You’re viewing a text-only version of this website that uses less data. View the main version of the website including all images and videos.
ਕੌਮੀ ਐਵਾਰਡ ਜੇਤੂ ਫਿਲਮਕਾਰ ਗੁਰਵਿੰਦਰ ਨਾਲ ਕੁਝ ਖਾਸ ਗੱਲਾਂ
ਕੌਮੀ ਐਵਾਰਡ ਜਿੱਤਣ ਵਾਲੀਆਂ ਫ਼ਿਲਮਾਂ 'ਚੌਥੀ ਕੂਟ' ਅਤੇ 'ਅੰਨ੍ਹੇ ਘੋੜੇ ਦਾ ਦਾਨ' ਦੇ ਨਿਰਦੇਸ਼ਕ ਗੁਰਵਿੰਦਰ ਸਿੰਘ ਖ਼ੁਦ ਨੂੰ ਇਤਿਹਾਸਕਾਰ ਮੰਨਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਤਿਹਾਸ ਨੂੰ ਸੰਭਾਲ ਕੇ ਰੱਖਣਾ ਵੀ ਸਿਨੇਮਾ ਦਾ ਹੀ ਕੰਮ ਹੁੰਦਾ ਹੈ।
ਉਨ੍ਹਾਂ ਕਿਹਾ, ਪੰਜਾਬ ਵਿੱਚ ਜੋ ਦਹਿਸ਼ਤ ਦਾ ਦੌਰ ਸੀ, ਉਸ ਬਾਰੇ ਕਈ ਥਾਵਾਂ ਲਿਖਿਆ ਗਿਆ, ਉਸੇ ਤਰ੍ਹਾਂ ਮੇਰੀ ਫ਼ਿਲਮ ਵੀ ਇਤਿਹਾਸ ਨੂੰ ਸਾਂਭਣ ਦੀ ਇੱਕ ਕੋਸ਼ਿਸ਼ ਹੈ।
ਪੰਜਾਬੀ ਸਿਨੇਮਾ ਵਿੱਚ ਬਣ ਰਹੇ ਬੰਦੂਕਾਂ ਅਤੇ ਬੁਲਟਾਂ ਵਾਲੇ ਸਿਨੇਮਾ ਨਾਲ ਗੁਰਵਿੰਦਰ ਕੋਈ ਰਾਬਤਾ ਨਹੀਂ ਰੱਖਦੇ।
ਉਨ੍ਹਾਂ ਕਿਹਾ, ਬੰਦੂਕਾਂ ਅਤੇ ਬੁਲਟਾਂ ਤਾਂ ਮੇਰੀ ਫ਼ਿਲਮ ਵਿੱਚ ਵੀ ਸਨ ਪਰ ਮੈਂ ਕੋਈ ਹਿੰਸਾ ਨਹੀਂ ਵਿਖਾਈ।
ਹੋਰ ਪੰਜਾਬੀ ਫ਼ਿਲਮਾਂ ਵਿੱਚ ਕੀ ਹੋ ਰਿਹਾ ਹੈ, ਮੈਂ ਨਹੀਂ ਜਾਣਦਾ। ਮੈਂ ਉਹੀ ਕਰਦਾ ਹਾਂ ਜੋ ਮੈਨੂੰ ਸਹੀ ਲੱਗਦਾ ਹੈ।
ਫ਼ਿਲਮ ਕੋਈ ਵੇਚਣ ਵਾਲੀ ਵਸਤੂ ਨਹੀ
ਗੁਰਵਿੰਦਰ ਦੀਆਂ ਫ਼ਿਲਮਾਂ ਨੂੰ ਭਾਵੇਂ ਹੀ ਫ਼ਿਲਮ ਮੇਲਿਆਂ ਵਿੱਚ ਖ਼ੂਬ ਪ੍ਰਸ਼ੰਸਾ ਮਿਲੀ ਹੋਵੇ ਪਰ ਸਿਨੇਮਾਘਰਾਂ ਵਿੱਚ ਇਸ ਲਈ ਗਿਣਤੀ ਦੇ ਦਰਸ਼ਕ ਸਨ।
ਗੁਰਵਿੰਦਰ ਨੂੰ ਇਹ ਵੇਖ ਨਿਰਾਸ਼ਾ ਵੀ ਹੁੰਦੀ ਹੈ ਪਰ ਉਹ ਸਿਨੇਮਾ ਨੂੰ ਵਸਤੂ ਨਹੀਂ ਸਮਝਦੇ।
ਗੁਰਵਿੰਦਰ ਨੇ ਕਿਹਾ, ਜੇ ਤੁਸੀਂ ਸਿਨੇਮਾ ਨੂੰ ਕੋਈ ਵੇਚਣ ਵਾਲੀ ਵਸਤੂ ਮੰਨਦੇ ਹੋ ਤਾਂ ਮੈਨੂੰ ਦੁੱਖ ਹੁੰਦਾ ਹੈ ਪਰ ਮੈਂ ਇਸ ਨੂੰ ਇੱਕ ਦਸਤਾਵੇਜ਼ ਮੰਨਦਾ ਹਾਂ।
ਫ਼ਿਲਮ ਸਿਰਫ਼ ਥੋੜੇ ਸਮੇਂ ਲਈ ਨਹੀਂ ਹੁੰਦੀ, ਜੋ ਅੱਜ ਪੈਦਾ ਹੋਇਆ ਹੈ ਉਹ ਵੀ 20 ਸਾਲਾਂ ਬਾਅਦ ਇਸ ਨੂੰ ਵੇਖ ਸਕਦਾ ਹੈ।
ਵੰਡ ਨੇ ਕੀਤਾ ਨੁਕਸਾਨ
ਗੁਰਵਿੰਦਰ ਸਿੰਘ ਨੇ ਦੱਸਿਆ ਕਿ ਵੰਡ ਤੋਂ ਬਾਅਦ ਪੰਜਾਬੀ ਹਤਾਸ਼ ਹੋ ਗਏ। ਜਿਸ ਦਾ ਸਿਨੇਮਾ 'ਤੇ ਬਹੁਤ ਮਾੜਾ ਅਸਰ ਪਿਆ।
ਉਨ੍ਹਾਂ ਕਿਹਾ, ਹੋਰ ਥਾਵਾਂ 'ਤੇ ਵੀ ਬਦਲਾਅ ਜ਼ਰੂਰ ਆਏਗਾ ਪਰ ਹੌਲੀ ਹੌਲੀ ਮੈਨੂੰ ਕਈ ਨਵੇਂ ਫਿਲਮਕਾਰ ਆਪਣੀਆਂ ਫ਼ਿਲਮਾਂ ਬਣਾ ਕੇ ਭੇਜਦੇ ਹਨ,
ਜਿਨਾਂ ਨੂੰ ਵੇਖ ਕੇ ਵਧੀਆ ਲੱਗਦਾ ਹੈ।
ਇੱਕ ਪੀੜੀ ਆਏਗੀ ਜੋ ਇਸ ਤਰ੍ਹਾਂ ਦੇ ਸਿਨੇਮਾ ਨੂੰ ਅੱਗੇ ਲੈ ਕੇ ਜਾਏਗੀ ਅਤੇ ਦਰਸ਼ਕ ਵੀ ਵਧਣਗੇ।
ਅੰਮ੍ਰਿਤਾ ਸ਼ੇਰਗਿੱਲ ਤੇ ਫ਼ਿਲਮ
ਗੁਰਵਿੰਦਰ ਜਲਦ ਆਪਣੀ ਤੀਜੀ ਪੰਜਾਬੀ ਫ਼ਿਲਮ 'ਤੇ ਵੀ ਕੰਮ ਸ਼ੁਰੂ ਕਰਨਗੇ। ਇਸ ਦੇ ਨਾਲ ਹੀ ਉਹ ਪੰਜਾਬ ਦੀ ਮਸ਼ਹੂਰ ਕਵਿਤਰੀ ਅੰਮ੍ਰਿਤਾ ਸ਼ੇਰਗਿੱਲ 'ਤੇ ਵੀ ਫ਼ਿਲਮ ਬਣਾ ਰਹੇ ਹਨ।
ਪਰ ਫ਼ਿਲਹਾਲ ਉਹ ਇਸ ਬਾਰੇ ਹੋਰ ਜਾਣਕਾਰੀ ਨਹੀਂ ਦੇ ਸਕਦੇ ਕਿਉਂਕਿ ਉਨ੍ਹਾਂ ਨੂੰ ਅਜੇ ਫੰਡਿੰਗ ਦਾ ਇੰਤਜ਼ਾਮ ਕਰਨਾ ਹੈ।
ਨਵੇਂ ਫ਼ਿਲਮਕਾਰਾਂ ਲਈ ਕੀ ਹੈ ਸਾਧਨ ?
ਗੁਰਵਿੰਦਰ ਮੁਤਾਬਕ ਅਜਿਹੀ ਫ਼ਿਲਮਾਂ ਨੂੰ ਦਰਸ਼ਕ ਸਿਨੇਮਾਘਰ ਵਿੱਚ ਵੇਖਣ ਨਹੀਂ ਆਉਂਦੇ।
ਇਸ ਲਈ ਬਿਹਤਰ ਹੈ ਕਿ ਇੰਟਰਨੈੱਟ ਰਾਹੀਂ ਇਨ੍ਹਾਂ ਨੂੰ ਦਰਸ਼ਕਾਂ ਤੱਕ ਪਹੁੰਚਾਇਆ ਜਾਏ। ਇਸੇ ਤਰ੍ਹਾਂ ਇਹ ਫ਼ਿਲਮਾਂ ਆਪਣੇ ਦਰਸ਼ਕਾਂ ਤੱਕ ਪਹੁੰਚਣਗੀਆਂ।