You’re viewing a text-only version of this website that uses less data. View the main version of the website including all images and videos.
ਨੌਰਵੇ: ਅਜਿਹਾ ਦੇਸ ਜਿੱਥੇ ਹਰ ਮੁਲਾਜ਼ਮ ਦੀ ਤਨਖ਼ਾਹ ਹੈ ਔਨਲਾਈਨ
- ਲੇਖਕ, ਲੈਰਸ ਬੈਵੈਨਜਰ
- ਰੋਲ, ਬੀਬੀਸੀ ਪੱਤਰਕਾਰ, ਓਸਲੋ
ਨੌਰਵੇ ਵਿੱਚ ਕੋਈ ਵੀ ਕਦੇ ਵੀ ਜਾਣ ਸਕਦਾ ਹੈ ਕਿ ਕਿਸ ਨੂੰ ਕਿੰਨੀ ਤਨਖ਼ਾਹ ਮਿਲਦੀ ਹੈ। ਇਸ ਵਿੱਚ ਕਿਸੇ ਨੂੰ ਕੋਈ ਮੁਸ਼ਕਲ ਵੀ ਨਹੀਂ ਆਉਂਦੀ।
ਪਹਿਲਾਂ ਹਰ ਕਿਸੇ ਦੀ ਤਨਖ਼ਾਹ, ਟੈਕਸ ਅਤੇ ਜਾਇਦਾਦ ਦੀ ਜਾਣਕਾਰੀ ਇੱਕ ਪਬਲਿਕ ਲਾਈਬ੍ਰੇਰੀ 'ਚ ਰੱਖੀ ਜਾਂਦੀ ਸੀ।
ਹੁਣ ਇਹ ਜਾਣਕਾਰੀ ਔਨਲਾਈਨ ਉਪਲੱਬਧ ਹੈ।
ਇਹ ਵੀ ਪੜ੍ਹੋ:
ਇਹ ਤਬਦੀਲੀ 2001 'ਚ ਕੀਤੀ ਗਈ।
ਵੀਜੀ ਦੇ ਇਕਨੋਮਿਕਸ ਐਡੀਟਰ, ਟੌਮ ਸਟਾਵੀ ਨੇ ਕਿਹਾ, "ਇਹ ਬਹੁਤਿਆਂ ਲਈ ਮਨੋਰੰਜਨ ਦਾ ਸਾਧਨ ਬਣ ਗਈ ਸੀ ।",
ਸੋਸ਼ਲ ਮੀਡੀਆ 'ਤੇ ਤਨਖ਼ਾਹ ਦਾ ਵੇਰਵਾ
ਸਟਾਵੀ ਨੇ ਕਿਹਾ, "ਕਈ ਵਾਰ ਤਾਂ ਤੁਹਾਡੇ ਫੇਸਬੁੱਕ ਖੋਲਦਿਆਂ ਆਪਣੇ ਆਪ ਹੀ ਤੁਹਾਡੀ ਪੂਰੀ ਫਰੈਂਡ ਲਿਸਟ ਦੀ ਤਨਖ਼ਾਹ ਦਾ ਵੇਰਵਾ ਆ ਜਾਂਦਾ ਸੀ। ਜੋ ਕਿ ਹਾਸੋ-ਹੀਣਾ ਵੀ ਹੈ।"
ਪਾਰਦਰਸ਼ਤਾ ਬੇਹੱਦ ਜ਼ਰੂਰੀ ਹੈ, ਕਿਉਂਕਿ ਨੌਰਵੇ ਦੇ ਲੋਕ ਵੱਡੀ ਗਿਣਤੀ 'ਚ ਆਮਦਨ ਟੈਕਸ ਦਿੰਦੇ ਨੇ। ਨੌਰਵੇ ਦੇ 40.2% ਲੋਕ ਟੈਕਸ ਭਰਦੇ ਨੇ, ਜਦਕਿ ਯੂਕੇ 'ਚ 33.3 % ਤੇ ਈਯੂ ਦੀ ਟੈਕਸ ਸਲੈਬ 30.1% ਹੈ।
ਉਨ੍ਹਾਂ ਕਿਹਾ, "ਜਦੋਂ ਤੁਸੀਂ ਇੰਨਾ ਜ਼ਿਆਦਾ ਹਿੱਸਾ ਟੈਕਸ ਦੀ ਅਦਾਇਗੀ ਕਰ ਰਹੇ ਹੋ, ਤਾਂ ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਇਹ ਕਿੱਥੇ ਖਰਚ ਕੀਤਾ ਜਾ ਰਿਹਾ ਹੈ। "
"ਸਾਡਾ ਟੈਕਸ ਸਿਸਟਮ 'ਤੇ ਸਮਾਜਿਕ ਸੁਰੱਖਿਆ ਸਿਸਟਮ 'ਤੇ ਭਰੋਸਾ ਲਾਜ਼ਮੀ ਹੈ।"
ਜ਼ਿਆਦਾਤਰ ਸੰਸਥਾਵਾਂ 'ਚ ਲੋਕਾਂ ਨੂੰ ਅੰਦਾਜ਼ਾ ਹੁੰਦਾ ਹੈ ਕਿ ਉਨ੍ਹਾਂ ਦੇ ਸਹਿਯੋਗੀ ਨੂੰ ਕਿੰਨੀ ਤਨਖ਼ਾਹ ਮਿਲਦੀ ਹੈ।
ਕਈ ਸੈਕਟਰਾਂ 'ਚ ਸਮੂਹਿਕ ਸਮਝੌਤੇ ਦੇ ਤਹਿਤ ਤਨਖ਼ਾਹ ਤੈਅ ਕੀਤੀ ਜਾਂਦੀ ਹੈ ਅਤੇ ਇਸ ਦਾ ਪਾੜਾ ਵੀ ਜ਼ਿਆਦਾ ਨਹੀਂ ਹੁੰਦਾ।
ਤਨਖ਼ਾਹ ਨੂੰ ਗੁਪਤ ਰੱਖਣ ਦਾ ਤਰੀਕਾ
ਕੌਮਾਂਤਰੀ ਪੱਧਰ 'ਤੇ ਲਿੰਗ ਅਨੁਸਾਰ ਤਨਖ਼ਾਹ 'ਚ ਵੀ ਫ਼ਰਕ ਘੱਟ ਹੈ।
ਵਰਲਡ ਇਕਨੌਮਿਕ ਫੋਰਮ ਅਨੁਸਾਰ 144 ਦੇਸ਼ਾਂ 'ਚੋਂ ਨੌਰਵੇ ਇੱਕੋਂ ਕੰਮ ਲਈ ਤਨਖ਼ਾਹ ਅਦਾਇਗੀ 'ਚ ਤੀਜੇ ਸਥਾਨ 'ਤੇ ਹੈ।
ਇਸ ਕਰਕੇ ਫੇਸਬੁੱਕ 'ਤੇ ਪਾਇਆ ਡਾਟਾ ਜ਼ਿਆਦਾ ਲੋਕਾਂ ਲਈ ਹੈਰਾਨੀ ਭਰਿਆ ਨਹੀਂ ਹੋਣਾ ਚਾਹੀਦਾ।
ਲੋਕ ਕਿਸੇ ਦੋਸਤ, ਗੁਆਂਢੀ ਜਾਂ ਸਹਿਯੋਗੀ ਦੀ ਤਨਖ਼ਾਹ ਦੇਖਣ ਤੋਂ ਪਹਿਲਾਂ ਦੋ ਵਾਰੀ ਸੋਚਣ, ਇਸ ਲਈ ਟੌਮ ਸਟਾਵੀ ਸਣੇ ਹੋਰਨਾਂ ਨੇ ਸਰਕਾਰ ਨੂੰ ਇੱਕ ਪੈਮਾਨਾ ਤਿਆਰ ਕਰਨ ਲਈ ਪ੍ਰੇਰਿਆ।
ਹੁਣ ਲੋਕ ਇੱਕ ਕੌਮੀ ਆਈਡੀ ਨੰਬਰ ਦੇ ਜ਼ਰੀਏ ਹੀ ਟੈਕਸ ਮਹਿਕਮੇ ਦੀ ਵੈੱਬਸਾਈਟ 'ਤੇ ਤਨਖ਼ਾਹ ਸਬੰਧੀ ਜਾਣਕਾਰੀ ਹਾਸਿਲ ਕਰ ਸਕਦੇ ਹਨ।
ਪਿਛਲੇ ਤਿੰਨ ਸਾਲਾਂ ਤੋਂ ਗੁਪਤ ਰਹਿ ਕੇ ਕਿਸੇ ਦੀ ਆਮਦਨ ਬਾਰੇ ਜਾਣਕਾਰੀ ਹਾਸਿਲ ਕਰਨਾ ਅਸੰਭਵ ਹੋ ਰਿਹਾ ਹੈ।
ਇਹ ਵੀ ਪੜ੍ਹੋ:
20 ਲੱਖ ਸਰਚ ਹਰ ਸਾਲ
ਨੌਰਵੇ ਟੈਕਸ ਅਥੌਰਿਟੀ ਦੇ ਅਧਿਕਾਰੀ ਹੈਨਸ ਕ੍ਰਿਸ਼ਚਨ ਹੋਲਟ ਨੇ ਕਿਹਾ, "2014 ਤੋਂ ਹੀ ਇਹ ਪਤਾ ਕਰਨਾ ਸੰਭਵ ਹੋ ਪਾਇਆ ਹੈ ਕਿ ਕੌਣ ਤੁਹਾਡੇ ਬਾਰੇ ਜਾਣਕਾਰੀ ਲੱਭ ਰਿਹਾ ਹੈ"। " ਪਰ ਹੁਣ ਅਸੀਂ ਇਸ 'ਚ ਪਹਿਲਾਂ ਨਾਲੋਂ 10 ਫ਼ੀਸਦ ਗਿਰਾਵਟ ਦੇਖੀ ਹੈ।"
ਨੌਰਵੇ 'ਚ 52 ਲੱਖ ਅਬਾਦੀ 'ਚੋਂ 30 ਲੱਖ ਟੈਕਸ ਅਦਾ ਕਰਦੇ ਹਨ। ਵੀਹ ਲੱਖ ਸਰਚ ਹਰ ਸਾਲ ਹੁੰਦੀ ਹੈ।
ਹਾਲ ਹੀ 'ਚ ਹੋਏ ਸਰਵੇਖਣ ਮੁਤਾਬਕ 92% ਲੋਕ ਦੋਸਤਾਂ, ਪਰਿਵਾਰ ਅਤੇ ਜਾਣ-ਪਛਾਣ ਵਾਲਿਆਂ ਬਾਰੇ ਜਾਣਕਾਰੀ ਨਹੀਂ ਲਭਦੇ।
ਤਨਖ਼ਾਹ ਜਾਨਣ ਬਾਰੇ ਉਤਸੁਕਤਾ ਘਟੀ
ਓਸਲੋ 'ਚ ਨੈਲੀ ਜੋਰਜ 'ਚ ਮਿਲੀ ਇੱਕ ਔਰਤ ਨੇ ਕਿਹਾ, "ਹਾਲਾਂਕਿ ਮੈਂ ਪਹਿਲਾਂ ਸਭ ਬਾਰੇ ਸਰਚ ਕਰਦੀ ਸੀ। ਪਰ ਹੁਣ ਇਹ ਕਰਨਾ ਗੁਪਤ ਨਹੀਂ ਇਸ ਲਈ ਮੈਂ ਕਰਦੀ ਵੀ ਨਹੀਂ।"
"ਮੈਂ ਆਪਣੇ ਗੁਆਂਢੀਆਂ ਅਤੇ ਸਿਤਾਰਿਆਂ ਬਾਰੇ ਜਾਣਨ ਲਈ ਉਤਸੁਕ ਸੀ। ਜੇ ਅਮੀਰ ਲੋਕ ਧੋਖਾਧੜੀ ਕਰ ਰਹੇ ਹਨ ਤਾਂ ਜਾਣਕਾਰੀ ਹਾਸਲ ਕਰਨਾ ਚੰਗਾ ਹੈ। ਪਰ ਉਨ੍ਹਾਂ ਕੋਲ ਹਮੇਸ਼ਾਂ ਕੋਈ ਨਾ ਕੋਈ ਬਚਣ ਦਾ ਰਾਹ ਹੁੰਦਾ ਹੈ।"
ਹਾਲਾਂਕਿ ਟੈਕਸ ਲਿਸਟ ਦੇ ਵਿੱਚ ਸਿਰਫ਼ ਕਿਸੇ ਦੀ ਆਮਦਨ, ਜਾਇਦਾਦ ਤੇ ਟੈਕਸ ਅਦਾਇਗੀ ਦਾ ਹੀ ਵੇਰਵਾ ਹੁੰਦਾ ਹੈ ਜੋ ਕਿ ਮੌਜੂਦਾ ਮਾਰਕੀਟ ਕੀਮਤ ਨਾਲ ਮੇਲ ਨਹੀਂ ਖਾਂਦਾ।
ਇਹ ਵੀ ਪੜ੍ਹੋ:
ਟੈਕਸ ਦੀ ਕਿਤਾਬ ਪੜ੍ਹਨ ਲਈ ਲਗਦੀਆਂ ਸੀ ਲਾਈਨਾਂ
ਹੇਗ ਗਲੈਡ, ਦੱਖਣ ਓਸਲੋ ਦੀ ਇੱਕ ਅਧਿਆਪਿਕਾ ਆਪਣਾ ਬਚਪਨ ਯਾਦ ਕਰਦੀ ਹੋਈ ਕਹਿੰਦੀ ਹੈ ਕਿ ਸਾਲ 'ਚ ਇੱਕ ਵਾਰੀ ਛਪਣ ਵਾਲੀ ਇਨਕਮ ਟੈਕਸ ਦੀ ਕਿਤਾਬ ਪੜ੍ਹਨ ਲਈ ਲੋਕ ਲੰਬੀਆਂ ਲਾਈਨਾਂ 'ਚ ਲੱਗੇ ਹੁੰਦੇ ਸਨ।
ਹੇਗ ਨੇ ਕਿਹਾ, "ਮੇਰੇ ਪਿਤਾ ਵੀ ਇੰਨ੍ਹਾਂ 'ਚੋਂ ਇੱਕ ਸਨ, ਜੋ ਇੱਕ ਵਾਰੀ ਇਹ ਕਿਤਾਬ ਪੜ੍ਹ ਕੇ ਖਰਾਬ ਮੂਡ 'ਚ ਘਰ ਪਰਤੇ ਸਨ, ਕਿਉਂਕਿ ਸਾਡਾ ਰਸੂਖ਼ਦਾਰ ਗੁਆਂਢੀ ਘੱਟ ਆਮਦਨ ਸੂਚੀ 'ਚ ਸ਼ਾਮਲ ਸੀ, ਜਿਸ ਦੀ ਜਾਇਦਾਦ ਦਾ ਕੋਈ ਜ਼ਿਕਰ ਨਹੀਂ ਸੀ ਤੇ ਬਹੁਤ ਘੱਟ ਟੈਕਸ ਭਰਿਆ ਸੀ।"
ਸਕੂਲ 'ਚ ਕੁੱਝ ਮੁੰਡਿਆਂ ਦਾ ਇੱਕ ਗਰੁੱਪ ਇਹ ਦੱਸਣ ਲਈ ਬਹੁਤ ਉਤਸੁਕ ਸੀ ਕਿ ਇੱਕ ਮੁੰਡੇ ਦੇ ਪਿਤਾ ਨੇ ਕਿੰਨੀ ਜ਼ਿਆਦਾ ਕਮਾਈ ਕੀਤੀ ਹੈ। ਕਈ ਬੱਚੇ ਘੱਟ-ਆਮਦਨ ਵਾਲੇ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਵੀ ਸਨ ਜਿੰਨ੍ਹਾਂ ਨੂੰ ਚਿੜਾਇਆ ਜਾ ਰਿਹਾ ਸੀ।
ਹਾਲਾਂਕਿ ਹਕੀਕਤ ਇਹ ਹੈ ਕਿ ਕਿਸੇ ਵੀ ਬਾਰੇ ਜਾਣਕਾਰੀ ਹਾਸਲ ਨਾ ਕਰਨ ਦੇਣ ਨਾਲ ਅਮੀਰਾਂ ਨੂੰ ਨਿਸ਼ਾਨਾਂ ਬਣਾਉਣ ਵਾਲੇ ਅਪਰਾਧਕ ਪ੍ਰਵਿਰਤੀ ਦੇ ਲੋਕਾਂ 'ਚ ਕਟੌਤੀ ਹੋਈ ਹੈ।
2014 ਦੀ ਪਾਬੰਦੀ ਦੇ ਬਾਵਜੂਦ ਜਾਗਰੂਕ ਲੋਕ ਸ਼ੱਕੀ ਚੀਜ਼ਾਂ ਦੀ ਰਿਪੋਰਟਿੰਗ ਹਾਲੇ ਵੀ ਕਰ ਰਹੇ ਹਨ।
(ਬੀਬੀਸੀ ਪੰਜਾਬੀ ਦੇ ਫੇਸ ਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)