤੇ ਪਾਉਣਾ ਲਾਜ਼ਮੀ ਹੈ।

ਉਸ ਨੇ ਕਿਹਾ, "ਮੈਨੂੰ ਵਿਲੱਖਣ ਦਿੱਖ 'ਤੇ ਮਾਣ ਹੈ, ਇਹ ਬਹੁਤ ਹੀ ਇਤਿਹਾਸਕ ਹੈ ਕਿ ਮੈਂ ਦੁਨੀਆਂ ਦੀ ਪਹਿਲੀ ਰੋਬੋਟ ਹਾਂ ਜਿਸ ਨੂੰ ਨਾਗਰਿਕ ਵਜੋਂ ਪਛਾਣ ਮਿਲ ਰਹੀ ਹੈ।"

ਐਲਾਨ ਹੋਣ ਤੋਂ ਬਾਅਦ ਪਹਿਲੇ 24 ਘੰਟਿਆਂ ਵਿੱਚ ਸਾਊਦੀ ਲੋਕਾਂ ਨੇ ਅਰਬੀ ਹੈਸ਼ਟੈਗ #Robot_With_Saudi_nationality ਨੂੰ ਕਰੀਬ 30 ਹਜ਼ਾਰ ਵਾਰ ਵਰਤਿਆ।

ਕਈਆਂ ਨੇ ਤਿੱਖੀ ਪ੍ਰਤੀਕਿਰਿਆ ਵੀ ਦਿੱਤੀ। ਅਰਬੀ ਹੈਸ਼ਟੈਗ #Sophia_calls_for_dropping_guardianship ਵੀ ਕਰੀਬ 10 ਹਜ਼ਾਰ ਵਾਰ ਵਰਤਿਆ ਗਿਆ।

ਸਾਊਦੀ ਕਨੂੰਨ ਤਹਿਤ ਹਰੇਕ ਔਰਤ ਨਾਲ ਜਨਤਕ ਥਾਵਾਂ 'ਤੇ ਇੱਕ ਪਰਿਵਾਰ ਦੇ ਮਰਦ ਦਾ ਹੋਣਾ ਲਾਜ਼ਮੀ ਹੈ।

ਇੱਕ ਟਵਿਟਰ ਯੂਜ਼ਰ ਨੇ ਲਿਖਿਆ, "ਸੋਫੀਆ ਕੋਲ ਕੋਈ ਸਰਪ੍ਰਸਤ ਨਹੀਂ ਹੈ, ਉਸ ਨੇ ਕੋਈ ਅਬਾਇਆ (ਹਿਜਾਬ) ਨਹੀਂ ਪਾਇਆ ਹੈ। ਅਜਿਹਾ ਕਿਵੇਂ ?"

ਉੱਥੇ ਹੀ ਦੂਜੇ ਨੇ ਇੱਕ ਰੋਬੋਟ ਦੀ ਤਸਵੀਰ ਜਿਸ ਵਿੱਚ ਇਸ ਦੇ ਮੂੰਹ ਦੇ ਕਾਲੇ ਰੰਗ ਦਾ ਹਿਜ਼ਾਬ ਅਤੇ ਬੁਰਕਾ ਪਾਇਆ ਹੈ 'ਤੇ ਲਿਖਿਆ, "ਕੁਝ ਸਮੇਂ ਬਾਅਦ ਸੋਫੀਆ ਕਿਵੇਂ ਦਿਖੇਗੀ।"

ਸੋਫੀਆ ਦੀ ਤੁਲਨਾ ਸਾਊਦੀ ਔਰਤਾਂ ਨਾਲ ਕਰਦੇ ਹੋਏ ਇਹਨਾਂ ਪੋਸਟਾਂ ਤੋਂ ਇਲਾਵਾ ਉਸ ਨੂੰ ਆਸਾਨੀ ਅਤੇ ਜਲਦੀ 'ਚ ਦਿੱਤੀ ਗਈ ਨਾਗਰਿਕਤਾ ਬਾਰੇ ਚਰਚਾ ਵੀ ਕੀਤੀ ਗਈ ਹੈ।

ਪੱਤਰਕਾਰ ਮੁਰਤਜ਼ਾ ਹੁਸੈਨ ਨੇ ਲਿਖਿਆ, "ਇਸ ਰੋਬੋਟ ਨੂੰ ਉਨ੍ਹਾਂ ਕਫ਼ਾਲਾਂ ਵਰਕਰਾਂ ਤੋਂ ਪਹਿਲਾਂ ਸਾਊਦੀ ਨਾਗਰਿਕਤਾ ਦਿੱਤੀ ਗਈ ਹੈ, ਜੋ ਸਾਰੀ ਜ਼ਿੰਦਗੀ ਇਸ ਦੇਸ ਵਿੱਚ ਰਹੇ ਹਨ।"

ਸਾਊਦੀ ਕਨੂੰਨ ਤਹਿਤ ਵਿਦੇਸ਼ੀ ਵਰਕਰ ਆਪਣੀਆਂ ਕੰਪਨੀਆਂ ਦੀ ਮਰਜ਼ੀ ਬਗੈਰ ਮੁਲਕ ਨਹੀਂ ਛੱਡ ਸਕਦੇ।

ਰਿਸਪੌਂਡੈਂਡ ਲੈਬਾਨੀਸ ਯੂਕੇ ਪੱਤਰਕਾਰ ਕਰੀਮ ਚਾਹਾਇਬ ਕਹਿੰਦੇ ਹਨ, "ਇੱਕ ਮਨੁੱਖੀ ਰੋਬੋਟ ਸੋਫੀਆ ਨੂੰ ਸਾਊਦੀ ਨਾਗਰਿਕਤਾ ਮਿਲ ਗਈ ਹੈ, ਜਦ ਕਿ ਲੱਖਾਂ ਲੋਕ ਬਿਨਾ ਦੇਸ ਦੇ ਹਨ। ਕੀ ਸਮਾਂ ਆ ਗਿਆ ਹੈ?"

ਸਾਊਦੀ ਅਰਬ ਲਗਾਤਾਰਾ ਲੜੀਵਾਰ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਔਰਤਾਂ ਨੂੰ ਸਾਊਦੀ ਅਰਬ ਦੇ ਕੌਮੀ ਦਿਹਾੜੇ 'ਚ ਹਿੱਸਾ ਲੈਣ ਦੀ ਇਜ਼ਾਜਤ ਸੀ, ਅਤੇ ਚਿਰਾਂ ਤੋਂ ਲੱਗਾ ਔਰਤਾਂ ਦੀ ਡਰਾਇਵਿੰਗ 'ਤੇ ਬੈਨ ਵੀ ਸਤੰਬਰ 'ਚ ਹਟਾ ਦਿੱਤਾ ਗਿਆ ਹੈ।