ਦਸਤਾਰ ਮਾਮਲਾ: ਕੈਪਟਨ ਅਮਰਿੰਦਰ ਨੇ ਟਵੀਟ ਕਰ ਕੀਤੀ ਜਾਂਚ ਦੀ ਮੰਗ

ਅਮਰੀਕਾ 'ਚ ਸਿੱਖ ਵਿਦਿਆਰਥੀ ਨੂੰ ਫੁੱਟਬਾਲ ਟੀਮ 'ਚੋਂ ਦਸਤਾਰ ਪਾਉਣ ਕਰਕੇ ਬਾਹਰ ਕੱਢਣ ਦੀਆਂ ਖ਼ਬਰਾਂ ਤੋਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਦੀ ਮੰਗ ਕੀਤੀ ਹੈ।

ਕੈਪਟਨ ਅਮਰਿੰਦਰ ਨੇ ਇਸ ਗੱਲ ਦੀ ਨਿੰਦਾ ਕੀਤੀ ਹੈ।

ਇੱਕ ਟਵੀਟ 'ਚ ਉਨ੍ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਾਮਲੇ ਸਬੰਧੀ ਜਾਂਚ ਕਰਨ ਅਤੇ ਅਮਰੀਕਾ ਨਾਲ ਗੱਲਬਾਤ ਕਰਨ ਦੀ ਗੁਜ਼ਾਰਿਸ਼ ਕੀਤੀ ਹੈ।

ਇਹ ਵਿਦਿਆਰਥੀ ਉੱਥੇ ਮਾਰਪਨ ਸਕੂਲ 'ਚ ਪੜ੍ਹਦਾ ਸੀ।

ਸਿੱਖ ਪ੍ਰੋਫੈਸਰ ਦਾ ਫੇਡਰੇਸ਼ਨ ਨੂੰ ਸਵਾਲ

ਇਸ ਮਾਮਲੇ 'ਚ ਇੱਕ ਸਿੱਖ ਪ੍ਰੋਫੈਸਰ ਸਿਮਰਨ ਜੀਤ ਸਿੰਘ ਨੇ ਸਟੇਟ ਹਾਈ ਸਕੂਲ ਦੀ ਨੈਸ਼ਨਲ ਫੇਡਰੇਸ਼ਨ ਨੂੰ ਟਵੀਟ ਕੀਤਾ ਹੈ।

ਸਿਮਰਨ ਨੇ ਆਪਣੇ ਟਵੀਟ 'ਚ ਕਿਹਾ ਕਿ ਫੇਡਰੇਸ਼ਨ ਨੂੰ ਸਾਰੀਆਂ ਖੇਡਾਂ 'ਚ ਹਰ ਪਿਛੋਕੜ ਦੇ ਵਿਦਿਆਰਥੀਆਂ ਨੂੰ ਧਿਆਨ 'ਚ ਰੱਖ ਕੇ ਨਿਯਮਾਂ 'ਚ ਬਦਲਾਅ ਲਿਆਉਣਾ ਚਾਹੀਦਾ ਹੈ।

ਸਿਮਰਨ ਜੀਤ ਸਿੰਘ ਦੇ ਇਸ ਟਵੀਟ 'ਤੇ ਫੇਡਰੇਸ਼ਨ ਨੇ ਵੀ ਟਵੀਟ ਕਰਕੇ ਆਪਣਾ ਪੱਖ ਰੱਖਿਆ।

ਫੇਡਰੇਸ਼ਨ ਨੇ ਲਿਖਿਆ ਕਿ ਉਨ੍ਹਾਂ ਵੱਲੋਂ ਫੁੱਟਬਾਲ ਖੇਡਣ ਨੂੰ ਲੈ ਕੇ ਧਾਰਮਿਕ ਚਿੰਨ੍ਹ ਦਸਤਾਰ ਸਬੰਧੀ ਕੋਈ ਬੈਨ ਨਹੀਂ ਹੈ।

ਪੇਂਸਲਵੇਨੀਆ ਦਾ ਮਾਮਲਾ

ਨਿਊਜ਼ ਅਜੰਸੀ ਪੀਟੀਆਈ ਦੇ ਮੁਤਾਬਕ ਅਮਰੀਕਾ ਵਿੱਚ ਇੱਕ ਸਿੱਖ ਵਿਦਿਆਰਥੀ ਨੂੰ ਫੁੱਟਬਾਲ ਮੈਚ 'ਚੋਂ ਕਥਿਤ ਤੌਰ ਤੇ ਇਸ ਕਰ ਕੇ ਬਾਹਰ ਕੱਢਿਆ ਗਿਆ ਕਿਊਂਕਿ ਉਸ ਨੇ ਦਸਤਾਰ ਪਾਈ ਹੋਈ ਸੀ।

ਮਾਮਲਾ ਅਮਰੀਕਾ ਦੇ ਪੇਂਸਲਵੇਨੀਆ ਸੂਬੇ ਦਾ ਹੈ।

ਪੇਂਸਲਵੇਨੀਆ 'ਚ ਹਾਈ ਸਕੂਲ ਪੱਧਰ ਦੀਆਂ ਟੀਮਾਂ ਦਾ ਫੁੱਟਬਾਲ ਮੈਚ ਹੋ ਰਿਹਾ ਸੀ।

ਰੈਫ਼ਰੀ ਨੇ ਦਿੱਤਾ ਨਿਯਮਾਂ ਦਾ ਹਵਾਲਾ

ਪੀਟੀਆਈ ਦੇ ਮੁਤਾਬਕ, ਇਸ ਬਾਬਤ ਰੈਫ਼ਰੀ ਨੇ ਨੈਸ਼ਨਲ ਫੇਡਰੇਸ਼ਨ ਆਫ਼ ਹਾਈ ਸਕੂਲ ਸੌਕਰ ਦੇ ਨਿਯਮਾਂ ਦਾ ਹਵਾਲਾ ਵੀ ਦਿੱਤਾ।

ਫੇਡਰੇਸ਼ਨ ਮੁਤਾਬਿਕ ਕੁਝ ਅਜਿਹਾ ਸਮਾਨ ਹੈ ਜਿਹੜਾ ਖਿਡਾਰੀ ਆਪਣੇ ਨਾਲ ਮੈਦਾਨ 'ਚ ਲੈ ਕੇ ਨਹੀਂ ਜਾ ਸਕਦਾ।

ਸਕੂਲ ਦੇ ਅਧਿਕਾਰੀਆਂ ਨੇ ਇਸ ਘਟਨਾ ਦੀ ਜਾਂਚ ਦਾ ਹੁਕਮ ਦੇ ਦਿੱਤਾ ਹੈ।

ਸਕੂਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਫੇਡਰੇਸ਼ਨ ਦਾ ਕੋਈ ਅਜਿਹਾ ਨਿਯਮ ਨਹੀਂ ਹੈ ਜਿਹੜਾ ਖਿਡਾਰੀ ਨੂੰ ਧਰਮ ਨਾਲ ਜੁੜੀਆਂ ਵਸਤਾਂ ਪਹਿਨਣ ਤੋਂ ਰੋਕੇ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)