ਸਾਊਦੀ ਅਰਬ 'ਚ ਹੁਣ ਔਰਤਾਂ ਵੀ ਜਾ ਸਕਣਗੀਆਂ ਸਟੇਡੀਅਮ

ਸਾਊਦੀ ਅਰਬ ਅਧਿਕਾਰੀਆਂ ਮੁਤਾਬਕ ਔਰਤਾਂ ਨੂੰ ਪਹਿਲੀ ਵਾਰ ਅਗਲੇ ਸਾਲ ਤੋਂ ਸਟੇਡੀਅਮ ਵਿੱਚ ਜਾ ਕੇ ਖੇਡਾਂ ਦਾ ਆਨੰਦ ਲੈਣ ਦੀ ਇਜ਼ਾਜਤ ਮਿਲ ਜਾਵੇਗੀ।

ਤਿੰਨ ਵੱਡੇ ਸ਼ਹਿਰਾਂ ਰਿਆਧ, ਜਿੱਦਾਹ ਅਤੇ ਦਮੰਮ ਵਿੱਚ ਪਰਿਵਾਰ ਸਟੇਡੀਅਮ 'ਚ ਦਾਖ਼ਲ ਹੋ ਸਕਣਗੇ।

ਸਾਊਦੀ ਅਰਬ 'ਚ ਜਿੱਥੇ ਔਰਤਾਂ ਸਖ਼ਤ ਲਿੰਗ ਭੇਦ ਦੇ ਕਨੂੰਨਾਂ ਦੀ ਪਾਲਣਾ ਕਰਨ ਲਈ ਮਜਬੂਰ ਹੁੰਦੀਆਂ ਹਨ, ਉੱਥੇ ਹੀ ਉਨ੍ਹਾਂ ਨੂੰ ਦਿੱਤੀ ਜਾ ਰਹੀ ਅਜ਼ਾਦੀ ਵੱਲ ਇਹ ਇੱਕ ਹੋਰ ਉਦਮੀ ਕਦਮ ਹੈ।

ਇਸ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਡਰਾਇਵਿੰਗ ਦਾ ਅਧਿਕਾਰ ਇੱਕ ਇਤਿਹਾਸਕ ਉਪਰਾਲਾ ਸੀ।

ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਸਾਊਦੀ ਅਰਬ ਦੇ ਆਧੁਨਿਕੀਕਰਨ ਅਤੇ ਦੇਸ ਦੇ ਆਰਥਿਕਤਾ ਦੇ ਗ੍ਰਾਫ ਨੂੰ ਵਧਾਉਣ ਲਈ ਇੱਕ ਮੁਹਿੰਮ ਚਲਾ ਰਹੇ ਹਨ।

ਸਾਊਦੀ ਅਰਬ ਦੀ ਖੇਡ ਅਥੌਰਿਟੀ ਨੇ ਕਿਹਾ ਹੈ ਕਿ ਸ਼ੁਰੂਆਤ ਤਿੰਨ ਸਟੇਡੀਅਮਾਂ 'ਚ ਹੋ ਸਕਦੀ ਹੈ ਤਾਂ ਜੋ 2018 ਤੋਂ ਇਹਨਾਂ ਨੂੰ ਪਰਿਵਾਰਾਂ ਨੂੰ ਬਿਠਾਉਣ ਲਾਇਕ ਕੀਤਾ ਜਾ ਸਕੇ।

ਬਦਲਾਅ ਵਜੋਂ ਰੈਸਟੋਰੈਂਟ, ਕਾਫੀ ਹਾਊਸ ਅਤੇ ਨਿਗਰਾਨੀ ਸਕਰੀਨਾਂ ਨੂੰ ਸਟੇਡੀਅਮ ਦੇ ਵਿੱਚ ਹੀ ਸਥਾਪਿਤ ਕੀਤਾ ਜਾਵੇਗਾ। ਹੁਣ ਤੱਕ ਇਹ ਖੋਤਰ ਪੁਰਸ਼ਾਂ ਮੁਤਾਬਕ ਹੀ ਸਨ।

ਦਰਅਸਲ ਇਹ ਸੁਧਾਰ 32 ਸਾਲਾ ਪ੍ਰਿੰਸ ਮੁਹੰਮਦ ਵੱਲੋਂ ਐਲਾਨੇ ਇੱਕ ਮੁਹਿੰਮ ਮੁਤਾਬਕ ਹਨ ਜੋ "ਵਿਜ਼ਨ 2023" ਵਜੋਂ ਜਾਣੇ ਜਾਂਦੇ ਹਨ।

ਪਿਛਲੇ ਮਹੀਨੇ ਇੱਕ ਸ਼ਾਹੀ ਫਰਮਾਨ ਨੇ ਕਿਹਾ ਕਿ ਔਰਤਾਂ ਨੂੰ ਅਗਲੇ ਜੂਨ ਤੋਂ ਪਹਿਲੀ ਵਾਰ ਗੱਡੀ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਸੰਗੀਤ ਸਮਾਗਮਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਸਿਨੇਮਾ ਦੀ ਵੀ ਜਲਦੀ ਵਾਪਸੀ ਦੀ ਆਸ ਹੈ।

ਪ੍ਰਿੰਸ ਮੁਹੰਮਦ ਦੇ ਕਿਹਾ ਕਿ "ਆਧੁਨਿਕ ਇਸਲਾਮ" ਦੀ ਵਾਪਸੀ ਉਨ੍ਹਾਂ ਦੀ ਦੇਸ ਨੂੰ ਆਧੁਨਿਕੀਕਰਨ ਦੀਆਂ ਯੋਜਨਾਵਾਂ ਦੀ ਕੁੰਜੀ ਸੀ।

ਜੋਖਮਾਂ ਭਰੀ ਮੁਹਿੰਮ

ਉਨ੍ਹਾਂ ਨੇ ਕਿਹਾ ਕਿ 70% ਸਾਊਦੀ ਆਬਾਦੀ 30 ਸਾਲ ਤੋਂ ਘੱਟ ਹੈ ਅਤੇ ਉਹ ਅਜੀਹਾ ਜੀਵਨ ਚਾਹੁੰਦੇ ਹੈ ਜਿਸ ਵਿੱਚ "ਸਾਡਾ ਧਰਮ ਵਿੱਚ ਸਹਿਣਸ਼ੀਲਤਾ ਹੋਵੇ"।

ਪਰ ਵਿਸ਼ਲੇਸ਼ਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਮੁਹਿੰਮ ਜੋਖ਼ਮਾਂ ਤੋਂ ਬਿਨਾ ਨਹੀਂ ਹੈ।

ਪਿਛਲੇ ਮਹੀਨੇ ਰਿਆਧ ਦੇ ਕਿੰਗ ਫਾਹਦ ਸਟੇਡੀਅਮ ਵਿੱਚ ਕੌਮੀ ਦਿਵਸ ਦੇ ਸਮਾਗਮਾਂ ਵਿਚ ਹਿੱਸਾ ਲੈਣ ਲਈ ਪਹਿਲੀ ਵਾਰ ਔਰਤਾਂ ਨੂੰ ਇਜ਼ਾਜਤ ਦੇਣ ਲਈ ਸੋਸ਼ਲ ਮੀਡੀਆ 'ਤੇ ਸਾਊਦੀ ਅਰਬ ਨੁੰ ਰੂੜੀਵਾਦੀਆਂ ਦੀ ਤਿੱਖੀ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ।

ਇਹਨਾਂ ਐਲਾਨਾਂ ਦੇ ਬਾਵਜੂਦ ਵੀ ਔਰਤਾਂ ਦੇਸ ਵਿੱਚ ਕਈ ਹੋਰ ਪਾਬੰਦੀਆਂ ਦਾ ਸਾਹਮਣਾ ਕਰ ਰਹੀਆਂ ਹਨ। ਜਿਸ ਨੂੰ ਸੁੰਨੀ ਇਸਲਾਮ ਦੇ ਸਖ਼ਤ ਰੂਪ ਵਾਹਾਬੀਜ਼ਮ ਵਜੋਂ ਜਾਣਿਆ ਜਾਂਦਾ ਹੈ।

ਔਰਤਾਂ ਨੂੰ ਵਿਸ਼ੇਸ਼ ਤਰ੍ਹਾਂ ਦੇ ਕੱਪੜੇ ਪਾਉਣੇ ਪੈਂਦੇ ਹਨ ਅਤੇ ਉਨ੍ਹਾਂ ਦਾ ਕਿਸੇ ਗ਼ੈਰ ਨਾਲ ਕੋਈ ਮੇਲ-ਜੋਲ ਨਹੀਂ ਹੋਣਾ ਚਾਹੀਦਾ ਹੈ।

ਜੇ ਉਹ ਯਾਤਰਾ ਕਰਨਾ, ਕੰਮ ਕਰਨਾ ਜਾਂ ਸਿਹਤ ਸੰਭਾਲ ਤੱਕ ਪਹੁੰਚਣਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਸਰਪ੍ਰਸਤ ਮਰਦ ਵਲੋਂ ਲਿਖਤੀ ਆਗਿਆ ਲੈਣੀ ਪੈਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)