You’re viewing a text-only version of this website that uses less data. View the main version of the website including all images and videos.
ਸਾਉਦੀ ਅਰਬ: 'ਗਲਤਫ਼ਹਿਮੀ ਹੈ ਕਿ ਅਸੀਂ ਮਰਦਾਂ ਦੇ ਹਿਸਾਬ ਨਾਲ ਚੱਲਦੀਆਂ ਹਾਂ'
ਸਾਊਦੀ ਅਰਬ ਵਿੱਚ ਔਰਤਾਂ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਊਂਦੀਆਂ ਹਨ, ਇਸ 'ਤੇ ਅਕਸਰ ਸਵਾਲ ਚੁੱਕੇ ਜਾਂਦੇ ਹਨ। ਇਸ ਵਿੱਚ ਕਿੰਨੀ ਸੱਚਾਈ ਹੈ ਕਿ ਇਹ ਦੇਸ ਔਰਤਾਂ ਲਈ ਸਖ਼ਤ ਹੈ?
ਹਾਲ ਹੀ ਵਿੱਚ ਸਾਊਦੀ ਅਰਬ ਦੀਆਂ ਔਰਤਾਂ ਨੂੰ ਗੱਡੀ ਚਲਾਉਣ ਦੀ ਇਜਾਜ਼ਤ ਮਿਲੀ ਸੀ ਜਿਸ ਫੈਸਲੇ ਨੂੰ ਪੂਰੀ ਦੁਨੀਆਂ ਨੇ ਸਰਾਹਿਆ।
ਹਾਲਾਂਕਿ ਔਰਤਾਂ ਮੁਤਾਬਕ ਇਹ ਕਾਫ਼ੀ ਪਹਿਲਾਂ ਹੋ ਜਾਣਾ ਚਾਹੀਦਾ ਸੀ।
ਸਾਊਦੀ ਅਰਬ ਦੀਆਂ ਕੁਝ ਕੁੜੀਆਂ ਨੇ ਇਸ ਮੁੱਦੇ 'ਤੇ ਬੀਬੀਸੀ ਦੀ ਟੀਮ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿਵੇਂ ਉਨ੍ਹਾਂ ਦਾ ਸਮਾਜ ਔਰਤਾਂ ਲਈ ਬਦਲ ਰਿਹਾ ਹੈ।
ਸੋਸ਼ਲ ਮੀਡੀਆ ਦੇ ਖ਼ੇਤਰ ਵਿੱਚ ਕੰਮ ਕਰਦੀ 25 ਸਾਲ ਦੀ ਬਾਯਨ ਨੇ ਦੱਸਿਆ, ''ਸਾਊਦੀ ਅਰਬ ਅਤੇ ਸਾਊਦੀ ਅਰਬ ਦੀਆਂ ਔਰਤਾਂ ਬਾਰੇ ਇੱਕ ਬਹੁਤ ਵੱਡੀ ਗਲਤਫ਼ਹਿਮੀ ਹੈ ਕਿ ਅਸੀਂ ਮਰਦਾਂ ਦੇ ਹਿਸਾਬ ਨਾਲ ਚੱਲਦੀਆਂ ਹਾਂ, ਪਰ ਇਹ ਸੱਚ ਨਹੀਂ।''
ਉਨ੍ਹਾਂ ਅੱਗੇ ਕਿਹਾ, ''ਖਾਣ-ਪੀਣ, ਫੈਸ਼ਨ, ਲਾਈਫਸਟਾਈਲ ਅਤੇ ਸੁੰਦਰਤਾ ਨਾਲ ਜੁੜੀ ਹਰ ਚੀਜ਼ 'ਤੇ ਮੈਂ ਗੱਲ ਕਰਦੀ ਹਾਂ।''
ਬਾਯਨ ਨੇ ਕਿਹਾ, ''ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਸੰਦੇਸ਼ ਦੇਣ ਵਾਲੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਹੀ ਸੰਦੇਸ਼ ਦਿੱਤਾ ਜਾਏ। ਸੋਸ਼ਲ ਮੀਡੀਆ ਇੱਕ ਸ਼ਕਤੀਸ਼ਾਲੀ ਹੱਥਿਆਰ ਹੈ।''
''ਉੱਥੇ ਔਰਤਾਂ ਇੱਕ ਦੂਜੇ ਨਾਲ ਗੱਲਾਂ ਕਰਦੀਆਂ ਹਨ, ਆਪਣੇ ਵਿਚਾਰ ਦੱਸਦੀਆਂ ਹਨ। ਅਸੀਂ ਕਿਸੇ ਵੀ ਮੁੱਦੇ 'ਤੇ ਖੁੱਲ੍ਹੀ ਸੋਚ ਰੱਖਦੇ ਹਾਂ। ਪਰ ਇਹ ਵੀ ਹੈ ਕਿ ਅਸੀਂ ਇਹ ਸਾਰਾ ਕੁਝ ਹੱਦਾਂ ਵਿੱਚ ਰਹਿ ਕੇ ਕਰਦੇ ਹਾਂ।''
24 ਸਾਲ ਦੀ ਸਾਰਾ ਕਹਿੰਦੀ ਹਨ,''ਸਾਊਦੀ ਅਰਬ ਵਿੱਚ ਬਦਲਾਅ ਦੀ ਰਫ਼ਤਾਰ ਨੂੰ ਸਮਝਣਾ ਸੌਖ਼ਾ ਨਹੀਂ। ਮੇਰੀ ਮਾਂ ਨੇ ਮੇਰੀ ਦਾਦੀ ਵਰਗੀ ਜ਼ਿੰਦਗੀ ਨਹੀਂ ਜੀ ਅਤੇ ਨਾ ਹੀ ਮੈਂ ਆਪਣੀ ਮਾਂ ਵਰਗੀ ਜ਼ਿੰਦਗੀ ਜੀ ਰਹੀ ਹਾਂ।''
ਹੌਲੀ ਰਫ਼ਤਾਰ 'ਤੇ ਹੋ ਰਿਹਾ ਬਦਲਾਅ
ਸਾਰਾ ਨੇ ਦੱਸਿਆ, ''ਅਸੀਂ ਜਿਸ ਰਫ਼ਤਾਰ ਨਾਲ ਅੱਗੇ ਵੱਧ ਰਹੇ ਹਾਂ, ਉਹ ਪੂਰੀ ਦੁਨੀਆਂ ਨਾਲ ਵੱਖਰੀ ਹੈ। ਸਾਡੇ ਲਈ ਧਰਮ ਅਤੇ ਸੱਭਿਆਚਾਰ ਜ਼ਰੂਰੀ ਹੈ। ਅਸੀਂ ਹੁਣ ਹੌਲੀ-ਹੌਲੀ ਆਪਣੀ ਆਵਾਜ਼ ਅਤੇ ਉਮੀਦਾਂ ਦੀ ਭਾਲ ਕਰ ਰਹੇ ਹਾਂ।''
ਸਾਰਾ ਨੇ ਅੱਗੇ ਦੱਸਿਆ, ''ਕਦੇ ਸਾਊਦੀ ਅਰਬ ਇੱਕ ਸਮਾਨ ਸਮਾਜ ਹੋਇਆ ਕਰਦਾ ਸੀ। ਮੈਨੂੰ ਲੱਗਦਾ ਹੈ ਕਿ ਸੰਤੁਲਨ ਜ਼ਰੂਰੀ ਹੈ ਤਾਕਿ ਤੁਸੀਂ ਉਹ ਕਰ ਸਕੋ ਜੋ ਤੁਸੀਂ ਚਾਹੁੰਦੇ ਹੋ। ਨਾਲ ਹੀ ਹੋਰਾਂ ਦੇ ਜ਼ਿੰਦਗੀ ਜੀਣ ਦੇ ਤਰੀਕੇ ਦਾ ਵੀ ਸਨਮਾਨ ਕਰ ਸਕੋ।''
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)