You’re viewing a text-only version of this website that uses less data. View the main version of the website including all images and videos.
ਬਲਾਗ: ਜੇ ਅਕਬਰ ਦੇ ਜ਼ਮਾਨੇ ਵਿੱਚ ਕਰਣੀ ਸੈਨਾ ਹੁੰਦੀ...
- ਲੇਖਕ, ਵੁਸਤੁੱਲਾਹ ਖ਼ਾਨ
- ਰੋਲ, ਪਾਕਿਸਤਾਨ ਤੋਂ, ਬੀਬੀਸੀ ਹਿੰਦੀ ਡੌਟਕੌਮ ਲਈ
ਕਰਣੀ ਸੈਨਾ ਨੂੰ ਕਰਨ ਵਾਸਤੇ ਬਹੁਤ ਸਾਰਾ ਕੰਮ ਹੁੰਦਾ ਜੇ ਉਹ ਬੱਸ 500 ਸਾਲ ਪਹਿਲਾਂ ਅਕਬਰ ਜਾਂ ਫ਼ਿਰ ਜਹਾਂਗੀਰ ਦੇ ਜ਼ਮਾਨੇ ਵਿੱਚ ਮੌਜੂਦ ਹੁੰਦੀ।
ਉਸਦੇ ਕੋਲ ਅਕਬਰ ਦੇ ਨੌ-ਰਤਨਾਂ ਵਿੱਚੋਂ ਇੱਕ ਆਮੇਰ ਦੇ ਰਾਜਾ ਮਾਨ ਸਿੰਘ ਅੱਵਲ ਸਣੇ ਬਹੁਤ ਸਾਰੇ ਰਾਜਪੂਤ ਸ਼ਹਿਜ਼ਾਦਿਆਂ ਅਤੇ ਸ਼ਹਿਜ਼ਾਦੀਆਂ ਦੇ ਖਿਲਾਫ਼ ਅੰਦੋਲਨ ਸ਼ੁਰੂ ਕਰਨ ਦਾ ਸੁਨਹਿਰਾ ਮੌਕਾ ਹੁੰਦਾ।
ਜੋਧਪੁਰ, ਬੀਕਾਨੇਰ, ਜੈਸਲਮੇਰ ਦੇ ਪਰਿਵਾਰਾਂ ਨੂੰ ਮੁਗਲਾਂ ਤੋਂ ਰਿਸ਼ਤੇਦਾਰੀ ਕਰਨ ਤੋਂ ਰੋਕਦੇ।
ਅੱਜ ਨਾ ਮੁਗਲ ਰਹੇ ਅਤੇ ਨਾ ਹੀ ਮੁਗਲਾਂ ਦੇ ਸਾਥੀ ਜਾਂ ਰਾਜਪੂਤ ਦੁਸ਼ਮਣ। ਰਾਜਪੂਤ ਗੈਰਤ ਨੂੰ ਸੰਜੇ ਲੀਲਾ ਭੰਸਾਲੀ ਵਰਗੇ ਮਰਾਠਾ 'ਤੇ ਅਜ਼ਮਾਉਣਾ ਅਤੇ ਦੀਪਿਕਾ ਪਾਦੁਕੋਣ ਦੀ ਨੱਕ ਕੱਟਣ ਦੀ ਧਮਕੀ ਅਤੇ ਸਿਰ ਦੀ ਕੀਮਤ ਲਾ ਕੇ ਗੈਰਤ ਦੀ ਪਬਲੀਸਿਟੀ ਕਰਨਾ ਕਿੰਨਾ ਸੌਖਾ ਹੋ ਗਿਆ ਹੈ।
ਪਾਕਿਸਤਾਨ ਵਿੱਚ...
ਪਰ ਇਹ ਭਾਰਤੀਆਂ ਦਾ ਆਪਸੀ ਮਾਮਲਾ ਹੈ, ਅਸੀਂ ਤਾਂ ਆਪਣੀ ਹੀ ਕਹਿ ਸਕਦੇ ਹਾਂ।
ਜਦੋਂ ਪਾਕਿਸਤਾਨ ਵਿੱਚ ਪਹਿਲੀ ਪਸ਼ਤੋ ਫਿਲਮ 'ਯੂਸੁਫ਼ ਖ਼ਾਨ ਸ਼ੇਰਬਾਨੋ' 1969 ਵਿੱਚ ਰਿਲੀਜ਼ ਹੋਈ ਤਾਂ ਪਸ਼ਤੂਨ ਗੈਰਤ ਨੂੰ ਨੀਲਾਮ ਕਰਵਾਉਣ 'ਤੇ ਬਵਾਲ ਹੋ ਗਿਆ।
ਕੁਝ ਹੀ ਵਕਤ ਤੋਂ ਬਾਅਦ ਇਹ ਹਾਲ ਹੋ ਗਿਆ ਕਿ ਇੱਕ ਸਾਲ ਤਾਂ ਅਜਿਹਾ ਵੀ ਗੁਜ਼ਰਿਆ ਕਿ ਲੌਲੀਵੁਡ (ਲਾਹੌਰ ਦਾ ਫ਼ਿਲਮ ਇੰਡਸਟਰੀ) ਵਿੱਚ ਪਸ਼ਤੋਂ ਫਿਲਮਾਂ ਪੰਜਾਬੀ ਤੇ ਉਰਦੂ ਤੋਂ ਵੀ ਵੱਧ ਬਣ ਗਈਆਂ।
ਬਲੌਚੀ ਫਿਲਮ
ਸਾਲ 1976 ਵਿੱਚ ਇੱਕ ਬਲੋਚ ਅਦਾਕਾਰ ਅਨਵਰ ਇਕਬਾਲ ਨੇ ਆਪਣੀ ਜੇਬ ਤੋਂ ਪਹਿਲੀ ਬਲੌਚੀ ਫਿਲਮ 'ਹੱਮਾਲ ਓ ਮਾਹਗੰਜ' ਬਣਾਈ।
ਜਿਵੇਂ ਅੱਜ ਪਦਮਾਵਤੀ ਦੀ ਰਿਲੀਜ ਤੋਂ ਪਹਿਲਾਂ ਘਮਸਾਣ ਮਚਿਆ ਹੋਇਆ ਹੈ, ਬਿਲਕੁਲ ਅਜਿਹਾ ਹੀ 'ਹੱਮਾਲ ਓ ਮਾਹਗੰਜ' ਦੀ ਰਿਲੀਜ਼ ਤੋਂ ਪਹਿਲਾਂ ਹੋਇਆ ਸੀ।
ਉਦੋਂ ਕਰਾਚੀ ਦੀਆਂ ਦੀਵਾਰਾਂ 'ਤੇ ਥਾਂ-ਥਾਂ 'ਤੇ ਲਿਖਿਆ ਗਿਆ ਕਿ 'ਬਲੋਚੀ ਫਿਲਮ ਚੱਲੇਗੀ ਤਾਂ ਸਿਨੇਮਾ ਸੜੇਗਾ'।
ਇਹ ਫਿਲਮ ਕਰਾਚੀ ਵਿੱਚ ਆਸਿਫ਼ ਅਲੀ ਜ਼ਰਦਾਰੀ ਦੇ ਪਿਤਾ ਹਾਕਿਮ ਅਲੀ ਜ਼ਰਦਾਰੀ ਦੇ ਸਿਨੇਮੇ 'ਹੋਲੀ ਬੋਮਬੀਨੋ' ਵਿੱਚ ਰਿਲੀਜ਼ ਹੋਣੀ ਸੀ।
ਪਰ ਗੈਰਤਮੰਦ ਬਲੋਚਾਂ ਨੇ ਸਿਨੇਮਾਹਾਲ ਨੂੰ ਘੇਰਾ ਪਾ ਲਿਆ। ਉਹ ਫਿਲਮ ਡਿੱਬੇ ਵਿੱਚ ਬੰਦ ਹੋ ਕੇ ਰਹਿ ਗਈ।
ਕੋਈ ਸੁਣਨ ਨੂੰ ਤਿਆਰ ਨਹੀਂ ਸੀ ਕਿ ਫਿਲਮ ਦੀ ਕਹਾਣੀ ਪੁਰਤਗਾਲੀ ਸਮਰਾਜ ਦੇ ਬਲੋਚਿਸਤਾਨ 'ਤੇ ਹਮਲੇ ਦੇ ਖਿਲਾਫ ਬਲੋਚ ਸਰਦਾਰ ਮੀਰ ਹੱਮਲ ਦੀ ਲੜਾਈ ਦੀ ਕਹਾਣੀ ਹੈ ਅਤੇ ਉਸਨੇ ਕਿਸੇ ਹੋਰ ਨਾਲ ਨਹੀਂ ਬਲਕਿ ਇੱਕ ਬਲੋਚ ਕੁੜੀ ਨਾਲ ਹੀ ਇਸ਼ਕ ਕੀਤਾ ਸੀ।
ਗੈਰਤ ਨਹੀਂ ਸਿਆਸਤ
ਕਈ ਵਰ੍ਹਿਆਂ ਬਾਅਦ ਪਤਾ ਲੱਗਿਆ ਕਿ ਇਹ ਗੈਰਤ ਦਾ ਨਹੀਂ ਬਲਕਿ ਸਿਆਸਤ ਦਾ ਮਾਮਲਾ ਸੀ।
ਜੋ ਬਲੋਚ ਭੁੱਟੋ ਦੀ ਪੀਪਲਜ਼ ਪਾਰਟੀ ਦੇ ਨਾਲ ਸੀ, ਉਨ੍ਹਾਂ ਨੂੰ ਇਸ ਫਿਲਮ ਤੋਂ ਕੋਈ ਇਤਰਾਜ਼ ਨਹੀਂ ਸੀ ਪਰ ਜੋ ਬਲੋਚ ਵਲੀ ਖ਼ਾਨ ਅਤੇ ਗੌਸ ਬਖਸ਼ ਦੀ ਲਾਲ ਸਲਾਮ ਵਾਲੀ ਆਵਾਮੀ ਪਾਰਟੀ ਵਿੱਚ ਸੀ, ਉਨ੍ਹਾਂ ਨੇ ਇਸ ਨੂੰ ਗੈਰਤ ਦਾ ਮਸਲਾ ਬਣਾ ਕੇ ਸਿਆਸਤ ਚਮਕਾਉਣ ਦੀ ਕੋਸ਼ਿਸ਼ ਕੀਤੀ।
ਇਹ ਅੰਦੋਲਨ ਸਭ ਤੋਂ ਜ਼ਿਆਦਾ ਕਰਾਚੀ ਤੇ ਬਲੋਚ ਬਹੁਗਿਣਤੀ ਇਲਾਕਾ ਲਿਆਰੇ ਦੇ ਨੌਜਵਾਨਾਂ ਨੇ ਚਲਾਇਆ ਸੀ।
ਅੱਜ 40 ਵਰ੍ਹਿਆਂ ਬਾਅਦ ਇਸੇ ਲਿਆਰੀ ਦੀ ਇੱਕ ਫਿਲਮ ਅਕਾਦਮੀ ਵਿੱਚ ਨਵੇਂ ਬਲੋਚ ਮੁੰਡੇ ਤੇ ਕੁੜੀਆਂ ਫਿਲਮ ਮੇਕਿੰਗ ਦੀ ਤਕਨੀਕ ਸਿੱਖ ਰਹੇ ਹਨ। ਛੋਟੀਆਂ-ਛੋਟੀਆਂ ਦਸਤਾਵੇਜ਼ੀ ਫਿਲਮਾਂ ਬਣਾ ਰਹੇ ਹਨ।
ਸਿਆਸੀ ਮੁੱਦਾ
ਇਨ੍ਹਾਂ ਵਿੱਚੋਂ ਤਾਂ ਇੱਕ ਦਸਤਾਵੇਜ਼ੀ ਫਿਲਮ ਜ਼ਾਬਰ' ਨੇ ਤਾਂ ਬਹਿਰੀਨ ਦੇ ਕੌਮਾਂਤਰੀ ਫਿਲਮ ਫੈਸਟੀਵਲ ਵਿੱਚ ਪਹਿਲਾ ਇਨਾਮ ਵੀ ਜਿੱਤ ਲਿਆ।
ਇਸੇ ਸਾਲ ਬਹਿਰੀਨ ਵਿੱਚ ਰਹਿਣ ਵਾਲੇ ਜਾਨ ਅਲ-ਬਲੂਸ਼ੀ ਨੇ 'ਜ਼ਰਾਬ' ਯਾਨੀ 'ਮ੍ਰਿਗਤ੍ਰਿਸ਼ਣਾ' ਦੇ ਨਾਂ ਨਾਲ ਪਹਿਲੀ ਬਲੋਚੀ ਫਿਲਮ ਬਣਾ ਤਾਂ ਲਈ ਹੈ।
ਨਵੀਂ ਬਲੋਚ ਪੀੜ੍ਹੀ ਇਹ ਫਿਲਮ ਦੇਖਣਾ ਵੀ ਚਾਹੁੰਦੀ ਹੈ ਪਰ ਬਲੋਚਿਸਤਾਨ ਦੇ ਅੱਜ ਦੇ ਮਾਹੌਲ ਵਿੱਚ ਕੋਈ ਸਿਨੇਮਾ ਹਾਲ ਇਸ ਨੂੰ ਲਗਾਉਣ ਲਈ ਤਿਆਰ ਨਹੀਂ ਹੈ।
ਮੁਫ਼ਤ ਵਿੱਚ ਪੁੱਛਗਿੱਛ ਹੋਵੇਗੀ, ਕੀ ਫਾਇਦਾ। ਤਾਂ ਫਿਰ ਗੈਰਤਮੰਦ ਕਰਣੀ ਸੈਨਾ ਬਾਲੀਵੁਡ ਦੇ ਖ਼ਰਾਬ ਮਾਹੌਲ ਵਿੱਚ ਕੰਮ ਕਰਨ ਵਾਲੀ ਰਾਜਪੂਤ ਕੁੜੀਆਂ 'ਤੇ ਕਦੋਂ ਰੋਕ ਲਗਾਉਣ ਵਾਲੀ ਹੈ।
ਗੈਰਤ ਨੂੰ ਇੱਕ ਇਤਿਹਾਸਕ ਤੇ ਸਿਆਸੀ ਮੁੱਦਾ ਬਣਾਉਣ ਤੋਂ ਬਾਅਦ ਅਗਲਾ ਕਦਮ ਤਾਂ ਇਹੀ ਹੋਣਾ ਚਾਹੀਦਾ ਸੀ ਨਾ!