You’re viewing a text-only version of this website that uses less data. View the main version of the website including all images and videos.
ਅਰਬ ਦਾ ਉਹ ਸ਼ਾਇਰ ਜੋ ਸ਼ਰਾਬ ਦਾ ਪੁਜਾਰੀ ਸੀ
ਸ਼ਰਾਬ ਅਤੇ ਸ਼ਬਦਾਂ ਦੀ ਜੁਗਲਬੰਦੀ ਜ਼ਬਰਦਸਤ ਹੁੰਦੀ ਹੈ। ਸ਼ਾਇਰੀ, ਸੰਗੀਤ ਜਾਂ ਕਵਿਤਾ ਦਾ ਅਜੀਬ ਕਾਕਟੇਲ ਦੇਖਣ ਨੂੰ ਮਿਲਦਾ ਹੈ।
ਇਸ ਗੱਲ ਦੀਆਂ ਅਣਗਿਣਤ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਗ਼ਾਲਿਬ ਹੋਣ ਜਾਂ ਫ਼ੈਜ਼ ਜਾਂ ਫਿਰ ਹਰੀਵੰਸ਼ ਰਾਏ ਬੱਚਨ। ਪੱਛਮੀ ਦੁਨੀਆ 'ਚ ਰੋਮ ਦੇ ਕਵੀ ਹੋਰੇਸ ਵੀ ਸ਼ਰਾਬ ਦੇ ਜ਼ਬਰਦਸਤ ਸ਼ੌਕੀਨ ਸਨ।
ਆਓ ਤੁਹਾਡੀ ਜਾਣ-ਪਛਾਣ ਸ਼ਰਾਬ ਦੇ ਸ਼ੌਕੀਨ ਅਰਬੀ ਕਵੀ ਅਬੁ ਨੁਵਾਸ ਨਾਲ ਕਰਾਉਂਦੇ ਹਾਂ। ਅਬੁ ਨੁਵਾਸ ਸਾਊਦੀ ਅਰਬ ਵਿੱਚ ਉਸ ਵਕਤ ਪੈਦਾ ਹੋਏ, ਜਦੋਂ ਉੱਥੇ ਅੱਬਾਸੀ ਖ਼ਲੀਫ਼ਿਆਂ ਦਾ ਰਾਜ ਸੀ।
ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀਆਂ ਕਵਿਤਾਵਾਂ ਜਾਂ ਖਮੀਰਿਅਤ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ਹੈ।
ਅਬੁ ਨੁਵਾਸ ਇਸਲਾਮਿਕ ਦੁਨੀਆ ਦੇ ਸਭ ਤੋਂ ਵਿਵਾਦਿਤ ਕਵੀ ਸਨ। ਸ਼ਰਾਬ ਨੂੰ ਲੈ ਕੇ ਉਨ੍ਹਾਂ ਦੀ ਨਜ਼ਮਾਂ ਦਾ ਅਨੁਵਾਦ ਏਲੇਕਸ ਰਵੇਲ ਨੇ ਕੀਤਾ ਹੈ। ਜਿਸ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਝੂਮਣ ਦੇ ਕਿੱਸੇ ਹਨ।
ਇਹਨਾਂ ਨਜ਼ਮਾਂ ਵਿੱਚ ਜਸ਼ਨ, ਬਹਾਰਾਂ, ਮਜ਼ੇ, ਜਵਾਨੀ ਤੋਂ ਲੈ ਕੇ ਅਬੁ ਨੁਵਾਸ ਦੀਆਂ ਸਮਲਿੰਗਕਤਾ ਦਾ ਲੁਤਫ਼ ਲੈਣ ਵਾਲਿਆਂ ਦੇ ਕਿੱਸੇ ਵੀ ਹਨ।
ਅਬੁ ਨੁਵਾਸ ਦੀਆਂ ਨਜ਼ਮਾਂ ਦਾ ਅਨੁਵਾਦ ਕਰਨ ਵਾਲੇ ਏਲੇਕਸ ਰਾਵੇਲ ਸਾਊਦੀ ਅਰਬ ਵਿੱਚ ਪੈਦਾ ਹੋਏ ਸਨ। ਪਰ ਉਨ੍ਹਾਂ ਦੀ ਪਰਵਰਿਸ਼ ਸੰਯੁਕਤ ਅਰਬ ਅਮਰਾਤ ਵਿੱਚ ਹੋਈ।
ਉਹ ਇੱਕ ਬਰਤਾਨਵੀ ਪੱਤਰਕਾਰ ਅਤੇ ਅਨੁਵਾਦਕ ਹਨ। ਉਨ੍ਹਾਂ ਨੇ ਅਰਬੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਲਈ ਅਬੁ ਨੁਵਾਸ ਦੀਆਂ ਨਜ਼ਮਾਂ ਦਾ ਅਨੁਵਾਦ ਕਰਨਾ ਸ਼ੁਰੂ ਕੀਤਾ ਸੀ।
ਅਰਬ ਦੇਸ਼ਾਂ ਦੇ ਹੋਰ ਮਸ਼ਹੂਰ ਕਵੀਆਂ ਜਿਵੇਂ ਉਮਰ ਖਇਯਾਮ ਜਾਂ ਖਲੀਲ ਜਿਬਰਾਨ ਦੇ ਮੁਕਾਬਲੇ ਅਬੁ ਨੁਵਾਸ ਦਾ ਨਾਮ ਅੱਜ ਕੋਈ ਨਹੀਂ ਜਾਣਦਾ।
ਏਲੇਕਸ ਰਾਵੇਲ ਨੇ ਸ਼ਾਨਦਾਰ ਕਾਫ਼ੀਆਬੰਦੀ ਕਰਦੇ ਹੋਏ ਅਬੁ ਨੁਵਾਸ ਦੀਆਂ ਨਜ਼ਮਾਂ ਦਾ ਸ਼ਾਨਦਾਰ ਅਨੁਵਾਦ ਕੀਤਾ ਹੈ। ਉਨ੍ਹਾਂ ਦੀ ਕਿਤਾਬ ਦਾ ਨਾਮ ਹੈ 'ਵਿੰਟੇਜ ਹਿਊਮਰ: ਦ ਇਸਲਾਮੀਕ ਵਾਇਨ ਪੋਏਟਰੀ ਆਫ ਅਬੁ ਨੁਵਾਸ'।
ਰਾਵੇਲ ਕਹਿੰਦੇ ਹਨ ਕਿ ਲੋਕ ਅਬੁ ਨੁਵਾਸ ਨੂੰ ਨਾ ਸਿਰਫ ਸਿਆਣਨਗੇ, ਸਗੋਂ ਉਨ੍ਹਾਂ ਦੀ ਨਜ਼ਮਾਂ ਦਾ ਮਜ਼ਾ ਵੀ ਲੈਣਗੇ।
ਅਬੁ ਨੁਵਾਸ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਉਹ ਆਪਣੇ ਦੌਰ ਵਿੱਚ ਅਕਸਰ ਧਾਰਮਿਕ ਬਹਿਸਾਂ ਵਿੱਚ ਸ਼ਾਮਿਲ ਹੋਇਆ ਕਰਦੇ ਸਨ। ਉਹ ਇਸਲਾਮ ਦਾ ਸ਼ੁਰੂਆਤੀ ਦੌਰ ਸੀ।
ਆਪਣੀ ਜ਼ਿਆਦਾਤਰ ਕਵਿਤਾਵਾਂ ਵਿੱਚ ਉਹ ਕੱਟੜ ਮੁਸਲਮਾਨਾਂ ਦੇ ਖ਼ਿਲਾਫ਼ ਲਿਖਦੇ ਵਿਖਾਈ ਦਿੰਦੇ ਹਨ। ਕੱਟੜਪੰਥੀ ਉਨ੍ਹਾਂ ਦੀ ਗੱਲਾਂ ਨੂੰ ਹਰਾਮ ਕਹਿੰਦੇ ਸਨ।
ਇੱਕ ਹੋਰ ਕਵਿਤਾ ਵਿੱਚ ਅਬੁ ਨੁਵਾਸ ਸ਼ਰਾਬ ਛੱਡਣ ਦੇ ਮਸ਼ਵਰੇ ਦਾ ਮਖ਼ੌਲ ਉਡਾਉਂਦੇ ਹਨ। ਉਹ ਲਿਖਦੇ ਹਨ ਕਿ ਜਦੋਂ ਅੱਲ੍ਹਾ ਨੇ ਇਸ ਨੂੰ ਨਹੀਂ ਛੱਡਿਆ ਤਾਂ ਮੈਂ ਕਿਵੇਂ ਸ਼ਰਾਬ ਛੱਡ ਦਿਆਂ।
ਸਾਡੇ ਖ਼ਲੀਫ਼ਾ ਸ਼ਰਾਬ ਦੇ ਸ਼ੌਕੀਨ ਹਨ ਤਾਂ ਮੈਂ ਇਸ ਨੂੰ ਕਿਉਂ ਛੱਡਾਂ।
ਇਸਲਾਮ ਦੇ ਪੰਜ ਬੁਨਿਆਦੀ ਅਸੂਲਾਂ ਵਿੱਚੋਂ ਇੱਕ ਹੱਜ ਉੱਤੇ ਜਾਣ 'ਤੇ ਸਾਫ਼ ਇਨਕਾਰ ਕਰ ਕੇ ਅਬੁ ਨੁਵਾਸ ਖੁੱਲ ਕੇ ਆਪਣੇ ਬਗਾਵਤੀ ਤੇਵਰ ਦਾ ਇਜ਼ਹਾਰ ਕਰਦੇ ਹਨ।
ਅਬੁ ਨੁਵਾਸ ਦੀਆਂ ਕਵਿਤਾਵਾਂ ਦੇ ਮਾਹਿਰ ਮੰਨੇ ਜਾਣ ਵਾਲੇ ਫਿਲਿਪ ਕੈਨੇਡੀ ਨੇ ਏਲੇਕਸ ਰਾਵੇਲ ਨੂੰ ਚੁਨੌਤੀ ਦਿੱਤੀ ਹੈ। ਕੈਨੇਡੀ ਕਹਿੰਦੇ ਹਨ ਕਿ ਅਬੁ ਨੁਵਾਸ ਦੇ ਇਸ ਅਨੁਵਾਦ ਨੂੰ ਇਸਲਾਮਿਕ ਦੱਸਣ ਉੱਤੇ ਕਾਫ਼ੀ ਜ਼ੋਰ ਦਿੱਤਾ ਗਿਆ ਹੈ।
ਕੈਨੇਡੀ ਦੇ ਮੁਤਾਬਿਕ ਅਬੁ ਨੁਵਾਸ ਦੀਆਂ ਕਵਿਤਾਵਾਂ ਵਿੱਚ ਈਸਾਈ, ਯਹੂਦੀ ਅਤੇ ਪਾਰਸੀ ਪਰੰਪਰਾਵਾਂ ਦਾ ਵੀ ਮੇਲ ਹੈ। ਈਸਾਈ ਅਤੇ ਯਹੂਦੀ ਕਵਿਤਾਵਾਂ ਵਿੱਚ ਵੀ ਸ਼ਰਾਬ ਅਤੇ ਸ਼ਰਾਬ ਖ਼ਾਨਿਆਂ ਦਾ ਜ਼ਿਕਰ ਹੈ।
ਇਸ ਤਰ੍ਹਾਂ ਹੀ ਇੱਕ ਕਵੀ ਹਨ ਉਮਰ ਖਇਯਾਮ। ਉਨ੍ਹਾਂ ਦੀ ਫ਼ਾਰਸੀ ਰੁਬਾਇਯਾਂ ਸਦੀਆਂ ਤੋਂ ਯੂਰਪ ਦੇ ਲੋਕਾਂ ਨੂੰ ਭਾਉਂਦੀਆਂ ਰਹੀਆਂ ਹਨ।
ਇਸਲਾਮਿਕ ਸਾਹਿਤ ਵਿੱਚ ਅਬੁ ਨੁਵਾਸ ਦੇ ਯੋਗਦਾਨ ਨੂੰ ਨਕਾਰਨਾ ਉਨ੍ਹਾਂ ਦੇ ਨਾਲ ਨਾਇਨਸਾਫ਼ੀ ਹੋਵੇਗੀ। ਕੈਨੇਡੀ ਕਹਿੰਦੇ ਹਨ ਕਿ ਅੱਜ ਬਹੁਤ ਸਾਰੇ ਲੋਕ ਅਬੁ ਨੁਵਾਸ ਦਾ ਜ਼ਿਕਰ ਕਰਨ ਤੋਂ ਵੀ ਕਤਰਾਉਂਦੇ ਹਨ।
ਅਰਬ ਦੇਸ਼ਾਂ ਵਿੱਚ ਅਬੁ ਨੁਵਾਸ ਦੀ ਹੋਂਦ ਨੂੰ ਪੂਰੀ ਤਰ੍ਹਾਂ ਨਕਾਰਿਆ ਨਹੀਂ ਜਾਂ ਸਕਦਾ। ਅਰਬੀ ਭਾਸ਼ਾ 'ਤੇ ਅਬੁ ਨੁਵਾਸ ਦੀ ਪਕੜ ਸ਼ਾਨਦਾਰ ਹੈ।
ਕਿਹਾ ਜਾਂਦਾ ਹੈ ਕਿ ਜਦੋਂ ਸੰਨ 814 ਵਿੱਚ ਅਬੁ ਨੁਵਾਸ ਦੀ ਮੌਤ ਹੋਈ ਤਾਂ ਉਸ ਵੇਲੇ ਦੇ ਖ਼ਲੀਫ਼ਾ ਅਲ ਮਾਮੂਨ ਨੇ ਕਿਹਾ ਕਿ ਸਾਡੇ ਦੌਰ ਦੀ ਇੱਕ ਦਿਲਕਸ਼ ਰੂਹ ਵਿਦਾ ਹੋ ਗਈ ਹੈ।