'ਮਾਨੁਸ਼ੀ ਨੇ ਕਿਹਾ ਸੀ ਮਿਸ ਵਰਲਡ ਬਣ ਕੇ ਆਵਾਂਗੀ'

ਮਿਸ ਵਰਲਡ ਦਾ ਖ਼ਿਤਾਬ ਜਿੱਤਣ ਵਾਲੀ ਮਾਨੁਸ਼ੀ ਛਿੱਲਰ ਦੇ ਨਾਨਾ ਕਹਿੰਦੇ ਹਨ ਕਿ ਮੁਕਾਬਲੇ ਲਈ ਚੀਨ ਜਾਣ ਤੋਂ ਪਹਿਲਾਂ ਹੀ ਮਾਨੁਸ਼ੀ ਨੂੰ ਯਕੀਨ ਸੀ ਕਿ ਉਹ 'ਤਾਜ ਦੇ ਨਾਲ ਪਰਤੇਗੀ'।

ਰੋਹਤਕ ਦੇ ਰਹਿਣ ਵਾਲੇ ਚੰਦਰ ਸਿੰਘ ਸ਼ੇਰਾਵਤ ਨੇ ਬੀਬੀਸੀ ਪੱਤਰਕਾਰ ਵਾਤਸਲਯ ਰਾਏ ਨੂੰ ਦੱਸਿਆ, ''ਉਸ ਦੀ ਮਿਹਨਤ 'ਤੇ ਮੈਨੂੰ ਮਾਣ ਹੈ। ਉਸ ਨੇ ਮੈਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਨਾਨਾਜੀ ਮੈਂ ਤਾਜ ਲੈਕੇ ਆਵਾਂਗੀ, ਮਿਸ ਵਰਲਡ ਬਣਕੇ ਆਵਾਂਗੀ।''

ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਜਵਾਈ ਆਪਣੀ ਧੀ ਦਾ ਹੌਂਸਲਾ ਅਫਜ਼ਾਈ ਕਰਨ ਲਈ ਚੀਨ ਗਏ ਹੋਏ ਸਨ।

ਮਾਨੁਸ਼ੀ ਦੀ ਕਾਮਯਾਬੀ ਦਾ ਰਾਜ਼ ਦੱਸਦੇ ਹੋਏ ਉਨ੍ਹਾਂ ਕਿਹਾ, ''ਉਹ ਜੋ ਵੀ ਕੰਮ ਕਰਦੀ ਹੈ ਦਿੱਲ ਲਗਾ ਕੇ ਕਰਦੀ ਹੈ। ਚਾਹੇ ਉਹ ਪੜ੍ਹਾਈ ਹੋਵੇ ਜਾਂ ਫਿਰ ਸਫ਼ਾਈ। ਪੜ੍ਹਾਈ ਵਿੱਚ ਵੀ ਉਹ ਟੌਪ 'ਤੇ ਰਹਿੰਦੀ ਹੈ ਅਤੇ ਮਾਡਲਿੰਗ ਵਿੱਚ ਵੀ।''

''ਉਸਨੂੰ ਗਾਡ ਗਿਫ਼ਟ ਹੈ ਕਿ ਜਦੋਂ ਵੀ ਕੰਮ ਕਰੇਗੀ ਦਿਲ ਲਗਾ ਕੇ ਕਰੇਗੀ। ਮੈਡਿਕਲ ਦੇ ਸੈਕੰਡ ਇਅਰ ਵਿੱਚ ਪੜ੍ਹਦੇ ਹੋਏ ਉਹ ਮਿਸ ਇੰਡੀਆ 'ਚ ਸ਼ਾਮਲ ਹੋਈ ਅਤੇ ਖ਼ਿਤਾਬ ਜਿੱਤਿਆ। ਹੁਣ ਤੁਹਾਡੇ ਸਾਹਮਣੇ ਮਿਸ ਵਰਲਡ ਬਣੀ ਹੈ।''

ਚੰਦਰ ਸਿੰਘ ਮੁਤਾਬਕ ਮਿਸ ਇੰਡੀਆ ਬਨਣ ਤੋਂ ਬਾਅਦ ਹੀ ਮਾਨੁਸ਼ੀ ਨੇ ਮਿਸ ਵਰਲਡ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਕਰੀਬ 25 ਦਿਨ ਪਹਿਲਾਂ ਉਹ ਮੁਕਾਬਲੇ ਲਈ ਚੀਨ ਗਈ ਸੀ।

ਇਸ ਜਿੱਤ ਤੇ ਉਨ੍ਹਾਂ ਕਿਹਾ, ''ਬਹੁਤ ਖੁਸ਼ੀ ਹੈ ਕਿ ਸਾਡੀ ਧੀ ਨੇ ਇੰਨੀ ਤਰੱਕੀ ਕੀਤੀ। ਸਾਡੀ ਇੰਨੀ ਇੱਜ਼ਤ ਵਧਾਈ, ਪਹਿਲਾਂ ਸੂਬੇ ਦਾ ਨਾਂ ਉੱਚਾ ਕੀਤਾ। ਹੁਣ ਦੁਨੀਆਂ ਦੇ ਸਭ ਤੋਂ ਵੱਡੇ ਮੰਚ 'ਤੇ ਜਾਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ, ਇਸ 'ਤੇ ਸਾਨੂੰ ਮਾਣ ਹੈ।''

ਮਾਨੁਸ਼ੀ ਹਰਿਆਣਾ ਦੀ ਹੈ, ਉਹ ਸੂਬਾ ਜੋ ਮਰਦਾਂ ਮੁਕਾਬਲੇ ਔਰਤਾਂ ਦੀ ਘੱਟ ਗਿਣਤੀ ਲਈ ਚਰਚਿਤ ਹੈ। ਅਜਿਹੇ ਵਿੱਚ ਪਹਿਲਾਂ ਸਾਕਸ਼ੀ ਮਲਿਕ ਦਾ ਓਲੰਪਿਕ ਜਿੱਤਣਾ ਅਤੇ ਹੁਣ ਮਾਨੁਸ਼ੀ ਦਾ ਮਿਸ ਵਰਲਡ ਬਨਣਾ ਕੀ ਹਾਲਾਤ ਬਦਲਣ ਦੀ ਨਿਸ਼ਾਨੀ ਹੈ?

ਇਸ ਸਵਾਲ 'ਤੇ ਚੰਦਰ ਸਿੰਘ ਕਹਿੰਦੇ ਹਨ, ''ਜਾਗਰੁਕਤਾ ਤਾਂ ਆਉਂਦੀ ਹੀ ਹੈ। ਮੈਂ ਇਹ ਮਹਿਸੂਸ ਕੀਤਾ ਹੈ ਕਿ ਸਾਡੇ ਹਰਿਆਣਾ ਦੀਆਂ ਧੀਆਂ ਇੱਕ ਤੋਂ ਇੱਕ ਹੋਨਹਾਰ ਨਿਕਲ ਰਹੀਆਂ ਹਨ। ਜਿਸਦਾ ਮਤਲਬ ਹੈ ਕਿ ਉਹ ਵੱਡੇ ਤੋਂ ਵੱਡਾ ਮੁਕਾਮ ਹਾਸਲ ਕਰਨਾ ਚਾਹੁੰਦੀਆਂ ਹਨ।''

ਚੰਦਰ ਸਿੰਘ ਨੇ ਕਿਹਾ ਕਿ ਸਾਰਾ ਹਰਿਆਣਾ ਮਾਨੁਸ਼ੀ ਦੀ ਜਿੱਤ ਦਾ ਜਸ਼ਨ ਮਨਾ ਰਿਹਾ ਹੈ ਅਤੇ ਇਹ ਸਿਲਸਿਲਾ ਫਿਲਹਾਲ ਚੱਲੇਗਾ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)